ਇਸ ਵੇਲੇ ਗੁਰੂ ਕਲਗੀਆਂ ਵਾਲੇ ਦੀ ਅਜਿਹੀ ਕਲਾ ਵਰਤ ਰਹੀ ਹੈ ਜਿਸਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਸੰਭਵ ਨਹੀ ਰਿਹਾ। ਗੁਰੂ ਕਲਗੀਆਂ ਵਾਲੇ ਨੇ ਅਜਿਹੀ ਕਲਾ ਵਰਤਾ ਦਿੱਤੀ ਹੈ ਕਿ ਜਿਸ ਸਥਿਤੀ ਬਾਰੇ ਅਸੀਂ ਸੋਚ ਵੀ ਨਹੀ ਸੀ ਸਕਦੇ ਉਸ ਕਿਸਮ ਦੇ ਵਰਤਾਰੇ ਅਸੀਂ ਪਰਤੱਖ ਵਰਤਦੇ ਦੇਖ ਰਹੇ ਹਾਂ। 25-26 ਅਤੇ 27 ਨਵੰਬਰ ਦੇ ਦਿਨਾਂ ਅਤੇ ਰਾਤਾਂ ਨੂੰ ਜੋ ਵਾਪਰਿਆ ਉਹ ਗੁਰੂ ਸਾਹਿਬ ਦੀ ਕਲਾ ਤੋਂ ਬਿਨਾ ਸੰਭਵ ਨਹੀ ਹੋ ਸਕਦਾ। ਜਿਸ ਵੇਲੇ ਸਮੇਂ ਦਾ ਹਾਕਮ ਆਪਣੀ ਆਕੜ, ਆਪਣੇ ਹੰਕਾਰ ਅਤੇ ਆਪਣੇ ਹਥਿਆਰਾਂ ਦੀ ਧੌਂਸ ਨਾਲ ਆਫਰਿਆ ਫਿਰ ਰਿਹਾ ਸੀ ਉਸ ਵੇਲੇ ਗੁਰੂ ਦੇ ਸੱਚੇ ਸਿੱਖਾਂ ਨੇ ਖਾਲਸਾਈ ਜਬਤ ਵਿੱਚ ਰਹਿੰਦਿਆਂ ਉਸਦੇ ਹੰਕਾਰ ਅਤੇ ਆਕੜ ਦੇ ਸਾਰੇ ਅੜਿੱਕੇ ਚਕਨਾਚੂਰ ਕਰ ਦਿੱਤੇ। ਇਤਿਹਾਸ ਦੱਸਦਾ ਹੈ ਕਿ ਗੁਰੂ ਖਾਲਸੇ ਨੇ ਦਿੱਲੀ ਨੂੰ 18 ਵਾਰ ਘੇਰਾ ਪਾਇਅਅ, ਪਰ ਸਾਡੇ ਸਾਹਮਣੇ ਅੱਜ ਗੁਰੂ ਦਾ ਖਾਲਸਾ ਉਸ ਸਮੇਂ ਵਿੱਚ ਦਿੱਲੀ ਨੂੰ ਘੇਰ ਬੈਠਾ ਹੈ ਜਿਸ ਵੇਲੇ ਆਖਿਆ ਜਾਂਦਾ ਹੈ ਕਿ ਪਦਾਰਥਵਾਦ ਦਾ ਯੁੱਗ ਹੈ, ਹਰ ਕੋਈ ਆਪਣੀ ਨਿੱਜੀ ਜਿੰਦਗੀ ਬਾਰੇ ਹੀ ਸੋਚਦਾ ਹੈ ਅਤੇ ਕਿਸੇ ਨੂੰ ਆਪਣੇ ਧਰਮ ਅਤੇ ਕੌਮ ਬਾਰੇ ਸੋਚਣ ਦਾ ਸਮਾਂ ਨਹੀ ਹੈੈ। ਅਜਿਹੇ ਸਮੇਂ ਜੇ ਖਾਲਸਾ ਪੰਥ ਨੇੇ ਆਪਣੇ ਇਤਿਹਾਸ ਨੂੰ ਦੁਹਰਾ ਕੇ ਦੱਸ ਦਿੱਤਾ ਹੈ ਤਾਂ ਸਮਝਣਾਂ ਚਾਹੀਦਾ ਹੈ ਕਿ ਇਹ ਗੁਰੂ ਸਾਹਿਬ ਆਪ ਹੀ ਕਰਵਾ ਰਹੇ ਹਨ। ਗੁਰੂ ਕਲਗੀਆਂ ਵਾਲੇ ਆਪ ਖਾਲਸਾ ਜੀ ਦੀ ਸੰਗਤ ਵਿੱਚ ਬਿਰਾਜਮਾਨ ਹਨ।
ਖਾਲਸੇ ਦਾ ਪਰਤਾਪ ਅੱਜ ਇਸ ਤਰ੍ਹਾਂ ਚਹੁੰ-ਕੁੱਟਾਂ ਵਿੱਚ ਆਪਣੇ ਨਿੱਗਰ ਕਿਰਦਾਰ ਦੇ ਨਜਾਰੇ ਪੇਸ਼ ਕਰ ਰਿਹਾ ਹੈ ਕਿ ਹਾਕਮਾਂ ਦੀਆਂ ਸਾਰੀਆਂ ਦੁਨਿਆਵੀ ਚਾਲਾਂ ਅਸਫਲ ਹੋ ਰਹੀਆਂ ਹਨ। ਦਿੱਲੀ ਦੀ ਹੱਦ ਤੇ ਬੈਠਾ ਖਾਲਸਾ ਸਪਸ਼ਟ ਐਲਾਨ ਕਰ ਰਿਹਾ ਹੈ ਕਿ ਅਸੀਂ ਖਾਲਸਾਈ ਸਪਿਰਟ ਨਾਲ ਇੱਥੇ ਬੈਠੇ ਹਾਂ ਅਤੇ ਖਾਲਸਾ ਰਾਜ ਦੀਆਂ ਨੀਹਾਂ ਪੱਕੀਆਂ ਕਰ ਰਹੇ ਹਾਂ। ਖਾਲਸੇ ਦੇ ਇਨ੍ਹਾਂ ਬੋਲਾਂ ਤੋਂ ਭੈਅਭੀਤ ਹੋਕੇ ਹਾਕਮਾਂ ਦੇ ਝੋਲੀਚੁੱਕਾਂ ਨੇ ਉਨ੍ਹਾਂ ਨੂੰ ਅੱਤਵਾਦੀ ਆਖਣ ਦੀ ਹਿਮਾਕਤ ਕੀਤੀ। ਪਰ ਗੁਰੂ ਸਾਹਿਬ ਦੀ ਕਲਾ ਇਹ ਵਰਤੀ ਕਿ ਵਾਰ ਵਾਰ ਸਿੱਖਾਂ ਨੂੰ ਆਪਣੇ ਹਮਲੇ ਦਾ ਸ਼ਿਕਾਰ ਬਣਾਉਣ ਵਾਲੇ ਹਾਕਮਾਂ ਦੇ ਅਹਿਲਕਾਰਾਂ ਦੇ ਸਾਰੇ ਹਥਿਆਰ ਅਤੇ ਹਮਲੇ ਖੁੰਢੇ ਹੋ ਗਏ। ਗੱਲ ਇੱਥੇ ਤੱਕ ਹੀ ਸੀਮਤ ਨਹੀ ਰਹੀ ਬਲਕਿ, ਪੰਜਾਬ ਨਾਲ ਹਮੇਸ਼ਾ ਹੀ ਦੁਸ਼ਮਣੀ ਰੱਖਣ ਵਾਲੇ ਹਰਿਆਣੇ ਅਤੇ ਰਾਜਸਥਾਨ ਦੇ ਲੋਕ ਇਹ ਕਹਿਣ ਲੱਗ ਪਏ ਹਨ ਕਿ ਜੇ ਸਿੱਖ ਅੱਤਵਾਦੀ ਹਨ ਤਾਂ ਅਸੀਂ ਵੀ ਅੱਤਵਾਦੀ ਹਾਂ। ਹਰਿਆਣੇ ਵਾਲੇ ਸੂਝਵਾਨ ਵੀਰ ਅੱਜ ਧਾਹਾਂ ਮਾਰਕੇ ਰੋ ਰਹੇ ਹਨ ਕਿ ਸਾਡੇ ਵੱਡੇ ਭਰਾ ਪੰਜਾਬ ਨੇ ਸਾਡੀ ਮਰੀ ਹੋਈ ਆਤਮਾਂ ਜਗਾ ਦਿੱਤੀ ਹੈੈੈ। ਇੱਕ ਨੌਜਵਾਨ ਰੋਣਹਾਕਾ ਹੋਕੇ ਕਹਿ ਰਿਹਾ ਹੈ, ਕਿ ਪੰਜਾਬ ਦੇ ਸ਼ੇਰਾਂ ਨੇ ਸਾਡੀ ਅਣਖ ਜਗਾ ਦਿੱਤੀ ਹੈੈ। ਇਹ ਗੁਰੂ ਸਾਹਿਬ ਦੀ ਕਲਾ ਹੀ ਵਰਤ ਰਹੀ ਹੈ ਕਿ ਹਰਿਆਣੇ ਵਾਲੇ ਵੀਰ ਟਰੱਕਾਂ ਦੇ ਟਰੱਕ ਭਰਕੇ ਰਾਸ਼ਨ, ਲੰਗਰ ਅਤੇ ਦੁੱਧ, ਫਲ ਆਦਿ ਲੈ ਕੇ ਸੰਗਤ ਦੀ ਸੇਵਾ ਲਈ ਪਹੁੰਚ ਰਹੇ ਹਨ। ਉਹੀ ਹਰਿਆਣਾਂ ਜਿਸਨੇ 1982 ਦੀਆਂ ਏਸ਼ੀਅਨ ਖੇਡਾਂ ਅਤੇ 1984 ਦੇ ਕਤਲੇਆਮ ਵਿੱਚ ਸਿੱਖਾਂ ਦੀਆਂ ਗਰਦਨਾਂ ਕੱਟੀਆਂ ਸਨ।
ਇਹੋ ਹੀ ਗੱਲ ਰਾਜਸਥਾਨ ਦੇ ਲੋਕ ਆਖ ਰਹੇ ਹਨ ਕਿ ਪੰਜਾਬ ਨੇ ਦੇਸ਼ ਦੇ ਦੱਬੇ ਕੁਚਲੇ ਲੋਕਾਂ ਦੀ ਅਜ਼ਾਦੀ ਦਾ ਬਿਗਲ ਵਜਾ ਦਿੱਤਾ ਹੈੈੈ। ਇੱਕ ਹਿੰਦੂ ਬੱਚੀ ਦੀ ਵੀਡੀਓ ਇਸ ਵੇਲੇ ਬਹੁਤ ਵੱਡੀ ਪੱਧਰ ਤੇ ਦੇਖੀ ਜਾ ਰਹੀ ਹੈ ਜਿਸ ਵਿੱਚ ਉਹ ਵਾਰ ਵਾਰ ਬੇਨਤੀ ਕਰ ਰਹੀ ਹੈ ਕਿ ਸਿੱਖੋ, ਆਪਣੇ ਖਾਲਸਾ ਰਾਜ ਨੂੰ ਕਿਤੇ ਪੰਜਾਬ ਤੱਕ ਹੀ ਸੀਮਤ ਨਾ ਕਰ ਦਿਉ, ਸਾਨੂੰ ਵੀ ਇਸ ਰਾਜ ਵਿੱਚ ਸ਼ਾਮਲ ਕਰਿਓ। ਅਸੀਂ ਦੁਖ ਸਹਿੰਦੇ ਸਹਿੰਦੇ ਟੁੱਟ ਚੁੱਕੇ ਹਾਂ।
ਗੁਰੂ ਸਾਹਿਬ ਨੇ ਸਮੁੱਚੀ ਕਾਇਨਾਤ ਦੀ ਮੁਕਤੀ ਦੀ ਜੋ ਜਿੰਮੇਵਾਰੀ ਗੁਰੂ ਖਾਲਸਾ ਪੰਥ ਨੂੰ ਬਖਸ਼ੀ ਸੀ ਉਸਦੇ ਪਰਤੱਖ ਦਰਸ਼ਨ ਅਸੀਂ ਇਸ ਵੇਲੇ ਭਾਰਤ ਵਿੱਚ ਕਰ ਰਹੇ ਹਾਂ। ਗੁਰੂ ਖਾਲਸੇ ਦਾ ਕਿਰਦਾਰ ਇਸ ਵੇਲੇ ਵੱਡੇ ਮਾਰੂ ਹਮਲਿਆਂ ਦੇ ਬਾਵਜੂਦ ਕੇਸਰੀ ਨਿਸ਼ਾਨ ਸਾਹਿਬ ਵਾਂਗ ਝੂਲ ਰਿਹਾ ਹੈੈ।
ਇਹ ਕਦੇ ਸੋਚਿਆ ਵੀ ਨਹੀ ਸੀ ਕਿ ਹਿੰਦੁਸਤਾਨ ਦੇ ਲੋਕ ਆਪਣੀ ਮੁਕਤੀ ਲਈ ਫਿਰ ਤੋਂ ਖਾਲਸਾ ਜੀ ਨੂੰ ਅਵਾਜ਼ਾਂ ਮਾਰਨ ਲੱਗਣਗੇ। ਜਿਹੜੇ ਹਾਕਮ ਪਿਛਲੇ 7 ਸਾਲਾਂ ਤੋਂ ਸਮੁੱਚੇ ਦੇਸ਼ ਨੂੰ ਆਪਣੇ ਹੰਕਾਰ ਨਾਲ ਕੁਚਲਦੇ ਆ ਰਹੇ ਸਨ ਅਤੇ ਜਿਨ੍ਹਾਂ ਨੇ ਲੱਖਾਂ ਦੀ ਗਿਣਤੀ ਵਿੱਚ ਆਪਣੇ ਅਜਿਹੇ ਸ਼ਰਧਾਲੂ ਪੈਦਾ ਕਰ ਲਏ ਸਨ ਜੋ ਨੀਚ-ਨੀਵੇਂ ਅਤੇ ਕਮੀਣੇ ਵੀ ਹਨ ਉਨ੍ਹਾਂ ਦੀਆਂ ਸਾਰੀਆਂ ਤਕਨੀਕੀ ਜੁਗਤਾਂ ਧਰੀਆਂ ਧਰਾਈਆਂ ਰਹਿ ਗਈਆਂ ਹਨ, ਗੁਰੂ ਸਾਹਿਬ ਦੀ ਮਿਹਰਾਮਤ ਦੇ ਸਾਹਮਣੇ।
ਗੁਰੂ ਸਾਹਿਬ ਨੇ ਇਸ ਕਲਾ ਰਾਹੀਂ ਭਾਰਤ ਦੇ ਲੋਕਾਂ ਵਿੱਚ ਇਹ ਵਿਸ਼ਵਾਸ਼ ਪੈਦਾ ਕਰ ਦਿੱਤਾ ਹੈ ਕਿ ਜੇ ਸਮੁੱਚੀ ਕਾਇਨਾਤ ਨੂੰ ਕੋਈ ਇਮਾਨਦਾਰ ਅਤੇ ਉੱਚੇ ਕਿਰਦਾਰ ਵਾਲਾ ਰਾਜ ਦੇ ਸਕਦਾ ਹੈ ਤਾਂ ਉਹ ਖਾਲਸਾ ਜੀ ਹੀ ਹਨ।
ਖਾਲਸਾ ਪੰਥ ਦੀਆਂ ਗੂੰਜਾਂ ਅੱਜ ਚੁਫੇਰੇ ਪੈ ਰਹੀਆਂ ਹਨ। ਉਸਦ ਉੱਚੇ ਕਿਰਦਾਰ, ਉਸਦੀ ਦਿ੍ਰੜਤਾ, ਉਸਦੀ ਜਾਲਮਾਂ ਦੇ ਮੂੰਹ ਮੋੜਨ ਦੀ ਸਮਰੱਥਾ, ਉਸਦੀ ਸੇਵਾ ਅਤੇ ਨਿਮਰਤਾ ਦੇ ਪਰਚਮ ਚੁਫੇਰੇ ਝੂਲ ਰਹੇ ਹਨ।
ਗੁਰੂ ਭਲੀ ਕਰਨਗੇ- ਪੰਥ ਆਪਣੇ ਵਿਰਸੇ ਅਤੇ ਇਤਿਹਾਸ ਵੱਲ ਮੁੜ ਰਿਹਾ ਹੈ। ਸੱਚੇ ਸੁੱਚੇ ਅਤੇ ਅਣਖੀ ਇਤਿਹਾਸ ਵੱਲ।