ਪਿਛਲੇ ਪੰਦਰਾਂ ਸਾਲਾਂ ਤੋਂ ਭਾਰਤ ਦੇ ਹਰਿਆਣਾ ਰਾਜ ਪ੍ਰਦੇਸ਼ ਦੇ ਸਿਖਸ਼ ਵਲੋਂ ਲਗਾਤਾਰ ਇਹ ਸਰਕਾਰ ਕੋਲ ਮੰਗ ਰਖੀ ਜਾ ਰਹੀ ਸੀ ਕਿ ਦਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਂਗ ਹਰਿਆਣਾ ਰਾਜ ਵਿਚ ਵੀ ਗੁਰਦੁਆਰਿਆਂ ਦੀ ਸੇਵਾ ਅਤੇ ਸੰਭਾਲ ਦੀ ਜਿੰਮੇਵਾਰੀ ਹਰਿਆਣਾ ਵਸਦੇ ਸਿਖਸ਼ ਨੂੰ ਮਿਲਨੀ ਚਾਹੀਦਾ ਹੈ। ਇਸ ਤੇ ਆਖਿਰਕਾਰ ਕੁਝ ਸਮਾਂ ਪਹਿਲਾਂ ਹਰਿਆਣਾ ਸਰਕਾਰ ਨੇ ਪ੍ਰਦੇਸ਼ ਅਸੰਬਲੀ ਵਿਚ ਬਿਲ ਪਾਸ ਕਰਕੇ ਵਖਰੀ ਹਰਿਆਣਾ ਸਟੇਟ ਗੁਰਦੁਆਰਾ ਪ੍ਰਬੰਧਕ ਕਮੇਟੀ ਬਨਾਉਣ ਦਾ ਐਲਾਨ ਕਰ ਦਿੱਤਾ ਹੈ ਅਤੇ ਰਾਜ ਦੇ ਗਵਰਨਰ ਵਲੋਂ ਇਸਨੂੰ ਪ੍ਰਵਾਨਗੀ ਮਿਲਣ ਤੋਂ ਬਾਅਦ ਹਰਿਆਣਾ ਰਾਜ ਵਿਚਲੇ ਸਿਖਸ਼ ਨੂੰ ਵਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਿਲ ਗਈ ਹੈ। ਇਸ ਅਧੀਨ ਉਹ ਨਵੀਂ ਕਮੇਟੀ ਚੁਣਨ ਤੋਂ ਬਾਅਦ ਹਰਿਆਣਾ ਰਾਜ ਵਿਚਲੇ ਗੁਰੂਘਰਾਂ ਦਾ ਪ੍ਰਬੰਧ ਹਰਿਆਣਾ ਗੁਰਦੁਆਰਾ ਪ੍ਰੰਬਧਕ ਕਮੇਟੀ ਅਧੀਨ ਚਲਾਇਆ ਜਾਵੇਗਾ।
ਇਸ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਸੱਤਰ ਤੋਂ ਜ਼ਿਆਦਾ ਇਤਿਹਾਸਕ ਗੁਰੂ ਘਰ ਆਉਂਦੇ ਹਨ ਅਤੇ ਕੁਲ ਮਿਲਾ ਕੇ ਸੌ ਤੋਂ ਉੱਪਰ ਗੁਰਦੁਆਰਾ ਸਾਹਿਬ ਇਸਦੇ ਪ੍ਰਬੰਧ ਅਧੀਨ ਆ ਜਾਂਦੇ ਹਨ। ਇਸ ਕਮੇਟੀ ਦੀ ਕੁੱਲ ਆਮਦਨ (ਸਾਲਾਨਾ) ਤਿੰਨ ਸੌ ਕਰੋੜ ਤੋਂ ਉੱਪਰ ਹੈ ਅਤੇ ਇਸ ਅਧੀਨ ਕਈ ਨਾਮੀ ਅਤੇ ਵੱਡੇ ਵਿੱਡਿਅਕ ਅਦਾਰੇ ਵੀ ਹਨ। ਇਸ ਸਾਰੇ ਦਾ ਪ੍ਰਬੰਧ ਪਹਿਲਾਂ ਅੰਮ੍ਰਿਤਸਰ ਸਥਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਅਧੀਨ ਸੀ। ਅਤੇ ਲੰਮੇ ਅਰਸੇ ਤੋਂ ਇਹ ਰੌਲਾ ਪੈ ਰਿਹਾ ਸੀ ਕਿ ਇਨਾਂ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵਿੱਚ ਹਰਿਆਣਾ ਦੇ ਸਿੱਖਾਂ ਦੀ ਸ਼ਾਮੂਲੀਅਤ ਕੋਈ ਅਹਿਮੀਅਤ ਨਹੀਂ ਰੱਖਦੀ ਸੀ। ਇਸ ਕਰਕੇ ਹੀ ਇਹ ਮੁੱਖ ਮੁੱਦਾ ਬਣਿਆ ਕਿ ਹਰਿਆਣਾ ਰਾਜ ਵਿੱਚ ਸਿੱਖਾਂ ਦੀ ਇੱਕ ਵੱਖਰੀ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਵੇ। ਹੁਣ ਜਦੋਂ ਇਹ ਕਮੇਟੀ ਪੂਰੀ ਤਰਾਂ ਸਰਕਾਰੀ ਐਕਟ ਦੇ ਅਧੀਨ ਹੋਂਦ ਵਿੱਚ ਆ ਗਈ ਹੈ ਤਾਂ ਪੰਜਾਬ ਸਥਿਤ ਸਿੱਖਾਂ ਦੀ ਪ੍ਰਮੁੱਖ ਰਾਜਨੀਤਿਕ ਧਿਰ (ਸ਼੍ਰੋਮਣੀ ਅਕਾਲੀ ਦਲ ਬਾਦਲ) ਅਤੇ ਇਸ ਪਾਰਟੀ ਦੇ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਹਰਿਆਣਾ ਕਮੇਟੀ ਨੂੰ ਸੰਭਾਲ ਅਤੇ ਪ੍ਰਬੰਧ ਦੀ ਸੇਵਾ ਦੇਣ ਤੋਂ ਜਬਰੀ ਨਾਂਹ ਕਰ ਰਹੀ ਹੈ ਅਤੇ ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਹਜ਼ਾਰਾ ਵਰਕਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਲੀਡਰ ਆਪਣੇ ਸਾਥੀਆਂ ਸਮੇਤ ਹਰਿਆਣਾ ਦੇ ਗੁਰੂ ਘਰਾਂ ਵਿੱਚ ਜਬਰੀ ਕਾਬਜ਼ ਹੋ ਰਹੇ ਹਨ ਅਤੇ ਨਵੀਂ ਬਣੀ ਹਰਿਆਣਾ ਦੀ ਐਡਹਾਕ ਕਮੇਟੀ ਜੋ ਸਰਦਾਰ ਜਗਦੀਸ਼ ਸਿੰਘ ਝੀਂਡਾ ਦੀ ਅਗਵਾਈ ਹੇਠ ਹੈ ਨੂੰ ਗੁਰਦੁਆਰਾ ਸਾਹਿਬ ਵਿੱਚ ਸੇਵਾ ਸੰਭਾਲ ਤੇ ਪ੍ਰਬੰਧ ਲੈਣ ਤੋਂ ਰੋਕ ਰਹੀ ਹੈ। ਅਤੇ ਇਸ ਨਾਲ ਸਿੱਖਾਂ ਦਾ ਆਪਸ ਵਿੱਚ ਹਿੰਸਕ ਤਣਾਅ ਬਇਆ ਹੋਇਆ ਹੈ ਜੋ ਕਿ ਆਉਣ ਵਾਲੇ ਸਮੇਂ ਵਿੱਚ ਕਾਫੀ ਸ਼ਰਮਨਾਕ ਅਤੇ ਘਾਤਕ ਸਿੱਧ ਹੋ ਸਕਦਾ ਹੈ।
ਇਸ ਸਾਰੇ ਘਟਨਾ-ਕ੍ਰਮ ਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਪ੍ਰਸਤ ਅਤੇ ਮੌਜ਼ੂਦਾ ਮੁੱਖ ਮੰਤਰੀ ਪੰਜਾਬ ਨੇ ਭਾਵਨਾਤਮਕ ਹੁੰਦਿਆ ਹੋਇਆ ਇਹ ਐਲਾਨ ਕੀਤਾ ਹੈ ਕਿ ਉਹ ਕਿਸੇ ਵੀ ਕੀਮਤ ਵਿੱਚ ਹਰਿਆਣਾ ਦੇ ਸਿੱਖਾਂ ਲਈ ਅਤੇ ਉਥੋਂ ਦੇ ਗੁਰੂ ਘਰਾਂ ਦੇ ਪ੍ਰਬੰਧ ਲਈ ਵੱਖਰੀ ਕਮੇਟੀ ਨੂੰ ਹੋਂਦ ਵਿੱਚ ਨਹੀਂ ਆਉਣ ਦੇਣਗੇ। ਇਸੇ ਰੁੱਖ ਨੂੰ ਅਪਣਾਉਂਦਿਆਂ ਭਾਵਨਾਵਾਂ ਦੀ ਲੀਹ ਦੇ ਅਧੀਨ ਵਿਲਕਦਿਆਂ ਉਹਨਾਂ ਨੇ ਇਥੋਂ ਤੱਕ ਐਲਾਨ ਕਰ ਦਿੱਤਾ ਹੈ ਕਿ ਜੇ ਹਰਿਆਣਾ ਦੀ ਐਡਹਾਕ ਕਮੇਟੀ ਉਥੋਂ ਦੇ ਗੁਰੂ ਘਰਾਂ ਦੀ ਸੇਵਾ ਸੰਭਾਲ ਦਾ ਪ੍ਰਬੰਧ ਲੈਣ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਉਹ ਅਕਾਲ ਤਖਤ ਸਾਹਿਬ ਤੇ ਜਾ ਕੇ ਸ਼ਹੀਦੀ ਪ੍ਰਾਪਤ ਕਰ ਲੈਣਗੇ। ਇਸ ਸਭ ਲਈ ਭਾਵੇਂ ਉਹ ਸਦਾ ਵਾਂਗ ਹਰਿਆਣਾ ਦੀ ਮੌਜ਼ੂਦਾ ਕਾਂਗਰਸ ਸਰਕਾਰ ਨੂੰ ਤੇ ਗਾਂਧੀ ਪ੍ਰਵਾਰ ਨੂੰ ਜ਼ਿੰਮੇਵਾਰ ਸਮਝ ਰਹੇ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਸਿੱਖਾਂ ਨੂੰ ਆਪਸ ਵਿੱਚ ਵੰਡਣ ਦੀ ਕਾਂਗਰਸ ਪਾਰਟੀ ਦੀ ਸੋਚ ਹੈ। ਇਸ ਦੇ ਪ੍ਰਤੀਕਰਮ ਵਜੋਂ ਅਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਨਾ ਹੋਣ ਦੇਣ ਲਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਾਕੀ ਸਾਰੇ ਰੁਝੇਵੇਂ ਛੱਡ ਆਪਣੀ ਭਾਈਵਾਲ ਕੇਂਦਰ ਸਰਕਾਰ ਅੱਗੇ ਵੀ ਬਹੁਤ ਗੁਹਾਰ ਲਾਈ ਹੈ ਕਿ ਕਿਸ ਤਰ੍ਹਾਂ ਇਸ ਕਮੇਟੀ ਦੀ ਹੋਂਦ ਨੂੰ ਰੋਕਣਾ ਹੈ। ਕੇਂਦਰ ਸਰਕਾਰ ਨੇ ਸਿਵਾਏ ਇੱਕ ਚਿੱਠੀ ਲਿਖਣ ਤੋਂ ਇਲਾਵਾ ਕੋਈ ਰੋਲ ਅਦਾ ਕਰਨ ਤੋਂ ਸੰਕੋਚ ਰੱਖਿਆ ਹੈ।
ਇਸ ਮਸਲੇ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਇਸ ਦੇ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਭਾਵਨਾਤਕਮਕ ਰੁੱਖ ਅਪਣਾਉਂਦੇ ਹੋਏ ਕਿਸੇ ਵੀ ਸੋਚ ਸਮਝ ਜਾਂ ਦੂਰ ਅੰਦੇਸ਼ੀ ਵਿਚਾਰ ਦੀ ਥਾਂ ਇਹ ਵੀ ਸਿੱਧ ਕਰ ਦਿੱਤਾ ਹੈ ਕਿ ਸਿੱਖ ਕੌਮ ਦੀ ਸਰਵਉੱਚ ਹਸਤੀ ਜਥੇਦਾਰ ਅਕਾਲ-ਤਖਤ ਸਾਹਿਬ ਨੂੰ ਵੀ ਆਪਣੇ ਰਾਜਨੀਤਿਕ ਮਨੋਰਥਾਂ ਲਈ ਵਰਤਣ ਤੋਂ ਗੁਰੇਜ਼ ਨਹੀਂ ਕੀਤਾ ਤੇ ਇਹਨਾਂ ਦੇ ਕਹਿਣ ਤੇ ਸਿੱਖ ਕੌਮ ਦੇ ਸਿੰਘ ਸਾਹਿਬਾਨ ਨੇ ਵੀ ਕਿਸੇ ਸੋਚ ਸਮਝ ਤੋਂ ਕਿਨਾਰਾ ਕਰ ਹਰਿਆਣਾ ਦੇ ਤਿੰਨ ਪ੍ਰਮੁੱਖ ਸਿੱਖਾਂ ਨੂੰ ਵੱਖਰੀ ਕਮੇਟੀ ਬਣਾਉਣ ਦਾ ਦੋਸ਼ ਲਾ ਕੇ ਸਿੱਖ ਪੰਥ ਵਿਚੋਂ ਖਾਰਜ਼ ਕਰ ਦਿੱਤਾ ਹੈ। ਭਾਵੇਂ ਕਿ ਇਸ ਤਰਾਂ ਪੰਥ ‘ਚੋ ਖਾਰਜ਼ ਕਰਨ ਦੀ ਪ੍ਰਥਾ ਲੰਮੇ ਅਰਸੇ ਤੋਂ ਸਿੱਖ ਕੌਮ ਵਿੱਚ ਵਿਵਾਦ ਦਾ ਕਾਰਨ ਰਹੀ ਹੈ ਪਰ ਜਿਸ ਤਰਾਂ ਇਸ ਵਾਰੀ ਹੋਇਆ ਹੈ ਇਹ ਆਪਣੇ ਆਪ ਵਿੱਚ ਸਿੱਧ ਕਰਦਾ ਹੈ ਕਿ ਸਿੱਖ ਧਰਮ ਦੀਆਂ ਪ੍ਰੰਪਰਾਵਾਂ ਤੇ ਹਸਤੀਆਂ ਪੂਰੀ ਤਰ੍ਹਾਂ ਰਾਜਨੀਤਿਕ ਰੰਗ ਵਿੱਚ ਰੰਗੀਆਂ ਜਾ ਚੁੱਕੀਆਂ ਹਨ ਅਤੇ ਇਹਨਾਂ ਰਾਜਨੀਤਿਕ ਮਨੋਰਥਾਂ ਨੂੰ ਪੂਰਾ ਕਰਨ ਲਈ ਕਿਸੇ ਹੱਦ ਤੱਕ ਵੀ ਸਿੱਖ ਪੰਥ ਨੂੰ ਸ਼ਰਮਸ਼ਾਰ ਕਰ ਸਕਦੇ ਹਨ।
ਇਸ ਸਥਿਤੀ ਵਿੱਚ ਸਿਵਾਏ ਸ਼੍ਰੋਮਣੀ ਅਕਾਲ ਦਲ ਤੇ ਇਸਦੇ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਪਾਸੇ ਹੈ ਅਤੇ ਬਾਕੀ ਪੰਥ ਦਾ ਬਹੁਤ ਵੱਡਾ ਹਿੱਸਾ ਜਾਂ ਤਾਂ ਚੁੱਪ ਹੈ ਜਾਂ ਵਿਰੋਧ ਵਿੱਚ ਖੜ੍ਹਾ ਹੈ। ਇਸ ਘਟਨਾ-ਕ੍ਰਮ ਨੂੰ ਨਵੀਂ ਦਿਸ਼ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸਰਪ੍ਰਸਤ ਦੇ ਕਹਿਣ ਮੁਤਾਬਕ ਹੱਲ ਕਰਨ ਲਈ ਮੰਜੀ ਸਾਹਿਬ ਹਾਲ, ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਪੰਥਕ ਇੱਕਠ ਦਾ ਸੱਦਾ ਦਿੱਤਾ ਹੈ ਜਿਸ ਵਿੱਚ ਉਹ ਕਹਿੰਦੇ ਹਨ ਕਿ ਸਿੱਖ ਪੰਥ ਨੂੰ ਇੱਕ ਵਾਰ ਫੇਰ ਧਰਮ-ਯੁੱਧ ਮੋਰਚਾ ਲਾਉਣ ਲਈ ਆਖਿਆ ਜਾਵੇਗਾ ਅਤੇ ਇਸਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਪ੍ਰਸਤ ਕਰਨਗੇ। ਇੱਥੇ ਇਹ ਸਵਾਲ ਉੱਠ ਖੜ੍ਹਾ ਹੋਇਆ ਹੈ ਕਿ ਪਹਿਲੀ ਵਾਰ ਸਿੱਖਾਂ ਦਾ ਧਰਮ ਯੁੱਧ ਮੋਰਚਾ ਆਪਣੇ ਹੀ ਸਿੱਖਾਂ ਦੇ ਖਿਲਾਫ ਹੋਵੇਗਾ। ਇੱਥੇ ਇਹ ਗੱਲ ਵੀ ਸੋਚਣ ਵਾਲੀ ਹੈ ਕਿ ਇਸ ਵੱਖਰੀ ਕਮੇਟੀ ਦੀ ਹੋਂਦ ਨੂੰ ਇੰਨੀ ਮਹੱਤਤਾ ਦਿੱਤੀ ਗਈ ਹੈ ਕਿ ਫਟਾ-ਫਟ ਪੰਜਾਬ ਅਸੈਂਬਲੀ ਵਿੱਚ ਵੀ ਇਸਦੇ ਵਿਰੋਧ ਵਿੱਚ ਮਤਾ ਪਾਸ ਕਰ ਦਿੱਤਾ ਗਿਆ ਹੈ ਜਦਕਿ ਕਦੇ ਇਸ ਅਸੰਬਲੀ ਵਿੱਚ ਸਿੱਖ ਕੌਮ ਨਾਲ ਸਬੰਧਤ ਮਸਲੇ ਤੇ ਪੰਜਾਬ ਦੇ ਹਿਤਾਂ ਲਈ ਕਦੇ ਕੋਈ ਮਤਾ ਪਾਸ ਨਹੀਂ ਹੋਇਆ। ਇਹੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਜਿਸਨੇ ੧੯੮੨ ਵਿੱਚ ਜਦੋਂ ਪਹਿਲਾ ਧਰਮ ਯੁੱਧ ਮੋਰਚਾ ਲਾਇਆ ਸੀ ਤਾਂ ਉਸਦੀ ਇੱਕ ਮੁੱਖ ਮੰਗ ਇਹ ਸੀ ਕਿ ਜਿਸ ਆਸ਼ੇ ਤੇ ਅੰਸ਼ ਨਾਲ ੧੯੨੦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਹੋਂਦ ਵਿੱਚ ਆਈ ਸੀ, ਵਾਂਗ ਸਮੁੱਚੇ ਭਾਰਤ ਵਿੱਚ ਵੀ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਲਈ ਆਲ ਇੰਡੀਆ ਗੁਰਦੁਆਰਾ ਐਕਟ ਅਧੀਨ ਹੋਣਾ ਚਾਹੀਦਾ ਹੈ।
ਪਰ ਅੱਜ ਇਹ ਮੰਗ ਯਾਦ ਚੇਤੇ ਵੀ ਨਹੀਂ ਹੈ। ਜਿਸ ਤਰ੍ਹਾਂ ਕਿ ਹੋਰ ਪ੍ਰਮੁੱਖ ਮੰਗਾਂ ਪੰਜਾਬ ਦੇ ਹਿੱਤਾਂ ਲਈ ਤੇ ਸਿੱਖ ਕੌਮ ਦੀ ਗੈਰਤ ਨਾਲ ਸਬੰਧਤ ਵਿੱਸਰ ਚੁੱਕੀਆਂ ਹਨ। ਪਿਛਲੇ ਵੀਹ ਸਾਲ ਤੋਂ ਸਿੱਖਾਂ ਦੀ ਪ੍ਰਮੁੱਖ ਜਮਾਤ ਸ਼੍ਰੋਮਣੀ ਅਕਾਲੀ ਦਲ ਨੇ ਮੌਜ਼ੂਦਾ ਸਰਪ੍ਰਸਤ ਦੇ ਅਧੀਨ ਆਪਣਾ ਰੰਗ ਵੀ ਬਦਲ ਕੇ ਸਿੱਖਾਂ ਤੋਂ ਅਲਹਿਦਾ ਕਰ ਲਿਆ ਸੀ। ਪਰ ਇਸ ਵੱਖਰੀ ਕਮੇਟੀ ਦੇ ਹੋਂਦ ਵਿੱਚ ਆਉਣ ਨਾਲ ਇਹ ਗੱਲ ਇੱਕ ਖੁਸ਼ੀ ਦੀ ਕਿਰਨ ਵਾਂਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਪੰਥਕ ਲੀਹਾਂ ਲੱਭਣ ਲਈ ਮਜਬੂਰ ਹੋਣਾ ਪਿਆ ਹੈ ਅਤੇ ਪਿਛਲੇ ਪੰਦਰਾਂ ਸਾਲਾਂ ਵਿੱਚ ਇਹ ਪਹਿਲੀ ਵਾਰ ਹੈ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਮੰਜੀ ਸਾਹਿਬ ਹਾਲ ਵਿੱਚ ਪੰਥਕ ਕਨਵੈਨਸ਼ਨ ਸੱਦੀ ਹੈ। ਪੰਜਾਬ ਵਿੱਚ ਅੱਜ ਇਹ ਹਾਲਾਤ ਹੈ ਕਿ ਲੱਖਾਂ ਸਿੱਖ ਨੌਜਵਾਨ ਆਪਣੀ ਯੋਗਤਾ ਮੁਤਾਬਕ ਨੌਕਰੀਆਂ ਲੱਭਣ ਲਈ ਥਾਂ-ਥਾਂ ਭਟਕ ਰਹੇ ਹਨ। ਉਨਾਂ ਨੂੰ ਜਦ ਪੁੱਛਿਆ ਜਾਵੇ ਕਿ ਪੰਥ ਇੱਕ ਹੋਰ ਵੱਖਰੀ ਕਮੇਟੀ ਬਣਨ ਦੀ ਚਰਚਾ ਵਿੱਚ ਰੁੱਝਿਆ ਹੋਇਆ ਹੈ ਤਾਂ ਉਨਾਂ ਦੇ ਮਨ ਦੀ ਕੀ ਸਥਿਤੀ ਹੋਵੇਗੀ ਤਾਂ ਤੁਸੀਂ ਖੁਦ ਹੀ ਜ਼ਾਇਜ਼ਾ ਲਗਾ ਸਕਦੇ ਹੋ ਅਤੇ ਇਥੋਂ ਇਹ ਅੰਦਾਜ਼ਾ ਲਾਉਣਾ ਔਖਾ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਰਾਜ-ਭਾਗ ਵਿੱਚ ਹੈ ਅਤੇ ਮਹਾਰਾਜਾ ਰਣਜੀਤ ਸਿੰਘ ਜਿਹਾ ਰਾਜ ਦਾ ਦਾਆਵਾ ਕਰਨ ਵਿੱਚ ਅਤੇ ਅੱਜ ਦੇ ਪੰਜਾਬ ਦੇ ਨੋਜਵਾਨ ਅਤੇ ਆਮ ਲੋਕਾਂ ਦੀਆਂ ਭਾਵਨਾਵਾਂ ਤੋਂ ਕਿੰਨੇ ਫਰਕ ਤੇ ਹੈ।
ਸਿੱਖ ਕੌਮ ਅੱਜ ੩੦ ਸਾਲ ਬਾਅਦ ਵੀ ਆਪਣੇ ੧੯੮੪ ਵਿਚ ਗੁਆਚੇਂ ਪੁਰਾਤਨ ਇਤਿਹਾਸਕ ਵਸਤਾਂ ਨੂੰ ਵੀ ਹਾਸਿਲ ਨਹੀਂ ਕਰ ਸਕੀ ਹੈ ਜਿਸਨੂੰ ਭਾਰਤੀ ਫੌਜ ੧੯੮੪ ਵਿੱਚ ਸਿੱਖ library ਤੋਂ ਜਬਰੀ ਚੁੱਕ ਕੇ ਲੈ ਗਈ ਸੀ ਭਾਵੇਂ ਇਸ ਬਾਰੇ ੧੦ ਸਾਲ ਪਹਿਲਾਂ ਉਚੀਆਂ ਅਦਾਲਤਾਂ ਵੀ ਭਾਰਤ ਸਰਕਾਰ ਨੂੰ ਹੁਕਮ ਕਰ ਚੁਕੀਆਂ ਹਨ ਅਤੇ ਕਿਹਾ ਹੈ ਕਿ ਇਹ ਪੁਰਾਤਨ ਇਤਿਹਾਸਕ ਵਸਤਾਂ ਵਾਪਿਸ ਕੀਤੀਆਂ ਜਾਣ। ਪਰ ਅੱਜ ਦੀ ਸਿਖ ਲੀਡਰਸ਼ਿਪ ਅਤੇ ਉਸਦੇ ਸਰਪ੍ਰਰਸਤ ਇਕ ਵੱਖਰੀ ਹੋਂਦ ਵਿੱਚ ਆਈ ਕਮੇਟੀ ਲਈ ਤਾਂ ਸ਼ਹੀਦ ਹੋਣ ਤੱਕ ਦਾ ਦਾਅਵਾ ਕਰ ਰਹੇ ਹਨ ਪਰ ਪੁਰਾਤਨ ਇਤਿਹਾਸਕ ਵਸਤਾਂ ਜੋ ਕਿ ਕਿਸੇ ਕੌਮ ਦਾ ਵਡਮੁਲਾ ਹਿਸਾ ਹੁੰਦੇ ਹਨ ਪ੍ਰਤੀ ਪੂਰੀ ਤਰਾਂ ਨਾ-ਵਾਕਿਫ ਹਨ ਅੱਜ ਵੀ ਸਿੱਖ ਲੀਡਰਸ਼ਿਪ ਕਿਸੇ ਵੀ ਸਿਆਣਪ ਸੂਝ ਅਤੇ ਸੋਚ ਵਿਚਾਰ ਨੂੰ ਭਾਵਨਾਵਾਂ ਅਧੀਨ ਹੀ ਰੱਖਣਾ ਚਾਹੁੰਦੀ ਹੈ ਤਾਂ ਜੋ ਵੱਖਰੀ ਕਮੇਟੀ ਦਾ ਬਣਨਾ ਵੱਡਾ ਵਿਸ਼ਾ ਹੈ ਅਤੇ ਪੰਜਾਬ ਨਾਲ ਸੰਬਧਤ ਹੱਕੀ ਮੰਗਾਂ ਅਤੇ ਸਿੱਖ ਕੌਮ ਦੇ ਹੋਰ ਵਿਸ਼ੇ ਅਤੇ ਪੁਰਾਤਨ ਇਤਿਹਾਸਕ ਵਸਤਾਂ ਕੋਈ ਅਰਥ ਨਹੀਂ ਰੱਖਦੇ ਹਨ।