ਵੈਸੇ ਤਾਂ ਸਿਆਸਤ ਕੋਈ ਤਮਾਸ਼ਾ ਨਹੀ ਹੁੰਦੀ ਪਰ ਭਾਰਤ ਵਿੱਚ ਅਤੇ ਅਜਿਹੇ ਹੋਰ ਬਹੁਤ ਸਾਰੇ ਮੁਲਕਾਂ ਵਿੱਚ ਇਹ ਤਮਾਸ਼ਾ ਹੀ ਬਣਾ ਦਿੱਤੀ ਗਈ ਹੈ। ਜਿੱਥੇ ਸਿਆਸਤਦਾਨ ਆਪਣੇ ਦੇਸ਼ ਜਾਂ ਪਿਤਰੀ ਭੂਮੀ ਦੀ ਸੇਵਾ ਲਈ ਸਿਆਸਤ ਨਹੀ ਕਰਦੇ ਬਲਕਿ ਭਰਿਸ਼ਟਾਚਾਰ ਕਰਨ ਲਈ ਅਤੇ ਫਿਰ ਉਸ ਭਰਿਸ਼ਟਚਾਰ ਨੂੰ ਸਹੀ ਠਹਿਰਾਉਣ ਲਈ ਹੀ ਸਿਆਸਤ ਕਰਦੇ ਹਨ।
ਪੰਜਾਬ ਵੀ ਬਹੁਤ ਲੰਬੇ ਸਮੇਂ ਤੋਂ ਹੁਣ ਤਮਾਸ਼ਾ ਹੀ ਬਣਿਆ ਹੋਇਆ ਹੈ। ੧੯੯੫ ਤੋਂ ਬਾਅਦ ਜਦੋਂ ਦਾ ਤਮਾਸ਼ਬੀਨ ਸਿਆਸਤਦਾਨਾਂ ਦੇ ਹੱਥ ਚੜ੍ਹਿਆ ਹੈ ਪੰਜਾਬ ਉਦੋਂ ਦਾ ਤਮਾਸ਼ਾ ਹੀ ਬਣਾ ਦਿੱਤਾ ਗਿਆ ਹੈ। ਹਾਲੇ ਦੋ ਦਹਾਕੇ ਪਹਿਲਾਂ ਇਸ ਧਰਤੀ ਤੇ ਸੂਰਬੀਰਾਂ ਦੀ ਗੱਲ ਹੁੰਦੀ ਸੀ। ਹੁਣ ਤਮਾਸ਼ਬੀਨ ਸਿਆਸਤਦਾਨਾਂ ਨੇ ਪਿੜ ਮੱਲਿਆ ਹੋਇਆ ਹੈ।
ਪਿਛਲੇ ੧੦ ਦਿਨਾਂ ਵਿੱਚ ਪੰਜਾਬ ਦੇ ਸਿਆਸੀ ਤਮਾਸ਼ੇ ਨੇ ਕਈ ਰੰਗ ਬਦਲ ਲਏ ਹਨ। ਵਕਤ ਵਕਤ ਤੇ ਰੰਗ ਬਦਲਣ ਵਾਲੇ ਸੱਚਾ ਸਿੰਘ ਛੋਟੇਪੁਰ ਨੂੰ ਅਗਲਿਆਂ ਉਸਦੀ ਅਸਲੀ ਜਗ੍ਹਾ ਦੱਸ ਦਿੱਤੀ ਹੈ। ਜਿੰਨਾ ਕੁ ਵੱਡਾ ਉਹ ਸਿਆਸਤਦਾਨ ਸੀ। ਸਿਆਸਤਦਾਨ ਹੈ ਵੀ ਸੀ ਜਾਂ ਨਹੀ, ਉਸ ਜਗ੍ਹਾ ਤੇ ਪਹੁੰਚ ਗਿਆ ਹੈ। ਕੁਝ ਲੋਕਾਂ ਨੂੰ ਭਰਮ ਹੁੰਦਾ ਹੈ ਕਿ ਸ਼ਾਇਦ ਉਹ ਸਾਰੀ ਉਮਰ ਹੀ ਬੁੱਕਲ ਵਿੱਚ ਗੁੜ ਭੰਨਕੇ ਆਪਣੀ ਰਾਜਨੀਤਿਕ ਦੁਕਾਨ ਚਲਾ ਸਕਦੇ ਹਨ, ਪਰ ਹੁਣ ਜ਼ਮਾਨਾ ਬਦਲ ਗਿਆ ਹੈ। ਪੁਰਾਣੇ ਜ਼ਮਾਨੇ ਦੀ ਸਿਆਸਤ ਹੁਣ ਨਹੀ ਚੱਲਦੀ, ਇਸੇ ਲਈ ਸੁੱਚਾ ਸਿੰਘ ਛੋਟੇਪੁਰ ਆਪਣੇ ਉਨ੍ਹਾਂ ਸਾਥੀਆਂ ਕੋਲ ਚਲਾ ਗਿਆ ਹੈ ਜਿਨ੍ਹਾਂ ਨੇ ਉਸਨੂੰ Ḕਆਪḙ ਵਿੱਚ ਫਿੱਟ ਕੀਤਾ ਸੀ ਮੌਕਾ ਆਉਣ ਤੇ ‘ਆਪ’ ਵਾਲਿਆਂ ਦੇ ਲੱਤ ਮਾਰਨ ਲਈ। ਸੁੱਚਾ ਸਿੰਘ ਛੋਟੇਪੁਰ ਦੇ ਬਾਹਰ ਹੋ ਜਾਣ ਨਾਲ ਅਕਾਲੀ ਦਲ ਦੀ ਪਹਿਲੀ ਬੀ ਪਲਾਨ ਖਤਮ ਹੋ ਗਈ ਹੈ।
ਪਹਿਲੀ ਬੀ ਪਲਾਨ ਖਤਮ ਹੁੰਦੇ ਸਾਰ ਹੀ ਅਕਾਲੀ ਦਲ ਨੇ ਦੂਜੀ ਬੀ ਪਲਾਨ ਜਾਂ ਕਹਿ ਲu ਕਿ ਸੀ ਪਲਾਨ ਅਰੰਭ ਕਰ ਦਿੱਤੀ ਹੈ। ਬਹੁਜਨ ਸਮਾਜ ਪਾਰਟੀ ਨੇ ਸਾਰੀਆਂ ਸੀਟਾਂ ਤੇ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ ਕਰ ਦਿੱਤਾ ਹੈ।
ਇਸਦੇ ਨਾਲ ਨਾਲ ਹੀ ਅਕਾਲੀ ਆਪਣੇ ਰਵਾਇਤੀ ਹਥਿਆਰਾਂ ਤੇ ਵੀ ਉਤਰ ਆਏ ਹਨ। ਆਪਣੇ ਵਿਰੋਧੀਆਂ ਤੇ ਉਨ੍ਹਾਂ ਨੇ ਹਥਿਆਰਾਂ ਨਾਲ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਅਜਿਹੇ ਹਾਲਾਤ ਬਾਰੇ ਖੈਰ ਸਾਨੂੰ ਕੋਈ ਭੁਲੇਖਾ ਤਾਂ ਨਹੀ ਸੀ ਪਰ ਇਹ ਕੰਮ ਏਨਾ ਪਹਿਲੋਂ ਹੀ ਅਰੰਭ ਕਰ ਦੇਣਗੇ ਇਸਦੀ ਉਮੀਦ ਨਹੀ ਸੀ। ਇਹ ਵੀ ਹੋ ਸਕਦਾ ਹੈ ਅਗਲੇ ਮਹੀਨਿਆਂ ਦੌਰਾਨ ਕੁਝ ਧਿਰਾਂ ਪੰਜਾਬ ਵਿੱਚ ਬਹੁਤ ਗੰਭੀਰ ਕਤਲੇਆਮ ਕਰਵਾ ਦੇਣ ਤਾਂ ਕਿ ਪੰਜਾਬ ਦੇ ਵੋਟਰਾਂ ਨੂੰ ਡਰਾਇਆ ਜਾ ਸਕੇ। ਦਹਿਸ਼ਤ ਦੀ ਰਾਜਨੀਤੀ ਇੱਕ ਵਾਰ ਫਿਰ ਪੰਜਾਬ ਵਿੱਚ ਅਜ਼ਮਾਈ ਜਾ ਸਕਦੀ ਹੈ।
ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਨੇ ਵੀ ਆਪਣੀ ਸਿਆਸੀ ਖੁਦਕੁਸ਼ੀ ਦਾ ਸਮਾਨ ਆਪ ਹੀ ਤਿਆਰ ਕਰ ਲਿਆ ਹੈ। ਜੇ ਕਾਂਗਰਸ ਜਾਂ ਕਿਸੇ ਹੋਰ ਧਿਰ ਨਾਲ ਸ਼ਾਮਲ ਨਹੀ ਸੀ ਹੋਣਾਂ ਫਿਰ ਰਾਜ ਸਭਾ ਦੀ ਮੈਂਬਰੀ ਛੱਡਣ ਦੀ ਕੀ ਲੋੜ ਸੀ। ਿਰਾਮ ਰੌਲੇ ਵਿੱਚ ਬੈਂਸ ਭਰਾ ਤਾਂ ਸ਼ਾਇਦ ਆਪਣੀਆਂ ਸੀਟਾਂ ਕੱਢ ਜਾਣ ਪਰ ਬਾਕੀ ਸਾਥੀਆਂ ਬਾਰੇ ਕੁਝ ਨਹੀ ਆਖਿਆ ਜਾ ਸਕਦਾ।
ਇਸ ਤੀਜੀ ਟੀਮ ਤੋਂ ਬਾਅਦ ਪੰਜਾਬ ਦੇ ਸਿਆਸੀ ਤਮਾਸ਼ੇ ਵਿੱਚ ਚੌਥੀ ਧਿਰ ਸ਼ਾਮਲ ਹੋਣ ਜਾ ਰਹੀ ਹੈ। ਸੰਯੁਕਤ ਅਕਾਲੀ ਦਲ ਜੋ ਰਾਸ਼ਟਰੀ ਜਨਤਾ ਦਲ ਨਾਲ ਮਿਲਕੇ ਪ੍ਰਸ਼ਾਂਤ ਭੂਸ਼ਨ ਅਤੇ ਯੋਗਿੰਦਰ ਯਾਦਵ ਨਾਲ ਤਿੱਕੜੀ ਪਾਉਣ ਜਾ ਰਿਹਾ ਹੈ। ਭਾਈ ਮੋਹਕਮ ਸਿੰਘ ਕੁਝ ਸਮਾਂ ਪਹਿਲਾਂ ਤੱਕ ਤਾਂ ਅਰਵਿੰਦ ਕੇਜਰੀਵਾਲ ਨਾਲ ਮੀਟਿੰਗਾਂ ਕਰਦਾ ਰਿਹਾ ਸੀ ਅਤੇ ਉਸਨੂੰ ਇੱਕ ਸੀਟ ਲਈ ਬੇਨਤੀ ਕਰਦਾ ਰਿਹਾ ਸੀ ਜੋ ਕਿ ਪਰਵਾਨ ਵੀ ਹੋ ਗਈ ਸੀ ਪਰ ਇੱਕਦਮ ਉਹ ਕਿਸਦੇ ਇਸ਼ਾਰੇ ਤੇ ਬਦਲ ਗਿਆ ਹੈ ਹਾਲੇ ਸਪਸ਼ਟ ਨਹੀ ਹੋ ਸਕਿਆ।
ਕਾਂਗਰਸ ਅਤੇ ਅਕਾਲੀ ਦਲ ਨੇ ਹਾਲੇ ਆਪਣੀਆਂ ਰੈਲੀਆਂ ਮੀਟੰਗਾਂ ਅਰੰਭ ਵੀ ਨਹੀ ਕੀਤੀਆਂ ਪਰ Ḕਆਪḙ ਵਾਲੇ ਇਸ ਮਾਮਲੇ ਵਿੱਚ ਦੂਹਰ ਪਾ ਰਹੇ ਹਨ ਅਤੇ ਉਨ੍ਹਾਂ ਦੀਆਂ ਰੈਲੀਆਂ ਵਿੱਚ ਇਕੱਠ ਵੀ ਚੰਗਾ ਹੋ ਰਿਹਾ ਹੈ। ‘ਆਪ’ ਵਾਲੇ ਸਿੱਖਾਂ ਦਾ ਮਨ ਜਿੱਤ ਲੈਣਗੇ ਜਾਂ ਨਹੀ ਹਾਲੇ ਇਹ ਕਹਿਣਾਂ ਸਮੇਂ ਤੋਂ ਪਹਿਲਾਂ ਦੀ ਗੱਲ ਹੋਵੇਗੀ ਪਰ ਮਾਲਵੇ ਤੋਂ ਬਿਨਾ ਹਾਲੇ ਬਾਕੀ ਪੰਜਾਬ ਵਿੱਚ ਉਨ੍ਹਾਂ ਦੀ ਏਨੀ ਗੱਲ ਨਹੀ ਹੈ। ਮਾਲਵੇ ਵਿੱਚੋਂ ਉਹ ਸੀਟਾਂ ਕੱਢ ਲੈਣਗੇ ਪਰ ਦੁਆਬੇ ਅਤੇ ਮਾਝੇ ਵਿੱਚੋਂ ਚੰਗੀ ਵੋਟ ਲੈਣ ਦੇ ਬਾਵਜੂਦ ਵੀ ਸੀਟਾਂ ਦੀ ਬਹੁਤੀ ਉਮੀਦ ਨਹੀ ਹੈ। ਇਹ ਅੱਜ ਦੀ ਗੱਲ ਹੈ। ਅਗਲੇ ਚਾਰ ਮਹੀਨਿਆਂ ਵਿੱਚ ਉਹ ਕੀ ਕਰਦੇ ਹਨ ਇਸ ਬਾਰੇ ਕੁਝ ਨਹੀ ਆਖਿਆ ਜਾ ਸਕਦਾ।
ਕਾਂਗਰਸ ਆਪਣੀ ਸਫ ਆਪ ਹੀ ਵਲ਼੍ਹੇਟਦੀ ਨਜ਼ਰ ਆ ਰਹੀ ਹੈ ਅਤੇ ਅਕਾਲੀ ਦਲ ਦੇਖੋ ਤੇ ਉਡੀਕ ਕਰੋ ਦੀ ਰਣਨੀਤੀ ਤਹਿਤ ਆਪਣੇ ਪੱਤੇ ਖੋਲ਼੍ਹਣ ਤੋਂ ਜਕ ਰਿਹਾ ਹੈ। ਸਿਆਸੀ ਤਮਾਸ਼ਾ ਕਾਫੀ ਰੰਗੀਨ ਹੁੰਦਾ ਜਾ ਰਿਹਾ ਹੈ। ਨਵੇਂ ਨਵੇਂ ਤਮਾਸ਼ਬੀਨ ਇਸ ਮੇਲੇ ਵਿੱਚ ਹਾਜ਼ਰੀ ਲਵਾ ਰਹੇ ਹਨ। ਕੁਝ ਗੰਭੀਰਤਾ ਨਾਲ ਚੋਣ ਲੜਨ ਦਾ ਇਰਾਦਾ ਰੱਖਦੇ ਹਨ ਬਾਕੀ ਤਾਂ ਸੱਤਾਧਾਰੀ ਧਿਰ ਤੋਂ ਕੁਝ ਪੈਸੇ ਲੈ ਕੇ ਆਪਣਾਂ ਬਾਕੀ ਦਾ ਜੀਵਨ ਸੁਖੀ ਕਰਨ ਦੀ ਤਾਕ ਵਿੱਚ ਹਨ। ਇਸੇ ਲਈ ਅਸੀਂ ਇਸ ਨੂੰ ਪੰਜਾਬ ਦਾ ਸਿਆਸੀ ਤਮਾਸ਼ਾ ਆਖ ਰਹੇ ਹਾਂ।