ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਚੱਲ ਰਹੀ ਭਾਰਤ ਫੇਰੀ ਸਾਰੇ ਭਾਰਤ ਵਾਸੀਆਂ ਨੂੰ ਛੱਡ ਕੇ ਪੰਜਾਬ ਤੇ ਖਾਸ ਕਰਕੇ ਸਿੱਖਾਂ ਲਈ ਖਾਸ ਮੰਨੀ ਜਾ ਰਹੀ ਹੈ। ਭਾਰਤ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਆਮਦ ਤੋਂ ਲੈ ਕੇ ਹੁਣ ਤੱਕ ਕੀਤੇ ਗਏ ਸਵਾਗਤ ਤੇ ਸਮਾਗਮਾਂ ਤੋਂ ਇਹ ਪ੍ਰਭਾਵ ਆਉਂਦਾ ਹੈ ਕਿ ਭਾਰਤ ਸਰਕਾਰ ਵੱਲੋਂ ਉਨਾਂ ਨੂੰ ਕਿਸੇ ਤਰਾਂ ਦੇ ਵੀ ਮਾਣਯੋਗ ਸਵਾਗਤ ਨਾਲ ਨਹੀਂ ਨਿਵਾਜ਼ਿਆ ਗਿਆ। ਇਸ ਬਾਰੇ ਅਖਬਾਰੀ ਤੇ ਟੀ.ਵੀ ਮੀਡੀਆ ਰਾਹੀਂ ਕੈਨੇਡਾ, ਭਾਰਤ ਤੇ ਪੰਜਾਬ ਦੇ ਮੀਡੀਆ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕੱਲ ਉਨਾਂ ਦੀ ਸ਼੍ਰੀ ਦਰਬਾਰ ਸਾਹਿਬ ਅਮ੍ਰਿੰਤਸਰ ਦੀ ਫੇਰੀ ਬਾਰੇ ਪੰਜਾਬ ਦੇ ਮੀਡੀਆ ਵਿੱਚ ਕਾਫੀ ਚਰਚਾ ਰਹੀ ਹੈ। ਉਨਾਂ ਦੀ ਫੇਰੀ ਨੂੰ ਲੈ ਕੇ ਅਤੇ ਉਨਾਂ ਦੇ ਦਰਬਾਰ ਸਾਹਿਬ ਨਮਸਤਕ ਹੋਣ ਤੇ ਅੰਮ੍ਰਿਤਸਰ ਦੇ ਕੁਝ ਘੰਟਿਆਂ ਦੇ ਰੁਝੇਵਿਆਂ ਨੂੰ ਕਾਫੀ ਮਹੱਤਵਪੂਰਨ ਤਰੀਕੇ ਨਾਲ ਦਰਸਾਇਆ ਗਿਆ ਹੈ। ਜਸਟਿਨ ਟਰੂਡੋ ਨਾਲ ਉਨਾਂ ਦੇ ਚਾਰ ਸਿੱਖ ਮੰਤਰੀ ਵੀ ਆਏ ਹੋਏ ਹਨ। ਜੋ ਸਿੱਖ ਕੌਮ ਲਈ ਮਾਣ ਵਾਲੀ ਗੱਲ ਮੰਨੀ ਜਾ ਰਹੀ ਹੈ। ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਬਣਦਾ ਸਨਮਾਨ ਨਾ ਦੇਣ ਬਾਰੇ ਇਹ ਵੀ ਚਰਚਾ ਹੈ ਕਿ ਉਨਾਂ ਨੇ ਕੈਨੇਡਾ ਸਰਕਾਰ ਵਿੱਚ ਸਿੱਖ ਕੌਮ ਨਾਲ ਸਬੰਧਤ ਸਿੱਖਾਂ ਨੂੰ ਵਜ਼ੀਰੀ ਦੇ ਕੇ ਅਹਿਮ ਸਨਮਾਨ ਦਿੱਤਾ ਹੈ। ਭਾਵੇਂ ਕਿ ਕੈਨੇਡਾ ਅੰਦਰ ਸਿੱਖ ਵਸੋਂ ਭਾਰਤ ਦੇ ਮੁਕਾਬਲੇ ਥੋੜੀ ਘੱਟ ਹੈ ਪਰ ਪ੍ਰਤੀਨਿਧਤਾ ਪੱਖੋਂ ਸਿੱਖ ਕੌਮ ਨੂੰ ਕਿਤੇ ਵੱਧ ਸਤਿਕਾਰ ਤੇ ਸਨਮਾਨ ਮਿਲਿਆ ਹੈ। ਇਸ ਨੂੰ ਵੀ ਇੱਕ ਕਾਰਨ ਮੰਨਿਆ ਜਾ ਰਿਹਾ ਹੈ ਕਿ ਮੌਜੂਦਾ ਕੈਨੇਡਾ ਸਰਕਾਰ ਸਿੱਖ ਕੌਮ ਦੇ ਮੁੱਦਿਆਂ ਅਤੇ ਉਨਾਂ ਨਾਲ ਭਾਰਤ ਅੰਦਰ ਹੋਈਆਂ ਵਧੀਕੀਆਂ ਬਾਰੇ ਚਿੰਤਤ ਹੈ ਅਤੇ ਇਨਸਾਫ ਦਿਵਾਉਣ ਲਈ ਸਮੇਂ ਸਮੇਂ ਸਿਰ ਹਮਦਰਦੀ ਵੀ ਜਿਤਾਉਂਦੀ ਰਹਿੰਦੀ ਹੈ। ਭਾਵੇਂ ਕੈਨੇਡਾ ਵੀ ਭਾਰਤ ਵਾਂਗ ਉਨਾਂ ਵਿਭਿੰਨ ਨਹੀਂ ਹੈ ਪਰ ਅੱਜ ਦਾ ਕੈਨੇਡਾ ਵੀ ਵਸੋਂ ਪੱਖੋਂ ਕਾਫੀ ਵਿਭਿੰਨ ਹੈ। ਇਸੇ ਕਰਕੇ ਅੱਡ ਅੱਡ ਧਰਮਾਂ ਕੌਮਾਂ ਅਤੇ ਵੱਖ ਵੱਖ ਦੇਸ਼ਾਂ ਦੇ ਲੋਕ ਵਸੇ ਹੋਏ ਹਨ। ਉਨਾਂ ਦੇ ਵੱਖਰੇ ਸਭਿਆਚਾਰ, ਧਾਰਮਿਕ ਰਹੁ-ਰੀਤਾਂ ਅਤੇ ਵੱਖਰੇ ਪਹਿਰਾਵਿਆਂ ਦੇ ਬਾਵਜੂਦ ਕੈਨੇਡਾ ਅੰਦਰ ਸਭ ਨੂੰ ਪੂਰੇ ਸਨਮਾਨਿਤ ਨਾਗਰਿਕ ਮੰਨਿਆ ਜਾਂਦਾ ਹੈ। ਕੈਨੇਡਾ ਅੰਦਰ ਰਹਿ ਰਹੇ ਵਸਨੀਕਾਂ ਨੂੰ ਵਿਚਾਰਾਂ ਦੇ ਪ੍ਰਗਟਾਵੇ ਦੀ ਪੂਰੀ ਅਜ਼ਾਦੀ ਹੈ। ਸ਼ਰਤ ਇਹ ਕਿ ਇਹ ਪ੍ਰਗਟਾਵੇ ਹਿੰਸਕ ਰੂਪ ਅਖਤਿਆਰ ਨਾ ਕਰਨ। ਇਸ ਤਰਾਂ ਦੀ ਅਜ਼ਾਦੀ ਤੇ ਖੁੱਲ ਸਦਕਾ ਹੀ ਸਿੱਖ ਕੌਮ ਕੈਨੇਡਾ ਅੰਦਰ ਪੂਰੀ ਅਜ਼ਾਦੀ ਅਤੇ ਸਨਮਾਨਿਤ ਜਿੰਦਗੀ ਦਾ ਅਨੰਦ ਮਾਣ ਰਹੀ ਹੈ। ਜਿਸ ਤੋਂ ਕਾਫੀ ਹੱਦ ਤੱਕ ਭਾਰਤ ਅੰਦਰ ਸਿੱਖ ਕੌਮ ਕਈ ਕਾਰਨਾਂ ਕਰਕੇ ਵਾਂਝੀ ਹੈ।
ਜਸਟਿਨ ਟਰੂਡੋ ਦੇ ਸਨਮਾਨ ਵਿੱਚ ਭਾਰਤ ਸਰਕਾਰ ਵੱਲੋਂ ਵਖਰੇਵੇਂ ਵਾਲੇ ਰੁਖ ਬਾਰੇ ਅੱਜ ਭਾਰਤ ਦੇ ਇੱਕ ਰਾਸ਼ਟਰੀ ਅਖਬਾਰ ਅੰਦਰ, ਇਹ ਕਾਰਨ ਵੀ ਦੱਸਿਆ ਗਿਆ ਹੈ ਕਿ ਮੌਜੂਦਾ ਸਰਕਾਰ ਦੇ ਨਾਲ ਜੁੜੀ ਹੋਈ ਅਹਿਮ ਹਿੰਦੂ ਰਾਸ਼ਟਰਵਾਦੀ ਜੱਥੇਬੰਦੀ ਆਰ.ਐਸ.ਐਸ. ਦੇ ਇੱਕ ਸੀਨੀਅਰ ਲੀਡਰ ਵੱਲੋਂ ਸਿੱਖ ਕੌਮ ਅੰਦਰ ਲੰਮੇ ਅਰਸੇ ਤੋਂ ਵਿਚਰ ਰਹੀਆਂ ਕਾਲੀਆਂ ਭੇਡਾਂ ਦੇ ਸਹਿਯੋਗ ਨਾਲ ਕਨੇਡਾ ਅੰਦਰ ਵਸ ਰਹੇ ਗਰਮ ਖਿਆਲੀ ਦੱਸੇ ਜਾਂਦੇ ਸਿੱਖ ਨੁਮਾਇੰਦਿਆਂ ਨਾਲ ਰਾਬਤਾ ਕਰਨ ਦੀ ਕੋਸ਼ਿਸ ਨੂੰ ਕੈਨੇਡਾ ਸਰਕਾਰ ਵੱਲੋਂ ਮਨਜ਼ੂਰੀ ਨਾ ਮਿਲਣਾ ਵੀ ਦੱਸਿਆ ਜਾ ਰਿਹਾ ਹੈ। ਇਸ ਖਬਰ ਵਿੱਚ ਕੈਨੇਡਾ ਸਰਕਾਰ ਦਾ ਇਹ ਪੱਖ ਹੈ ਕਿ ਅਸੀਂ ਆਪਣੀ ਧਰਤੀ ਤੇ ਕੋਈ ਅਣਸੁਖਵਾਂ ਮਾਹੌਲ ਨਹੀਂ ਪੈਦਾ ਕਰਨਾ ਚਾਹੁੰਦੇ। ਇਸ ਕਰਕੇ ਹੀ ਉਨਾਂ ਨੇ ਸਿੱਖ ਕੌਮ ਅੰਦਰ ਵਿਚਰ ਰਹੀ ਕਾਲੀ ਭੇਡ ਵਾਲੀ ਵਿਚਾਰਧਾਰਾ ਨੂੰ ਵਿਚਰਨ ਤੋਂ ਰੋਕਿਆ। ਪਰ ਕਿਉਂਕਿ ਹਿੰਦੂ ਰਾਸ਼ਟਰਵਾਦੀ ਆਰ.ਐਸ.ਐਸ. ਇਸ ਵਕਤ ਭਾਰਤ ਸਰਕਾਰ ਚਲਾ ਰਹੀ ਹੈ ਉਨਾਂ ਨੇ ਇਸ ਵਤੀਰੇ ਨੂੰ ਤੇ ਕਨੇਡਾ ਵਿੱਚ ਸਿੱਖਾਂ ਨੂੰ ਮਿਲ ਰਹੇ ਪੂਰੇ ਮਾਣ-ਸਨਮਾਨ ਪ੍ਰਤੀ ਨਾ-ਖੁਸ਼ੀ ਜਤਾਉਂਦੇ ਹੋਏ ਖਾਲਿਸਤਾਨ ਦਾ ਹਊਆ ਖੜਾ ਕਰਕੇ ਜਸਟਿਨ ਟਰੂਡੋ ਦੀ ਮੌਜੂਦਾ ਫੇਰੀ ਜੋ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੇ ਸੱਦੇ ਤੇ ਹੀ ਸੰਭਵ ਹੋਈ ਸੀ, ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ ਕੀਤੀ ਗਈ ਹੈ। ਇਥੋਂ ਤੱਕ ਕਿ ਇਸ ਫੇਰੀ ਸਮੇਂ ਇਹ ਵੀ ਪ੍ਰਗਟਾਵਾ ਹੋਇਆ ਹੈ ਕਿ ਭਾਰਤ ਸਰਕਾਰ ਵੱਲੋਂ ਆਪਣੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇਸ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਯਾਤਰਾ ਦੌਰਾਨ ਨੀਵਾਂ ਦਿਖਾਉਣ ਦਾ ਪੂਰਾ ਯਤਨ ਕੀਤਾ ਹੈ। ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਜੋ ਕਿ ਸਿੱਖ ਧਰਮ ਨਾਲ ਸਬੰਧਿਤ ਹਨ ਤੇ ਕਿਸੇ ਵੇਲੇ ਦਰਬਾਰ ਸਾਹਿਬ ਤੇ ਹੋਏ ਹਮਲੇ ਕਾਰਨ ਭਾਰਤੀ ਹੁਕਮਰਾਨਾਂ ਤੋਂ ਬਾਗੀ ਵੀ ਹੋ ਗਏ ਸਨ। ਇਥੋਂ ਤੱਕ ਕੇ ਇਸੇ ਮਹਾਰਾਜੇ ਨੇ ਸਿੱਖਾਂ ਦੀ ਖੁਦਮੁਖਤਿਆਰੀ ਦੀ ਵੀ ਦੁਨੀਆਂ ਅੱਗੇ ਕੀਤੀ ਅਪੀਲ ਲਈ ਲਿਖੀ ਚਿੱਠੀ ਤੇ ਦਸਖਤ ਕੀਤੇ ਹਨ। ਅੱਜ ਇਹੀ ਸਿੱਖ ਮੁੱਖ ਮੰਤਰੀ ਤੋਂ ਭਾਰਤੀ ਹੁਕਮਰਾਨਾਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਅੱਗੇ ਉਥੇ ਮਿਲ ਰਹੀ ਸਿੱਖਾਂ ਨੂੰ ਪੂਰਨ ਅਜ਼ਾਦੀ ਪ੍ਰਤੀ ਕਿੰਤੂ ਉਠਵਾਈ ਹੈ।
ਇਸ ਦੋਰੇ ਦਾ ਸਿਆਸੀ ਜਾਂ ਆਰਥਿਕ ਪੱਖੋਂ ਦੋਵਾਂ ਸਰਕਾਰਾਂ ਨੂੰ ਕੀ ਫਰਕ ਪਵੇਗਾ, ਇਹ ਤਾਂ ਸਮਾਂ ਹੀ ਦੱਸੇਗਾ। ਪਰ ਇੱਕ ਗੱਲ ਜਰੂਰ ਸਪਸ਼ਟ ਹੋ ਗਈ ਹੈ ਕਿ ਜਸਟਿਨ ਟਰੂਡੋ ਦੇ ਦੌਰੇ ਨੇ ਭਾਰਤ ਸਰਕਾਰ ਦੀ ਫਿਰਕੂ ਤੇ ਸੌੜੀ ਰਾਜਨੀਤੀ ਨੂੰ ਪੂਰੀ ਤਰਾਂ ਨੰਗਿਆ ਕਰ ਦਿੱਤਾ ਹੈ। ਇਹ ਵੀ ਸਿੱਧ ਹੋਇਆ ਹੈ ਕਿ ਸਿੱਖ ਕੌਮ ਦਾ ਕੈਨੇਡਾ ਵਿੱਚ ਆਪਣੀ ਸਰਕਾਰ ਵੀ ਕਿੰਨਾ ਪ੍ਰਭਾਵ ਹੈ ਤੇ ਕੀ ਉਹ ਇਸ ਪ੍ਰਭਾਵ ਨੂੰ ਸਿੱਖ ਕੌਮ ਲਈ ਅਸਰਦਾਇਕ ਜ਼ਰੀਏ ਨਾਲ ਮੌਜੂਦਾ ਪ੍ਰਧਾਨ ਜਸਟਿਨ ਟਰੂਡੋ ਦੀ ਫੇਰੀ ਦੌਰਾਨ ਪ੍ਰਗਟਾ ਸਕੇ ਹਨ ਜਾਂ ਨਹੀਂ? ਇਸਦੀ ਇੱਕ ਉਦਾਹਰਨ ਇਹ ਵੀ ਹੈ ਕਿ ਭਾਵੇਂ ਪੱਛਮੀ ਮੁਲਕਾਂ ਤੇ ਕਨੇਡਾ ਵਿੱਚ ਸਿੱਖ ਕੌਮ ਵੱਲੋਂ ਕੁਝ ਚਿਰ ਤੋਂ ਜੱਗੀ ਜੌਹਲ ਦੇ ਭਾਰਤੀ ਹਿਰਾਸਤ ਵਿੱਚ ਹੋਣ ਬਾਰੇ ਕਾਫੀ ਚਰਚਾ ਵਿੱਚ ਰਿਹਾ ਹੈ ਪਰ ਇਸ ਫੇਰੀ ਦੌਰਾਨ ਹੁਣ ਤੱਕ ਕਿਸੇ ਵੀ ਸਿੱਖ ਮੰਤਰੀ ਜਾਂ ਮੈਂਬਰ ਪਾਰਲੀਮੈਂਟ ਨੇ ਇਸ ਬਾਰੇ ਕੋਈ ਵੀ ਜ਼ਿਕਰ ਕਰਨਾ ਠੀਕ ਨਹੀਂ ਸਮਝਿਆ ਹੈ। ਨਾ ਹੀ ਜਸਟਿਨ ਟਰੂਡੋ ਤੇ ਇਸ ਨਾਲ ਆਏ ਸਿੱਖ ਵਜੀਰ ਤੇ ਮੈਂਬਰ ਪਾਰਲੀਮੈਂਟਾਂ ਦੀ ਕਿਸੇ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਸਿੱਖਾਂ ਨਾਲ ਜਾਂ ਜਿੰਨਾਂ ਨੂੰ ਬਾਹਰਲੇ ਸਿੱਖ, ਸਿੱਖ ਕੌਮ ਦੇ ਨੁਮਾਇੰਦੇ ਮੰਨਦੇ ਹਨ ਉਨਾਂ ਵਿੱਚ ਕੋਈ ਰਾਬਤਾ ਬਣਾਉਣ ਦੀ ਕੋਈ ਕੜੀ ਵੀ ਸਾਹਮਣੇ ਨਹੀ ਆਈ ਹੈ। ਜਿਸ ਰਾਹੀਂ ਪੰਜਾਬ ਅੰਦਰ ਵਸ ਰਹੇ ਸਿੱਖ ਆਪਣੀਆਂ ਭਾਰਤ ਅੰਦਰ ਹੋਈਆਂ ਜ਼ਿਆਦਤੀਆਂ ਬਾਰੇ ਖੁੱਲ ਕੇ ਵਿਚਾਰ ਕਰ ਸਕਦੇ। ਇਸ ਲਈ ਇਹ ਯਾਤਰਾ ਕਈ ਵਿਵਾਦ ਅਤੇ ਮੁੱਦੇ ਤਾਂ ਖੜੇ ਕਰ ਹੀ ਗਈ ਹੈ ਪਰ ਨਾਲ ਹੀ ਕਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਪ੍ਰਭਾਵਸ਼ਾਲੀ ਤਰੀਕੇ ਨਾਲ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਦੇ ਕੀਤੇ ਦਰਸ਼ਨ ਇੱਕ ਅਮਿੱਟ ਯਾਦ ਛੱਡ ਗਏ ਹਨ। ਮੁਕਦੀ ਗੱਲ ਇਹ ਹੈ ਭਾਵੇਂ ਜਸਟਿਨ ਟਰੂਡੋ ਦੀ ਭਾਵਨਾਤਮਿਕ ਦਰਸ਼ਨ ਅਭਿਲਾਸਾ ਨੇ ਕਾਫੀ ਪ੍ਰਭਾਵ ਛੱਡਿਆ ਪਰ ਇਸਦੇ ਨਾਲ ਉਨਾਂ ਦੀ ਅੰਮ੍ਰਿਤਸਰ ਫੇਰੀ ਦੌਰਾਨ ਵੰਡ ਨਾਲ ਜੁੜੀ ਹੋਈ ਯਾਦਗਾਰ ਨੂੰ ਤਾਂ ਦਿਖਾਇਆ ਗਿਆ ਪਰ ਦਰਬਾਰ ਸਾਹਿਬ ਸਮੂਹ ਅੰਦਰ ਸ਼੍ਰੋਮਣੀ ਅਕਾਲੀ ਦਲ ਨੇ ਗੁਰਦੁਆਰਾ ਪ੍ਰਬੰਦਕ ਕਮੇਟੀ ਰਾਹੀਂ ਭਾਵੇਂ ਜਸਟਿਨ ਟਰੂਡੋ ਤੇ ਉਨਾਂ ਦੇ ਪਰਿਵਾਰ ਨੂੰ ਸੋਨੇ ਨਾਲ ਜੜੀਆ ਦਰਬਾਰ ਸਾਹਿਬ ਦੀਆਂ ਮੂਰਤਾ ਤੇ ਸਨਮਾਨਿਤ ਚਿੰਨ ਕ੍ਰਿਪਾਨ ਨਾਲ ਤਾਂ ਨਿਵਾਜਿਆ ਪਰ ਇੰਨੀ ਹਿੰਮਤ ਨਹੀਂ ਜੁਟਾ ਸਕੇ ਕਿ ਇਸਦੀ ਪਵਿਤਰਤਾ ਤੇ ਇਨਸਾਨੀਅਤ ਦੇ ਹੋਏ ੧੯੮੪ ਦੇ ਭਾਰਤੀ ਫੌਜ ਦੇ ਹਮਲੇ ਸਬੰਧੀ ਕੋਈ ਯਾਦਗਾਰੀ ਭੇਟ ਕਰ ਸਕੇ ਹੋਣ। ਭਾਵੇਂ ੧੯੮੪ ਦੇ ਸਿੱਖਾਂ ਦੇ ਦੁਖਾਂਤ ਨੂੰ ਸਾਰੇ ਸਿੱਖ ਤੇ ਸਿੱਖ ਰਾਜਸੀ ਪਾਰਟੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਬਾਹਵਾਂ ਉਲਾਰ ਕੇ ਆਪਣੀ ਵੱਡੀ ਪੀੜ ਤੇ ਜ਼ਿਆਦਤੀ ਦੀ ਇਤਿਹਾਸਕ ਘਟਨਾ ਨੂੰ ਉਜਾਗਰ ਕਰਦੇ ਰਹਿੰਦੇ ਹਨ। ਇਹ ਸਿੱਖ ਪ੍ਰਤੀਨਿਧਤਾ ਕਰ ਰਹੇ ਨੁਮਾਇੰਦਿਆ ਸੋਚ ਤੇ ਸਮਝ ਤੇ ਕਿੰਤੂ ਉਠਾਉਂਦਾ ਸਵਾਲ ਹੈ।