ਪਿਛਲੇ ਦਿਨੀ ਦਿੱਲੀ ਵਿੱਚ (ਭਾਰਤ ਦੀ ਰਾਜਧਾਨੀ) ਇੱਕ ਪ੍ਰਮੱਖ ਪਾਰਟੀ ਵੱਲੋਂ ਕੀਤੀ ਕਿਸਾਨਾਂ ਦੇ ਹਿਤਾਂ ਲਈ ਰੈਲੀ ਵਿੱਚ ਰਾਜਸਥਾਨ ਦੇ ਇੱਕ ਕਿਸਾਨ ਰਾਜਿੰਦਰ ਸਿੰਘ ਨੇ ਕਿਸਾਨਾਂ ਦੇ ਭਾਰੀ ਇਕੱਠ ਵਿੱਚ ਦਰੱਖਤ ਤੋਂ ਲਮਕ ਕੇ ਖੁਦਕਸ਼ੀ ਕਰ ਲਈ। ਇਸ ਖੁਦਕਸ਼ੀ ਦੇ ਨਾਲ ਮੌਜੂਦਾ ਸਮੇਂ ਵਿੱਚ ਕਿਸਾਨ ਅਤੇ ਕਿਸਾਨ ਮਜਦੂਰਾਂ ਦੀ ਉਧੜ ਰਹੀ ਜਿੰਦਗੀ ਅਤੇ ਰੋਜ਼ਮਰਾ ਦੀ ਜਿੰਦਗੀ ਦੀ ਤਰਾਸਦੀ ਨੂੰ ਇੱਕ ਵਾਰ ਫੇਰ ਭਾਰਤ ਵਿੱਚ ਇਸ ਵਰਗ ਦੇ ਬਦਤਰ ਹੋ ਰਹੀ ਹਾਲਾਤ ਨੂੰ ਅਖਬਾਰਾਂ ਤੇ ਹੋਰ ਮੀਡੀਆ ਰਾਹੀਂ ਕਾਫੀ ਤਵੱਜੋ ਮਿਲੀ ਹੈ। ਭਾਵੇਂ ਕਿ ਕੁਦਰਤੀ ਆਫਤਾਂ ਕਰਕੇ ਇਸ ਵਾਰ ਲੱਖਾਂ ਏਕੜ ਖੜੀ ਫਸਲ ਕੁਦਰਤ ਦੀ ਕਰੋਪੀ ਦੀ ਭੇਂਟ ਚੜ ਗਈ ਹੈ। ਇਸ ਕਰੋਪੀ ਤੋਂ ਸਤਾਏ ਕਿਸਾਨੀ ਵਰਗ ਵਿੱਚ ਅੱਜ ਦੇ ਅੰਕੜਿਆਂ ਮੁਤਾਬਕ ਰੋਜ਼ਾਨਾ ੪੪ ਖੁਦਕਸ਼ੀਆਂ ਪਰ ਦਿਨ ਹੋ ਰਹੀਆਂ ਹਨ। ਪੰਜਾਬ ਵਿੱਚ ਇਸਦੀ ਔਸਤ ਦੋ ਤੋਂ ਤਿੰਨ ਕਿਸਾਨ ਹਨ।
ਪੰਜਾਬ ਪਿਛਲ਼ੇ ਚਾਰ ਦਹਾਕਿਆਂ ਤੋਂ ਭਾਰਤ ਦੇ ਅੰਨ-ਭੰਡਾਰ ਵਿੱਚ ਤਕਰੀਬਨ ੪੫ ਫੀਸਦੀ ਚੌਲਾਂ ਦਾ ਹਿੱਸਾ ਪਾਉਂਦਾ ਹੈ ਅਤੇ ੭੦ ਫੀਸਦੀ ਦੇ ਕਰੀਬ ਭਾਰਤ ਦੇ ਅੰਨ-ਭੰਡਾਰ ਵਿੱਚ ਪਾ ਕੇ ਆਪਣਾ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ। ਪੰਜਾਬ ਕੋਲ ਭਾਰਤ ਦੀ ਕੁੱਲ ਕਾਸ਼ਤ ਜ਼ਮੀਨ ਦਾ ਦੋ ਫੀਸਦੀ ਹਿੱਸਾ ਹੈ। ਇਸ ਅੰਨ ਭੰਡਾਰ ਦੇ ਦਾਤਾ ਦੀ ਪੰਜਾਬ ਵਿੱਚ ਇਸ ਸਾਲ ੫੭ ਹਜ਼ਾਰ ਹੈਕਟੇਅਰ ਤੋਂ ਉੱਪਰ ਖੜੀ ਫਸਲ ਕੁਦਰਤ ਦੀ ਕਰੋਪੀ ਦੀ ਭੇਂਟ ਚੜੀ ਹੈ। ਕਰਜੇ ਹੇਠਾਂ ਡੁੱਬੀ ਪੰਜਾਬ ਦੀ ਕਿਸਾਨੀ ਹੋਰ ਬੁਰੀ ਤਰਾਂ ਕਰਜ਼ੇ ਦੀ ਮਾਰ ਹੇਠਾਂ ਆ ਗਈ ਹੈ। ਇਸ ਕਰਕੇ ਦਿਨ-ਪ੍ਰਤੀ ਦਿਨ ਕਰਜੇ ਦੀ ਮਾਰ ਨਾ ਝੱਲਦਿਆਂ ਹੋਇਆਂ ਪੰਜਾਬ ਦਾ ਕਿਸਾਨ ਅਤੇ ਉਸ ਨਾਲ ਜੁੜੇ ਕਾਮੇ ਆਪਣੀ ਜੀਵਨ ਲੀਲਾ ਨੂੰ ਖਤਮ ਕਰਕੇ ਅਪਾਣੇ ਪਿਛਲੇ ਪਰਿਵਾਰਾਂ ਨੂੰ ਵਿਲਕਦਿਆਂ ਬੇਆਸਰਾ ਛੱਡ ਗਏ ਹਨ। ਭਾਵੇਂ ਕਿ ੨੦੦੨ ਤੋਂ ਖੇਤੀ ਬੀਮਾ ਯੋਜਨਾ ਭਾਰਤ ਵਿੱਚ ਇੱਕ ਕਾਨੂੰਨ ਤਹਿਤ ਹੋਂਦ ਵਿੱਚ ਆਈ ਹੈ ਤੇ ਅੱਜ ਇਹ ੨੩ ਰਾਜਾਂ ਤੇ ਦੋ ਕੇਂਦਰੀ ਸਾਸ਼ਕ ਇਲਾਇਆਂ ਵਿੱਚ ਕੰਮ ਕਰ ਰਹੀ ਹੈ। ਇਹਨਾਂ ਸਕੀਮਾਂ ਯੋਜਨਾਂ ਰਾਹੀਂ ਕਿਸਾਨੀ ਨੂੰ ਕਾਫੀ ਬਲ ਮਿਲਿਆ ਹੈ ਅਤੇ ਨਾਲ ਨਾਲ ਬੀਮਾ ਕਰਨ ਵਾਲੀ ਕੰਪਨੀ ਨੂੰ ਵੀ ੨੦੧੩ ਦੇ ਅੰਕੜਿਆਂ ਮੁਤਾਬਕ ੩੪੮ ਕਰੋੜ ਦਾ ਮੁਨਾਫਾ ਹੋਇਆ ਹੈ। ਅੱਜ ਜਿਸ ਤਰਾਂ ਪੰਜਾਬ ਵਿੱਚ ਖਾਸ ਕਰਕੇ ਕਿਸਾਨੀ ਅਤੇ ਇਸ ਨਾਲ ਜੁੜੇ ਕਾਮਿਆਂ ਦੀ ਗੰਭੀਰ ਦਿਸ਼ਾ ਬਣੀ ਹੋਈ ਹੈ ਉਥੇ ਇਹ ਬੀਮਾ ਯੋਜਨਾ ਅੱਜ ਵੀ ਮੌਜੂਦ ਨਹੀਂ ਹੈ। ਪੰਜਾਬ ਸਰਕਾਰ ਦੀ ਮਾੜੀ ਕਾਰਜਗਾਰੀ ਕਰਕੇ ਪੰਜਾਬ ਦੀ ਕਿਸਾਨੀ ਆਪਣੀ ਬਚੀ-ਖੁਚੀ ਫਸਲ ਲੈ ਕੇ ਮੰਡੀਆਂ ਵਿੱਚ ਰੁਲ ਰਹੇ ਹਨ। ਦੂਜੇ ਪਾਸੇ ਇਹੀ ਕਿਸਾਨ ਜੋ ਪੰਜਾਬ ਦੇ ਵਿੱਚ ਗੁਰਦੁਆਰਾ ਸਾਹਿਬਾਂ ਵਿੱਚ ਲੰਗਰਾਂ ਲਈ ਦਿਲ ਖੋਲ ਕੇ ਆਪਣੀ ਫਸਲਾਂ ਨੂੰ ਦਿਲ ਖੋਲ ਕੇ ਸੇਵਾ ਵਜੋਂ ਭੇਂਟ ਕਰਦਾ ਹੈ ਅਤੇ ਇਹਨਾਂ ਗੁਰਦੁਆਰਿਆਂ ਨੂੰ ਚਲਾ ਰਹੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਦੀ ਕਿਸਾਨੀ ਜੋ ਕੁਦਰਤੀ ਕਰੋਪੀ ਰਾਹੀਂ ਮਾਰ ਝੱਲ ਰਹੀ ਹੈ ਪ੍ਰਤੀ ਪੂਰੀ ਤਰਾਂ ਬੇਫਿਕਰ ਹੈ ਅਤੇ ਕਿਸੇ ਤਰਾਂ ਨਾਲ ਵੀ ਜਿਸ ਕਿਸਾਨੀ ਤੋਂ ਅਪਾਣੇ ਲੰਗਰਾਂ ਦੇ ਭੰਡਾਰ ਭਰ ਰਹੀ ਹੈ ਪਰ ਉਸਦੀ ਬਾਂਹ ਫੜਨ ਤੋਂ ਇਨਕਾਰੀ ਹੈ। ਦੂਜੇ ਪਾਸੇ ਜੇ ਅੱਜ ਨੇਪਾਲ ਵਿੱਚ ਭਿਆਨਕ ਭੁਚਾਲ ਕਰਕੇ ਵੱਡੀ ਕੁਦਰਤੀ ਆਫਤ ਆਈ ਹੈ ਤਾਂ ਉਥੇ ਇਹੀ ਸਿੱਖ ਸੰਸਥਾਵਾਂ ਅਤੇ ਬਾਹਰਲੀਆਂ ਸਿੱਖ ਸਮਾਜ ਸੇਵੀ ਸੰਸਥਾਵਾਂ ਹਿੱਕ ਠੋਕ ਕੇ ਆਪਣੇ ਵੱਲੋਂ ਵਿੱਤੀ ਅਤੇ ਲੰਗਰ ਦੀ ਵਿਵਸਥਾ ਕਰਨ ਲਈ ਮੋਹਰੀ ਹੋ ਕੇ ਖੜੀਆਂ ਹਨ। ਪਰ ਪੰਜਾਬ ਦਾ ਕੁਦਰਤੀ ਆਫਤਾਂ ਨਾਲ ਲੜਾੜਿਆ ਕਿਸਾਨ ਤੇ ਉਸ ਨਾਲ ਜੁੜਿਆ ਬੇਵੱਸ ਕਾਮਾ ਇਹਨਾਂ ਦੀ ਸਹਾਇਤਾ ਤੋਂ ਪੂਰੀ ਤਰਾਂ ਵਾਂਝਾ ਹੈ ਅਤੇ ਆਪਣੀ ਜੀਵਨ ਲੀਲਾ ਨੂੰ ਕੁਦਰਤੀ ਆਫਤਾਂ ਕਰਕੇ ਖਤਮ ਕਰ ਰਿਹਾ ਹੈ।
ਅੱਜ ਸਿੱਖ ਜਗਤ ਅੱਗੇ ਬੜਾ ਵੱਡਾ ਸਵਾਲ ਹੈ ਕਿ ਇਹੀ ਸੰਸਥਾਵਾਂ ਜੋ ਕਿ ਲੰਗਰਾਂ ਦਾ ਭੰਡਾਰ ਭਰਨ ਲਈ ਤਾਂ ਪੰਜਾਬ ਦੇ ਕਿਸਾਨ ਨੂੰ ਧਰਮ ਦੇ ਨਾਮ ਤੇ ਵਾਸਤਾ ਪਾ ਕੇ ਸੇਵਾ ਕਰਵਾ ਲੈਂਦੀਆਂ ਹਨ ਅਤੇ ਉਸੇ ਸੇਵਾਂ ਨੂੰ ਕਦੀ ਕਸ਼ਮੀਰ ਦੀ ਕੁਦਰਤੀ ਆਫਤ ਵੇਲੇ ਤੇ ਹੁਣ ਨੇਪਾਲ ਵਿੱਚ ਭੁਚਾਲ ਦੀ ਆਫਤ ਕਰਕੇ ਇਸ ਸੇਵਾ ਦੇ ਧੰਨ ਨੂੰ ਸਮਾਜ ਸੇਵਾ ਦੇ ਨਾਮ ਹੇਠ ਵੰਡਣ ਨੂੰ ਤਾਂ ਤਿਆਰ ਹੈ ਪਰ ਸੇਵਾ ਕਰਨ ਵਾਲੀ ਕਿਸਾਨੀ ਪ੍ਰਤੀ ਜਿਸ ਤੇ ਲਗਾਤਾਰ ਕੁਦਰਤੀ ਕਰੋਪੀ ਪੈ ਰਹੀ ਹੈ ਬਾਰੇ ਪੂਰੀ ਤਰਾਂ ਖਮੋਸ਼ ਹੈ। ਖਾਲਸਾ ਸਹਾਇਤਾ ਜੱਥੇਬੰਦੀ ਵੱਲੋਂ ਅਤੇ ਹੋਰ ਪੱਛਮੀ ਸਿੱਖ ਸੰਸਥਾਵਾਂ, ਯੂਨਾਈਟਡ ਸਿੱਖ ਸੰਸਥਾਵਾਂ ਵੱਲੋਂ ਵੀ ਇਰਾਕ, ਸੀਰੀਆਂ, ਨੇਪਾਲ ਵਿੱਚ ਹੋ ਰਹੀਆਂ ਤਰਾਸਦੀਆਂ ਲਈ ਸਹਾਇਤਾ ਵਜੋਂ ਵੱਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ ਪਰ ਆਪਣੇ ਧਰਮ ਨਾਲ ਜੁੜੇ ਕਿਸਾਨਾਂ ਲਈ ਕਿਸੇ ਤਰਾਂ ਨਾਲ ਵੀ ਉਸ ਤੇ ਪੈ ਰਹੀਆਂ ਲਗਾਤਾਰ ਕੁਦਰਤੀ ਆਫਤਾਂ ਸਾਹਮਣੇ ਖਾਮੋਸ਼ ਹਨ। ਸਿੱਖ ਜਗਤ ਅੱਗੇ ਬੜਾ ਵੱਡਾ ਸਵਾਲ ਹੈ ਕਿ ਸਿੱਖੀ ਦੀਆਂ ਸਿਰਮੌਰ ਸੰਸਥਾਵਾਂ ਜਿਨਾਂ ਕੋਲ ਕੁਲ ਮਿਲਾ ਕਿ ਅਰਬਾਂ ਰੁਪਏ ਦਾ ਸਲਾਨਾ ਬਜਟ ਹੈ ਕੀ ਉਹ ਪੰਜਾਬ ਦੀ ਕਿਸਾਨੀ ਜੋ ਕਿ ਬਹੁ ਗਿਣਤੀ ਸਿੱਖ ਹਨ ਅਤੇ ਉਹਨਾਂ ਵਿੱਚੋਂ ੮੦ ਪ੍ਰਤੀਸ਼ਤ ਬੈਕਾਂ ਅਤੇ ਆੜਤੀਆਂ ਦੇ ਵੱਡੀਆਂ ਦਰਾਂ ਤੇ ਚੁੱਕੇ ਕਰਜਿਆਂ ਦੇ ਭਾਰ ਹੇਠ ਦਬੇ ਹੋਏ ਹਨ। ਕੀ ਇਹਨਾਂ ਸੰਸਥਾਵਾਂ ਨੂੰ ਆਪਣੇ ਧਰਮ ਦੇ ਲੋਕਾਂ ਦੀ ਤਰਾਸਦੀ ਅਤੇ ਕਰਜਿਆਂ ਤੋਂ ਮੁਕਤੀ ਸਸਤੀਆਂ ਵਿਆਜ ਦਰਾਂ ਬਾਰੇ ਕੋਈ ਵਿਉਂਤ ਕਿਉਂ ਨਹੀਂ ਬਣਾਈ ਜਾ ਰਹੀ ਹੈ ਤਾਂ ਜੋ ਬਾਬੇ ਨਾਨਕ ਦਾ ਜੋ ਮਨੁੱਖੀ ਸਮਾਜ ਵਿੱਚ ਸਹੀ ਅਰਥਾਂ ਵਿੱਚ ਹੋਕਾ ਸੀ ਉਹ ਆਪਣੇ ਅਰਥਾਂ ਤੋਂ ਪਰੇ ਕਿਉਂ ਜਾ ਰਿਹਾ ਹੈ ਅੱਜ ਲੋੜ ਹੈ ਕਿ ਇਹ ਸਿੱਖ ਸੰਸਥਾਵਾਂ ਅਰਬਾਂ ਰੁਪਏ ਦੇ ਬਜਟ ਵਿੱਚੋਂ ਕਰਜਿਆਂ ਮਾਰੀ ਪੰਜਾਬ ਦੀ ਕਿਸਾਨੀ ਨੂੰ ਕਿਸੇ ਵਿਉਂਤ ਅਧੀਨ ਲਿਆ ਕੇ ਸਹਾਰਾ ਬਣਕੇ ਪੰਜਾਬ ਦੀ ਕਿਸਾਨੀ ਦਾ ਪੱਲਾ ਫੜਨ।