ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ੧੨ਵੀਂ ਜਮਾਤ ਲਈ ਪਹਿਲੀ ਵਾਰ ਇਤਿਹਾਸ ਦੀ ਕਿਤਾਬ ਜੋ ੧੮੯ ਸਫਿਆਂ ਦੀ ਹੈ, ਬੋਰਡ ਵੱਲੋਂ ਆਪਣੇ ਵੱਲੋਂ ਹੀ ਤਹਿ ਕੀਤੇ ਪਾਠ-ਕ੍ਰਮ ਅਨੁਸਾਰ ਛਪਵਾਈ ਗਈ ਹੈ। ਪਿਛਲੇ ਕਾਫੀ ਦਿਨਾਂ ਤੋਂ ਇਸ ਕਿਤਾਬ ਦੇ ਪਾਠ ਕ੍ਰਮ ਬਾਰੇ ਵਿਵਾਦ ਚੱਲ ਰਿਹਾ ਹੈ। ਇਸ ਵਿਵਾਦ ਨੂੰ ਅਲੋਚਕ ਰੁੱਖ ਵੀ ਦਿੱਤਾ ਗਿਆ ਹੈ। ਖਾਸ ਕਰਕੇ ਪ੍ਰਮੁੱਖ ਵਿਰੋਧੀ ਸਿਆਸੀ ਪਾਰਟੀਆਂ (ਪੰਜਾਬ) ਵੱਲੋਂ ਇਸ ਮੁੱਦੇ ਤੇ ਕਾਫੀ ਰੌਲਾ ਰੱਪਾ ਪਾਇਆ ਜਾ ਰਿਹਾ ਹੈ। ਇਸ ਵਿਵਾਦ ਵਿੱਚ ਇਤਿਹਾਸ ਬਾਰੇ ਜਾਣਕਾਰੀ ਰੱਖਣ ਵਾਲੇ ਕਈ ਸਿੱਖ ਬੁੱਧੀ-ਜੀਵੀ ਵੀ ਸ਼ਾਮਿਲ ਹਨ। ਇਸ ਅਲੋਚਕ ਪੱਖ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧੀਨ ਚੱਲ ਰਹੀ ਗਿਆਰਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਬਾਰੇ ਵੀ ਅਲੋਚਕ ਰੁਖ ਖੜਾ ਹੋ ਚੁੱਕਿਆ ਹੈ ਜਦਕਿ ਇਹ ਕਿਤਾਬ ਅਜੇ ਛਪਵਾਈ ਅਧੀਨ ਹੀ ਹੈ। ਇਸ ਦੇ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ ਹੀ ਇਸ ਦੇ ਪਾਠ-ਕ੍ਰਮ ਬਾਰੇ ਵਿਵਾਦ ਸ਼ੁਰੂ ਹੋ ਚੁੱਕਿਆ ਹੈ। ਇਤਿਹਾਸ ਦੀਆਂ ਇੰਨਾਂ ਦੋਵਾਂ ਪੁਸਤਕਾਂ ਦੇ ਪਾਠ-ਕ੍ਰਮ ਵਿੱਚ ਕਿੰਨੇ ਅਧਿਆਏ ਹਨ, ਇਸ ਬਾਰੇ ਵੀ ਕਾਫੀ ਚਰਚਾ ਛਿੜੀ ਹੋਈ ਹੈ। ਇਸ ਵਿਸ਼ੇ ਨੂੰ ਅਖਬਾਰਾਂ ਤੇ ਮੀਡੀਆ ਵਿੱਚ ਵੀ ਕਾਫੀ ਪ੍ਰਚਾਰਿਆ ਜਾ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਹੁਣ ਸਿਰਮੌਰ ਸੰਸਥਾ ਤੋਂ ਸਿਮਟ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹੀ ਹਿੱਸਾ ਬਣ ਗਿਆ ਹੈ, ਨੇ ਇੰਨਾ ਪੁਸਤਕਾਂ ਬਾਰੇ ਇਹ ਵੀ ਕਹਿ ਦਿੱਤਾ ਕਿ ਜੂਨ ੮੪ ਦੇ ਹਮਲੇ ਵਾਂਗ ਹੀ, ਸਿੱਖ ਇਤਿਹਾਸ ਤੇ ਇਹ ਹਮਲਾ ਹੈ ਕਿਉਂਕਿ ਇੰਨਾ ਪੁਸਤਕਾਂ ਵਿਚੋਂ ਸਿੱਖ ਇਤਿਹਾਸ ਦੀ ਜਾਣਕਾਰੀ ਸਿਮਟ ਗਈ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸਿੱਖ ਬੁੱਧੀਜੀਵੀ ਵਿਦਵਾਨ ਜੋ ਮੁੱਖ ਅਲੋਚਕਾਂ ਦੇ ਰੂਪ ਵਿੱਚ ਸਾਹਮਣੇ ਆਏ ਹਨ, ਨੇ ਇਸ ਪੁਸਤਕ ਬਾਰੇ ਨਿੱਜੀ ਪ੍ਰਕਾਸ਼ਨ ਕੰਪਨੀਆਂ ਵੱਲੋਂ ਛਾਪੀਆਂ ਗਈਆਂ ਸਿੱਖ ਇਤਿਹਾਸ ਦੀਆਂ ਗਾਈਡਾਂ ਨੂੰ ਮੂਲ ਬਣਾ ਕਿ ਇਸ ਇਤਿਹਾਸ ਦੀ ਕਿਤਾਬ ਬਾਰੇ ਇਹ ਕਿਹਾ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਆਪਣੇ ਸਿਖਿਆ ਬੋਰਡ ਰਾਹੀਂ ਸਿੱਖ ਕੌਮ ਦੀ ਪਛਾਣ ਤੇ ਉਸਦੇ ਇਤਿਹਾਸ ਨੂੰ ਪੰਜਾਬ ਦੇ ਸਕੂਲੀ ਬੱਚਿਆਂ ਦੇ ਮਨਾਂ ਵਿਚੋਂ ਖਤਮ ਕਰਨ ਦਾ ਕੋਝਾ ਯਤਨ ਹੈ। ਇਹ ਜਰੂਰ ਹੈ ਕਿ ਜਿੰਨਾਂ ਨੇ ਇਸ ਪੁਸਤਕ ਨੂੰ ਪੜਿਆ ਹੈ ਤੇ ਸਮੀਖਿਆ ਕੀਤੀ ਹੈ ਉਨਾਂ ਵੱਲੋਂ ਪੁਰਜੋਰ ਦਲੀਲਾਂ ਨਾਲ ਇਹ ਆਖਿਆ ਗਿਆ ਹੈ ਕਿ ਇਸ ਪੁਸਤਕ ਵਿੱਚ ਤਕਨੀਕੀ ਤੌਰ ਤੇ ਇਤਿਹਾਸ ਨੂੰ ਮਿਥਿਹਾਸ ਬਣਾ ਕੇ ਰੱਬ ਦਾ ਰੂਪ ਭਗਤਾਂ ਨੂੰ ਰਾਮ ਭਗਤ ਦਰਸਾ ਕੇ ਫਿਰਕਾ ਪ੍ਰਸ਼ਤੀ ਦਾ ਇਜ਼ਿਹਾਰ ਕੀਤਾ ਹੈ। ਇਸੇ ਤਰਾਂ ਭਾਰਤ ਦੇ ਅਜ਼ਾਦੀ ਸੰਘਰਸ਼ ਦੌਰਾਨ ਮਾਣਮੱਤੀ ਅਕਾਲੀ ਲਹਿਰ ਤੇ ਮੋਰਚਿਆ ਨੂੰ ਸਧਾਰਨ ਘਟਨਾਵਾਂ ਵਾਂਗ ਪੇਸ਼ ਕੀਤਾ ਹੈ। ਗਦਰ ਲਹਿਰ, ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ਦੀਆਂ ਕੁਰਬਾਨੀਆਂ ਨੂੰ ਕਾਫੀ ਹੱਦ ਤੱਕ ਛਟਿਆਉਣ ਤੇ ਬੇਕਨੂੰਨੀ ਦਿਸ਼ਾ ਵਜੋਂ ਪੇਸ਼ ਕੀਤਾ ਹੈ।
ਗੰਭੀਰ ਚੁਣੌਤੀਆਂ ਤੇ ਖਾਮੀਆਂ ਜੋ ਕਿ ਵਿਦਿਅਕ ਅਦਾਰੇ ਨਾਲ ਸਬੰਧਤ ਵਿਦਵਾਨਾਂ ਵੱਲੋਂ ਸੋਚ ਸਮਝ ਕੇ ਉਠਾਈਆਂ ਗਈਆਂ ਹਨ, ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆਂ ਪੰਜਾਬ ਸਰਕਾਰ ਨੇ ਇਸ ਇਤਿਹਾਸ ਦੀ ਪੁਸਤਕ ਤੇ ਉਦੋਂ ਤੱਕ ਰੋਕ ਲਗਾ ਦਿੱਤੀ ਹੈ ਜਦੋਂ ਤੱਕ ਉਨਾਂ ਵੱਲੋਂ ਨਿਰਧਾਰਤ ਕੀਤੀ ਸਿੱਖ ਵਿਦਵਾਨਾਂ ਦੀ ਛੇ ਮੈਂਬਰੀ ਕਮੇਟੀ ਇਸ ਪੁਸਤਕ ਦੀ ਪੂਰੀ ਤਰਾਂ ਸਮੀਖਿਆ ਕਰਕੇ ਤੇ ਉਸ ਮੁਤਾਬਕ ਲੋੜੀਂਦੀਆਂ ਸੁਧਾਈਆਂ ਬਾਰੇ ਸੁਝਾਅ ਸਰਕਾਰ ਨੂੰ ਨਹੀਂ ਦਿੱਤੇ ਜਾਂਦੇ। ਇੰਨਾ ਸੁਧਾਈਆਂ ਮੁਤਾਬਕ ਲੋੜੀਂਦੀਆਂ ਤਬਦੀਲੀਆਂ ਕਰਕੇ ਇਹ ਕਿਤਾਬ ਮੁੱਢ ਤੋਂ ਛਪਵਾ ਕੇ ਬੱਚਿਆ ਨੂੰ ਸਕੂਲਾਂ ਵਿੱਚ ਪੜਾਈ ਜਾਵੇਗੀ। ਇਸੇ ਤਰਾਂ ਹੀ ਪੰਜਾਬ ਸਕੂਲ ਸਿਖਿਆ ਬੋਰਡ ਵੱਲੋਂ ਗਿਆਰਵੀਂ ਜਮਾਤ ਦੀ ਪੁਸਤਕ ਬਾਰੇ ਵੀ ਇਸ ਛੇ ਮੈਂਬਰੀ ਵਿਦਵਾਨਾਂ ਦੀ ਕਮੇਟੀ ਵੱਲੋਂ ਪ੍ਰਕਾਸ਼ਤ ਹੋਣ ਤੋਂ ਪਹਿਲਾਂ ਸਮੀਖਿਆ ਕੀਤੀ ਜਾਵੇਗੀ ਤਾਂ ਜੋ ਕੋਈ ਹੋਰ ਨਵਾਂ ਵਿਵਾਦ ਨਾ ਖੜਾ ਹੋਵੇ। ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ, ਤੇ ਸਾਂਝੀਵਾਲ ਪਾਰਟੀ ਭਾਜਪਾ ਜਾਣਬੁਝ ਕੇ ਇਸ ਵਿਸ਼ੇ ਨੂੰ ਅਣਗੋਲਿਆ ਕਰ ਰਹੀ ਹੈ ਕਿਉਂਕਿ ਇਸ ਪੁਸਤਕ ਦੀ ਛਪਵਾਈ ਦੀ ਪ੍ਰਕਿਰਿਆ ਦਾ ਆਰੰਭ ੨੦੧੪ ਵਿੱਚ ਸੂਬੇ ਦੀ ਸਰਕਾਰ ਵੱਲੋਂ ਬਣਾਈਆਂ ਚਾਰ ਕਮੇਟੀਆਂ ਦੇ ਸੂਝਾਵਾਂ ਅਨੁਸਾਰ ਕੀਤਾ ਗਿਆ ਸੀ। ਇਸ ਪ੍ਰਕਿਰਿਆ ਦੇ ਚਲਦਿਆਂ ਹੀ ਬਾਰਵੀਂ ਤੇ ਗਿਆਰਵੀਂ ਜਮਾਤ ਦੀਆਂ ਇਹ ਪੁਸਤਕਾਂ ਮੌਜੂਦਾ ਸਰਕਾਰ ਵੱਲੋਂ ਤਿਆਰ ਕੀਤੀਆਂ ਗਈਆਂ ਹਨ। ਜਿਨਾਂ ਬਾਰੇ ਇਹ ਪਾਰਟੀਆਂ ਹੁਣ ਸਦਾ ਵਾਂਗ ‘ਧਰਮ ਖਤਰੇ ਵਿੱਚ ਹੈ’ ਦੀ ਦੁਹਾਈ ਦੇ ਕੇ-ਆਪਣੇ ਸਿਆਸੀ ਮੁਫਾਦਾਂ ਨੂੰ ਚਮਕਾਉਣ ਦਾ ਇੱਕ ਜ਼ਰੀਆ ਬਣਾ ਰਹੀਆ ਹਨ। ਇਸ ਲਈ ਹਰ ਇੱਕ ਵਿਦਿਅਕ ਪੱਖ ਬਾਰੇ ਖਾਸ ਕਰਕੇ ਸਿੱਖ ਇਤਿਹਾਸ ਬਾਰੇ ਹਰੇਕ ਪੱਖ ਤੋਂ ਵਿਚਾਰਿਆ ਜਾਣਾ ਚਾਹੀਦਾ ਹੈ ਤੇ ਸਿਆਸੀਕਰਨ ਤੋਂ ਅਜਿਹੇ ਵਿਸ਼ਿਆਂ ਨੂੰ ਦੂਰ ਰੱਖਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੇ ਸਿੱਖਿਅਤ ਪੱਖ ਸਿਆਸੀ ਪ੍ਰਛਾਵੇਂ ਤੋਂ ਦੂਰ ਰੱਖਿਆ ਜਾਵੇ ਤੇ ਹਰ ਇੱਕ ਵਿਦਿਅਕ ਪੱਖ ਨੂੰ ਫਿਰਕਾਪ੍ਰਸ਼ਤੀ ਤੇ ਮਿਥਿਹਾਸਕ ਪੱਖ ਤੋਂ ਦੂਰ ਕਰਕੇ ਵਿਗਿਆਨਕ ਪੱਖੋਂ ਹੀ ਵਿਚਾਰਿਆ ਤੇ ਰਚਿਆ ਜਾਣਾ ਚਾਹੀਦਾ ਹੈ।
ਇਸ ਇਤਿਹਾਸ ਦੇ ਵਿਸ਼ੇ ਦੀ ਪੁਸਤਕ ਦਾ ਵਧੇਰੇ ਵਿਵਾਦ ਸਿੱਖ ਕੌਮ ਅੰਦਰ ਹੀ ਹੋਇਆ ਹੈ। ਕਿਉਂਕਿ ਪੰਜਾਬ ਦਾ ਇਤਿਹਾਸ ਪ੍ਰਮੁੱਖ ਰੂਪ ਵਿੱਚ ਸਿੱਖ ਗੁਰੂਆਂ ਨਾਲ ਜੁੜਿਆ ਹੋਇਆ ਹੈ ਅਤੇ ਇਸ ਤੋਂ ਬਾਅਦ ਦੀ ਅਜ਼ਾਦੀ ਤੇ ਗੁਰਦੁਆਰਾ ਸਾਹਿਬ ਦੀ ਅਜ਼ਾਦੀ ਦੀ ਅਕਾਲੀ ਲਹਿਰ ਵੀ ਸਿੱਖ ਕੌਮ ਦੇ ਇਤਿਹਾਸ ਨਾਲ ਹੀ ਜੁੜੀ ਹੋਈ ਹੈ। ਇਸ ਕਰਕੇ ਇਸ ਇਤਿਹਾਸ ਦੇ ਵਿਸ਼ੇ ਦੀ ਪੁਸਤਕ ਵਿਚਲੀਆਂ ਖਾਮੀਆਂ ਇੰਨਾਂ ਪੱਖਾਂ ਨਾਲ ਸਬੰਧਤ ਹੋਣ ਸਦਕਾ ਸਿੱਖ ਕੌਮ ਅੰਦਰ ਹੀ ਵਧੇਰੇ ਸੰਵਾਦ ਤੇ ਵਿਵਾਦ ਹੋ ਰਿਹਾ ਹੈ। ਪਰ ਸਮੇਂ ਦੀਆਂ ਸਰਕਾਰਾਂ ਨੂੰ ਇਸ ਤਰਾਂ ਦੇ ਸੰਵੇਦਨਸ਼ੀਲ ਇਤਿਹਾਸਕ ਪੱਖਾਂ ਨੂੰ ਕਦੀ ਵੀ ਅਣਗੌਲਿਆਂ ਨਹੀਂ ਕਰਨਾ ਚਾਹੀਦਾ ਸਗੋਂ ਗੌਰਵਮਈ ਇਤਿਹਾਸ ਬਾਰੇ ਮਾਣ ਨਾਲ ਆਉਣ ਵਾਲੀਆਂ ਪੀੜੀਆਂ ਨੂੰ ਜਾਣੂੰ ਕਰਵਾਉਣ ਚਾਹੀਦਾ ਹੈ।