ਇਸ ਮਹੀਨੇ ਦੇ ਸ਼ੁਰੂ ਵਿੱਚ ੫ ਸਤੰਬਰ ਨੂੰ ਦੇਰ ਸ਼ਾਮ ਭਾਰਤ ਦੇ ਅਗਾਂਹ ਵਧੂ ਸ਼ਹਿਰ ਬਗਲੋਰ ਵਿੱਚ ਇੱਕ ਨਾਮੀ ਸਮਾਜ ਚਿੰਤਕ ਅਤੇ ਪੱਤਰਕਾਰ ਔਰਤ ਗੌਰੀ ਲੰਕੇਸ਼ ਦੀ ਕੁਝ ਅਣਪਛਾਤੇ ਵਿਆਕਤੀਆਂ ਵਲੋਂ ਘਰ ਦੇ ਵਿੱਚ ਹੀ ਗੌਲੀਆਂ ਮਾਰ ਕੇ ਹੱਤਿਆਂ ਕਰ ਦਿੱਤੀ। ਇਹ ਹੱਤਿਆ ਪਿਛਲੇ ਕੁਝ ਸਾਲਾਂ ਦੌਰਾਨ ਸਮਾਜ ਚਿੰਤਕ ਅਤੇ ਮਸ਼ਹੂਰ ਲਿਖਾਰੀਆਂ ਦੀਆਂ ਹੋ ਰਹੀਆਂ ਹੱਤਿਆਵਾਂ ਦੀ ਲੜੀ ਵਿੱਚ ਇਕ ਮੌਜੂਦਾ ਹੋਰ ਹੱਤਿਆ ਸੀ। ਦੇਖਿਆ ਜਾਵੇ ੧੯੯੦ ਦੇ ਅੱਧ ਤੋਂ ਬਾਅਦ ਕੁਝ ਅੰਕੜਿਆਂ ਮੁਤਾਬਕ ਸੱਤ ਦੇ ਕਰੀਬ ਪੱਤਰਕਾਰਾਂ ਦੀ ਹੁਣ ਤੱਕ ਹੱਤਿਆ ਕੀਤੀ ਗਈ ਹੈ ਅਤੇ ਇਹਨਾਂ ਦੇ ਹੱਤਿਆਰਿਆ ਦਾ ਵੀ ਹੁਣ ਹੋਈ ਗੌਰੀ ਲੰਕੇਸ਼ ਦੇ ਹੱਤਿਆਰਿਆਂ ਵਾਂਗ ਕੋਈ ਥਾਂ ਪਤਾ ਨਹੀ ਲੱਗ ਸਕਿਆ। ਗੌਰੀ ਲੰਕੇਸ਼ ਦੀ ਹੱਤਿਆ ਤੋਂ ਬਾਅਦ ਭਾਰਤ ਅਤੇ ਵਿਦੇਸ਼ਾਂ ਅੰਦਰ ਰਹਿ ਰਹੇ ਚਿੰਤਕ ਸੂਝਵਾਨ ਤਬਕੇ ਵਲੋਂ ਵੱਡੀ ਪੱਧਰ ਤੇ ਰੋਸ ਮੁਜਾਹਰੇ ਕੀਤੇ ਗਏ ਹਨ। ਗੌਰੀ ਲੰਕੇਸ਼ ਭਾਰਤ ਦੀ ਪੱਤਰਕਾਰੀ ਵਿੱਚ ਭਾਵੇਂ ਬਹੁਤਾ ਵੱਡਾ ਨਾਂ ਨਹੀਂ ਸੀ, ਪਰ ਆਪਣੀ ਹੱਤਿਆ ਮਗਰੋਂ ਉਹ ਭਾਰਤ ਅੰਦਰ ਫੈਲੇ ਬਹੁਵਾਦ ਦੇ ਪ੍ਰਭਾਵ ਹੇਠ ਤਾਨਾਸ਼ਾਹੀ ਦੇ ਵਤੀਰੇ ਖਿਲਾਫ ਸੰਘਰਸ਼ ਦਾ ਇਕ ਪ੍ਰਤੀਕ ਬਣ ਗਈ ਹੈ। ਇਹ ਉਹ ਬਹੁਵਾਦ ਦੇ ਅਧਾਰਿਤ ਤਾਨਾਸ਼ਾਹੀ ਵਤੀਰਾ ਹੈ ਜਿਸ ਬਾਰੇ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਡਾ: ਅੰਬੇਦਰ ਨੇ ਭਾਰਤ ਦੇ ਅਜ਼ਾਦ ਹੋਣ ਤੋਂ ਤਰੁੰਤ ਬਾਅਦ ਧਰਮ ਅਧਾਰਿਤ ਬਹੁਵਾਦ ਦੇ ਪ੍ਰਭਾਵ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਕਿਹਾ ਸੀ ਕਿ ਜੇ ਭਾਰਤ ਅੰਦਰ ਇਸ ਤਰਾਂ ਦਾ ਧਰਮ ਅਧਾਰਿਤ ਰਾਸ਼ਟਰਵਾਦ ਕੱਟੜਤਾ ਅਤੇ ਤਾਨਾਸ਼ਾਹੀ ਵਤੀਰਾ ਸਾਹਮਣੇ ਆਉਂਦਾ ਹੈ ਤਾਂ ਮੈਂ ਸੰਵਿਧਾਨ ਨੂੰ ਲਿਖਣ ਵਾਲਾ ਵਿਅਕਤੀ ਹੀ ਭਾਰਤੀ ਸਵਿਧਾਨ ਨੂੰ ਸਾੜ ਦੇਵਾਗਾਂ।
ਗੌਰੀ ਲੰਕੇਸ਼ ਭਾਵੇਂ ਸੀਮਿਤ ਜਿਹੇ ਅਤੇ ਕਰਨਾਟਕਾ ਸੂਬੇ ਦੀ ਪੱਤਰਕਾਰੀ ਤੋਂ ਬਾਅਦ ਬਹੁਤੀ ਪਛਾਣ ਨਹੀਂ ਸੀ ਰੱਖਦੀ ਅਤੇ ਨਾ ਹੀ ਉਹ ੨੦੧੪ ਦੇ ਨਵੇਂ ਭਾਰਤ ਅਧੀਨ ਚੱਲ ਰਹੇ ਕੱਦਾਂਵਾਰ ਮੀਡੀਆ ਕਰਮੀਆਂ ਅਤੇ ਟੀ.ਵੀ. ਅਤੇ ਪੂਰੀ ਤਰਾਂ ਸਰਕਾਰੀ ਦਬਾਅ ਹੇਠ ਚੱਲ ਰਹੇ ਟੀ.ਵੀ. ਚੈਨਲਾਂ ਦੇ ਸਮੂਹ ਸਾਹਮਣੇ ਇਕ ਬਹੁਤ ਮਲੂਕ ਅਤੇ ਨਰਮ ਜਿਹੀ ਅਵਾਜ ਸੀ। ਪਰ ਗੌਰੀ ਲੰਕੇਸ਼ ਦੀ ਅਵਾਜ਼ ੧੯੯੦ ਤੋਂ ਸ਼ੁਰੂ ਹੋ ਕੇ ਆਖਰੀ ਦਮ ਤੱਕ ਸੁਣੀ ਜਰੂਰ ਜਾਂਦੀ ਸੀ। ਕਿਉਂਕਿ ਉਹ ਆਪਣੀਆਂ ਲਿਖਤਾਂ ਰਾਹੀਂ ਲਗਾਤਾਰ ਇਕ ਉੱਚੀ ਅਵਾਜ ਵਿੱਚ ਭਾਰਤ ਦੇ ਸਿਆਸੀ ਮਾਹੌਲ ਅੰਦਰਲੇ ਮੂਲਵਾਦ ਨਾਲ ਜੁੜੇ ਵਾਤਾਵਰਣ ਖਿਲਾਫ ਬੋਲਦੀ ਅਤੇ ਲਿਖਦੀ ਰਹਿੰਦੀ ਸੀ। ਇਸ ਕਰਕੇ ਗੌਰੀ ਲੰਕੇਸ਼ ਨੂੰ ਅਨੇਕਾਂ ਵਾਰ ਕਚਹਿਰੀਆਂ ਵਿੱਚ ਵੀ ਘੜੀਸਿਆ ਗਿਆ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਰਹੀਆਂ, ਜਿਸ ਦੀ ਉਸਨੇ ਕਦੇ ਪ੍ਰਵਾਹ ਨੀ ਕੀਤੀ ਜਿਸ ਕਰਕੇ ਉਸਦੀਆਂ ਲਿਖਤਾਂ ਅਤੇ ਬੋਲ ਅਣਪਛਤੇ ਵਿਅਕਤੀਆਂ ਵਲੋਂ ਚੁੱਪ ਕਰਾ ਦਿਤੇ ਗਏ।
੨੦੧੪ ਦੀਆਂ ਚੌਣਾਂ ਦੌਰਾਨ ਮੌਜੂਦਾ ਪ੍ਰਧਾਨ ਮੰਤਰੀ ਮੋਦੀ ਨੇ ਬਿਨਾਂ ਕਿਸੇ ਸ਼ੱਕ ਸੁਬਾ ਤੋਂ ਆਪਣੇ ਆਪ ਨੂੰ ਨਵੇਂ ਭਾਰਤ ਦਾ ਸਿਰਜਣਹਾਰਾ ਦੱਸਦਿਆਂ ਹੋਇਆ ਆਪਣੇ ਆਪ ਨੂੰ ਇਹ ਹਿੰਦੂ ਰਾਸ਼ਟਰਵਾਦੀ ਲੋਕਾਂ ਸਾਹਮਣੇ ਪੇਸ਼ ਕੀਤਾ ਸੀ।
੨੦੧੪ ਤੋਂ ਸਤਾ ਸੰਭਾਲਣ ਮਗਰੋਂ ਨਵੇਂ ਭਾਰਤ ਦੇ ਨਿਰਮਾਣ ਅਧੀਨ ਇਕ ਰਾਸ਼ਟਰ ਇਕ ਟੈਕਸ ਇਕ ਆਗੂ ਅਤੇ ਇਕ ਅਵਾਜ ਦੇ ਤਰਕ ਨੂੰ ਪੂਰੀ ਤਰਾਂ ਅਪਨਾਉਣ ਲਈ ਭਾਰਤੀ ਲੋਕਾਂ ਸਾਹਮਣੇ ਲਿਆਂਦਾ ਗਿਆ। ਇਸ ਤਰਕ ਨੂੰ ਪ੍ਰਚਲਿਤ ਕਰਨ ਲਈ ਸੱਤਾਧਾਰੀ ਪਾਰਟੀ ਬੀ.ਜੀ.ਪੀ. ਅਤੇ ਇਸ ਦਾ ਨਿਰਮਾਤਾ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਇਨ੍ਹਾਂ ਨੀਤੀਗਤ ਫੈਸਲਿਆਂ ਨੂੰ ਅਸਲ ਵਿੱਚ ਲਿਆਉਣ ਲਈ ਸੰਘ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਇਨ੍ਹਾਂ ਨੀਤੀਗਤ ਫੈਸਲਿਆਂ ਨੂੰ ਅਮਲ ਵਿੱਚ ਲਿਆਉਣ ਲਈ ਮੀਡੀਆਂ ਨੂੰ ਪੂਰੀ ਤਰਾਂ ਆਪਣੇ ਪ੍ਰਭਾਵ ਹੇਠ ਲਿਆਕੇ ਖੁਲ੍ਹ ਕੇ ਇਸ ਪ੍ਰਚਾਰ ਅਤੇ ਨੀਤੀ ਨੂੰ ਲਾਗੂ ਕਰਾਉਣ ਲਈ ਵਰਤ ਰਹੇ ਹਨ। ਇਸ ਤਰਾਂ ਦੇ ਫਲਸਫਿਆ ਖਿਲਾਫ ਗੌਰੀ ਲੰਕੇਸ਼ ਆਪਣੀ ਅਵਾਜ ਆਪਣੀਆਂ ਲਿਖਤਾਂ ਰਾਹੀਂ ਵਿਰੋਧ ਕਰਦੀ ਰਹੀ ਹੈ ਅਤੇ ਚਿੰਤਾਂ ਜਿਤਾਉਂਦੀ ਰਹੀ ਹੈ। ਇਹ ਰਾਸ਼ਟਰੀ ਵਸੋਂ ਦੇ ਵੱਡੇ ਵਰਗ ਵਲੋਂ ਰਾਸ਼ਟਰਵਾਦ ਅਤੇ ਬਹੁਵਾਦ ਦਾ ਵੱਧ ਰਿਹਾ ਪ੍ਰਭਾਵ ਭਾਰਤੀ ਲੋਕਤੰਤਰ ਲਈ ਅਤੇ ਭਾਰਤੀ ਸੰਵਿਧਾਨ ਦੇ ਅਨੁਕੂਲ ਨਹੀਂ ਹੈ।
ਅੱਜ ਵਰਗਾ ਭਾਰਤ ਅੰਦਰ ਮਾਹੌਲ ਜੋ ਵਿਅਕਤੀਗਤ ਡਰ ਅਤੇ ਸਹਿਮ ਵਾਲਾ ਹੈ। ਇਸਦੀ ਚੜ੍ਹਤ ਦਾ ਕਾਰਨ ਭਾਰਤ ਅੰਦਰ ਵੱਧ ਰਹੇ ਈਰਖਾ ਅਤੇ ਅਸਹਿਣ-ਸ਼ੀਲਤਾ ਇਕ ਮੁੱਖ ਕਾਰਣ ਹੈ। ਗੌਰੀ ਲੰਕੇਸ਼ ਨੂੰ ਮਰਨ ਵਾਲੇ ਸਿੱਧੇ ਤੌਰ ਤੇ ਕਿਸੇ ਇਸ ਤਰ੍ਹਾਂ ਦੇ ਹਿੰਦੂਤਵ ਸੰਗਠਨ ਨਾਲ ਸੰਬਧਿਤ ਭਾਵੇਂ ਨਾ ਹੋਣ ਪਰ ਉਹ ਭਾਰਤ ਅੰਦਰ ਸਿਰਜੇ ਜਾ ਰਹੇ, ਇਸ ਤਰ੍ਹਾਂ ਦੇ ਸ਼ਿਆਸ਼ੀ ਧਰਮ ਬਹੁਬਲ ਦੇ ਜ਼ੋਰ ਨਾਲ ਰਾਸ਼ਟਰਬਾਦ ਨੂੰ ਪ੍ਰਫਲਿੱਤ ਕਰਨ ਦੇ ਮਾਹੌਲ ਦੀ ਹੀ ਪਦਾਇਸ਼ ਹੈ। ਇਸੇ ਵਿਸ਼ੇ ਬਾਰੇ ਗੌਰੀ ਲੰਕੇਸ਼ ਨੇ ਆਪਣੀ ਚਿੰਤਾ ਜਿਤਾਉਂਦਿਆਂ ਹੋਇਆ ਕਿਹਾ ਸੀ ਕਿ ਭਗਵੇਂ ਰੰਗ ਵਿੱਚ ਰੰਗੇ ਲੋਕਾਂ ਦੀ ਬ੍ਰਿਗੇਡ (ਫੌਜ਼) ਜੋ ਕਿ ਪ੍ਰਸਿੱਧ ਲੇਖਕਾਂ ਅਤੇ ਸਮਾਜਿਕ ਚਿੰਤਕਾਂ ਦੇ ਕਤਲਾਂ ਨੂੰ ਸਹੀਂ ਦਰਸ਼ਾ ਰਹੀ ਹੈ। ਉਸ ਬਾਰੇ ਲਿਖਦਿਆਂ ਗੌਰੀ ਲੰਕੇਸ਼ ਨੇ ਇਸ ਤਰ੍ਹਾਂ ਦੀ ਸੋਚ ਅਤੇ ਸਿਆਸਤ ਦੀ ਮੈਂ ਕੱਟੜ ਵਿਰੋਧੀ ਹਾਂ ਅਤੇ ਹੋ ਸਕਦਾ ਹੈ ਕਿ ਆਉਣ ਵਾਲੀ ਸੋਚ ਹੀ ਮੈਨੂੰ ਸਦਾ ਲਈ ਚੁੱਪ ਕਰਾ ਦੇਵੇ। ਇਤਿਹਾਸ ਮੁਤਾਬਕ ਤੱਥ ਮੌਜੂਦ ਹਨ ਕਿ ਕੋਈ ਵੀ ਸੋਚ ਹਕੂਮਤਾਂ ਦੇ ਦਬਦਬੇ ਨਾਲ ਆਮ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਠੋਸੀ ਨਹੀਂ ਜਾ ਸਕਦੀ। ਇਹ ਇਤਿਹਾਸ ਦੱਸਦਾ ਹੈ ਕਿ ਕੁਝ ਸਮੇਂ ਲਈ ਇਸ ਤਰਾਂ ਦਾ ਵਤੀਰਾ ਆਪਣੀ ਚੜ੍ਹਤ ਦਰਸਾ ਸਕਦਾ ਹੈ। ਪਰ ਇਹ ਸਦਾ ਨਹੀਂ ਰਹਿ ਸਕਦਾ।
ਪ੍ਰਸਿੱਧ ਕਵੀ ਉਰਦੂ ਕਵੀ ਮਹੁੰਮਦ ਇਕਬਾਲ ਨੇ ਭਾਰਤ ਦੀ ਲੋਕਤੰਤਰ ਦੇ ਬੁਨਿਆਦੀ ਤੇ ਆਪਣੀ ਇੱਕ ਟਿੱਪਣੀ ਵਿੱਚ ਆਖਿਆ ਸੀ “ਜਮਹੂਰੀਅਤ! ਵੋ ਤਰਜ਼ ਏ-ਹਕੂਮਤ ਹੈ ਕਿ ਜਿਸ ਮੇ, ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ”।
ਗੌਰੀ ਲੰਕੇਸ਼ ਦੀ ਹੱਤਿਆ ਤੋਂ ਬਾਅਦ ਹਿੰਦੂਤਵੀ ਸੋਚ ਨਾਲ ਜੁੜੇ ਪੱਖਾਂ ਨੇ ਸ਼ੋਸ਼ਲ ਮੀਡੀਆ ਅਤੇ ਹੋਰ ਸਾਧਨਾਂ ਰਾਹੀਂ ਗੋਰੀ ਲੰਕੇਸ਼ ਦੀ ਹੱਤਿਆ ਦੀ ਖੁਲ ਕੇ ਪ੍ਰਸੰਸਾ ਕੀਤੀ ਹੈ। ਇਹ ਅੱਜ ਦੇ ਭਾਰਤ ਦੀ ਨਫਰਤਾਂ ਦੀ ਭੱਠੀ ਸੁਲਗਣ ਦਾ ਪ੍ਰਤੀਕ ਹੈ ਜਿਸ ਨੂੰ ਅੱਜ ਦੀ ਰਾਜਸੱਤਾ ਭਾਰਤ ਨੂੰ ਹਿੰਦੂ ਰਾਸ਼ਟਰ ਵਿੱਚ ਤਬਦੀਲ ਕਰਨ ਦੇ ਮਨਸੂਬੇ ਲਈ ਬੈਠੀ ਹੈ।
ਪਰ ਵਕਤ ਦਾ ਤਕਾਜ਼ਾ ਹੈ ਅਤੇ ਗੌਰੀ ਲੰਕੇਸ਼ ਵਰਗੀਆਂ ਅਵਾਜਾਂ ਹਨ ਜੋ ਇਹ ਆਖ ਰਹੀਆਂ ਹਨ ਕਿ ਧਰਮ ਨਿਰਪੱਖ ਭਾਰਤੀ ਸੰਵਿਧਾਨ ਦੀ ਅਵਾਜ ਨੂੰ ਅਣਗੋਲਿਆ ਨਾ ਕੀਤਾ ਜਾਵੇ ਅਤੇ ਇਸ ਤਰ੍ਹਾਂ ਦਾ ਵਾਤਾਵਰਣ ਸਿਰਜਿਆ ਜਾਵੇ ਜਿਥੇ ਗੌਰੀ ਲੰਕੇਸ਼ ਅਤੇ ਹੋਰ ਤਰਕ ਵਾਲੀ ਖੁਲੀ ਆਵਾਜ਼ ਰੱਖਣ ਵਾਲੇ ਅਤੇ ਡਰ ਭੈਅ ਤੋ ਮੁਕਤੀ ਵਾਲੇ ਭਾਰਤ ਅੰਦਰ ਵਿਚਰ ਸਕਣ।