ਗੁਰੂਆਂ ਪੀਰਾਂ ਅਤੇ ਸੂਰਬੀਰਾਂ ਦੀ ਧਰਤੀ ਪੰਜਾਬ ਇਸ ਵੇਲੇ ਇੱਕ ਨਿਵੇਕਲੀ ਕਿਸਮ ਦੀ ਦਹਿਸ਼ਤ ਅਤੇ ਗੁੰਡਾਗਰਦੀ ਦੇ ਸਾਏ ਹੇਠ ਜੀਅ ਰਿਹਾ ਹੈ। ੨੧ਵੀਂ ਸਦੀ ਦੀ ਦਹਿਸ਼ਤ ਦੇ ਰੰਗ ੧੭ਵੀਂ ਜਾਂ ੧੮ਵੀਂ ਸਦੀ ਦੀ ਦਹਿਸ਼ਤ ਨਾਲ਼ੋਂ ਭਾਵੇਂ ਵੱਖਰੇ ਹਨ ਪਰ ਇਸਦਾ ਪੰਜਾਬ ਦੀ ਰੂਹ ਤੇ ਪੈਣ ਵਾਲਾ ਪ੍ਰਭਾਵ ਉਹੋ ਜਿਹਾ ਹੀ ਹੈ। ੧੮ਵੀਂ ਸਦੀ ਵਿੱਚ ਅਹਿਮਦ ਸ਼ਾਹ ਅਬਦਾਲੀ ਵਰਗੇ ਬੇਗਾਨੇ ਦੁਸ਼ਮਣ ਅਤੇ ਲੁਟੇਰੇ ਆਪਣੇ ਲਾਮ ਲਸ਼ਕਰ ਸਮੇਤ ਆਉਂਦੇ ਸਨ ਅਤੇ ਪੰਜਾਬ ਸਮੇਤ ਭਾਰਤ ਨੂੰ ਲ਼ੁੱਟਕੇ ਅਤੇ ਕੁੱਟਕੇ ਚੱਲਦੇ ਬਣਦੇ ਸਨ। ਜੋ ਕੁਝ ਉਨ੍ਹਾਂ ਦੇ ਹੱਥ ਲੱਗਾ ਸੋਨਾ, ਪੈਸਾ, ਖੂਬਸੂਰਤ ਲੜਕੀਆਂ ਸਭ ਕੁਝ ਤੇ ਉਹ ਹਵਸੀ ਹੋਕੇ ਪੈ ਜਾਂਦੇ ਸਨ ਅਤੇ ਸਭ ਕੁਝ ਲ਼ੁੱਟ ਲੈ ਜਾਂਦੇ ਸਨ। ਇਸ ਵੇਲੇ ਵੀ ਪੰਜਾਬ ੨੧ਵੀਂ ਸਦੀ ਦੇ ਲੁਟੇਰਿਆਂ ਅਤੇ ਸਿਆਸੀ ਅੱਤਵਾਦੀਆਂ ਦੀ ਮਾਰ ਹੇਠ ਹੈ। ਇਨ੍ਹਾਂ ਅੱਤਵਾਦੀਆਂ ਦੇ ਨਿਸ਼ਾਨੇ ਵੀ ਅਹਿਮਦ ਸ਼ਾਹ ਅਬਦਾਲੀ ਤੋਂ ਘੱਟ ਨਹੀ ਹਨ। ਇਨ੍ਹਾਂ ਨੇ ਵੀ ਪੰਜਾਬ ਦਾ ਸਭ ਕੁਝ ਲ਼ੁੱਟ ਲਿਆ ਹੈ, ਸਰਕਾਰੀ ਸਿਖਿਆ, ਸਰਕਾਰੀ ਸਿਹਤ ਸੰਸਥਾਵਾਂ, ਸਰਕਾਰੀ ਟਰਾਂਸਪੋਰਟ, ਕੁਦਰਤੀ ਸਾਧਨ ਅਤੇ ਸਭ ਤੋਂ ਵਧਕੇ ਸਿੱਖਾਂ ਦਾ ਸਭ ਤੋਂ ਮੁਕੱਦਸ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ। ਇਸ ਕਿਸਮ ਦੀ ਲ਼ੁੱਟ ਨਾਲ ਵੀ ੨੧ਵੀਂ ਸਦੀ ਦੇ ਇਨ੍ਹਾਂ ਅਬਦਾਲੀਆਂ ਦਾ ਘਰ ਨਹੀ ਭਰਿਆ। ਫਿਰ ਲ਼ੁੱਟਮਾਰ ਦੇ ਅਗਲੇ ਦੌਰ ਵਿੱਚ ਇਨ੍ਹਾਂ ਪੰਜਾਬ ਦੀ ਕਿਸਾਨੀ, ਪੰਜਾਬ ਦਾ ਰੇਤਾ, ਕੇਬਲ ਨੈਟਵਰਕ, ਮੀਡੀਆ, ਹੋਟਲ, ਢਾਬੇ ਅਤੇ ਪੰਜਾਬ ਦਾ ਵਪਾਰ। ਸ਼ਾਇਦ ਇਹ ਵੀ ਹਾਲੇ ਥੋੜ੍ਹਾ ਸੀ, ਹੁਣ ੨੧ਵੀਂ ਸਦੀ ਦੇ ਅਬਦਾਲੀ ਪੰਜਾਬ ਦੀ ਗੈਰਤ, ਇੱਜ਼ਤ ਅਤੇ ਅਣਖ ਨੂੰ ਪੈ ਗਏ ਹਨ। ਜਿਹੜੀ ਗੁੰਡਾਗਰਦੀ ਅੱਗੇ ਪਰਦਿਆਂ ਵਾਲੇ ਆਲੀਸ਼ਾਨ ਹੋਟਲਾਂ ਵਿੱਚ ਹੁੰਦੀ ਸੀ ਹੁਣ ਉਹ ਸੜਕਾਂ ਤੇ ਸ਼ਰੇਆਮ ਹੋਣ ਲੱਗ ਪਈ ਹੈ। ਪੰਜਾਬ ਦੀਆਂ ਮਾਸੂਸ ਧੀਆਂ ਹੁਣ ਅਬਦਾਲੀ ਦੇ ਨਿਸ਼ਾਨੇ ਤੇ ਹਨ।
ਪਰਦਿਆਂ ਵਾਲੀਆਂ ਬੱਸਾਂ ਵਿੱਚ ਜੋ ਕੁਝ ਬਹੁਤ ਦੇਰ ਤੋਂ ਰਿਹਾ ਸੀ ਉਹ ਹੁਣ ਸ਼ਰੇਆਮ ਹੋਣ ਲੱਗ ਪਿਆ ਹੈ। ਅਬਦਾਲੀ ਦੀ ਟਰਾਂਸਪੋਰਟ ਦਾ ਹਰ ਕਰਿੰਦਾ ਆਪਣੇ ਆਪ ਨੂੰ ਅਬਦਾਲੀ ਹੀ ਸਮਝਦਾ ਹੈ। ਕਿਸੇ ਦੀ ਮਾਸੂਮ ਅਤੇ ਨਾਬਾਲਗ ਧੀਅ ਭੈਣ ਨੂੰ ਹੱਥ ਪਾਉਣ ਲੱਗਿਆਂ ਹੁਣ ਉਨ੍ਹਾਂ ਦੇ ਹੱਥ ਅਤੇ ਹਿਰਦੇ ਨਹੀ ਕੰਬਦੇ। ਹੱਥ ਵਿੱਚ ਪਾਇਆ ਦਸਮ ਪਾਤਸ਼ਾਹ ਦਾ ਕੜਾ ਵੀ ਹੁਣ ਉਨ੍ਹਾਂ ਨੂੰ ਮੰਦੇ ਕਰਮ ਕਰਨ ਤੋਂ ਨਹੀ ਰੋਕਦਾ। ਉਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਦੀ ਹੂਕ ਨਹੀ ਉਠਦੀ।
ਅਸਲ ਵਿੱਚ ੨੧ਵੀਂ ਸਦੀ ਦੇ ਅਬਦਾਲੀਆਂ ਦਾ ਸਭ ਤੋਂ ਖਤਰਨਾਕ ਵਾਰ ਜੋ ਸਿੱਖ ਮਾਨਸਿਕਤਾ ਤੇ ਹੋਇਆ ਹੈ ਉਹ ਇਹੋ ਹੀ ਹੈ ਕਿ ਸਿੱਖਾਂ ਦੇ ਮਨ ਵਿੱਚੋਂ ਹੁਣ ਗੁਰੂ ਦਾ ਭਾਓ ਖਤਮ ਹੋਣ ਲੱਗਾ ਹੈ। ਸਿੱਖ ਕਿਰਦਾਰ ਤੇ ਇਨ੍ਹਾਂ ਕੇਸ ਦਾਹੜੀ ਵਾਲੇ ਅਬਦਾਲੀਆਂ ਨੇ ਜੋ ਹਮਲਾ ਵਿੱਢ ਰੱਖਿਆ ਹੈ ਉਹ ਕਾਫੀ ਵੱਡੀ ਚਿੰਤਾ ਦਾ ਵਿਸ਼ਾ ਹੈ। ਸ਼ਾਇਦ ਇਸੇ ਕਰਕੇ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਪਾਪੀਆਂ ਦੇ ਹੱਕ ਵਿੱਚ ਬੋਲਣ ਦਾ ਕੌੜਾ ਅੱਕ ਚੱਬਣਾਂ ਪਿਆ ਹੈ। ਸਿੱਖੀ ਦੀਆਂ ਰਵਾਇਤਾਂ ਤੇ ਜੋ ਹਮਲਾ ਹੋ ਰਿਹਾ ਹੈ ਉਹ ਅਸਲ ਚਿੰਤਾ ਦਾ ਵਿਸ਼ਾ ਹੈ।
ਪੰਜਾਬ ਨੂੰ, ਅਬਦਾਲੀਆਂ ਦੇ ਇਸ ਨਵੇਂ ਪੂਰ ਨੇ ਸਿਆਸੀ ਵੇਸਵਾਗਮਨੀ ਦਾ ਅੱਡਾ ਬਣਾ ਦਿੱਤਾ ਹੈ। ਉਹ ਸਮਝਦੇ ਹਨ ਕਿ ਇੱਥੇ ਹਰ ਚੀਜ ਵਿਕਾਉੂ ਹੈ। ਕਿਸੇ ਨੂੰ ਵੀ ਖਰੀਦਿਆ ਜਾ ਸਕਦਾ ਹੈ, ਪੁਲਿਸ, ਅਦਾਲਤਾਂ, ਅਫਸਰਸ਼ਾਹੀ, ਜਨਤਾ, ਮੀਡੀਆ ਅਤੇ ਇੱਥੋਂ ਤੱਕ ਕਿ ਸਿੱਖੀ ਦਾ ਪਰਚਾਰ ਕਰਨ ਵਾਲੀਆਂ ਧਾਰਮਿਕ ਸੰਸਥਾਵਾਂ ਦੇ ਆਗੂ ਵੀ।
ਛੋਟੀ ਜਿਹੀ ਬੱਚੀ ਦੀ ਦਰਦਨਾਕ ਹਾਲਾਤ ਵਿੱਚ ਸੜਕ ਤੇ ਪਈ ਲਾਸ਼ ਅਤੇ ਉਸਦੇ ਪਿਤਾ ਵੱਲ਼ੋਂ ਕੀਤੀ ਗਈ ਸੌਦੇਬਾਜ਼ੀ ਇਹ ਸਿਆਸੀ ਵੇਸਵਾਗਮਨੀ ਦੀ ਪ੍ਰਤੱਖ ਮਿਸਾਲ ਹੈ।
ਗੁਰੂ ਸਾਹਿਬ ਨੇ ਬਹੁਤ ਦੇਰ ਪਹਿਲਾਂ ਇਸ ਕਿਸਮ ਦੀ ਹਾਲਤ ਤੇ ਟਿੱਪਣੀ ਕੀਤੀ ਸੀ-
ਸਰਮੁ ਧਰਮੁ ਦੋਇ ਛਪਿ ਖਲੋਏ ਕੂੜੁ ਫਿਰੈ ਪਰਧਾਨ ਵੇ ਲਾਲੋ।
ਕਾਜੀਆ ਬਾਹਮਣਾ ਕੀ ਗਲੁ ਥਕੀ ਅਗਦੂ ਪੜੈ ਸੈਤਾਨੁ ਵੇ ਲਾਲੋ।
ਗੁਰੂ ਸਾਹਿਬ ਦਾ ਇਹ ਕਥਨ ਜੁਲਮ ਅਤੇ ਸਿਆਸੀ ਵੇਸਵਾਗਮਨੀ ਦੀ ਮਾਰ ਹੇਠ ਆਏ ਸਮਕਾਲੀ ਸਮੇਂ ਦੀ ਬਾਤ ਪਾਉਂਦਾ ਸੀ। ਗੁਰੂ ਸਾਹਿਬ ਮਹਿਜ਼ ਉਸ ਹਾਲਾਤ ਤੇ ਟਿੱਪਣੀ ਕਰਕੇ ਹੀ ਸੁਰਖਰੂ ਨਹੀ ਸੀ ਹੋ ਗਏ ਉਨ੍ਹਾਂ ਨੇ ਫਿਰ ਅਜਿਹਾ ਮਨੁੱਖ ਸਾਜਿਆ ਜੋ ਅਬਦਾਲੀਆਂ, ਔਰੰਗਿਆਂ ਅਤੇ ਨਾਦਰਾਂ ਨੂੰ ਦਿਨੇ ਤਾਰੇ ਦਿਖਾ ਗਿਆ।
ਅਸੀਂ ਸਮਝਦੇ ਹਾਂ ਕਿ ਬੇਸ਼ੱਕ ਅੱਜ ਦੇ ਅਬਦਾਲੀਆਂ ਨੇ ਪੰਜਾਬ ਦੀ ਰੂਹ ਤੇ ਵੱਡਾ ਵਾਰ ਕਰਨ ਦਾ ਯਤਨ ਕੀਤਾ ਹੈ ਪਰ ਗੁਰੂ ਸਾਹਿਬ ਵੱਲ਼ੋਂ ਲਾਏ ਰੁੱਖ ਦੀਆਂ ਜੜ੍ਹਾਂ ਏਨੀਆਂ ਹੋਛੀਆਂ ਨਹੀ ਹਨ ਕਿ ਏਨੀ ਜਲਦੀ ਪੁੱਟੀਆਂ ਜਾਣਗੀਆਂ। ਗੁਰੂ ਦੀ ਮਹਿਮਾਂ ਨੂੰ ਤੁਛ ਕਰਕੇ ਜਾਨਣ ਵਾਲੇ ਸ਼ਾਇਦ ਉਸ ਦੀ ਬਖਸ਼ਿਸ਼ ਤੋਂ ਦੂਰ ਹੋ ਚੁੱਕੇ ਹਨ ਪਰ ਉਸਦੀ ਬਖਸ਼ਿਸ਼ ਬਹੁਤ ਸਿੱਖਾਂ ਦੇ ਸਿਰਾਂ ਤੇ ਅੱਜ ਵੀ ਹੈ।
ਪੰਜਾਬ ਦਾ ਇਤਿਹਾਸ ਗਵਾਹ ਹੈ ਕਿ ਇਸ ਨੇ ਕਦੇ ਵੀ ਅਬਦਾਲੀਆਂ, ਔਰੰਗਿਆਂ ਅਤੇ ਨਾਦਰਾਂ ਦੀ ਈਨ ਨਹੀ ਮੰਨੀ। ਇਸਨੇ ਤਾਂ ਵਿਦੇਸ਼ੀ ਬਜ਼ਾਰਾਂ ਵਿੱਚ ਵਿਕਦੀ ਭਾਰਤ ਦੀ ਇੱਜ਼ਤ ਨੂੰ ਬਚਾਕੇ ਲਿਆਂਦਾ ਸੀ ਇਹ ਕੌਮ ਆਪਣੀ ਇੱਜ਼ਤ ਨੂੰ ਇਸ ਤਰ੍ਹਾਂ ਸੜਕਾਂ ਤੇ ਰੁਲਣ ਦੀ ਇਜਾਜਤ ਨਹੀ ਦੇਵੇਗੀ। ਘਰੂ ਦਾ ਕਰਮ ਅਤੇ ਕਿਰਪਾ ਇਸ ਕੌਮ ਤੇ ਹੈ ਅਤੇ ਅੱਜ ਵੀ ਕੌਮ ਵਿੱਚ ਅਜਿਹੇ ਸੂਰਬੀਆਂ ਦੀ ਕਮੀ ਨਹੀ ਹੈ ਜੋ ਆਪਣਆਿਂ ਮਾਸੂਮ ਧਆਿਂ ਦੀ ਇੱਜ਼ਤ ਨੂੰ ਇਸ ਤਰ੍ਹਾਂ ਜਰਵਾਣੇ ਹਾਕਮਾਂ ਦੇ ਰਹਿਮ ਤੇ ਦਿਨ ਕਟੀ ਕਰਨ ਦੀ ਇਜਾਜਤ ਦੇਣਗੇ। ਸ਼ਮਾਂ ਬਲਵਾਨ ਹੈ। ਵਕਤ ਦੇ ਅਬਦਾਲੀਆਂ ਨੂੰ ਕੌਮ ਦੇ ਇਤਿਹਾਸ ਤੋਂ ਸਬਕ ਲੈਣਾਂ ਚਾਹੀਦਾ ਹੈ।