ਸਿੱਖ ਕੌਮ ਲਈ ਬਹੁਤ ਹੀ ਮਹੱਤਵਪੂਰਨ ਦਿਹਾੜਾ ਵਿਸਾਖੀ ੧੪ ਅਪ੍ਰੈਲ ਨੂੰ ਆ ਰਿਹਾ ਹੈ। ਵਿਸਾਖੀ ਦੇ ਦਿਹਾੜੇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਇਸ ਦਿਨ ਪੰਜਾ ਸਿੱਖ ਜੋ ਅਲੱਗ ਅਲੱਗ ਜਾਤਾਂ ਤੇ ਕ੍ਰਿਤ ਨਾਲ ਸਬੰਧਤ ਸਨ, ਨੂੰ ਪੰਜ ਪਿਆਰੇ ਥਾਪਿਆਂ ਸੀ। ਇਹਨਾਂ ਦੀ ਮਹੱਤਤਾ ਨੂੰ ਅਹਿਮੀਅਤ ਦਿੰਦੇ ਹੋਏ ਗੁਰੂ ਸਾਹਿਬ ਨੇ ਇੰਨਾਂ ਪਾਸੋਂ ਅਮਿੰ੍ਰਤ ਛਕਿਆ ਸੀ ਤੇ ਆਪ ਗੁਰ ਚੇਲਾ ਦੀ ਰੀਤ ਚਲਾਈ ਸੀ। ਉਸ ਸਮੇਂ ਦੱਬੇ ਕੁਚਲੇ ਸਮਾਜ ਅੰਦਰ ਨਵੀਂ ਸੇਧ ਤੇ ਰੂਹ ਪਾਊਣ ਲਈ ਇਸ ਨਿਰਾਲੇ ਖਾਸਲਾ ਪੰਥ ਦੀ ਸਾਜਨਾ ਕੀਤੀ ਗਈ ਸੀ। ਇਸ ਰਾਹੀਂ ਗੁਰੂ ਸਾਹਿਬ ਨੇ ਆਪਸੀ ਭਾਈਚਾਰਾ, ਬਰਾਬਰਤਾ ਤੇ ਸੇਵਾ ਦੇ ਭਾਵ ਨੂੰ ਸਮਾਜ ਅੰਦਰ ਉਜਾਗਰ ਕੀਤਾ ਸੀ। ਗੁਰੂ ਸਾਹਿਬ ਨੇ ਸਿੱਖਾਂ ਨੂੰ ਕਿਸੇ ਵੀ ਜੁਲਮ ਤੇ ਜਬਰ ਦੇ ਟਾਕਰੇ ਲਈ ਆਵਾਜ਼ ਉਠਾਉਣ ਲਈ ਵੀ ਸਿੱਖਾਂ ਨੂੰ ਪ੍ਰੇਰਿਆ ਸੀ। ਖਾਲਸਾ ਪੰਥ ਦੀਆਂ ਨੀਹਾਂ ਨੂੰ ਮਜ਼ਬੂਤ ਕਰਨ ਲਈ ਦਸਵੇਂ ਪਾਤਸ਼ਾਹ ਨੇ ਆਪਣੇ ਪਰਿਵਾਰ ਨੂੰ ਜੁਲਮ ਦਾ ਸਾਹਮਣਾ ਕਰਦੇ ਹੋਏ ਮਾਨਵਤਾ ਲਈ ਕੁਰਬਾਨ ਕਰ ਦਿੱਤਾ ਸੀ। ਸਮੇਂ ਦੇ ਨਾਲ ਭਾਰਤ ਨੂੰ ਮਿਲੀ ਅਜ਼ਾਦੀ ਤੋਂ ਬਾਅਦ ਸਿੱਖ ਕੌਮ ਦਰਪੇਸ਼ ਸਮੱਸਿਆਵਾਂ ਕਾਰਨ ਵੱਖ ਵੱਖ ਬਾਹਰੀ ਤੇ ਅੰਦਰੂੰਨੀ ਵਿਵਾਦਾਂ ਵਿੱਚ ਘਿਰੀ ਹੋਈ ਹੈ। ਦਿਨ-ਬ-ਦਿਨ ਇਹ ਸਮੱਸਿਆਵਾਂ ਸਿੱਖ ਕੌਮ ਨੂੰ ਆਪਣੇ ਡੂੰਘੇ ਪ੍ਰਛਾਵਿਆਂ ਹੇਠ ਲੈ ਜਾ ਰਹੀਆਂ ਹਨ। ਇਸੇ ਦੌਰਾਨ ਕੁਝ ਉਚੀ ਸੁਰ ਵਾਲੀਆਂ ਅਜਿਹੀਆਂ ਅਵਾਜਾਂ ਭਾਰੂ ਹੋ ਰਹੀਆਂ ਹਨ ਜਿਨਾਂ ਦਾ ਅਧਾਰ ਸਿਰਫ ਆਪਣੇ ਵਿਰੋਧੀਆਂ ਤੇ ਵੱਖਰੇ ਵਿਚਾਰਾਂ ਨੂੰ ਦਬਾਉਣ ਲਈ ਧਮਕੀਆਂ ਦੇਣਾ ਹੈ ਜਾਂ ਅਜਿਹੀਆਂ ਸੁਰਾਂ ਕਾਰਨ ਸਿੱਖ ਕੌਮ ਦੀਆਂ ਭਾਵਨਾਵਾਂ ਤੇ ਭਾਰੂ ਪੈਣਾ ਹੀ ਹੈ। ਅਜਿਹੇ ਵਰਤਾਰੇ ਕਾਰਨ ੧੯੭੮ ਵਿੱਚ ਵਿਸਾਖੀ ਮੌਕੇ ਵੀ ਸਿੱਖ ਕੌਮ ਨੂੰ ਵੱਡੇ ਤਕਰਾਰ ਕਾਰਨ ਭਾਰੀ ਨੁਕਸਾਨ ਉਠਾਉਣਾ ਪਿਆ ਸੀ ਤੇ ਇਹ ਵਧਦਾ ਹੋਇਆ ਤਕਰਾਰ ਹੀ ੧੯੮੪ ਵਿੱਚ ਦਰਬਾਰ ਸਾਹਿਬ ਤੇ ਫੌਜੀ ਕਾਰਵਾਈ ਦਾ ਕਾਰਨ ਵੀ ਬਣਿਆ। ਜਿਸ ਕਾਰਨ ਸਿੱਖ ਕੌਮ ਦੀ ਨੌਜਵਾਨੀ ਤੇ ਪਰਿਵਾਰਾਂ ਨੂੰ ਬਹੁਤ ਵੱਡੀ ਕੀਮਤ ਦੇਣੀ ਪਈ। ਜਿਸ ਦਾ ਸੇਕ ਅੱਜ ਵੀ ਸਿੱਖ ਕੌਮ ਦੇ ਹਿਰਦਿਆ ਵਿੱਚ ਮਹਿਸੂਸ ਕੀਤਾ ਜਾ ਸਕਦਾ ਹੈ। ਅਜਿਹਾ ਵਿਵਾਦ ਸੌਦਾ ਸਾਧ ਨਾਲ ਟਕਰਾ ਮੌਕੇ ਵੀ ਸਾਹਮਣੇ ਆਇਆ। ਜਿਸਦਾ ਅੱਜ ਤੱਕ ਕੋਈ ਹੱਲ ਸਾਹਮਣੇ ਨਹੀਂ ਆਇਆ। ਇਸੇ ਤਰਾਂ ਇਸ ਵਿਸਾਖੀ ਮੌਕੇ ਹਰਿੰਦਰ ਸਿੰਘ ਸਿੱਕਾ ਵੱਲੋਂ ਨਿਰਮਾਣ ਕੀਤੀ ਹੋਈ ਫਿਲਮ ਨਾਨਕ ਸ਼ਾਹ ਫਕੀਰ ਨੂੰ ਲੈ ਕੇ ਇੱਕ ਨਵਾਂ ਵਿਵਾਦ ਖੜਾ ਹੋ ਗਿਆ ਹੈ। ਇਹ ਫਿਲਮ ੧੩ ਅਪ੍ਰੈਲ ਨੂੰ ਨਿਰਮਾਤਾ ਦੇ ਕਹਿਣ ਅਨੁਸਾਰ ਪੂਰੇ ਭਾਰਤ ਵਿੱਚ ਰਿਲੀਜ਼ ਹੋ ਰਹੀ ਹੈ। ਇਸਦੇ ਖਿਲਾਫ ਸਿੱਖ ਕੌਮ ਦੇ ਇੱਕ ਹਿੱਸੇ ਖਾਸ ਕਰਕੇ ਉਚੀਆਂ ਸੁਰਾਂ ਵਾਲੇ ਤਬਕੇ ਵਿੱਚ ਕਾਫੀ ਵਿਦਰੋਹ ਹੈ ਤੇ ਇਸਨੂੰ ਰੋਕਣ ਲਈ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਾਹਿਬ ਵੱਲੋਂ ਹੁਕਮਨਾਮਾ ਜਾਰੀ ਕਰਨ ਦੀ ਨੌਬਤ ਆਈ ਹੈ। ਇਸ ਬਾਰੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਅਕਾਲ ਤਖਤ ਤੇ ਜਥੇਦਾਰ ਵੱਲੋਂ ਇਸ ਫਿਲਮ ਖਿਲਾਫ ਹੁਕਮਨਾਮਾ ਜਾਰੀ ਕੀਤਾ ਗਿਆ ਹੈ ਕੁਝ ਸਿੱਖ ਜੱਥੇਬੰਦੀਆਂ ਵੱਲੋਂ ਨਿਰਮਾਤਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਹਨ। ਜੇ ਇਸ ਮਸਲੇ ਦੀ ਗੰਭੀਰਤਾ ਨੂੰ ਇੰਨਾ ਹੁਕਮਨਾਮਿਆ ਦੀ ਨਜ਼ਰ ਤੋਂ ਦੇਖਿਆ ਜਾਵੇ ਤਾਂ ਇਹ ਸਮਝਿਆ ਜਾ ਰਿਹਾ ਹੈ ਕਿ ਇਸ ਫਿਲਮ ਦੇ ਰਿਲੀਜ਼ ਹੋਣ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਮਾਰਨ ਤੇ ਭੜਕਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਜਦਕਿ ਇਸਦੇ ਮੌਜੂਦਾ ਫਿਲਮੀ ਟ੍ਰੇਲਰ ਦੇ ਰਿਲੀਜ਼ ਸਮੇਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਵੀ ਫਿਲਮ ਦੇ ਨਿਰਮਾਤਾ ਨਾਲ ਉਸ ਸਟੇਜ ਤੇ ਸ਼ਾਮਿਲ ਸੀ।

ਇਸੇ ਤਰ੍ਹਾਂ ੨੦੧੫ ਵਿੱਚ ਇਸ ਫਿਲਮ ਦੇ ਨਿਰਮਾਤਾ ਨੇ ਰਿਲੀਜ਼ ਕਰਨ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪ੍ਰਵਾਨਗੀ ਲਈ ਸੀ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨਾਂ ਨੇ ਵੀ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਪ੍ਰਵਾਨਵਗੀ ਦਿੱਤੀ ਸੀ। ਇਸੇ ਤਰਾਂ ਮਈ ੨੦੧੬ ਵਿੱਚ ਵੀ ਸ਼੍ਰੋਮਣੀ ਕਮੇਟੀ ਵੱਲੋਂ ਬਕਾਇਦਾ ਪ੍ਰਮਾਣ ਪੱਤਰ ਨਿਰਮਾਤਾ ਨੂੰ ਦਿੱਤਾ ਸੀ। ਪਰ ਹੁਣ ਅਚਾਨਕ ਹੀ ਇਸ ਫਿਲਮ ਨੂੰ ਲੈ ਕੇ ਸਿੱਖ ਕੌਮ ਦੇ ਇੱਕ ਹਿੱਸੇ ਵਿੱਚ ਬੜੀ ਬੇਚੈਨੀ ਹੈ ਤੇ ਉਹ ਇਸਦਾ ਵਿਰੋਧ ਵੀ ਕਰ ਰਹੇ ਹਨ ਤੇ ਪੰਜਾਬ ਅੰਦਰ ਸੜਕਾ ਤੇ ਆ ਕੇ ਮੁਜ਼ਾਹਰੇ ਕਰਦੇ ਹੋਏ ਆਪਣੇ ਰੋਹ ਦਾ ਪ੍ਰਗਟਾਵਾ ਕਰ ਰਹੇ ਹਨ। ਇਸੇ ਸਦਕਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਨੂੰ ਇਸ ਫਿਲਮ ਨੂੰ ਸਹਿਮਤ ਦੇਣ ਦੇ ਵਾਅਦੇ ਨੂੰ ਵਾਪਸ ਲੈਣਾ ਪਿਆ ਹੈ ਤੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਫਿਲਮ ਨੂੰ ਰੋਕਣ ਲਈ ਹੁਕਮਨਾਮਾ ਜਾਰੀ ਕਰਨਾ ਪਿਆ ਹੈ। ਫਿਲਮ ਦੇ ਨਿਰਮਾਤਾ ਦੇ ਦੱਸਣ ਮੁਤਾਬਕ ਤੇ ਜਨਤਕ ਰੂਪ ਵਿੱਚ ਵੀ ਇਹ ਸਾਹਮਣੇ ਆਇਆ ਹੈ ਕਿ ਫਿਲਮ ਦੀ ਹਮਾਇਤ ਵਿੱਚ ਸਤਿਕਾਰਯੋਗ ਸਿੱਖ ਵਿਦਵਾਨ ਭਾਈ ਨਿਰਮਲ ਸਿੰਘ (ਹਜ਼ੂਰੀ ਰਾਗੀ ਦਰਬਾਰ ਸਾਹਿਬ) ਸਾਹਮਣੇ ਆਏ ਹਨ। ਪਰ ਇਸ ਵਿਵਾਦ ਤੋਂ ਬਾਅਦ ਕੋਈ ਨਾਮੀ ਸਿੱਖ ਬੁਧੀਜੀਵੀ ਇਸ ਵਿਵਾਦ ਵਿੱਚ ਸ਼ਾਮਿਲ ਨਹੀਂ ਹੋਇਆ। ਨਿਰਮਾਤਾ ਜੋ ਆਪ ਪੂਰਨ ਗੁਰਸਿੱਖ ਹੈ ਦੇ ਅਨੁਸਾਰ ਉਸਦਾ ਉਦੇਸ਼ ਸਿਰਫ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਦੁਨੀਆਂ ਦੇ ਹਰ ਕੋਨੇ ਤੱਕ ਪਹੁੰਚਾਇਆ ਜਾਵੇ। ਸਿੱਖ ਕੌਮ ਜੋ ਲੰਮੇ ਅਰਸੇ ਤੋਂ ਆਪਣੇ ਵਿਚਾਰਾਂ ਦੀ ਸੋਚ ਦੀ ਅਜਾਦੀ ਦੇ ਪ੍ਰਗਟਾਵੇ ਲਈ ਜੱਦੋਜਹਿਦ ਕਰ ਰਹੀ ਹੈ ਤੇ ਇਸ ਪ੍ਰਗਟਾਵੇ ਨੂੰ ਸੰਪੂਰਨ ਕਰਨ ਲਈ ਭਾਰਤੀ ਉੱਚ ਨਿਆਤੀਸ ਦਾ ਵੀ ਸਹਾਰਾ ਲੈ ਚੁੱਕੀ ਹੈ ਤਾਂ ਜੋ ਵਿਚਾਰਾਂ ਦਾ ਇਹ ਪ੍ਰਗਟਾਵਾ ਅਜ਼ਾਦ ਰਹਿ ਸਕੇ। ਅੱਜ ਇਸੇ ਸਿੱਖ ਕੋਮ ਦੇ ਕੁਝ ਹਿੱਸੇ ਵੱਲੋਂ ਜੋ ਆਪ ਵਿਚਾਰਾਂ ਦੀ ਅਜ਼ਾਦੀ ਦੇ ਮੁਦੱਈ ਹਨ। ਇਸ ਫਿਲਮ ਦੇ ਪ੍ਰਗਟਾਵੇ ਖਿਲਾਫ ਸੜਕਾਂ ਉਤੇ ਉਤਰਨ ਇਥੋਂ ਤੱਕ ਕਿ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋ ਜਾਣਾ ਇੱਕ ਗੰਭੀਰ ਸੋਚ ਵਿਚਾਰ ਦੀ ਮੰਗ ਕਰਦਾ ਹੈ। ਇਸ ਕਰਕੇ ਹੋਰ ਵੀ ਮਹੱਤਵ ਰੱਖਦਾ ਹੈ ਕਿ ਜਦੋਂ ਸਿੱਖ ਕੌਮ ਅੰਦਰ ਜਨਤਕ ਰੂਪ ਵਿੱਚ ਸਿੱਖ ਗੁਰੂ ਸਾਹਿਬ ਦੇ ਕਾਲਪਨਿਕ ਚਿਤਰ ਘਰਾਂ ਵਿੱਚ ਸ਼ੁਸੋਬਿਤ ਹਨ ਤੇ ਸਿੱਖ ਧਰਮ ਅੰਦਰ ਇਸਦੀ ਮਨਾਹੀ ਹੈ ਤੇ ਇਸਦੀ ਪ੍ਰਵਾਹ ਕੋਈ ਵੀ ਨਹੀਂ ਕਰਦਾ ਤੇ ਇਹ ਚਿੱਤਰ ਹਰ ਜਗਾ ਤੇ ਮੌਜੂਦ ਹਨ ਤੇ ਇਸਤੋਂ ਪਹਿਲਾਂ ਸਿੱਖ ਕੌਮ ‘ਚਾਰ ਸਾਹਿਬਜ਼ਾਦੇ’ ਫਿਲਮ ਨੂੰ ਭਰਪੂਰ ਹੁੰਗਾਰਾ ਵੀ ਦੇ ਚੁੱਕੀ ਹੈ। ਪਰ ਇਸ ਫਿਲਮ ਸਬੰਧੀ ਇੰਨੇ ਤਿੱਖੇ ਵਿਰੋਧੀ ਸੁਰ ਹੋਣੇ ਅੱਜ ਵਿਸਾਖੀ ਸਮੇਂ ਮੁੱਖ ਚਿੰਤਾ ਦਾ ਵਿਸ਼ਾ ਹੈ। ਵਿਸਾਖੀ ਸਮੇਂ ਵਾਪਰੇ ਅਜਿਹੇ ਅਣਸੁਖਵੇਂ ਵਿਵਾਦਾਂ ਦਾ ਮੁੱਖ ਰੂਪ ਨਿਚੋੜ ਸਾਹਮਣੇ ਇਹ ਆਇਆ ਹੈ ਕਿ ਅਜਿਹੇ ਵਿਵਾਦਾਂ ਨੇ ਮੁੱਢ ਤੋਂ ਹੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਸਾਹਿਬਾਨ ਦੀ ਮਹੱਤਤਾ, ਮਾਣ-ਸਤਿਕਾਰਤਾ, ਅਗਵਾਈ ਵਿਚਲੀ ਭਰੋਸੇਯੋਗਤਾ ਤੇ ਅਹਿਮ ਪ੍ਰਸ਼ਨ ਚਿੰਨ ਲਗਾ ਦਿਤੇ ਹਨ। ਇਸੇ ਤਰਾਂ ਐਸ.ਜੀ.ਪੀ.ਸੀ. ਵਰਗੀ ਮਹਾਨ ਸੰਸਥਾ ਵੀ ਵੱਡੇ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ।