ਭਾਰਤ ਦੇਸ਼ ਇੱਕ ਅਜਿਹਾ ਦੇਸ਼ ਹੈ ਜਿਥੇ ਵੱਖ-ਵੱਖ ਧਰਮਾਂ ਅਤੇ ਧਰਮ ਨਾਲ ਅਧਾਰਤ ਵਿਸਵਾਸ਼ ਪ੍ਰਮਾਣਤਾ ਅਤੇ ਇਸ ਨਾਲ ਸਬੰਧਤ ਬੇਸ਼ਮਾਰ ਕਰਮ ਕਾਂਡਾ ਅਤੇ ਭਰਮ-ਭੁਲੇਖਿਆਂ ਵਿੱਚ ਦੇਸ ਵਾਸੀਆਂ ਨੂੰ ਉਲਝਾਂਈ ਰੱਖਦਾ ਹੈ। ਇਸ ਚੀਜ਼ ਨੂੰ ਇੱਕ ਨਵੀਂ ਆਈ ਹਿੰਦੀ ਫਿਲਮ ਪੀ.ਕੇ. ਜੋ ਦਸੰਬਰ ਅੱਧ ਵਿੱਚ ਸਿਨਮੇ ਘਰਾਂ ਵਿੱਚ ਆਈ ਹੈ ਨੇ ਬਾਖੂਬੀ ਬੜੇ ਸਹਿਜ ਅਤੇ ਵਿਅੰਗਮਈ ਤਰੀਕੇ ਨਾਲ ਦਰਸ਼ਕਾਂ ਦੇ ਅੱਗੇ ਪੇਸ਼ ਕੀਤਾ ਹੈ। ਇਸ ਪੀ.ਕੇ ਫਿਲਮ ਨੂੰ ਦਰਸ਼ਕਾਂ ਵੱਲੋਂ ਐਨਾ ਕੁ ਹੁੰਗਾਰਾ ਮਿਲਿਆ ਹੈ ਕਿ ਇਹ ਫਿਲਮ ਹੁਣ ਤੱਕ ਦੀਆਂ ਬਣੀਆਂ ਸਮੂਹ ਹਿੰਦੀ ਫਿਲਮਾਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਸਾਬਤ ਹੋਈ ਹੈ। ਹੁਣ ਵੀ ਚੌਥੇ ਹਫਤੇ ਵਿੱਚ ਇਹ ਪੀ.ਕੇ ਫਿਲਮ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ।
ਇਸ ਫਿਲਮ ਰਾਹੀਂ ਮੁੱਖ ਅਦਾਕਾਰ ਦੇ ਰੂਪ ਵਿੱਚ ਦਿਖਾਇਆ ਗਿਆ ਹੈ ਜੋ ਭਾਰਤ ਦੇ ਰੇਗਿਸਾਨ ਵਿੱਚ ਉਤਰਦਾ ਹੈ ਅਤੇ ਉਤਰਦੇ ਸਾਰ ਹੀ ਉਸਨੂੰ ਭਾਰਤ ਦੀ ਇੱਕ ਵਿੱਲਖਣ ਪਛਾਣ ਤੁਰੇ ਜਾਂਦੇ ਦੀ ਖਿੱਚ ਧੂਹ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਆਪਣੀ ਅਦਾਕਾਰੀ ਰਾਹੀ ਤੇ ਇੱਕ ਰਿਪੋਟਰ ਦੇ ਮਿਲਾਪ ਰਾਹੀਂ ਭਾਰਤ ਦੇ ਮੁੱਖ ਹਿੰਦੂ ਧਰਮ ਵਿੱਚ ਜੋ ਸਦੀਆਂ ਤੋਂ ਭਰਮ-ਭੁਲੇਖਿਆ ਦਾ ਜਾਲ ਬੁਣਿਆ ਹੋਇਆ ਹੈ ਉਸਨੂੰ ਵਿਅੰਗਮਈ ਤਰੀਕੇ ਨਾਲ ਪਲ ਪਲ ਦਿਖਾਇਆ ਗਿਆ ਹੈ। ਇਸ ਫਿਲਮ ਰਾਹੀਂ ਹਿੰਦੂ ਧਰਮ ਵਿੱਚ ਲੱਖਾਂ ਦੇਵੀ ਦੇਵਤਿਆਂ ਪ੍ਰਤੀ ਵਿਸਵਾਸ਼ ਨੂੰ ਕਿਸ ਤਰਾਂ ਉਸਦੇ ਆਪੇ ਬਣੇ ਪੈਰੋਕਾਰਾਂ ਨੇ ਜੀਵਨ ਦੇ ਹਰ ਪਹਿਲੂ ਨੂੰ ਅਜਿਹਾ ਭਰਮ ਵਿੱਚ ਕਾਬੂ ਕੀਤਾ ਹੋਇਆ ਹੈ ਜਿਸ ਰਾਹੀਂ ਸਮਾਜ ਤਾਂ ਵੰਡਿਆ ਹੀ ਹੈ ਇਸਤੋਂ ਵੀ ਵੱਧ ਇਨਸਾਨੀਅਤ ਬੁਰੀ ਤਰਾਂ ਦਬੀ ਹੋਈ ਦਿਖਾਈ ਹੈ। ਇਸ ਦਬੀ ਹੋਈ ਇਨਸਾਨੀਅਤ ਨੂੰ ਕਾਬੂ ਕਰ ਕੇ ਕਿਸ ਤ੍ਰਾਂ ਧਰਮ ਦੇ ਨਾਂ ਹੇਠਾਂ ਤੇ ਉਸ ਨਾਲ ਜੁੜੇ ਭਰਮ ਭੁਲੇਖਿਆਂ ਦੀ ਸਹਾਇਤਾ ਰਾਹੀਂ ਇਹ ਪੈਰੋਕਾਰ ਲੱਖਾਂ ਹੀ ਲੋਕਾਂ ਵੱਲੋਂ ਆਪਣੇ-ਆਪ ਨੂੰ ਰੱਬ ਬਣਾਈ ਬੈਠੇ ਹਨ। ਫਿਲਮ ਵਿੱਚ ਇੱਕ ਸਾਰਥਿਕ ਅਤੇ ਨਰੋਈ ਵਾਰਤਾਲਾਪ ਦੇ ਜ਼ਰੀਏ ਇਸ ਬੁਣੇ ਹੋਏ ਭਰਮ-ਭੁਲੇਖਿਆਂ ਦੇ ਤਾਣੇ ਨੂੰ ਖਿਲਾਰ ਕੇ ਰੱਖ ਦਿੱਤਾ ਹੈ ਅਤੇ ਭਾਰਤ ਵਾਸੀਆਂ ਵੱਲੋਂ ਮਿਲੇ ਇਸ ਫਿਲਮ ਨੂੰ ਭਰਵੇਂ ਹੁੰਗਾਰੇ ਨੇ ਕੁਛ ਹਿੰਦੂ ਕੱਟੜਪੰਥੀ ਗਰੁੱਪਾਂ ਨੂੰ ਇਸ ਹੱਦ ਤੱਕ ਪਰੇਸ਼ਾਨ ਕਰ ਦਿੱਤਾ ਹੈ, ਕਿ ਉਹਨਾਂ ਨੇ ਆਪਣੇ ਆਪ ਨੂੰ ਧਰਮ ਦੇ ਰਾਖੇ ਦੱਸਦੇ ਹੋਏ ਇਸ ਫਿਲਮ ਦੇ ਨਿਰਮਾਤਾਵਾਂ ਤੇ ਕਲਾਕਾਰਾਂ ਦੇ ਖਿਲਾਫ ਦਰਜਨਾ ਹੀ ਮੁੱਕਦਮੇ ਭਾਰਤੀ ਨਿਆਪਾਲਕਾ ਵਿੱਚ ਲਿਆ ਖੜੇ ਕੀਤੇ ਹਨ ਤਾਂ ਜੋ ਇਸ ਫਿਲਮ ਵੱਲੋਂ ਭੰਨਿਆ ਜਾ ਰਿਹਾ ਭਰਮ-ਭੁਲੇਖਿਆ ਦਾ ਜਾਲ ਨਾ ਤੋੜਿਆ ਜਾ ਸਕੇ।
ਅੱਜ ਭਾਰਤ ਵਿੱਚ ਇਸ ਫਿਲਮ ਨੇ ਇਹ ਦਰਸਾਉਣ ਦੀ ਕੋਸ਼ਿਸ ਕੀਤੀ ਹੈ ਕਿ ਰੱਬ ਦੇ ਬੰਦਿਆਂ ਨੂੰ ਇਨਸਾਨੀਅਤ ਤੋਂ ਨਾ-ਸਮਝ ਦਰਸਾਉਂਦੇ ਹੋਏ ਛੋਟੇ-ਛੋਟੇ ਧਰਮ ਦੇ ਉਲਝਾਵਾਂ ਵਿੱਚ ਚਿਣਿਆ ਹੋਇਆ ਹੈ। ਜੋ ਕਿਸੇ ਵੀ ਦੇਸ਼ ਦੀ ਪ੍ਰਫੁਲਤਾ ਲਈ ਇੱਕ ਨਾ-ਪੱਖੀ ਕਦਮ ਹੈ। ਇਸੇ ਨੂੰ ਹੀ ਅੱਗੇ ਵਧਾਉਦਿਆਂ ਹੋਇਆਂ ਹਿੰਦੂ ਧਰਮ ਦੇ ਪੈਰੋਕਾਰਾਂ, ਖਾਸ ਕਰਕੇ ਆਰ.ਐਸ.ਐਸ. ਜੋ ਕਿ ਇੱਕ ਮੁੱਖ ਹਿੰਦੂ ਸਮਾਜ ਸੇਵੀ ਸੰਘ ਹੈ, ਨਾਲ ਸਬੰਧਤ ਵਿਦਵਾਨਾਂ ਰਾਹੀਂ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਹਿੰਦੂ ਧਰਮ ਵਿਗਿਆਨ ਦੇ ਪੱਖ ਤੋਂ ਇੰਨਾਂ ਵਿਕਸਤ ਸੀ ਅਤੇ ਹੈ ਕਿ ਇਸ ਦੇ ਪੈਰੋਕਾਰਾਂ ਵੱਲੋਂ ੭੫੦੦ ਸਾਲ ਪਹਿਲਾਂ ਇੱਕ ਅਜਿਹਾ ਜਹਾਜ਼ ਬਣਾਇਆ ਗਿਆ ਸੀ ਜੋ ਕਿ ਇੱਕ ਗ੍ਰਹਿ ਤੋਂ ਦੂਜੇ ਗ੍ਰਹਿ ਤੱਕ ਅਸਾਨੀ ਨਾਲ ਜਾ ਸਕਦਾ ਸੀ। ਇਸ ਤੋਂ ਵੀ ਵੱਡਾ ਇਸ ਸੰਘ ਦੇ ਮੁੱਖ ਪੈਰੋਕਾਰਾਂ ਵੱਲੋਂ ਇਥੋਂ ਤੱਕ ਕਿ ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ ਵੱਲੋਂ ਵੀ ਭਾਰਤੀ ਸਮਾਜ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਹਿੰਦੂ ਧਰਮ ਦਾ ਭਗਵਾਨ ਗਣੇਸ਼ ਜੀ, ਇੱਕ ਅਜਿਹੀ ਉਦਾਹਰਨ ਹੈ ਜੋ ਸਿੱਧ ਕਰਦੀ ਹੈ ਕਿ ਪਲਾਸਟਕ ਸਰਕਾਰੀ ਵਰਗੇਂ ਆਧੁਨਿਕ ਵਿਗਿਆਨ ਦੀ ਵੀ ਸਥਾਪਨਾ ਜਾਂ ਸ਼ੁਰੂਆਤ ਹਿੰਦੂ ਧਰਮ ਨਾਲ ਜੁੜੇ ਦੇਵੀ ਦੇਵਤਿਆਂ ਵੱਲੋਂ ਅਰੰਭੀ ਗਈ ਸੀ।
ਇਸੇ ਤਰਾਂ ਦੁਨੀਆਂ ਵਿੱਚ ਜੋ ਪਿਛਲੇ ਦੋ ਸਦੀਆਂ ਵਿੱਚ ਅੱਡ-ਅੱਡ ਵਿਗਿਆਨ ਦੀਆਂ ਨਵੀਆਂ ਖੋਜਾਂ ਜਿੰਨਾਂ ਨੇ ਮਨੁੱਖੀ ਜੀਵਨ ਨੂੰ ਭਰਮ-ਭੁਲੇਖਿਆਂ ਦੇ ਹਨੇਰਿਆਂ ਵਿਚੋਂ ਕੱਢਣ ਲਈ ਤੱਥਾਂ ਸਮੇਤ ਪੂਰੇ ਵਿਸਥਾਰ ਨਾਲ ਜੋ ਦਰਸਾਇਆ ਹੈ ਉਸ ਤੇ ਵੀ ਅੱਜ ਹਿੰਦੂ ਸੋਚ ਆਪਣੇ ਤੌਰ ਤਰੀਕਿਆਂ ਰਾਹੀਂ ਪ੍ਰਸ਼ਨ ਚਿੰਨ ਉਠਾ ਰਹੀ ਹੈ। ਜਿਵੇਂ ਕਿ ਕੁਝ ਸਦੀਆਂ ਪਹਿਲਾਂ (Socrates) ਸੁਕਰਾਤ ਅਤੇ ਗਲੀਲੀਓ ਵਰਗੇ ਸੂਝਵਾਨ ਇਨਸਾਨਾਂ ਵੱਲੋਂ ਆਪਣੇ ਸਮੇਂ ਕਾਲ ਦੌਰਾਨ ਜੋ ਦੁਨੀਆਂ ਨੂੰ ਵਿਗਿਆਨ ਰਾਹੀਂ ਸੱਚ ਦੱਸਣਾ ਚਾਹਿਆ ਸੀ ਤਾਂ ਉਨਾਂ ਨੂੰ ਜ਼ਹਿਰ ਦੇ ਪਿਆਲੇ ਪੀਣ ਲਈ ਤੇ ਸੂਲੀਆਂ ਤੇ ਚੜਨਾ ਪਿਆ ਸੀ। ਕਿਉਂਕਿ ਉਸ ਸਮੇਂ ਈਸਾਈ ਧਰਮ ਦਾ ਪ੍ਰਭਾਵ ਇੰਨਾ ਕੁ ਜ਼ਿਆਦਾ ਮਜਬੂਤ ਸੀ ਕਿ ਉਨਾਂ ਨੇ ਵਿਗਿਆਨ ਦੀ ਸਚਾਈ ਨੂੰ ਮਨੁੱਖਤਾ ਦੀ ਭਲਾਈ ਲਈ ਧਰਮ ਦੇ ਖੇਤਰ ਤੋਂ ਬਾਹਰ ਆਉਣ ਹੀ ਨਹੀਂ ਦਿੱਤਾ ਪਰ ਹੁਣ ਮੌਜੂਦਾ ਸਮੇਂ ਵਿੱਚ ਵਿਗਿਆਨ ਦੀ ਤਰੱਕੀ ਤੇ ਇਨਸਾਨੀਅਤ ਦੀ ਸੂਝਬੂਝਕ ਤਬਦੀਲੀ ਨੇ ਈਸਾਈ ਧਰਮ ਦੇ ਮੁੱਖ ਪੈਰੋਕਾਰਾਂ ਵੱਲੋਂ ਆਪਣੇ ਧਰਮ ਵੱਲੋਂ ਆਪਣੇ ਵੱਲੋਂ ਕੀਤੀਆਂ ਸਦੀਆਂ ਪਹਿਲੇ ਦੀਆਂ ਗਲਤੀਆਂ ਦੀ ਜਨਤਕ ਤੌਰ ਤੇ ਗਲਤੀ ਮੰਨੀ ਹੈ। ਇਸ ਦੇ ਵਿਪਰੀਤ ਪੀ.ਕੇ ਫਿਲਮ ਨੇ ਜੋ ਸਵਾਲ ਅੱਜ ਧਰਮ ਦੇ ਰਖਵਾਲਿਆਂ ਅੱਗੇ ਖੜਾ ਕੀਤਾ ਹ ਕਿ ਇਨਸਾਨ ਨੂੰ ਉਸਦੀ ਪਛਾਣ ਧਰਮ ਦੇ ਘੇਰੇ ਤੋਂ ਬਾਹਰ ਰੱਖ ਕੇ ਇਨਸਾਨ ਵੱਜੋਂ ਹੋਣੀ ਚਾਹੀਦੀ ਹੈ। ਅੱਜ ਹਿੰਦੂ ਧਰਮ ਦਾ ਪ੍ਰਭਾਵ ਅਤੇ ਇਸ ਨਾਲ ਜੁੜੇ ਅਨੇਕਾਂ ਭਰਮਾਂ ਦਾ ਪ੍ਰਭਾਵ ਸਿੱਖ ਧਰਮ ਜੋ ਇਨਸਾਨੀਅਤ ਦੀਆਂ ਕਦਰਾਂ-ਕੀਮਤਾਂ ਤੋਂ ਪਿਛਾਂਹ ਹੱਟ ਕੇ ਆਪੇ ਬਣੇ ਸਿੱਖ ਧਰਮ ਨੂੰ ਵਰਤ ਕੇ ਸਾਧਾਂ ਅਤੇ ਸੰਤਾਂ ਦੇ ਜਾਲ ਵਿੱਚ ਬੁਰੀ ਤਰਾਂ ਧਸ ਚੁੱਕੀ ਹੈ। ਇਸ ਫਿਲਮ ਰਾਹੀਂ ਇਸਦੇ ਨਿਰਮਾਤਾ ਅਤੇ ਕਲਾਕਾਰਾਂ ਵੱਲੋਂ ਜੋ ਆਹਲਾ ਅਦਾਕਾਰੀ ਦਿਖਾਈ ਗਈ ਹੈ ਤੇ ਉਸਨੂੰ ਮਿਲੇ ਭਰਪੂਰ ਹੁੰਗਾਰੇ ਨੇ ਇਹ ਇੱਕ ਆਸ ਦੀ ਕਿਰਨ ਜਰੂਰ ਜਗਾਈ ਹੈ ਕਿ ਸਮਾਜ ਅੱਜ ਵੀ ਕੁਝ ਹੱਦ ਤੱਕ ਇਨਸਾਨੀਅਤ ਦੇ ਪ੍ਰਤੀ ਸੁਚੇਤ ਹੈ ਅਤੇ ਇਸ ਬਾਰੇ ਸੋਚ ਰੱਖਦਾ ਹੈ।