ਇਥੇ ਇਕ ਬਜ਼ੁਰਗ ਪੰਜਾਬੀ ਜੋ ਲਹਿੰਦੇ ਪੰਜਾਬ ਦਾ ਵਸਨੀਕ ਹੈ ਉਸਨੇ ੧੯੯੦ ਵਿਚ ਚੜਦੇ ਪੰਜਾਬ ਦੇ ਸਿਖ ਨੌਜਵਾਨਾਂ ਬਾਰੇ ਅਰਥਪੂਰਵਿਕ ਟਿੱਪਣੀ ਕੀਤੀ ਸੀ ਕਿ:

“ਦੱਸੋ ਲੋਕੋ ਪੁੱਤ ਪੰਜਾਬ ਦੇ ਕਿਹੜੇ ਪਾਸੇ ਜਾਵਣ,
ਗੁੰਮ ਸੁੰਮ ਦੇ ਵਿਚ ਜੀਵਣ ਜਾਂ ਜੀਉਂਦੇ ਮਰ ਜਾਵਣ”

ਇਹ ਉਹ ਸਮਾਂ ਸੀ ਜਦੋਂ ਪੰਜਾਬ ਵਿੱਚ ਸਿੱਖ ਨੌਜਵਾਨ ਆਪਣੀ ਕੌਮੀਅਤ ਲਈ ਭਾਰਤ ਦੀ ਜ਼ਮਹੂਰੀਅਤ ਤੋਂ ਮਨੁੱਖੀ ਕਦਰਾਂ ਕੀਮਤਾਂ ਲਈ ਲੰਮੇਂ ਸਮੇਂ ਤੋਂ ਚੱਲੇ ਆ ਰਹੇ ਸਿੱਖ ਸੰਘਰਸ਼ ਅਧੀਨ ਸੰਘਰਸ਼ ਕਰ ਰਹੇ ਸਨ। ਇਸੇ ਸੰਘਰਸ਼ ਵਿਚੋਂ ਇਕ ਸੂਝਵਾਨ ਸਿੱਖ ਨੌਜਵਾਨ ਦਵਿੰਦਰ ਪਾਲ ਸਿੰਘ ਭੁੱਲਰ ਜੋ ਉਸ ਸਮੇਂ ਆਪਣੀ ਇੰਜਨਿਅਰੀਂਗ ਦੀ ਡਿਗਰੀ ਕਰ ਕਾਲਜ ਵਿੱਚ ਪ੍ਰੋਫਸ਼ਰ ਲੱਗਿਆ ਹੋਇਆ ਸੀ ਅਤੇ ਗੌਰਵਮਈ ਸਿੱਖ ਇਤਿਹਾਸ ਤੋਂ ਪ੍ਰੇਰਿਤ ਸਿੱਖ ਸੰਘਰਸ਼ ਪ੍ਰਤੀ ਹਮਦਰਦੀ ਰੱਖਦਾ ਸੀ। ਇਸੇ ਹਮਦਰਦੀ ਕਰਕੇ ਉਸ ਦਾ ਲਗਾਅ ਕੌਮੀ ਸੰਘਰਸ਼ ਵਿਚ ਵਿਚਰ ਰਹੇ ਸਿੱਖ ਨੌਜਵਾਨਾਂ ਨਾਲ ਹੋਣਾ ਸੁਭਾਵਿਕ ਹੀ ਸੀ ਅਤੇ ਉਹ ਵੀ ਚਾਹੁੰਦਾ ਸੀ ਕਿ ਮਨੁੱਖੀ ਕਦਰਾਂ ਕੀਮਤਾਂ ਦੇ ਹੱਕ ਸਿੱਖ ਕੌਮ ਨੂੰ ਵੀ ਮਿਲਣੇ ਚਾਹੀਦੇ ਹਨ ਅਤੇ ਸਿੱਖ ਨੌਜਵਾਨਾਂ ਦਾ ਪੰਜਾਬ ਵਿੱਚ ਹੋ ਰਿਹਾ ਘਾਣ ਬੰਦ ਹੋਣਾ ਚਾਹੀਦਾ ਹੈ। ਇਹ ਉਹ ਸਮਾਂ ਸੀ ਜਦ ਭਾਰਤ ਦੀ ਫੌਜ ਵੱਲੋਂ ਸਿੱਖਾਂ ਦਾ ਪਵਿੱਤਰ ਅਸਥਾਨ ਹਰਿਮੰਦਰ ਸਾਹਿਬ ਢਾਹ ਦਿੱਤਾ ਗਿਆ ਸੀ ਅਤੇ ਅਕਾਲ ਤਖਤ ਸਾਹਿਬ ਨੂੰ ਟੈਂਕਾਂ ਦੇ ਗੋਲਿਆਂ ਨਾਲ ਖਿਲਾਰ ਦਿੱਤਾ ਸੀ। ਇਹ ਹਰਿਮੰਦਰ ਸਾਹਿਬ ਉਹ ਅਸਥਾਨ ਹੈ ਜਿਸ ਬਾਰੇ ਜਦੋਂ ਇੰਗਲੈਂਡ ਦਾ ਸਹਿਜਾਦਾ ਚਾਰਲਸ਼ ੧੯੮੦ ਵਿਚ ਦਰਸ਼ਨ ਕਰਨ ਲਈ ਆਇਆ ਤਾਂ ਉਸਨੇ ਆਖਿਆ ਸੀ ਕਿ ਹਰਿਮੰਦਰ ਸਾਹਿਬ ਇਕ ਅਜਿਹਾ ਅਸਥਾਨ ਹੈ ਜੋ ਹਰ ਪੱਖੋਂ ਜਿਉਂਦਾ ਜਾਗਦਾ ਹੈ ਅਤੇ ਇੱਥੇ ਹਰ ਨਜ਼ਰ ਵਿੱਚ ਰੌਸ਼ਨੀ ਹੈ ਭਾਵੇਂ ਇਹ ਜਿਉਂਦੇ ਜਾਗਦੇ ਅਸਥਾਨ ਨੂੰ ਹਨੇਰਿਆਂ ਵਿਚ ਬਦਲ ਦਿੱਤਾ ਗਿਆ ਪਰ ਇਸਦੀ ਹਰ ਨਜ਼ਰ ਵਿੱਚ ਰੌਸ਼ਨੀ ਦੀ ਨਜ਼ਰ ਨੇ ਸਿੱਖ ਨੌਜਵਾਨ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਨੂੰ ਹੋਰ ਹਜ਼ਾਰਾਂ ਗੈਰਤਮੰਦ ਸਿੱਖ ਨੌਜਵਾਨਾਂ ਵਾਂਗ ਕੌਮੀਅਤ ਲਈ ਸੰਘਰਸ਼ਮਈ ਹੋਣ ਲਈ ਜਗਾਇਆ।

ਅੱਜ ਤਕਰੀਬਨ ਪਿਛਲੇ ੨੦ ਸਾਲਾਂ ਤੋਂ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਇਸੇ ਸ਼ੰਘਰਸ਼ ਪ੍ਰਤੀ ਸੰਘਰਸ਼ਮਈ ਹੋਣ ਸਦਕਾ ਭਾਰਤ ਦੀ ਤਿਹਾਰ ਜੇਹਲ ਦੀ ਕਾਲ ਕੋਠੜੀ ਵਿੱਚ ਬੰਦ ਹੈ ਅਤੇ ਪਿਛਲੇ ੧੨ ਸਾਲਾਂ ਤੋਂ ਫਾਂਸੀ ਦੀ ਸਜ਼ਾ ਹੋਣ ਕਰਕੇ ਉਸਦੇ ਅੰਜ਼ਾਮ ਦੀ ਉਡੀਕ ਕਰ ਰਿਹਾ ਹੈ। ਭਾਵੇਂ ਕਿ ਜਿਸ ਮੁੱਕਦਮੇਂ ਵਿੱਚ ਉਸ ਨੂੰ ਫਾਂਸੀ ਦੇਣ ਦੇ ਹੁਕਮ ਭਾਰਤੀ ਨਿਆਂ ਪ੍ਰਣਾਲੀ ਵੱਲੋਂ ਹੋਏ ਹਨ, ਉਸ ਹੁਕਮ ਬਾਰੇ ਪੁਖਤਾ ਸਬੂਤ ਹਨ ਕਿ ਇਹ ਹੁਕਮ ਨਿਆਂ ਅਤੇ ਇਨਸਾਫ਼ ਤੋਂ ਕੋਹਾਂ ਮੀਲਾਂ ਦੂਰ ਹੈ। ਇਥੋਂ ਤੱਕ ਕਿ ਜਿਸ ਤਿੰਨ ਜੱਜਾਂ ਦੇ ਪੈਨਲ ਨੇ ਪ੍ਰੋ.ਦਵਿੰਦਰ ਪਾਲ ਸਿੰਘ ਭੁੱਲਰ ਨੂੰ ਮੌਤ ਦੀ ਸ਼ਜਾ ਸੁਣਾਈ ਉਹਨਾਂ ਵਿਚੋਂ ਇਕ ਜੱਜ ਨੇ ਉਸਨੂੰ ਸਾਫ਼ ਬਾਇੱਜਤ ਬਰੀ ਕਰਨ ਲਈ ਲਿਖਿਆ ਸੀ ਪਰ ਦੂਜੇ ਦੋ ਜੱਜਾਂ ਨੇ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਨੂੰ ਫਾਂਸੀ ਦੀ ਸ਼ਜਾ ਦਾ ਹੁਕਮ ਦਿੱਤਾ ਸੀ। ਪਰ ਉਹਨਾਂ ਦੋਵੇਂ ਜੱਜਾਂ ਨੇ ਇਹ ਹੁਕਮ ਵਿੱਚ ਲਿਖਿਆ ਸੀ ਜਦੋਂ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਦੀ ਅਰਜ਼ੀ ਸਜ਼ਾ ਤੇ ਮੁੜ ਗੌਰ ਕਰਨ ਲਈ ਭਾਰਤ ਦੇ ਰਾਸ਼ਟਰਪਤੀ ਕੋਲ ਜਾਵੇਗੀ ਤਾਂ ਰਾਸ਼ਟਰਪਤੀ ਉਸ ਜੱਜ ਜਿਸਨੇ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਨੂੰ ਬਰੀ ਕਰਨ ਬਾਰੇ ਕਿਹਾ ਹੈ ਦੀ ਰਾਇ ਜਰੂਰੀ ਲਈ ਜਾਵੇ ਕਿਸੇ ਫੈਸਲੇ ਤੇ ਪੰਹੁਚਣ ਤੋਂ ਪਹਿਲਾਂ। ਪਰ ਜਿਸ ਤਰਾਂ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਨੂੰ ਨਿਆਂ ਪ੍ਰਣਾਲੀ ਵਿੱਚ ਨਿਆਂ ਨਸੀਬ ਨਾ ਮਿਲਿਆ ਅਤੇ ੧੧ ਸਾਲ ਦੇ ਅਰਸੇ ਬਾਅਦ ਜੱਜ ਦੀ ਰਾਇ ਲੈਣ ਤੋਂ ਬਿਨਾਂ ਅਤੇ ਇਨੇਂ ਲੰਮੇ ਸਮੇਂ ਦੀ ਮੌਤ ਦੀ ਉਡੀਕ ਕਰਕੇ ਅਤੇ ਕਾਲ ਕੋਠੜੀਆਂ ਦੇ ਹਨੇਰਿਆਂ ਕਰਕੇ ਸਿਹਤ ਬਿਮਾਰ ਹੋ ਗਈ ਜਿਸਦੀ ਪੁਸ਼ਟੀ ਸਰਕਾਰੀ ਡਾਕਟਰਾਂ ਦੇ ਇਕ ਪੈਨਲ ਨੇ ਵੀ ਹੁਣ ਕਰ ਦਿੱਤੀ ਹੈ, ਦੀ ਵੀ ਰਾਸ਼ਟਰਪਤੀ ਨੇ ਗੌਰ ਕੀਤੇ ਬਿਨਾਂ ਫਾਂਸੀ ਦੇਣ ਦੇ ਹੁਕਮ ਕਰ ਦਿੱਤੇ। ਇਸਦੇ ਖਿਲਾਫ ਦੁਬਾਰਾ ਵਿਚਾਰ ਕਰਨ ਲਈ ਜਦੋਂ ਇਸ ਅਨ ਦੇਖੇ ਪੱਖ ਨੂੰ ਵੀ ਵਿਚਾਰ ਕਰਨ ਲਈ ਕਚਿਹਰੀ ਦਾ ਦਰਵਾਜ਼ਾ ਖੜਕਾਇਆ ਤਾਂ ਕੋਰਾ ਜੁਆਬ ਨਸੀਬ ਹੋਇਆ। ਭਾਵੇਂ ਕਿ ਇਸ ਤਰਾਂ ਦੇ ਆਧਾਰ ਤੇ ਹੋਰ ਭਾਰਤੀ ਫਾਂਸੀ ਦੀ ਸਜ਼ਾ ਵਾਲਿਆਂ ਨੂੰ ਜਰੂਰ ਰਾਹਤ ਦਿੱਤੀ ਗਈ ਹੈ ਪਰ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਨੂੰ ਨਹੀਂ ਅਤੇ ਆਪਣੇ ੧੪ ਅਗਸਤ ਦੇ ਤਾਜ਼ਾ ਫੈਸਲੇ ਵਿਚ ਅਰਜ਼ੀ ਨੂੰ ਵਿਚਾਰਨ ਤੋਂ ਨਾਂਹ ਕਰਦਿਆਂ ਭਾਰਤੀ ਉੱਚ ਕਚਿਹਰੀ ਨੇ ਇੱਕ ਗੈਰਤਮੰਦ ਅਤੇ ਸੂਝਵਾਨ ਗੁਰਸਿੱਖ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਜੋ ਕਿ ਇਸ ਵਕਤ ਸਰੀਰਿਕ ਤੌਰ ਤੇ ਕਾਫੀ ਬੀਮਾਰ ਹੈ ਨੂੰ ਫਾਂਸੀ ਤੇ ਚੜਾਉਣ ਲਈ ਰਾਹ ਹੋਰ ਨੇੜੇ ਕਰ ਦਿੱਤਾ ਹੈ। ਇਸ ਕਰਕੇ ਕੁਝ ਦਿਨ ਪਹਿਲਾਂ ਮਨੁੱਖੀ ਅਧਿਕਾਰਾਂ ਦੀ ਅੰਤਰ ਰਾਸਟਰੀ ਸੰਸਥਾ Amnesty International ਨੇ ਦੁਨੀਆਂ ਭਰ ਦੇ ਨਿਆਂ ਅਤੇ ਅਮਨ ਪੰਸਦ ਲੋਕਾਂ ਨੂੰ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਮਨੁੱਖੀ ਕਦਰਾਂ ਕੀਮਤਾਂ ਦੇ ਹੋਣ ਜਾ ਰਹੇ ਘਾਣ ਨੂੰ ਰੋਕਣ ਲਈ ਜ਼ੋਰਦਾਰ ਆਵਾਜ਼ ਉਠਾਈ ਜਾਵੇ ਤਾਂ ਜੋ ਇਕ ਬੇਦੋਸ਼ ਸਿੱਖ ਨੂੰ ਫਾਂਸੀ ਤੋਂ ਬਚਾਇਆ ਜਾ ਸਕੇ।

ਇਸ ਲਈ ਸਿੱਖ ਭਾਈਚਾਰਾ ਪੂਰੇ ਸੂਝ ਬੂਝ ਨਾਲ ਮੁਜ਼ਾਹਰੇ ਕਰਨ ਦੀ ਥਾਂ ਰਲ ਕੇ ਸਿੱਖਾਂ ਦੀ ਇਸ ਵਕਤ ਪੰਜਾਬ ਵਿੱਚ ਰਹਿਨੁਮਾਈ ਕਰ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਅਪੀਲ ਕਰਨ ਕਿ ਮਨੁੱਖੀ ਅਮਨ ਸ਼ਾਂਤੀ ਅਤੇ ਨਿਆਂ ਲਈ ਸਿੱਖ ਦੀ ਜਾਨ ਬਚਾਉਣ ਲਈ ਅਸਰਦਾਇਕ ਤਰੀਕੇ ਨਾਲ ਉਪਰਾਲਾ ਕਰਨ। ਸਿੰਘ ਸਾਹਿਬਾਨ ਅਤੇ ਹੋਰ ਤਖਤਾਂ ਦੇ ਜਥੇਦਾਰ ਸਾਹਿਬਾਨ, ਦਮਦਮੀ ਟਕਸਾਲ ਦੇ ਮੁਖੀ ਸਾਹਿਬਾਨ ਨੂੰ ਵੀ ਵੱਖਰੇ ਤੌਰ ਤੇ ਅਪੀਲ ਕੀਤੀ ਜਾਵੇ ਕਿ ਉਹ ਰਲਕੇ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਕਹਿਣ ਕਿ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਕਰਵਾਈ ਜਾਵੇ। ਅੱਜ ਤੱਕ ਇਹ ਸ਼ਾਇਦ ਹੀ ਕਦੇ ਹੋਇਆ ਹੋਵੇ ਕਿ ਜੱਜਾਂ ਦੀ ਸਜ਼ਾ ਪ੍ਰਤੀ ਪੂਰੀ ਸਹਿਮਤੀ (unanimous decision) ਤੋਂ ਬਗੈਰ ਕਿਸੇ ਨੂੰ ਫਾਂਸੀ ਲਾਈ ਗਈ ਹੋਵੇ ਜਾਂ ਸਜ਼ਾ ਦਿੱਤੀ ਗਈ ਹੋਵੇ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਭੁੱਲਰ ਪਰਿਵਾਰ ਨੇ ਭਾਰਤ ਦੇ ਆਜ਼ਾਦੀ ਦੇ ਸੰਘਰਸ਼ ਵਿੱਚ ਵੀ ਬਣਦਾ ਹਿੱਸਾ ਪਾਇਆ ਸੀ। ਇਸੇ ਆਜ਼ਾਦ ਭਾਰਤ ਦੀ ਸਰਕਾਰ ਵਿਚ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਦੇ ਸੰਘਰਸ਼ਮਈ ਹੋਣ ਕਰਕੇ ਇਹਨਾਂ ਦੇ ਸਤਿਕਾਰਯੋਗ ਪਿਤਾ ਜੀ ਅਤੇ ਮਾਸੜ ਜੀ ਜੋ ੧੯੯੦ ਦੇ ਸ਼ੁਰੂ ਵਿਚ ਪੰਜਾਬ ਸਰਕਾਰ ਦੇ ਮੁਲਾਜ਼ਮ ਸਨ ਨੂੰ ਵੀ ਪੰਜਾਬ ਪੁਲੀਸ ਵਲੋਂ ਸਾਰੇ ਪਿੰਡ ਦੇ ਸਾਹਮਣੇ ਚੁੱਕ ਲਿਆ ਗਿਆ ਸੀ ਅਤੇ ਅੱਜ ਤੱਕ ਉਹ ਲੱਭੇ ਨਹੀਂ ਅਤੇ ਹੋਰ ਵੀ ਪ੍ਰੋ. ਭੁੱਲਰ ਦੇ ਰਿਸ਼ਤੇਦਾਰਾਂ ਨੂੰ ਸਰਕਾਰੀ ਕਹਿਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਇਕ ਹੱਸਦਾ-ਵਸਦਾ ਸਿੱਖ ਪਰਿਵਾਰ ਸਿੱਖਾਂ ਦੇ ਕੁਰਬਾਨੀਆਂ ਭਰੇ ਇਤਿਹਾਸ ਦਾ ਹਿੱਸਾ ਬਣ ਗਿਆ ਹੈ।