ਅੱਜ ਬਸੰਤ ਦਾ ਦਿਨ ਹੈ। ਜਦੋਂ ਮੁਰਝਾਏ ਹੋਏ ਦਰਖਤ ਵੀ ਪੁੰਗਰਨੇ ਸ਼ੁਰੂ ਤੋਂ ਜਾਂਦੇ ਹਨ ਅਤੇ ਪੱਤਝੜ ਦਾ ਮੌਸਮ ਬਦਲ ਕੇ ਬਹਾਰ ਰੁੱਤ ਦਾ ਅਗਾਜ਼ ਹੁੰਦਾ ਹੈ। ਇਸੇ ਤਰਾਂ ਹੁਣ ਪੰਜਾਬ ਦਾ ਚੋਣਾਂ ਦਾ ਮੌਸਮ ਵੀ ਇੱਕ ਤਰਾਂ ਨਾਲ ਪੱਤਝੜ ਵਿਚੋਂ ਨਿਕਲ ਕੇ ਦੋ ਦਿਨ ਬਾਅਦ ਵੋਟਾਂ ਰਾਹੀਂ ਆਪਣਾ ਪੂਰਾ ਨਿਰਣਾਇਕ ਦੌਰ ਸ਼ੁਰੂ ਕਰਨ ਵਾਲਾ ਹੈ।

ਇਸ ੨੦੧੭ ਦੀਆਂ ਚੋਣਾਂ ਵਿੱਚ ਆਟਾ ਦਾਲ ਤੋਂ ਲੈ ਕੇ ਲੋਕਾਂ ਲਈ ਘਿਉ, ਖੰਡ, ਫੋਨ, ਲੈਪਟਾਪ, ਰੋਜ਼ਗਾਰ ਭੱਤਿਆਂ ਤੋਂ ਲੈ ਕੇ ਪਤਾ ਨਹੀਂ ਕੀ-ਕੀ ਵਾਅਦੇ ਰਾਜਸੀ ਪਾਰਟੀਆਂ ਵੱਲੋਂ ਵੱਡੇ ਪੱਧਰ ਉਤੇ ਤੇ ਆਪਣੇ ਚੋਣ ਮਨੋਰਥ ਪੱਤਰਾਂ ਰਾਹੀਂ ਲੋਕਾਂ ਨਾਲ ਕੀਤੇ ਜਾ ਰਹੇ ਹਨ ਤਾਂ ਜੋ ਕਿਸੇ ਕੀਮਤ ਤੇ ਵੀ ਸੱਤਾ ਇੰਨਾ ਰਾਜਨੀਤਿਕ ਪਾਰਟੀਆਂ ਦੇ ਹੱਥ ਵਿੱਚ ਆ ਜਾਵੇ ਤੇ ਚੋਣ ਮਨੋਰਥ ਪੱਤਰਾਂ ਵਿੱਚ ਕੀਤੇ ਵਾਅਦਿਆ ਬਾਰੇ ਬਾਅਦ ਵਿੱਚ ਸੋਚ ਲਿਆ ਜਾਵੇਗਾ। ਜਿਵੇਂ ਕਿ ਹੁਣ ਪੰਜਾਬ ਵਿੱਚ ਦੋ ਬਲੋਗ ਮਸ਼ਹੂਰ ਹੋਏ ਚੁੱਕੇ ਹਨ ਇੱਕ ਊਠ ਬਾਰੇ ਹੈ ਤੇ ਦੂਸਰਾ ਬਲਦ ਬਾਰੇ ਹੈ।

ਕਹਿੰਦੇ ਹਨ ਕਿ ਇੱਕ ਜੱਟ ਦਾ ਮੇਲੇ ਵਿੱਚ ਊਠ ਗੁਆਚ ਗਿਆ ਉਸ ਨੇ ਊਠ ਨੂੰ ਲੱਭਣ ਲਈ ਕੋਈ ਮਸੀਤ, ਗੁਰਦੁਆਰਾ, ਦਰਗਾਹ, ਮੰਦਰ ਜਾਂ ਕੋਈ ਐਸੀ ਜਗਾ ਨਹੀਂ ਛੱਡੀ ਜਿਥੇ ਦੁਆ ਨਾ ਕੀਤੀ ਹੋਵੇ ਕਿ ਮੇਰਾ ਊਠ ਲੱਭ ਜਾਵੇ ਮੈ ਆਹ-ਆਹ ਪੁੰਨ-ਦਾਨ ਕਰੂੰਗਾ। ਕਿਸੇ ਨੇ ਉਸਨੂੰ ਪੁੱਛਿਆ ਕਿ ਭਾਈ ਜੇ ਤੇਰਾ ਊਠ ਲੱਭ ਗਿਆ ਤਾਂ ਤੂੰ ਕੀ ਇੰਨਾ ਥਾਵਾਂ ਤੇ ਸੱਚੀ ਹੀ ਪੁੰਨ-ਦਾਨ ਹੀ ਕਰੇਂਗਾ? ਜੱਟ ਨੇ ਕਿਹਾ ਇੱਕ ਵਾਰ ਊਠ ਆ ਜਾਣ ਦਿਉ ਪੁੰਨ ਦਾਨ ਦਾ ਬਾਅਦ ਵਿੱਚ ਦੇਖ ਲਵਾਂਗੇ। ਇਸੇ ਤਰਾਂ ਇੱਕ ਬਾਣੀਏ ਦਾ ਬਲਦ ਗੁਆਚ ਗਿਆ, ਉਸ ਨੇ ਵੀ ਹਰ ਜਗਾ ਫਰਿਆਦਾਂ ਕੀਤੀਆਂ ਤੇ ਜਦੋਂ ਲੋਕਾਂ ਨੇ ਉਸਨੂੰ ਪੁੱਛਿਆ ਕਿ ਕੀ ਜਦੋਂ ਤੇਰਾ ਬਲਦ ਲੱਭ ਪਿਆ ਤਾਂ ਤੂੰ ਇਹ ਸੁੱਖਣਾ ਪੂਰੀਆਂ ਕਰੇਗਾਂ? ਬਾਣੀਆ ਕਹਿੰਦਾ ਇੱਕ ਵਾਰ ਬਲਦ ਨੂੰ ਸੰਗਲ ਪੈ ਗਿਆ ਪੁੰਨਾਂ ਨੂੰ ਫੇਰ ਦੇਖ ਲਵਾਂਗੇ।

ਇਹ ਦੋਹਰੀ ਵਿਥਿਆ ਇਸ ਪੰਜਾਬ ਦੀ ਰਾਜਨੀਤਿਕ ਸਬਜੀ ਮੰਡੀ ਨੂੰ ਬਾਖੂਬੀ ਬਿਆਨ ਕਰਦੀ ਹੈ। ਜਿਥੇ ਮੁੱਖ ਮੁੱਦੇ ਕਾਰੋਬਾਰ, ਕਿਸਾਨੀ, ਸਿੱਖਿਆ, ਸਿਹਤ ਇੱਕ ਪ੍ਰਛਾਵੇਂ ਵਾਂਗੂ ਗੁੰਮ ਹੋ ਕੇ ਨਾਅਰਿਆਂ ਦੇ ਹੇਠਾਂ ਦਬ ਗਏ ਹਨ ਤੇ ਉਹ ਸਿਰਫ ਆਪਸ ਦੀ ਦੁਸ਼ਣਬਾਜੀ ਤੱਕ ਹੀ ਸੀਮਤ ਹਨ। ਪੰਜਾਬ ਵਿੱਚ ਅੱਜ ਕਾਰੋਬਾਰ ਦਾ ਇਹ ਹਾਲ ਹੈ ਕਿ ਇਥੋਂ ਦਾ ਬਹੁਤਾ ਕਾਰੋਬਾਰ ਅਦਾਰੀਕਰਨ ਦੀਆਂ ਨੀਤੀਆਂ ਕਾਰਨ ਅਤੇ ਰਾਜਨੀਤਿਕ ਦਖਲ ਅੰਦਾਜੀ ਕਾਰਨ ਸੂਬੇ ਨੂੰ ਛੱਡ ਕੇ ਦੂਸਰੇ ਸੂਬਿਆਂ ਵਿੱਚ ਜਾ ਕੇ ਆਪਣੇ ਪੈਰ ਜਮਾਉਣ ਲੱਗਿਆ ਹੈ। ਜਿਸ ਕਾਰਨ ਪੰਜਾਬੀ ਨੌਜਵਾਨਾਂ ਦੇ ਰੋਜ਼ਗਾਰ ਨੂੰ ਭਾਰੀ ਠੇਸ ਪਹੁੰਚੀ ਹੈ। ਇਸੇ ਤਰਾਂ ਸਿੱਖਿਆ ਦੇ ਕੇਂਦਰਾਂ ਵਿੱਚ ਭਾਵੇਂ ਭਾਰੀ ਬੜੋਤਰੀ ਹੋਈ ਹੈ ਪਰ ਜੇ ਕਾਲਜ ਦੇ ਪ੍ਰੋਫਸਰਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਆਖਣ ਮੁਤਾਬਕ ਬਹੁਤੇ ੧੨ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮੁਢਲੀ ਸਿੱਖਿਆ ਖਾਸ ਕਰਕੇ ਅੰਗਰੇਜ਼ੀ ਤੇ ਗਣਿਤ ਦੀ ਮੁਢਲੀ ਜਾਣਕਾਰੀ ਵੀ ਨਹੀਂ ਹੈ। ਜਿਸਦਾ ਨਤੀਜਾ ਇਹ ਹੈ ਕਿ ਉਹ ਗਰੈਜੂਏਸ਼ਨ ਤੋਂ ਬਾਅਦ ਵੀ ਇਸ ਯੋਗ ਨਹੀਂ ਬਣਦੇ ਕੇ ਚੰਗੀਆਂ ਸੰਸਥਾਵਾਂ ਵਿੱਚ ਨੌਕਰੀਆਂ ਲੈ ਸਕਣ। ਸਰਕਾਰ ਵੀ ਇਸ ਪੱਖ ਤੋਂ ਕਿਸੇ ਤਰਾਂ ਦੀ ਨੀਤੀ ਤੇ ਉਪਰਾਲਾ ਆਪਣੇ ਵੱਲੋਂ ਕਰ ਸਕਣ ਵਿੱਚ ਅਸਮਰਥ ਜਾਪ ਰਹੀ ਹੈ।

ਇਸੇ ਤਰਾਂ ਜੇ ਕਿਸਾਨੀ ਦੀ ਗੱਲ ਕਰੀਏ ਤਾਂ ਪਰਿਵਾਰਾਂ ਦੀ ਵੰਡ ਕਰਕੇ ੬੦ ਫੀਸਦੀ ਤੋਂ ਉਪਰ ਪਰਿਵਾਰਾਂ ਕੋਲ ਦੋ ਤੋਂ ਤਿੰਨ ਏਕੜ ਦੀ ਖੇਤੀ ਰਹਿ ਗਈ ਹੈ ਅਤੇ ਖੇਤੀ ਦੇ ਤਰੀਕੇ ਪੁਰਾਣੇ ਹਿਸਾਬ ਨਾਲ ਹੀ ਚੱਲ ਰਹੇ ਹਨ ਜਿਸ ਵਿੱਚ ਖੇਤੀ ਤੇ ਆਉਣ ਵਾਲੇ ਖਰਚੇ ਲਗਾਤਾਰ ਵੱਧ ਰਹੇ ਹਨ ਤੇ ਖੇਤੀ ਦੀ ਉਪਜਾਊ ਸ਼ਕਤੀ ਲਗਾਤਾਰ ਘਟ ਰਹੀਂ ਹੈ। ਉਪਰੋਂ ਸਰਕਾਰ ਵੱਲੋਂ ਖੇਤੀ ਤੇ ਆਉਣ ਵਾਲੇ ਖਰਚਿਆ ਅਨੁਸਾਰ ਕਿਰਸਾਨੀ ਨੂੰ ਬਣਦਾ ਫਸਲਾਂ ਦਾ ਮੁੱਲ ਨਹੀਂ ਦਿੱਤਾ ਜਾ ਰਿਹਾ। ਜਿਸਦੇ ਬੋਝ ਕਾਰਨ ਇੱਕਲੇ ਪੰਜਾਬ ਵਿੱਚ ਹੀ ਪਿਛਲੇ ਕੁਝ ਸਾਲਾਂ ਦੌਰਾਨ ੧੦ ਹਜ਼ਾਰ ਤੋਂ ਉੱਪਰ ਕਿਸਾਨ ਤੇ ਕਿਸਾਨ ਮਜ਼ਦੂਰ ਖੁਦਕਸ਼ੀ ਕਰ ਚੁੱਕੇ ਹਨ ਅਤੇ ਅੱਜ ਕੱਲ ਚੋਣਾਂ ਦੇ ਦੌਰਾਨ ਹਰ ਰੋਜ਼ ਕਿਸਾਨੀ ਖੁਦਕਸ਼ੀ ਦਾ ਦੌਰ ਜ਼ਾਰੀ ਹੈ ਤੇ ਅਣਗੌਲਿਆ ਹੈ।

ਇਸੇ ਤਰਾਂ ਜੇ ਸਿਹਤ ਸੇਵਾਵਾਂ ਖਾਸ ਕਰਕੇ ਸਰਕਾਰੀ ਸੇਵਾਵਾਂ ਬਾਰੇ ਗੱਲ ਕਰੀਏ ਤਾਂ ਉਸ ਵਿੱਚ ਲੋੜ ਮੁਤਾਬਕ ਨਾਂ ਤਾਂ ਦਵਾਈਆਂ ਹਨ, ਨਾ ਡਾਕਟਰ ਹਨ ਤੇ ਨਾ ਹੀ ਲੋੜੀਂਦੇ ਪ੍ਰਬੰਧ ਹਨ ਜੋ ਕਿ ਆਮ ਨਾਗਰਿਕ ਲਈ ੭੦ ਸਾਲਾਂ ਦੀ ਅਜ਼ਾਦੀ ਤੋਂ ਬਾਅਦ ਚੰਗੀਆਂ ਸੇਵਾਵਾਂ ਪ੍ਰਦਾਨ ਕਰ ਸਕਣ। ਕੁੱਲ ਮਿਲਾ ਕਿ ਇਸ ਰਾਜਨੀਤਿਕ ਸਬਜੀ ਮੰਡੀ ਵਿੱਚ ਇਹ ਚਾਰ ਮੁੱਖ ਮੁੱਦੇ ਅਖਬਾਰਾਂ ਤੇ ਕਾਲਮ ਨਵੀਸਾਂ ਦੇ ਵਿਸ਼ਿਆਂ ਤੇ ਸੰਵਾਦਾ ਦਾ ਹੀ ਇੱਕ ਮੁੱਖ ਹਿੱਸਾ ਹਨ। ਰਾਜਨੀਤਿਕ ਪਾਰਟੀਆਂ ਤਾਂ ਇਸ ਮੰਡੀ ਵਿੱਚ ਮੁਫਤ ਖੰਡ, ਘਿਉ, ਤੇ ਬਿਜਲੀ ਪਾਣੀ ਵੰਡਣ ਵਿੱਚ ਹੀ ਮਸ਼ਰੂਫ ਹਨ। ਹੁਣ ਆਉਣ ਵਾਲਾ ਵਕਤ ਹੀ ਦੱਸੇਗਾ ਕਿ ਕਦੇ ਰਾਜਨੀਤਿਕ ਪਾਰਟੀਆਂ ਆਪਣਾ ਨੈਤਿਕ ਫਰਜ ਸਮਝਦਿਆ ਹੋਇਆਂ ਨੈਤਿਕਤਾਂ ਦੇ ਅਧਾਰ ਤੇ ਲੋਕ ਮੁੱਦਿਆਂ ਤੇ ਅਧਾਰਤ ਚੋਣਾ ਲੜ ਸਕਣਗੀਆਂ? ਜਿਸ ਵਿੱਚ ਖੈਰਾਤ ਦੀ ਥਾਂ ਤੇ ਇੱਕ ਚੰਗੀ ਗੈਰਤਮੰਦ ਇਨਸਾਨ ਵਾਲੀ ਜ਼ਿੰਦਗੀ ਜਿਉਣ ਦਾ ਹੱਕ ਲੋਕਾਂ ਨੂੰ ਨਸੀਬ ਤੋ ਸਕੇਗਾ। ਇਹ ਨਹੀਂ ਕਿ ਜਿਵੇਂ ਅੱਜ ਦਾ ਜੱਟ ਕਰਜ਼ੇ ਵਿੱਚ ਹੀ ਜਨਮ ਲੈਂਦਾ ਹੈ, ਕਰਜ਼ੇ ਵਿੱਚ ਹੀ ਜਿਉਂਦਾ ਤੇ ਕਰਜੇ ਵਿੱਚ ਹੀ ਮਰ ਜਾਂਦਾ ਹੈ।