ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੀ ਕਲਾ ਵਰਤਾ ਕੇ ਦ੍ਰਿੜ ਇਰਾਦੇ ਨਾਲ ਸੰਘਰਸ਼ ਕਰ ਰਹੇ ਖਾਲਸਾ ਜੀ ਦੀ ਝੋਲੀ ਵਿੱਚ ਜਿੱਤ ਪਾ ਦਿੱਤੀ ਹੈ। ਗੁਰੂ ਮਹਾਰਾਜ ਦਾ ਨਾਅ ਲੈਕੇ ਸੰਘਰਸ਼ ਸ਼ੁਰੂ ਕਰਨ ਵਾਲੇ ਨਾਨਕ ਨਾਮ ਲੇਵਾ ਨੂੰ ਉਹ ਦਿਨ ਦੇਖਣਾਂ ਨਸੀਬ ਹੋ ਗਿਆ ਹੈ ਜਿਸ ਦਿਨ ਸਿਆਸਤ ਦੇ ਨਸ਼ੇ ਵਿੱਚ ਮਗਰੂਰ ਰਾਜਨੇਤਾਵਾਂ ਨੂੰ ਵੀ ਸੰਗਤ ਦੀ ਰਜ਼ਾ ਅੱਗੇ ਸਿਰ ਝੁਕਾਉਣਾਂ ਪਿਆ। ਇਹ ਖਾਲਸਾ ਜੀ ਦੀ ਮਾਸੂਮ ਤਪੱਸਿਆ ਦਾ ਫਲ ਹੈ। ਪਿਛਲੇ ਇੱਕ ਸਾਲ ਤੋਂ ਰੱਬ ਨੂੰ ਪਿਆਰ ਕਰਨ ਵਾਲੇ ਬੰਦੇ ਕਿਸੇ ਪਵਿੱਤਰ ਕਾਜ਼ ਨੂੰ ਪਰਣਾਕੇ ਸੰਘਰਸ਼ ਦੇ ਮੈਦਾਨ ਵਿੱਚ ਕੁੱਦੇ ਹੋਏ ਸਨ। ਉਨ੍ਹਾਂ ਦਾ ਕਾਜ਼ ਪਵਿੱਤਰ ਸੀ,ਉਨ੍ਹਾਂ ਦੀ ਰੂਹ ਪਾਕ ਸੀ, ਉਨ੍ਹਾਂ ਦੀ ਨੀਅਤ ਸਾਫ ਸੀ। ਬੇਸ਼ੱਕ ਗੁਰੂ ਸਾਹਿਬ ਨੇ ਇਸ ਜਿੱਤ ਲਈ ਇੱਕ ਸਾਲ ਦਾ ਸਮਾਂ ਲੰਘਾਇਆ ਪਰ ਇਹ ਵੀ ਰੱਬ ਨੂੰ ਪਿਆਰ ਕਰਨ ਵਾਲਿਆਂ ਦੀ ਗੰਭੀਰ ਪਰਖ ਸੀ। ਕਲਗੀਆਂ ਵਾਲੇ ਪਾਤਸ਼ਾਹ ਸ਼ਾਇਦ ਆਪਣੇ ਖਾਲਸੇ ਦਾ ਇਮਤਿਹਾਨ ਲੈ ਰਹੇ ਸਨ। ਕਿ ਕਿਤੇ ਮੇਰੇ ਬੱਚਿਆਂ ਦੇ ਮਨ ਮਸਤਕ ਵਿੱਚੋਂ ਵਕਤ ਦੇ ਵਜੀਦਆਂ ਨੂੰ ਵੰਗਾਰਨ ਦਾ ਜਜਬਾ ਮੱਠਾ ਤਾਂ ਨਹੀ ਪੈ ਗਿਆ?
ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਪਾਤਰ ਕਿਸਾਨਾਂ ਨੇ ਠੰਢੀਆਂ ਰਾਤਾਂ ਅਤੇ ਤਿੱਖੜ ਦੁਪਹਿਰਿਆਂ ਦੀ ਮਾਰ ਝੱਲਕੇ ਇਹ ਸਿੱਧ ਕੀਤਾ ਕਿ ਉਹ ਹਾਲੇ ਵੀ ਗੁਰੂ ਪਾਤਸ਼ਾਹ ਦੇ ਜਜਬੇ ਨਾਲ ਭਰਪੂਰ ਹਨ। ਬਹੁਤ ਮੌਕੇ ਆਏ ਜਦੋਂ ਹਾਕਮਾਂ ਨੇ ਅਤੇ ਕੁਝ ਸੰਘਰਸ਼ੀ ਧਿਰਾਂ ਨੇ ਵੀ ਗੁਰੂ ਖਾਲਸਾ ਦੇ ਸਬਰ ਨੂੰ ਪਰਖਣ ਦਾ ਯਤਨ ਕੀਤਾ, ਪਰ ਕਿਤੇ ਵੀ ਖਾਲਸਾ ਆਪਣੇ ਗੁਰੂ ਦੀ ਵਿਰਾਸਤ ਤੋਂ ਨਾ ਦੂਰ ਹੋਇਆ ਅਤੇ ਨਾ ਵਿਰਵਾ ਹੋਇਆ। ਸਗੋਂ ਇਸਨੇ ਤਾਂ ਆਪਣੇ ਕਿਰਦਾਰ ਦੀ ਬੁਲੰਦੀ ਨਾਲ ਹੋਰਨਾ ਧਰਮਾਂ ਦੇ ਲੋਕਾਂ ਨੂੰ ਵੀ ਆਪਣੀ ਆਗੋਸ਼ ਵਿੱਚ ਲੈ ਲਿਆ। ਕਿਸਾਨ ਮੋਰਚੇ ਦੌਰਾਨ ਖਾਲਸਾ ਜੀ ਦਾ ਪਾਕ ਪਵਿੱਤਰ ਕਿਰਦਾਰ ਇਲਾਹੀ ਨਾਦ ਵਾਂਗ ਗੂੰਜਦਾ ਰਿਹਾ। ਉਹ ਸੇਵਾ ਵਿੱਚ ਵੀ ਲੀਨ ਰਿਹਾ, ਉਹ ਸਿਮਰਨ ਵਿੱਚ ਵੀ ਲੀਨ ਰਿਹਾ ਅਤੇ ਉਹ ਵਕਤ ਬ ਵਕਤ ਇਸਦੇ ਦਿੱਸਹੱਦਿਆਂ ਤੇ ਚੜ੍ਹਕੇ ਆਈਆਂ ਜੁਲਮ ਦੀਆਂ ਹਨੇਰੀਆਂ ਸਾਹਮਣੇ ਵੀ ਸਹਿਜ ਨਾਲ ਡਟਿਆ ਰਿਹਾ।
ਰਹੀ ਗੱਲ ਸੱਤਾਧਾਰੀਆਂ ਦੇ ਸਿਰ ਝੁਕਾ ਦੇਣ ਦੀ। ਭਾਵੇਂ ਦੁਨਿਆਵੀ ਬੁੱਧੀ ਅਨੁਸਾਰ ਕੁਝ ਵੀ ਕਹਿ ਲਿਆ ਜਾਵੇ। ਅਤੇ ਦਿਨ ਰਾਤ ਸ਼ਬਦਾਂ ਦੀ ਵੇਸਵਾਗਮਨੀ ਕਰਨ ਵਾਲੇ (ਪੱਤਰਕਾਰ) ਇਸ ਫੈਸਲੇ ਬਾਰੇ ਬਹੁਤ ਦੱਕਿਆਨੂਸੀ ਕਾਰਨ ਗਿਣਾਂ ਰਹੇ ਹਨ। ਪਰ ਉਹ ਆਪਣੀਆਂ ਸਾਰੀਆਂ ਸਿਆਣਪਾਂ ਦੇ ਬਾਵਜੂਦ ਵੀ, ਉਸ ਥਾਂ ਨਹੀ ਪਹੁੰਚ ਪਾ ਰਹੇ ਜਿੱਥੇ ਗੁਰੂ ਨਾਨਕ ਸਾਹਿਬ ਦਾ ਅਨਹਦ ਨਾਦ ਗੂੰਜ ਰਿਹਾ ਹੈ। ਕਿਸੇ ਸੱਤਾਧਾਰੀ ਦਾ ਗੁਰੂ ਬਾਬਾ ਜੀ ਦੇ ਪਰਕਾਸ਼ ਪੁਰਬ ਉੱਤੇ ਏਨਾ ਨਿਮਰ ਹੋ ਜਾਣਾਂ, ਇਹ ਕੋਈ ਛੋਟੀ ਗੱਲ ਨਹੀ ਹੈ। ਇਹ ਗੁਰੂ ਸਾਹਿਬ ਦੀ ਕਲਾ ਵਰਤਣ ਤੋਂ ਬਿਨਾ ਸੰਭਵ ਨਹੀ ਹੋ ਸਕਦਾ। ਉਹ ਸੱਤਾਧਾਰੀ ਜਿਸਨੇ ਇੱਕ ਸਾਲ ਤੱਕ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਕਦੇ ਗੌਲਿਆ ਹੀ ਨਹੀ ਸੀ। ਇੱਕਦਮ ਉਹ ਗੁਰੂ ਨਾਨਕ ਸਾਹਿਬ ਦੇ ਪਰਕਾਸ਼ ਪੁਰਬ ਉੱਤੇ ਬਿਲਕੁਲ ਪਾਸਾ ਪਲਟ ਕੇ ਸਭ ਕੁਝ ਮੰਨਣ ਦਾ ਐਲਾਨ ਕਰ ਦੇਵੇ, ਇਹ ਕਿਸੇ ਚਮਤਕਾਰ ਤੋਂ ਘੱਟ ਨਹੀ ਹੈ। ਉਸ ਵੇਲੇ ਜਦੋਂ ਦੇਸ਼ ਵਿੱਚ ਚੱਲੇ ਸੰਘਰਸ਼ਾਂ ਦੇ ਇਤਿਹਾਸਕਾਰ ਇਹ ਟਿੱਪਣੀਆਂ ਕਰ ਰਹੇ ਸਨ ਕਿ ਵਰਤਮਾਨ ਸਰਕਾਰ ਦਾ ਮਾਨਸਕ ਅਤੇ ਰਾਜਨੀਤਿਕ ਢਾਂਚਾ ਪਿਛਲੀਆਂ ਸਾਰੀਆਂ ਸਰਕਾਰਾਂ ਨਾਲੋਂ ਵੱਖਰਾ ਹੀ ਨਹੀ ਬਲਕਿ ਮੂਲੋਂ ਹੀ ਉਲਟਾ ਹੈ ਤਾਂ ਉਸ ਵੇਲੇ ਅਜਿਹਾ ਵਾਪਰ ਜਾਣਾਂ ਕਿਸੇ ਰਹਿਮਤ ਤੋਂ ਘੱਟ ਨਹੀ ਹੈ।
ਦੱਖਣੀ ਏਸ਼ੀਆ ਦੀ ਸਥਿਤੀ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ। ਇਹ ਪਲ ਪਲ ਅਨਿਸਚਿਤ ਹੋ ਰਹੀ ਹੈ। ਹਰ ਨਵੇਂ ਦਿਨ ਦੱਖਣੀ ਏਸ਼ੀਆ ਕਿਸੇ ਨਵੀਂ ਚੁਣੌਤੀ ਦਾ ਸਾਹਮਣਾਂ ਕਰ ਰਿਹਾ ਹੁੰਦਾ ਹੈ। ਇਸ ਸਥਿਤੀ ਵਿੱਚ ਗੁਰੂ ਸਾਹਿਬ ਦੇ ਸਾਜੇ ਪੰਥ ਖਾਲਸੇ ਦੀ ਮਹਿਮਾ ਅਤੇ ਮਹੱਤਤਾ ਸਿਰਫ ਦੋਸਤਾਂ ਲਈ ਹੀ ਨਹੀ ਬਲਕਿ ਗੈਰਾਂ ਲਈ ਵੀ ਵਧਦੀ ਜਾ ਰਹੀ ਹੈ। ਇਹ ਕਲਾ ਗੁਰੂ ਸਾਹਿਬ ਦੀ ਹੀ ਵਰਤਾਈ ਹੋਈ ਹੈ। ਅਗਲੇ ਸਾਲਾਂ ਦੌਰਾਨ ਦੱਖਣੀ ਏਸ਼ੀਆ ਕਿਸ ਕਦਰ ਕਰਵਟ ਲੈਂਦਾ ਹੈ ਇਹ ਆਖਣਾਂ ਸੰਭਵ ਨਹੀ ਹੈ। ਇਸ ਸਥਿਤੀ ਵਿੱਚ ਗੁਰੂ ਦੇ ਸਿੱਖ ਹੋਣ ਦਾ ਮਹੱਤਵ ਵਧ ਰਿਹਾ ਹੈ। ਇਸ ਸਥਿਤੀ ਵਿੱਚ ਭਾਰਤ ਦੇ ਪਰਧਾਨ ਮੰਤਰੀ ਵੱਲੋਂ ਇੱਕ ਸਿਆਣੇ ਆਗੂ ਵੱਜੋਂ ਹਾਂਦਰੂ ਫੈਸਲਾ ਲੈਣਾਂ ਇੱਕ ਸਵਾਗਤਯੋਗ ਕਦਮ ਹੈ। ਕਈ ਵਾਰ ਤੁਸੀਂ ਕਿਸੇ ਛੋਟੀ ਜਿਹੀ ਅਬਾਦੀ ਨੂੰ ਵੀ ਅੱਖੋਂ ਓਹਲੇ ਨਹੀ ਕਰ ਸਕਦੇ ਹੁੰਦੇ। ਚਾਰੇ ਪਾਸਿਆਂ ਤੋਂ ਆਪਣੇ ਵਿਰੋਧੀਆਂ ਵਿੱਚ ਘਿਰੀ ਘੱਟ ਗਿਣਤੀ ਨੂੰ ਅਕਾਲ ਪੁਰਖ ਦੇ ਚਮਤਕਾਰ ਬਚਾਈ ਰੱਖਦੇ ਹਨ, ਬਸ਼ਰਤੇ ਕਿ ਉਸ ਘੱਟਗਿਣਤੀ ਦਾ ਆਪਣਾਂ ਨਿੱਜੀ ਕਿਰਦਾਰ ਬੁਲੰਦ ਹੋਵੇ।
ਕਿਸਾਨ ਮੋਰਚੇ ਵਿੱਚ ਗੁਰੂ ਸਾਹਿਬ ਵੱਲੋਂ ਬਖਸ਼ੀ ਫਤਹਿ ਕੁਝ ਇਸੇ ਪਾਸੇ ਇਸ਼ਾਰਾ ਕਰਦੀ ਹੈ।