ਗੁਰੁ ਸਾਹਿਬਾਨ ਵੱੱਲੋਂ ਦਿੱਤਾ ਦਿਸ਼ਾ ਨਿਰਦੇਸ਼ ਕਿ ਸਿੱਖ ਧਰਮ ਵਿੱਚ ਕਿਸੇ ਤਰਾਂ ਦੀ ਵੀ ਜਾਤ ਪਾਤ ਤੇ ਊਚ ਨੀਚ ਨਹੀਂ ਹੋਵੇਗੀ ਤੇ ਸਭ ਨੂੰ ਮਾਨਵਤਾ ਦੇ ਅਧਾਰ ਤੇ ਬਰਾਬਰੀ ਦਾ ਦਰਜਾ ਦਿੱਤਾ ਗਿਆ ਹੈ। ਇਹ ਆਦੇਸ਼ ਗੁਰੁ ਸਾਹਿਬ ਦੀ ਬਾਣੀ ਵਿੱਚ ਵੀ ਵਾਰ-ਵਾਰ ਦੁਹਰਾਏ ਗਏ ਹਨ।

ਪਰ ਅੱਜ ਦਾ ਪੰਜਾਬ ਜੋ ਕਿ ਗੁਰੂਆਂ ਦੀ ਛੋਹ ਪ੍ਰਾਪਤ ਧਰਤੀ ਹੈ ਉਸ ਵਿੱਚ ਹਿੰਦੂ ਧਰਮ ਵੱਲੋਂ ਭਗਵਤ ਗੀਤਾ ਦੇ ਇੱਕ ਸਲੋਕ ਦਾ ਸਹਾਰਾ ਲੈ ਕੇ ਮਨੁੱਖ ਨੂੰ ਜਾਤਾਂ ਦੇ ਅਧਾਰ ਤੇ ਕੰਮ ਕਰਨ ਦੇ ਨਿਰਣੇ ਲੈ ਕੇ ਵੰਡਣ ਦਾ ਅਸਰ ਪੂਰੀ ਤਰਾਂ ਨਾਲ ਸਿੱਖ ਧਰਮ (ਕੌਮ) ਤੇ ਅੰਕਿਤ ਹੈ। ਕਿਉਂਕਿ ਅੱਜ ਪੰਜਾਬ ਅੰਦਰ ਦਲਿਤ ਸਮਾਜ ਜੋ ਕਿ ਬਹੁਤਾਤ ਵਿੱਚ ਸਿੱਖੀ ਨਾਲ ਜੁੜਿਆ ਹੋਇਆ ਹੈ, ਨੂੰ ਪੈਰ ਪੈਰ ਤੇ ਆਪਣੀ ਜਿੰਦਗੀ ਜਿਉਂਣ ਵਿੱਚ ਪੱਖਪਾਤ ਦਾ ਸੰਘਰਸ਼ ਕਰਨਾ ਪੈ ਰਿਹਾ ਹੈ। ਇਸਦੇ ਨਾਲ ਹੀ ਉਹਨਾਂ ਨੂੰ ਬਰਾਬਰ ਦੇ ਇਨਸਾਨ ਮੰਨਣ ਵਿੱਚ ਵੀ ਪੰਜਾਬ ਦੇ ਲੋਕ ਇਨਕਾਰੀ ਹਨ।

ਆਰਥਿਕ ਤੌਰ ਤੇ ਵੀ ਉਹਨਾਂ ਨੂੰ ਹਰ ਪਲ ਜੂਝਣਾ ਪੈਂਦਾ ਹੈ ਇਹ ਪੰਜਾਬ ਦੇ ਦਲਿਤ ਜੋ ਪੂਰੀ ਤਰਾਂ ਸਿੱਖੀ ਨਾਲ ਜੁੜੇ ਹੋਏ ਹਨ ਉਹਨਾਂ ਨੇ ਸੰਗਰੂਰ ਜਿਲੇ ਦੇ ਕਈ ਪਿੰਡਾਂ ਵਿੱਚ ਪੰਜਾਬ ਦੀ ਕਿਸਾਨੀ ਨੂੰ ਇੱਕ ਨਵੀਂ ਲੀਹ ਦਿਖਾਈ ਹੈ ਉਹ ਹੈ ਕਿ ਇੱਕ ਸੌ ਬੱਤੀ ਦਲਿਤ ਪਰਿਵਾਰਾਂ ਨੇ ਏਕਾ ਕਰਕੇ ਸੌ ਏਕੜ ਤੋਂ ਉਪਰ ਆਪਣੇ ਹੱਕ ਦੀ ਬਣਦੀ ਪਿੰਡ ਦੀ ਸ਼ਾਮਲਾਟ ਦੀ ਜਮੀਨ ਠੇਕੇ ਤੇ ਲੈ ਕੇ ਰਲ ਕੇ ਖੇਤੀ ਕੀਤੀ ਅਤੇ ਉਸ ਵਿੱਚੋਂ ਜੋ ਵੀ ਮੁਨਾਫਾ ਹੋਇਆ ਉਸਨੂੰ ਸਾਂਝੇ ਰੂਪ ਵਿੱਚ ੧੩੨ ਪਰਿਵਾਰਾਂ ਵਿੱਚ ਬਰਾਬਰ ਵੰਡਿਆ ਜਿਸ ਸਦਕਾ ਸਾਰੇ ਹੀ ਪਰਿਵਾਰ ਆਪਣੀ ਦੋ ਵਕਤ ਦੀ ਰੋਜੀ ਰੋਟੀ ਤੇ ਆਪਣੇ ਜੀਵਨ ਨੂੰ ਸੁੱਚਜੇ ਢੰਗ ਨਾਲ ਜਿਉਂਣ ਦਾ ਉਪਰਾਲਾ ਕਰ ਰਹੇ ਹਨ। ਇਹ ਲੀਹ ਖੁਦਕਸ਼ੀਆਂ ਨਾਲ ਘਿਰੀ ਪੰਜਾਬ ਦੀ ਕਿਸਾਨੀ ਲਈ ਮਾਰਗ ਦਰਸ਼ਕ ਹੈ। ਅਜਿਹਾ ਰਸਤਾ ਛੋਟੀ ਕਿਸਾਨੀ ਨੂੰ ਅਪਣਾਉਣਾ ਜਰੂਰੀ ਜਾਪਦਾ ਹੈ।

ਇਸੇ ਤਰਾਂ ਜਦੋਂ ਅੱਜ ਦੁਨੀਆਂ ਅੰਦਰ ਸਭ ਤੋਂ ਤਾਕਤਵਰ ਮੁਲਕ ਅਮਰੀਕਾ ਵਿੱਚ ਹੋਣ ਵਾਲੀ ਰਾਸ਼ਟਰਪਤੀ ਦੀ ਚੋਣ ਵਿੱਚ ਪਹਿਲੀ ਵਾਰ ੨੦੦ ਸਾਲਾਂ ਤੋਂ ਬਾਅਦ ਇੱਕ ਔਰਤ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਹੈ। ਜੋ ਕਿ ਇਸਤਰੀ ਜਾਤੀ ਦੇ ਲਈ ਇੱਕ ਅਹਿਮ ਮਿਸਾਲ ਹੈ। ਪਰ ਇਸ ਤੋਂ ਛੋਟੇ ਹੋ ਕਿ ਇੱਕ ਪੰਜਾਬ ਦਾ ਪਿੰਡ ਗੁਰੂ-ਸਰ ਮਹਿਰਾਜ ਕਿਸਨੂੰ ਛੇਵੇਂ ਗੁਰੂ-ਗੁਰੂ ਹਰਗੋਬਿੰਦ ਸਾਹਿਬ ਜੀ ਦੀ ਛੋਹ ਪ੍ਰਾਪਤ ਹੈ ਵਿਖੇ ਇੱਕ ਔਰਤ ਬੀਬੀ ਪਰਮਜੀਤ ਕੌਰ ਜੋ ੬੩ ਸਾਲਾਂ ਦੀ ਹੈ ਤੇ ਕੋਰੀ ਅਨਪੜ ਹੈ, ਉਹ ਪਿੰਡ ਦੀ ਸਰਪੰਚ ਹੈ। ਇਸ ਪਿੰਡ ਦੀ ਇਸ ਅਨਪੜ ਸਰਪੰਚ ਨੇ ਪਾੜਿਆ ਨੂੰ ਵੀ ਰਾਹ ਪਾ ਦਿੱਤ ਹੈ ਕਿਉਂ ਕਿ ਇਸ ਗੌਰਵਮਈ ਔਰਤ ਨੇ ੫੬੫ ਦਲਿਤਾਂ ਨੂੰ ਪਹਿਲਾਂ ਤਾਂ ਇੱਕਠਿਆ ਕੀਤਾ ਹੈ ਤਾਂ ਜੋ ਉਹ ਇੱਕ ਅਵਾਜ਼ ਤੇ ਆਪਣਾ ਬਣਦਾ ਸਤਿਕਾਰ ਪਿੰਡ ਵਿੱਚ ਬਣਾ ਸਕਣ। ਇਸੇ ਤਰਾਂ ਇਸ ਸੂਝਵਾਨ ਸਰਪੰਚ ਔਰਤ ਨੇ ਸਾਰੇ ਪਿੰਡ ਵਿੱਚ ਸੋਲਰ ਲਾਈਟਾਂ, ਸੀ.ਸੀ.ਟੀ.ਵੀ ਕੈਮਰੇ ਲਗਾਏ ਹਨ ਤਾਂ ਜੋ ਕੋਈ ਹੁਲੜਬਾਜ ਇਸ ਪਿੰਡ ਦੀ ਸਾਂਤੀ ਨੂੰ ਭੰਗ ਨਾ ਕਰ ਸਕੇ। ਇਸੇ ਤਰਾਂ ਇਸ ਬੀਬੀ ਦੀ ਰਹਿਨੁਮਾਈ ਹੇਠ ਸਾਰੇ ਪਿੰਡ ਨੂੰ ਬੀਮਾ ਯੋਜਨਾ ਰਾਹੀਂ ਸੰਗਠਿਤ ਕੀਤਾ ਹੈ ਤਾਂ ਜੋ ਲੋੜ ਵੇਲੇ ਕਿਸੇ ਨੂੰ ਕੋਈ ਤੰਗੀ ਨਾ ਆਵੇ। ਇਸੇ ਤਰਾਂ ਪੰਜਾਬ ਵਿੱਚ ਵੱਧ ਰਹੇ ਕੈਂਸਰ ਰੋਗ ਕਰਕੇ ਇਸ ਪਿੰਡ ਨੇ ਸਾਂਝੇ ਰੂਪ ਵਿੱਚ ਇੱਕ ਕੈਂਸਰ ਫੰਡ ਬਣਾ ਕੇ ਰੱਖਿਆ ਹੈ। ਇੱਕ ਜੀਵਨ ਬੀਮਾ ਕੰਪਨੀ ਨੇ ਇਸ ਪਿੰਡ ਤੋਂ ਪ੍ਰਭਾਵਤ ਹੋ ਕਿ ੧੫ ਲੱਖ ਰੁਪਏ ਪਿੰਡ ਦੀ ਨੁਹਾਰ ਬਦਲਣ ਲਈ ਦਿੱਤੇ ਹਨ। ਪੰਜਾਬ ਸਰਕਾਰ ਨੇ ਵੀ ਇਸ ਪਿੰਡ ਨੂੰ ਦਸ ਲੱਖ ਰੁਪਏ ਤਰੱਕੀ ਲਈ ਦਿੱਤੇ ਹਨ। ਇਸ ਪਿੰਡ ਵਿੱਚ ਹਰ ਇੱਕ ਜਨਮ, ਮੌਤ ਤੇ ਵਿਆਹ ਦਾ ਪੂਰੀ ਤਰਾਂ ਨਾਲ ਰਿਕਾਰਡ ਰੱਖਿਆ ਜਾ ਰਿਹਾ ਹੈ।

ਇਹ ਪਿੰਡ ਬਹੁਗਿਣਤੀ ਦਲਿਤਾਂ ਦਾ ਹੋਣ ਸਦਕਾ ਵੀ ਆਪਣੇ ਆਪ ਵਿੱਚ ਇੱਕ ਅਜਿਹੀ ਉਦਾਹਰਨ ਹੈ ਕਿ ਗੁਰੁ ਦੀ ਮੇਹਰ ਨਾਲ ਦਲਿਤ ਸਮਾਜ ਦਾ ਏਕਾ ਤੇ ਇੱਕ ਚੰਗੀ ਸਰਪੰਚ ਦੀ ਰਹਿਨੁਮਾਈ ਕਿਸ ਤਰਾਂ ਪਿੰਡ ਦੀ ਨੁਹਾਰ ਬਦਲ ਸਕਦਾ ਹੈ। ਜੋ ਕਿ ਪੰਜਾਬ ਦੇ ਬਾਕੀ ਪਿੰਡਾਂ ਲਈ ਮਾਰਗ ਦਰਸ਼ਕ ਹੈ।