ਪੰਜਾਬ ਅਸੈਂਬਲੀ ਦੀ ਸਭਾ ਜੋ ਚਾਰ ਦਿਨ ਦੀ ਕਾਰਵਾਈ ਤੋਂ ਬਾਅਦ ਮੁਕੰਮਲ ਹੋਈ ਹੈ ਉਸ ਵਿੱਚ ਇਸ ਵਾਰ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੂੰ ਲੈ ਕੇ ਕਾਫੀ ਚਰਚਾ ਰਹੀ ਹੈ ਇਹ ਜਾਂਚ ਕਮਿਸ਼ਨ ਨੂੰ ਮੌਜੂਦਾ ਸੂਬਾ ਸਰਕਾਰ ਨੇ ਪਿਛਲੀ ਅਕਾਲੀ ਸਰਕਾਰ ਸਮੇਂ ੨੦੧੫ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਹੋਈ ਸੀ ਉਸ ਬਾਰੇ ਜਾਂਚ ਕਰਨ ਲਈ ਗਠਿਤ ਕੀਤਾ ਸੀ। ਭਾਵੇਂ ਜਸਟਿਸ ਰਣਜੀਤ ਸਿੰਘ ਦੇ ਜਾਂਚ ਘੇਰੇ ਵਿੱਚ ਮੁੱਖ ਰੂਪ ਵਿੱਚ ਬੁਰਜ ਜਵਾਹਰ ਸਿੰਘ ਵਾਲਾ ਤੋਂ ਬੀੜ ਦੇ ਚੋਰੀ ਹੋਣ ਤੇ ਲੈ ਕੇ ਉਸਤੋਂ ਤਿੰਨ ਮਹੀਨੇ ਬਾਅਦ ਬਰਗਾੜੀ ਪਿੰਡ ਵਿੱਚ ਗੁਰੂ ਸਾਹਿਬ ਦੇ ਅੰਗਾਂ ਦਾ ਖਿਲਾਰ ਦਿਤਾ ਜਾਣਾ ਮੁੱਖ ਮੁੱਦਾ ਸੀ। ਪਰ ਇਸਦੇ ਨਾਲ ਇਸ ਜਾਂਚ ਕਮਿਸ਼ਨ ਵਲੋਂ ਇਹ ਵੀ ਪਤਾ ਲਗਾਉਣਾ ਸੀ ਕਿ ਜੋ ਸਿੱਖ ਸੰਗਤਾਂ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਰੋਸ ਵਜੋਂ ਬਹਿਬਲ ਕਲਾਂ ਵਿੱਚ ਇਕੱਤਰ ਹੋਈਆਂ ਸਨ ਉਨ੍ਹਾਂ ਉਪਰ ਪੰਜਾਬ ਪੁਲੀਸ ਵਲੋਂ ਬੇਲੋੜੀ ਗੋਲੀ ਕਿਉਂ ਚਲਾਈ ਗਈ ਸੀ। ਉਹ ਗੋਲੀ ਪੰਜਾਬ ਪੁਲੀਸ ਨੇ ਕਿਸਦੇ ਹੁਕਮ ਅਧੀਨ ਚਲਾਈ ਸੀ ਇਹ ਵੀ ਜਾਂਚ ਦੇ ਅਧੀਨ ਵਿੱਚ ਸੀ। ਇਸੇ ਤਰਾਂ ਪੁਲੀਸ ਦੀ ਗੋਲੀ ਦੌਰਾਨ ਬਹਿਬਲ ਕਲਾਂ ਵਿੱਚ ਦੋ ਸਿੰਘ ਜੋ ਪੁਲੀਸ ਦੀ ਗੋਲੀ ਨਾਲ ਸ਼ਹੀਦ ਹੋਏ ਸਨ ਉਸਦੇ ਪਿਛੇ ਵੀ ਕਿਸਨੇ ਹੁਕਮ ਦਿਤੇ ਸਨ ਕਿਉਂਕਿ ਅੱਜ ਤੱਕ ਪੁਲੀਸ ਨੇ ਆਪਣੀ ਤਫਤੀਸ਼ ਵਿੱਚ ਇਸ ਘਟਨਾ ਪਿਛੇ ਕੌਣ ਸੀ, ਅਣਪਛਾਤੀ ਪੁਲੀਸ ਹੀ ਦਸਿਆ ਹੈ। ਇਸੇ ਤਰ੍ਹਾਂ ਬਰਗਾੜੀ ਦੇ ਨਾਲ ਲੱਗਦੇ ਪਿੰਡ ਮੱਲਕੇ ਵਿੱਚ ਜੋ ਗੁਰੂ ਸਾਹਿਬ ਦੇ ਪੰਨੇ ਖਿਲਾਰੇ ਗਏ ਸਨ ਉਹ ਵੀ ਜਾਂਚ ਅਧੀਨ ਸੀ। ਇਸੇ ਤਰਾਂ ਪਿਛਲੇ ਤਿੰਨ ਸਾਲਾਂ ਦੇ ਸਮੇਂ ਵਿੱਚ ੧੬੨ ਦੇ ਕਰੀਬ ਜੋ ਵੱਖ ਵੱਖ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਹਨ ਉਹ ਵੀ ਇਸ ਜਾਂਚ ਦੇ ਵਿਸ਼ੇ ਵਿੱਚ ਸਨ। ਪਹਿਲਾਂ ਵੀ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲੀ ਘਟਨਾ ਨੂੰ ਮੁੱਖ ਰੱਖ ਕੇ ਪਿਛਲੀ ਸੂਬਾ ਸਰਕਾਰ ਨੇ ਵੀ ਸਿੱਖ ਪੰਥ ਦੇ ਉਠੇ ਰੋਸ ਨੂੰ ਵਕਤੀ ਠੱਲ ਪਾਉਣ ਲਈ ਜਸਟਿਸ ਜੋਰਾ ਸਿੰਘ ਕਮਿਸ਼ਨ ਨੂੰ ਬਿਠਾਇਆ ਸੀ ਪਰ ਅਖੀਰ ਵਿੱਚ ਉਸ ਕਮਿਸ਼ਨ ਦੀ ਰਿਪੋਟਰ ਨੂੰ ਰੱਦੀ ਦੇ ਟੋਕਰੇ ਵਿੱਚ ਹੀ ਸਾਂਭ ਦਿੱਤਾ ਸੀ। ਹੁਣ ਨਵੀਂ ਸੂਬਾ ਸਰਕਾਰ ਵੱਲੋਂ ਪਿਛਲੇ ਸਾਲ ਸੱਤਾ ਵਿੱਚ ਆਉਣ ਤੋਂ ਬਾਅਦ ਸਿੱਖ ਭਾਵਨਾਵਾਂ ਨੂੰ ਸਮਝਦੇ ਹੋਏ ਪਹਿਲ ਦੇ ਅਧਾਰ ਤੇ ਇੰਨਾ ਦੁਖਦਾਈ ਘਟਨਾਵਾਂ ਦੀ ਜਾਂਚ ਲਈ ਇੱਕ ਕਾਬਲ ਜੱਜ ਰਣਜੀਤ ਸਿੰਘ ਦੀ ਅਗਵਾਈ ਵਿੱਚ ਜਾਂਚ ਕਮਿਸ਼ਨ ਬਿਠਾਇਆ ਸੀ ਜਿਸਨੇ ਡੇਢ ਸਾਲ ਦੀ ਮੁਕੰਮਲ ਜਾਂਚ ਤੋਂ ਬਾਅਦ ੫੯੩ ਸਫਿਆਂ ਦੀ ਪੂਰੀ ਤਫਤੀਸ਼ ਵਾਲੀ ਜਾਂਚ ਰਿਪੋਰਟ ਮੁੱਖ ਮੰਤਰੀ ਪੰਜਾਬ ਨੂੰ ਸੌਂਪ ਦਿੱਤੀ ਸੀ। ਇਸ ਰਿਪੋਰਟ ਨੂੰ ਹੁਣ ਮੁੱਕੰਮਲ ਰੂਪ ਵਿੱਚ ਪੰਜਾਬ ਅਸੈਂਬਲੀ ਦੇ ਸ਼ੈਸਨ ਵਿੱਚ ਜਨਤਕ ਕਰਕੇ ਇਸਨੂੰ ਵਿਚਾਰਨ ਲਈ ਪੇਸ਼ ਕੀਤਾ ਗਿਆ ਸੀ। ਇਸ ਬਾਰੇ ਵਿਚਾਰ ਅਸੈਂਬਲੀ ਵਿੱਚ ਹੋਈ ਵਿਚਾਰ ਚਰਚਾ ਨੂੰ ਜਨਤਕ ਕਰਦਿਆਂ ਇਸ ਕਾਰਵਾਈ ਦਾ ਸਿੱਧਾ ਪ੍ਰਸਾਰਣ ਸਾਰਾ ਦਿਨ ਦਿਖਾਇਆ ਗਿਆ। ਕਿਉਂਕਿ ਇਸ ਜਾਂਚ ਰਿਪੋਰਟ ਵਿੱਚ ਇਹ ਤੱਥ ਸਾਹਮਣੇ ਆਇਆ ਹੈ ਕਿ ਕਿਸੇ ਨਾ ਕਿਸੇ ਰੂਪ ਵਿੱਚ ਇੰਨਾਂ ਬੇਦਅਦਬੀ ਦੀਆਂ ਘਟਨਾਵਾਂ ਪਿਛੇ ਸ਼੍ਰੋਮਣੀ ਅਕਾਲੀ ਦਲ ਦਾ ਰੋਲ ਸਾਹਮਣੇ ਆ ਰਿਹਾ ਹੈ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕਿਸੇ ਨਾ ਕਿਸੇ ਵਜਾ ਕਰਕੇ ਇਸ ਅਸੈਂਬਲੀ ਦੀ ਚਰਚਾ ਵਿਚੋਂ ਆਪਣੇ ਆਪ ਨੂੰ ਬਾਹਰ ਰਖਿਆ। ਜਦਕਿ ਸਮੁੱਚੀ ਐਸਂਬਲੀ ਨੇ ਇੱਕ ਜੁੱਟ ਹੋ ਕਿ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਤੇ ਖਾਸ ਕਰਕੇ ਇਸਦੇ ਸਰਪ੍ਰਸਤ ਸ.ਪ੍ਰਕਾਸ ਸਿੰਘ ਬਾਦਲ ਤੇ ਉਸਦੇ ਪਰਵਾਰ ਨੂੰ ਇੰਨਾ ਘਟਨਾਵਾਂ ਦਾ ਦੋਸ਼ੀ ਗਰਦਾਨਿਆ ਹੈ ਪਰ ਇਹ ਅਸੈਂਬਲੀ ਦੀ ਕਾਰਵਾਈ ਨੂੰ ਮੁਕੰਮਲਤਾ ਦੇਣ ਲਈ ਸੂਬਾ ਸਰਕਾਰ ਨੇ ਹੋਰ ਸਮਾਂ ਮੰਗ ਲਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਸਿੱਖ ਪੰਥ ਦੇ ਹਾਜ਼ਰ ਹਜੂਰ ਗੁਰੂ, ਗੁਰੂ ਗ੍ਰੰਥ ਸਾਹਿਬ ਨੂੰ ਪੰਜਾਬ ਅੰਦਰ ਹੀ ਪਿਛਲੇ ਕੁਝ ਸਾਲਾਂ ਤੋਂ ਅਸੁਰਖਿਆ ਪੈਦਾ ਹੋਈ ਹੈ। ਪੰਜਾਬ ਵਿੱਚ ਥਾਂ ਥਾਂ ਤੇ ਗੁਰਬਾਣੀ ਤੇ ਗੁਰੂ ਸਾਹਿਬ ਦੇ ਅੰਗਾਂ ਦੀ ਵਿਆਪਕ ਰੂਪ ਵਿੱਚ ਬੇਅਦਬੀ ਹੋਈ ਹੈ। ਇਸ ਕਰਕੇ ਇਸ ਗੰਭੀਰ ਵਿਸ਼ੇ ਨੂੰ ਲੈ ਕੇ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਦੀ ਸੁਰਖਿਆ ਬਾਰੇ ਪੰਜਾਬ ਵਿੱਚ ਹੀ ਅਸੁਰਖਿਆ ਦੇ ਕਾਰਨਾਂ ਬਾਰੇ ਚਰਚਾ ਹੋਈ। ਇੰਨਾ ਕਾਰਨਾਂ ਨੂੰ ਜਾਣਨ ਲਈ ਪੰਜਾਬ ਸਰਕਾਰ ਨੂੰ ਵੱਡੇ ਜਾਂਚ ਕਮਿਸ਼ਨ ਬਣਾਉਣੇ ਪਏ ਜੋ ਹੁਣ ਵੀ ਪੂਰੀ ਤਰਾਂ ਇਸਦੀ ਤਫਤੀਸ਼ ਨੂੰ ਨਿਰਸੰਦੇਹ ਕਿਸੇ ਪਾਸੇ ਲਾਉਣ ਤੋਂ ਅਸਮਰਥ ਹਨ। ਇਹ ਅੱਜ ਸਿੱਖ ਕੌਮ ਤੇ ਇਸਦੇ ਬੌਧਿਕ ਤਬਕੇ ਨੂੰ ਸੋਚਣ ਵਿਚਾਰਨ ਲਈ ਮਜ਼ਬੂਰ ਕਰ ਰਿਹਾ ਹੈ ਕਿ ਕੀ ਸਿੱਖ ਪੰਥ ਅੱਜ ਦੁਨੀਆਂ ਦੇ ਸਿਰਜਨਹਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਸੁਰਖਿਆ ਤੇ ਇਸ ਧੁਰੇ ਨੂੰ ਬਣਦਾ ਮਾਣ ਸਤਿਕਾਰ ਰੱਖਣ ਵਿੱਚ ਕਿਵੇਂ ਕਾਮਯਾਬ ਹੋ ਸਕੇਗਾ। ਇਹ ਅੱਜ ਸਿੱਖ ਕੌਮ ਲਈ ਸਭ ਤੋਂ ਅਹਿਮ ਵਿਸ਼ਾ ਹੈ। ਅੱਜ ਦੀ ਤਾਜਾ ਖਬਰ ਅਨੁਸਾਰ ਚਮਕੌਰ ਸਾਹਿਬ ਦੇ ਨੇੜਲੇ ਪਿੰਡ ਦੀਆਂ ਗਲੀਆਂ ਵਿੱਚ ਇੱਕ ਫੇਰ ਗੁਟਕਾ ਸਾਹਿਬ ਦੇ ਪੰਨੇ ਪਾੜ ਕੇ ਖਿਲਾਰ ਦਿੱਤੇ ਗਏ। ਜੇ ਅੱਜ ਪੰਜਾਬ ਅੰਦਰ ਹੀ ਗੁਰੂ ਦੀ ਬਾਣੀ ਅਸੁਰਖਿਅਤ ਹੈ ਤਾਂ ਉਹ ਪੰਥ ਵਿੱਚ ਆ ਚੁੱਕੀ ਕਮਜ਼ੋਰ ਨੂੰ ਸਾਫ ਜ਼ਾਹਰ ਕਰ ਰਹੀ ਹੈ। ਸਿੱਖ ਕੌਮ ਪੂਜਾਵਾਦੀ ਰੀਤਾਂ ਵਿੱਚ ਘਿਰਕੇ ਆਪਣੀਆਂ ਰਵਾਇਤੀ ਰਹੁ ਰੀਤਾਂ ਤੋਂ ਬਿਖਰ ਰਹੀ ਹੈ ਤੇ ਗੁਰਬਾਣੀ ਦੀ ਥਾਂ ਥਾਂ ਬੇਅਦਬੀ ਹੋਣਾ ਸਿੱਖਾਂ ਦੀ ਕਮਜ਼ੋਰ ਹੋ ਰਹੀ ਮਾਨਸਿਕਤਾ ਦਾ ਹੀ ਮੁਜ਼ਾਹਰਾ ਹੈ।