ਭਾਰਤੀ ਬਰੇ-ਸਗੀਰ ਦੀ ੧੯੪੭ ਵਿਚ ਹੋਈ ਦਰਦਨਾਕ ਵੰਡ ਨੇ ਪੰਜਾਬ ਦੇ ਸੀਨੇ ਉੱਪਰ ਲੀਕ ਵਾਹ ਦਿੱਤੀ – ਪੱਛਮੀ ਪੰਜਾਬ ਪਾਕਿਸਤਾਨ ਦੇ ਹਿੱਸੇ ਅਤੇ ਪੂਰਬੀ ਪੰਜਾਬ ਭਾਰਤ ਦੇ ਹਿੱਸੇ ਆਇਆ।ਛੇ ਮਹੀਨਿਆਂ ਦੇ ਅਰਸੇ ਵਿਚ ਭਿਆਨਕ ਹਿੰਸਾ (ਜਿਸ ਵਿਚ ਲਗਭਗ ੧੦ ਲੱਖ ਲੋਕ ਮਾਰੇ ਗਏ) ਦਾ ਮੰਜ਼ਰ ਅਤੇ ਲੋਕਾਂ ਦਾ ਉਜਾੜਾ ਸਾਹਮਣੇ ਆਇਆ।ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਨੂੰ ਇਸ ਤਰਾਂ ਬੇਘਰ ਕਰਨ ਜਿਹੀ ਹੋਰ ਕੋਈ ਉਦਾਹਰਣ ਸਾਨੂੰ ਦੁਨੀਆਂ ਦੇ ਇਤਿਹਾਸ ਵਿਚ ਨਹੀਂ ਮਿਲਦੀ।ਲਗਭਗ ਪਚਵੰਜਾ ਲੱਖ ਮੁਸਲਮਾਨ ਪੱਛਮੀ ਪੰਜਾਬ ਵਿਚ ਜਾ ਕੇ ਵਸੇ ਅਤੇ ਲਗਭਗ ਪੰਤਾਲੀ ਲੱਖ ਹਿੰਦੂਆਂ ਅਤੇ ਸਿੱਖਾਂ ਨੇ ਪੂਰਬੀ ਪੰਜਾਬ ਵੱਲ ਹਿਜਰਤ ਕਰਨੀ ਪਈ।ਇਤਿਹਾਸ ਵਿਚ ਇਸ ਨੂੰ “ਵੰਡ ਦਾ ਮੈਦਾਨ-ਏ-ਜੰਗ” ਕਿਹਾ ਗਿਆ ਜਿਸ ਵਿਚ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਦੀ ਕਤਲੋਗਾਰਤ ਹੋਈ।ਵੰਡ ਸਮੇਂ ਹੋਈ ਹਿੰਸਾ ਬਹੁਤ ਹੀ ਵਿਵਸਥਿਤ ਹਿੰਸਾ ਸੀ ਜਿਸ ਦਾ ਉਦੇਸ਼ ਅਣਚਾਹੀ ਅਬਾਦੀ ਦਾ ਨਸਲੀ ਸਫਾਇਆ ਕਰਨਾ ਸੀ।ਮਾਰਚ ੧੯੪੭ ਵਿਚ ਇਕ ਹਫਤੇ ਵਿਚ ਹੀ ਅੰਮ੍ਰਿਤਸਰ ਵਿਚ ਮੁਸਲਮਾਨਾਂ ਦੇ ਚਾਰ ਹਜਾਰ ਘਰ ਅਤੇ ਦੁਕਾਨਾਂ ਤਬਾਹ ਕਰ ਦਿੱਤੀਆਂ ਗਈਆਂ।ਅੰਮ੍ਰਿਤਸਰ ਅਤੇ ਲਾਹੌਰ ਦੇ ਪੈਂਤੀ ਮੀਲ ਲੰਮੇ ਬਾਰਡਰ ਦੇ ਦੋਹੀਂ ਪਾਸੀਂ ਲਾਸ਼ਾਂ ਦੇ ਢੇਰ ਲੱਗੇ ਹੋਏ ਸਨ।ਇਸ ਤਰਾਂ ਲੱਗ ਰਿਹਾ ਸੀ ਜਿਵੇਂ ਸਾਰੇ ਹੀ ਇਲਾਕੇ ਨੂੰ ਇਕ ਵੱਡੇ ਕਬਰਗਾਹ ਵਿਚ ਤਬਦੀਲ ਕਰ ਦਿੱਤਾ ਗਿਆ ਹੋਵੇ।
ਇਸ ਸਾਰੀ ਕਤਲੋਗਾਰਤ ਵਿਚ ਇਹ ਨਹੀਂ ਵਿਚਾਰਿਆ ਜਾਂਦਾ ਕਿ ਉਸ ਸਮੇਂ ਪੁਲਿਸ, ਫੌਜ ਅਤੇ ਸਿਵਿਲ ਸਰਵਿਸ ਅਫਸਰਾਂ ਦਾ ਇਸ ਵਿਚ ਕੀ ਰੋਲ ਰਿਹਾ ਸੀ।ਇਹਨਾਂ ਨੂੰ ਕਿਸੇ ਵੀ ਦੇਸ਼ ਦੇ ਰਾਖਿਆਂ ਵਜੋਂ ਮੰਨਿਆਂ ਜਾਂਦਾ ਹੈ ਕਿਉਂਕਿ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਵਿਚ ਇਹ ਮਹੱਤਵਪੂਰਨ ਰੋਲ ਅਦਾ ਕਰਦੇ ਹਨ ਅਤੇ ਦੇਸ਼ ਦੇ ਲੋਕਾਂ ਨੂੰ ਹਮਲਿਆਂ ਤੋਂ ਬਚਾਉਂਦੇ ਹਨ।ਪਰ ਪੰਜਾਬ ਵਿਚ ਸੈਨਿਕਾਂ ਨੇ ਹਿੰਸਾ ਨੂੰ ਨਿਯੰਤ੍ਰਿਤ ਕਰਨ ਦੀ ਬਜਾਇ ਇਸ ਵਿਚ ਵਾਧਾ ਕੀਤਾ।ਬ੍ਰਿਟਿਸ਼ ਭਾਰਤ ਵਿਚ ਵੱਡੀ ਗਿਣਤੀ ਵਿਚ ਪੰਜਾਬ ਤੋਂ ਹੀ ਫੌਜ ਵਿਚ ਭਰਤੀ ਹੁੰਦੀ ਸੀ।ਦੂਜੇ ਸੰਸਾਰ ਯੁੱਧ ਦੀ ਸ਼ੁਰੂਆਤ ਸਮੇਂ ਭਾਰਤੀ ਫੌਜ ਵਿਚ ਅਠਤਾਲੀ ਪ੍ਰਤੀਸ਼ਤ ਪੰਜਾਬ ਦੇ ਨੌਜਵਾਨ ਸਨ।ਇਸ ਯੁੱਧ ਦੇ ਅੰਤ ਤੋਂ ਬਾਅਦ ਫੌਜ ਵਿਚੋਂ ਆਏ ਹੋਏ ਸੈਨਿਕਾਂ ਨੇ ਹੀ ਇਸ ਹਿੰਸਾ ਨੂੰ ਵਧਾਉਣ ਵਿਚ ਆਪਣਾ ਹਿੱਸਾ ਪਾਇਆ।ਇਹਨਾਂ ਫੌਜੀਆਂ ਕੋਲ ਕੋਈ ਹਥਿਆਰ ਨਹੀਂ ਸੀ, ਪਰ ਉਹ ਸਿਖਲਾਈ ਯਾਫਤਾ ਫੌਜੀ ਸਨ ਅਤੇ ਯੁੱਧ ਵਿਚ ਉਨ੍ਹਾਂ ਦੇ ਹਾਲੀਆ ਅਨੁਭਵ ਦਾ ਮਤਲਬ ਸੀ ਕਿ ਉਨ੍ਹਾਂ ਦੁਆਰਾ ਢਾਹੇ ਗਏ ਜ਼ੁਲਮ ਬਹੁਤ ਹੀ ਵਹਿਸ਼ੀਆਨਾ ਸਨ।ਉਦਾਰਹਣ ਵਜੋਂ ਰਿਫਊਜੀਆਂ ਦੀਆਂ ਗੱਡੀਆਂ ਉੱਪਰ ਹੋਣ ਵਾਲੇ ਹਮਲੇ ਬਹੁਤ ਹੀ ਵਿਵਸਥਿਤ ਅਤੇ ਯੋਜਨਾਬੱਧ ਢੰਗ ਨਾਲ ਕੀਤੇ ਗਏ।ਪੰਜਾਬ ਦੀ ਵੰਡ ਬਹੁਤ ਹੀ ਵੱਡਾ ਦੁਖਾਂਤ ਹੈ ਜਿਸ ਨੇ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਪ੍ਰਭਾਵਿਤ ਕੀਤੀਆਂ।ਵੰਡ ਦੇ ਇਸ ਦੁਖਾਂਤ ਨੇ ਇਹ ਵੀ ਦਿਖਾਇਆ ਕਿ ਜਦੋਂ ਵੀ ਕੋਈ ਦੇਸ਼ ਕਿਸੇ ਵੱਡੀ ਤਬਾਹੀ ਦਾ ਸਾਹਮਣਾ ਕਰਦਾ ਹੈ ਤਾਂ ਉਸ ਸਮੇਂ ਸਰਵਿਸ ਵਾਲੇ ਲੋਕ ਜਿਵੇਂ ਫੌਜ, ਪੁਲਿਸ ਅਤੇ ਸਿਵਿਲ ਸਰਵਿਸ ਅਫਸਰ ਲੋਕਾਂ ਨੂੰ ਸੁਰੱਖਿਅਤ ਰੱਖਣ ਅਤੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਵਿਚ ਵੱਡਾ ਰੋਲ ਅਦਾ ਕਰਦੇ ਹਨ।ਪਰ ਅਗਰ ਇਹ ਲੋਕ ਆਪ ਹੀ ਹਿੰਸਾ ’ਤੇ ਉਤਾਰੂ ਹੋ ਜਾਣ ਤਾਂ ਇਸ ਦੇ ਬਹੁਤ ਹੀ ਭਿਆਨਕ ਸਿੱਟੇ ਨਿਕਲਦੇ ਹਨ।
ਭਾਰਤੀ ਬਰੇ-ਸਗੀਰ ਵਿਚ ਜੋ ਭਾਈਚਾਰੇ ਸਦੀਆਂ ਤੋਂ ਇਕੱਠੇ ਰਹਿੰਦੇ ਆ ਰਹੇ ਸਨ, ਉਨ੍ਹਾਂ ਨੇ ਇਸ ਸੰਪ੍ਰਦਾਇਕ ਹਿੰਸਾ ਵਿਚ ਇਕ ਦੂਜੇ ਉੱਪਰ ਹੀ ਹਮਲਾ ਕੀਤਾ ਜਿਸ ਵਿਚ ਇਕ ਪਾਸੇ ਹਿੰਦੂ ਅਤੇ ਸਿੱਖ ਸਨ ਅਤੇ ਦੂਜੇ ਪਾਸੇ ਮੁਸਲਮਾਨ।ਇਸ ਤਰਾਂ ਦੀ ਆਪਸੀ ਨਸਲਕੁਸ਼ੀ ਦੀ ਇਤਿਹਾਸ ਵਿਚ ਕੋਈ ਹੋਰ ਉਦਾਹਰਣ ਨਹੀਂ ਮਿਲਦੀ।ਪੰਜਾਬ ਅਤੇ ਬੰਗਾਲ – ਜੋ ਕਿ ਪਾਕਿਸਤਾਨ ਦੇ ਪੱਛਮੀ ਅਤੇ ਪੂਰਬੀ ਸਰਹੱਦ ਨਾਲ ਲੱਗਦੇ ਸਨ – ਵਿਚ ਖੂਨਖਰਾਬਾ ਬਹੁਤ ਹੀ ਭਿਆਨਕ ਸੀ ਜਿਸ ਵਿਚ ਕਤਲੋਗਾਰਤ, ਅੱਗਜ਼ਨੀ, ਲੋਕਾਂ ਦਾ ਜਬਰਦਸਤੀ ਧਰਮ ਪਰਿਵਤਰਨ, ਸਮੂਹਿਕ ਹੁਦਾਲੇ ਅਤੇ ਲੰਿਗਕ ਹਿੰਸਾ ਸ਼ਾਮਿਲ ਸਨ।ਕੋਈ ਪਝੱਤਰ ਹਜਾਰ ਔਰਤਾਂ ਨਾਲ ਬਲਾਤਕਾਰ ਹੋਏ ਅਤੇ ਉਨ੍ਹਾਂ ਵਿਚ ਬਹੁਤੀਆਂ ਨੂੰ ਵੱਡ-ਟੁੱਕ ਦਿੱਤਾ ਗਿਆ। ਕਈ ਬ੍ਰਿਟਿਸ਼ ਅਤੇ ਪੱਛਮੀ ਪੱਤਰਕਾਰ ਜਿਨਾਂ ਨੇ ਨਾਜ਼ੀਆਂ ਦੁਆਰਾ ਬਣਾਏ ਮੌਤ ਦੇ ਕੈਂਪ ਵੀ ਦੇਖੇ ਸਨ, ਉਨ੍ਹਾਂ ਨੇ ਕਿਹਾ ਕਿ ਵੰਡ ਸਮੇਂ ਹੋਈਆਂ ਦਰਿੰਦਗੀਆਂ ਇਸ ਤੋਂ ਵੀ ਭਿਆਨਕ ਸਨ: ਗਰਭਵਤੀਆਂ ਔਰਤਾਂ ਦੀਆਂ ਛਾਤੀਆਂ ਕੱਟ ਦਿੱਤੀਆਂ ਗਈਆਂ।ਬੱਚਿਆਂ ਨੂੰ ਉਨ੍ਹਾਂ ਦੀਆਂ ਕੁੱਖਾਂ ਵਿਚੋਂ ਕੱਢ ਕੇ ਮਾਰਿਆ ਗਿਆ।
ਮਸ਼ਹੂਰ ਪਾਕਿਸਤਾਨੀ ਇਤਿਹਾਸਕਾਰ ਆਇਸ਼ਾ ਜਲਾਲ ਨੇ ਵੰਡ ਦੇ ਦੁਖਾਂਤ ਨੂੰ ਦੱਖਣੀ ਏਸ਼ੀਆ ਦੇ ਇਤਿਹਾਸ ਦੀ ਸਭ ਤੋਂ ਵੱਡੀ ਘਟਨਾ ਕਿਹਾ ਹੈ।ਉਹ ਲਿਖਦੀ ਹੈ ਕਿ “ਇਹ ਬਹੁਤ ਹੀ ਅਹਿਮ ਪਲ ਸੀ ਕਿਉਂਕਿ ਵੰਡ ਅੱਜ ਵੀ ਸਰਹੱਦ ਦੇ ਦੋਹੀਂ ਪਾਸੀ ਰਹਿੰਦੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਪ੍ਰਭਾਵਿਤ ਕਰ ਰਹੀ ਹੈ, ਇਸ ਅਨੁਭਵ ਰਾਹੀ ਹੀ ਉਹ ਆਪਣਾ ਬੀਤੇ, ਅੱਜ ਅਤੇ ਆਉਣ ਵਾਲੇ ਕੱਲ੍ਹ ਦਾ ਤਸੁੱਵਰ ਕਰਦੇ ਹਨ।” ਉਨੀਵੀਂ ਸਦੀ ਵਿਚ ਭਾਰਤ ਅਜੇ ਵੀ ਅਜਿਹੀ ਜਗ੍ਹਾ ਸੀ ਜਿੱਥੇ ਧਾਰਮਿਕ ਵਲਗਣਾਂ ਤੋਂ ਪਾਰ ਰਵਾਇਤਾਂ, ਭਾਸ਼ਾਵਾਂ ਅਤੇ ਸੱਭਿਆਚਾਰਾਂ ਦਾ ਮੇਲਜੋਲ ਸੀ ਅਤੇ ਜਿੱਥੇ ਲੋਕ ਆਪਣੇ ਆਪ ਨੂੰ ਧਾਰਮਿਕ ਅਕੀਦੇ ਰਾਹੀ ਪ੍ਰਭਾਸ਼ਿਤ ਨਹੀਂ ਸਨ ਕਰਦੇ।ਜਦੋਂ ਕਿ ਵੰਡ ਬ੍ਰਿਟਿਸ਼ ਸਾਮਰਾਜ ਅਤੇ ਸਾਡੇ ਨੇਤਾਵਾਂ ਦੀਆਂ ਮੂਰਖਤਾਈਆਂ ਦਾ ਪ੍ਰਮਾਣ ਹੈ ਜਿਸ ਨੇ ਭਾਈਚਾਰਿਆਂ ਦੇ ਆਪਸੀ ਮੇਲ-ਮਿਲਾਪ ਨੂੰ ਤਬਾਹ ਕਰ ਦਿੱਤਾ।
ਬ੍ਰਿਟਿਸ਼ ਇਤਿਹਾਸਕਾਰ ਪੈਟਰਿਕ ਫਰੈਨਣ “ਲਿਬਰਟੀ ਔਰ ਡੈਥ” ਵਿਚ ਲਿਖਦਾ ਹੈ ਕਿ ਇਹ ਉਸ ਸਮੇਂ ਦੀਆਂ ਸਖਸ਼ੀਅਤਾਂ ਦੇ ਆਪਸੀ ਟਕਰਾਅ ਦਾ ਵੀ ਸਿੱਟਾ ਸੀ ਜਿਸ ਵਿਚ ਇਕ ਪਾਸੇ ਮੁਹੰਮਦ ਅਲ਼ੀ ਜਿਨਾਹ ਅਤੇ ਦੂਜੇ ਪਾਸੇ ਮੋਹਨ ਦਾਸ ਕਰਮ ਚੰਦ ਗਾਂਧੀ ਅਤੇ ਜਵਾਹਰ ਲਾਲ ਨਹਿਰੂ ਸਨ।ਤਿੰਨੋਂ ਹੀ ਵਕੀਲ ਸਨ ਜਿਨ੍ਹਾਂ ਨੇ ਆਪਣੀ ਸਿੱਖਿਆ ਇੰਗਲੈਂਡ ਤੋਂ ਪ੍ਰਾਪਤ ਕੀਤੀ ਸੀ।ਜਿਨਾਹ ਅਤੇ ਗਾਂਧੀ ਦੋਹੇ ਹੀ ਗੁਜਰਾਤੀ ਸਨ ਜੋ ਕਿ ਨਜ਼ਦੀਕੀ ਸਹਿਯੋਗੀ ਹੋ ਸਕਦੇ ਸਨ।ਪਰ ੧੯੪੦ਵਿਆਂ ਦੀ ਸ਼ੁਰੂਆਤ ਵਿਚ ਹੀ ਉਨ੍ਹਾਂ ਦੇ ਆਪਸੀ ਸੰਬੰਧਾਂ ਵਿਚ ਇੰਨੀ ਕੜਵਾਹਟ ਆ ਗਈ ਕਿ ਉਹ ਇਕ ਕਮਰੇ ਵਿਚ ਵੀ ਨਹੀਂ ਸਨ ਇਕੱਠੇ ਬੈਠ ਸਕਦੇ।ਜਿਨਾਹ ਰਾਜਨੀਤੀ ਵਿਚ ਧਰਮ ਦਾ ਸੁਮੇਲ ਕਰਨ ਦੇ ਵਿਰੁੱਧ ਸੀ, ਇਸ ਲਈ ਉਸ ਨੇ ਗਾਂਧੀ ਦੁਆਰਾ ਰਾਜਨੀਤਿਕ ਬਹਿਸਾਂ ਵਿਚ ਅਧਿਆਤਮਕ ਮੁੱਦਿਆਂ ਨੂੰ ਲਿਆਉਣ ਦਾ ਵਿਰੋਧ ਕੀਤਾ।ਬਸਤੀਵਾਦੀ ਸਮੇਂ ਦੇ ਇਕ ਗਵਰਨਰ ਨੇ ਲਿਖਿਆ ਸੀ, “ਧਰਮ ਅਤੇ ਰਾਜਨੀਤੀ ਦਾ ਸੁਮੇਲ ਕਰਨਾ ਇਕ ਅਪਰਾਧ ਹੈ ਜੋ ਉਸ ਨੇ ਕੀਤਾ।” ਉਸ ਦਾ ਮੰਨਣਾ ਸੀ ਕਿ ਇਸ ਨੇ ਹਰ ਪਾਸੇ ਧਾਰਮਿਕ ਕੱਟੜਵਾਦੀਆਂ ਨੂੰ ਪ੍ਰੋਤਸਾਹਿਤ ਕੀਤਾ।ਇਸ ਵਿਚ ਕੋਈ ਸ਼ੱਕ ਨਹੀਂ ਕਿ ਪਹਿਲੇ ਸੰਸਾਰ ਯੁੱਧ ਸਮੇਂ ਉਸ ਨੇ ਮੁਸਲਿਮ ਲੀਗ ਅਤੇ ਕਾਂਗਰਸ ਨੂੰ ਇਕੱਠੇ ਕਰਨ ਦਾ ਕੰਮ ਕੀਤਾ।ਉਸ ਨੇ ਕਿਹਾ, “ਮੈਂ ਆਪਣੇ ਮੁਸਲਮਾਨ ਸਾਥੀਆਂ ਨੂੰ ਕਹਿੰਦਾ ਹਾਂ ਕਿ ਡਰੋ ਨਾ।” ਉਸ ਨੇ ਹਿੰਦੂ ਪ੍ਰਧਾਨਤਾ ਦੇ ਵਿਚਾਰ ਨੂੰ ਇਕ ਹਊਆ ਦੱਸਿਆ ਜੋ ਕਿ ਉਨ੍ਹਾਂ ਦੇ ਦੁਸ਼ਮਣਾਂ ਦੁਆਰਾ ਉਨ੍ਹਾਂ ਨੂੰ ਡਰਾਉਣ ਲਈ ਪੈਦਾ ਕੀਤਾ ਗਿਆ ਸੀ ਤਾਂ ਕਿ ਉਨ੍ਹਾਂ ਵਿਚ ਆਪਸੀ ਸਹਿਯੋਗ ਨਾ ਪੈਦਾ ਹੋ ਸਕੇ।
੧੯੧੬ ਵਿਚ ਜਦੋਂ ਜਿਨਾਹ ਦੋਨਾਂ ਹੀ ਪਾਰਟੀਆਂ ਨਾਲ ਸੰਬੰਧਿਤ ਸੀ, ਉਹ ਅੰਗਰੇਜ਼ਾਂ ਨੂੰ ਲਖਨਊ ਸਮਝੌਤੇ ਦੇ ਰੂਪ ਵਿਚ ਆਪਣੀਆਂ ਮੰਗਾਂ ਦੇਣ ਵਿਚ ਕਾਮਯਾਬ ਹੋ ਗਿਆ।ਉਸ ਨੂੰ ਹਿੰਦੂ ਮੁਸਲਿਮ ਏਕਤਾ ਦਾ ਦੂਤ ਮੰਨਿਆ ਗਿਆ।ਪਰ ਪਹਿਲੇ ਯੁੱਧ ਤੋਂ ਬਾਅਦ ਜਿਨਾਹ ਨੇ ਗਾਂਧੀ ਅਤੇ ਨਹਿਰੂ ਦੀ ਵਧਦੀ ਚੜ੍ਹਤ ਦਾ ਪਰਛਾਵਾਂ ਆਪਣੇ ਉੱਪਰ ਮਹਿਸੂਸ ਕੀਤਾ।ਦਸੰਬਰ ੧੯੨੦ ਵਿਚ ਉਸ ਨੇ ਸਟੇਜ ਤੋਂ ਗਾਂਧੀ ਨੂੰ ਮਹਾਤਮਾ ਕਹਿਣ ਦੀ ਬਜਾਇ ਮਿਸਟਰ ਗਾਂਧੀ ਕਹਿਣਾ ਦਰੁੱਸਤ ਮੰਨਿਆ।ਇਸ ਸਮੇਂ ਦੌਰਾਨ ਉਨ੍ਹਾਂ ਵਿਚ ਆਪਸੀ ਕੜਵਾਹਟ ਵਧ ਗਈ ਅਤੇ ੧੯੪੦ ਤੱਕ ਆਉਂਦਿਆਂ ਉਸ ਨੇ ਵੱਖਰੀ ਸਰਜ਼ਮੀਨ ਦੀ ਮੰਗ ਨੂੰ ਜਿਆਦਾ ਪਹਿਲ ਦਿੱਤੀ।ਇਸੇ ਮੰਗ ਦਾ ਉਸ ਨੇ ਪਹਿਲਾਂ ਵਿਰੋਧ ਕੀਤਾ ਸੀ ਅਤੇ ਉਸ ਨੇ ਆਪਣੇ ਸਾਥੀਆਂ ਨੂੰ ਇਹ ਯਕੀਨ ਦੁਆਉਣ ਦੀ ਕੋਸ਼ਿਸ਼ ਕੀਤੀ ਕਿ ਵੰਡ ਮਹਿਜ਼ ਇਕ ਸੌਦਾਬਾਜ਼ੀ ਹੀ ਸੀ। ਆਪਣੀ ਮੰਗ ਪੂਰੀ ਹੋਣ ਤੋਂ ਬਾਅਦ ਵੀ ਉਸ ਨੇ ਇਸ ਗੱਲ ਉੱਪਰ ਜ਼ੋਰ ਦਿੱਤਾ ਕਿ ਧਾਰਮਿਕ ਪ੍ਰਗਟਾਵੇ ਦੀ ਅਜ਼ਾਦੀ ਰਹੇ।ਅਗਸਤ ੧੯੪੭ ਵਿਚ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਵਿਚ ਉਸ ਨੇ ਕਿਹਾ ਸੀ, “ਤੁਸੀ ਕਿਸੇ ਵੀ ਧਰਮ, ਜਾਤ ਜਾਂ ਭਾਈਚਾਰੇ ਨਾਲ ਸੰਬੰਧਿਤ ਹੋ ਸਕਦੇ ਹੋ, ਇਸ ਦਾ ਸਟੇਟ ਨਾਲ ਕੋਈ ਲੈਣਾ ਦੇਣਾ ਨਹੀਂ ਹੈ।”
ਸਾਅਦਤ ਹਸਨ ਮੰਟੋ ਨੇ ਵੰਡ ਨੂੰ ਨਿੱਜੀ ਅਤੇ ਭਾਈਚਾਰਕ ਤਬਾਹੀ ਮੰਨਿਆ।ਉਸ ਦਾ ਕਹਿਣਾ ਸੀ ਕਿ “ਦੁਖਾਂਤ ਇਹ ਨਹੀਂ ਕਿ ਇਕ ਦੀ ਥਾਂ ਦੋ ਮੁਲਕ ਬਣ ਗਏ ਹਨ, ਪਰ ਇਹ ਅਹਿਸਾਸ ਹੈ ਕਿ ਦੋਹਾਂ ਹੀ ਮੁਲਕਾਂ ਦੇ ਲੋਕ ਏਨੇ ਵਹਿਸ਼ੀ ਅਤੇ ਧਾਰਮਿਕ ਕੱਟੜਤਾ ਦੇ ਗੁਲਾਮ ਹਨ।” ਅੱਜ ਲੋੜ ਹੈ ਕਿ ਬੀਤੇ ਤੋਂ ਅੱਗੇ ਲੰਘ ਆਪਸੀ ਵੈਰ ਵਿਰੋਧ ਨੂੰ ਘੱਟ ਕੀਤਾ ਜਾਵੇ, ਪਰ ਦੁੱਖ ਦੀ ਗੱਲ ਹੈ ਕਿ ਦੋਹੇ ਹੀ ਦੇਸ਼ ਅੱਜ ਧਾਰਮਿਕ ਕੱਟੜਤਾ ਦੇ ਕਾਗਾਰ ਤੇ ਖੜੇ ਹਨ ਅਤੇ ਸਰਕਾਰਾਂ ਇਸ ਨੂੰ ਘਟਾਉਣ ਵਿਚ ਕੋਈ ਰੋਲ ਨਹੀਂ ਅਦਾ ਕਰ ਰਹੀਆਂ।