ਸੰਨ ੧੯੭੮ ਤੋਂ ਸ਼ੁਰੂ ਹੋਏ ਸਿੱਖ ਸੰਘਰਸ਼ ਦੇ ਲੰਮਾ ਅਰਸਾ ਚਲਣ ਤੋਂ ਬਾਅਦ ੧੯੯੦ ਦੇ ਅੱਧ ਤੱਕ ਇਸਦੀ ਸਮਾਪਤੀ ਦਾ ਐਲਾਨ ਪੰਜਾਬ ਸਰਕਾਰ ਨੇ ਕਰ ਦਿੱਤਾ ਸੀ। ਇਸ ਲੰਮੇ ਅਰਸੇ ਦੌਰਾਨ ਚੱਲੇ ਸੰਘਰਸ਼ ਜੋ ਸਿੱਖਾਂ ਦੀ ਪ੍ਰਭੂਸਤਾ ਤੇ ਹੱਕਾਂ ਲਈ ਸ਼ੁਰੂ ਹੋਇਆ ਸੀ। ਉਸਨੂੰ ਸਰਕਾਰੀ ਜਬਰ ਤੇ ਜੁਲਮ ਨੇ ਇੱਕ ਤਰਾਂ ਖਤਮ ਕਰ ਦਿੱਤਾ ਸੀ। ਇਸ ਜਬਰ ਜੁਲਮ ਦੀ ਵੇਦਨਾ ਸਿੱਖ ਹਿਰਦਿਆ ਅੰਦਰ ਅੱਜ ਵੀ ਮਹਿਸੂਸ ਕੀਤੀ ਜਾਂਦੀ ਹੈ। ਇਸ ਲੰਮੇ ਸੰਘਰਸ਼ ਦੌਰਾਨ ਸਿੱਖ ਨੌਜਵਾਨੀ ਨੂੰ ਮੁੱਖ ਰੂਪ ਵਿੱਚ ਸਰਕਾਰੀ ਤਸ਼ੱਦਦ ਤੇ ਜੁਲਮ ਦਾ ਨਿਸ਼ਾਨਾ ਬਣਾਇਆ ਗਿਆ। ਕਿਉਂਕਿ ਕਿ ਇਸ ਸੰਘਰਸ਼ ਵਿੱਚ ਮੁੱਖ ਭੂਮਿਕਾ ਹੀ ਸਿੱਖ ਨੌਜਵਾਨੀ ਦੀ ਸੀ ਜੋ ਕਿ ੧੯੮੪ ਦੇ ਦਰਬਾਰ ਸਾਹਿਬ ਦੇ ਸਾਕੇ ਤੇ ਉਸਤੋਂ ਬਾਅਦ ਸਿੱਖ ਕੌਮ ਅੰਦਰ ਆਏ ਖਲਾਅ ਨੂੰ ਭਰਨ ਲਈ ਮੁੱਖ ਰੂਪ ਵਿੱਚ ਅੱਗੇ ਆਈ ਸੀ। ਇਸੇ ਕਰਕੇ ਸਰਕਾਰੀ ਜੁਲਮ ਦਾ ਵੀ ਮੁੱਖ ਨਿਸ਼ਾਨਾ ਸਿੱਖ ਨੌਜਵਾਨੀ ਹੀ ਸੀ ਤਾਂ ਜੋ ਸਿੱਖ ਕੌਮ ਦੀ ਉਸ ਸਮੇਂ ਦੀ ਇਕ ਪੀੜੀ ਹੀ ਖਤਮ ਕਰ ਦਿਤੀ ਜਾਵੇ। ਇਸ ਕਾਰਨ ਉਸ ਸਮੇਂ ਦੌਰਾਨ ਹਜ਼ਾਰਾਂ ਦੀ ਤਾਦਾਦ ਵਿੱਚ ਪੰਜਾਬ ਪੁਲੀਸ ਵੱਲੋਂ ਝੂਠੇ ਪੁਲੀਸ ਮੁਕਾਬਲੇ ਬਣਾਏ ਗਏ। ਇਸਦਾ ਇਨਸਾਫ ਲੈਣ ਲਈ ਅੱਜ ਵੀ ਉਹਨਾਂ ਨੌਜਵਾਨਾਂ ਦੇ ਮਾਪੇ ਭਾਰਤੀ ਨਿਆ ਪ੍ਰਣਾਲੀ ਦੇ ਚੱਕਰ ਕੱਟ ਰਹੇ ਹਨ। ਪੰਜਾਬੀ ਦੇ ਮਸ਼ਹੂਰ ਕਵੀ ਸੁਰਜੀਤ ਪਾਤਰ ਦੀਆਂ ਸਤਰਾਂ ਵਾਰ ਵਾਰ ਯਾਦ ਆਉਂਦੀਆਂ ਹਨ ਕਿ “ਅਦਾਲਤਾਂ ਵਿੱਚ ਬੰਦੇ ਬ੍ਰਿਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ”। ਇਹਨਾਂ ਹੀ ਪੁਲਿਸ ਮੁਕਾਬਲਿਆਂ ਤੇ ਸਿੱਖ ਨੌਜਵਾਨੀ ਤੇ ਹੋਏ ਤਸ਼ੱਸਦ ਦੀ ਗਾਥਾ ਅੱਜ ਵੀ ਕਦੇ ਕਦੇ ਕਨੂੰਨੀ ਕੋਰਟਾਂ ਦੇ ਫੈਸਲਿਆਂ ਰਾਹੀ ਸਾਹਮਣੇ ਆਉਂਦੀ ਹੈ। ਇਸਦੀ ਤਾਜਾ ਮਿਸਾਲ ਪਿਛਲੇ ਹਫਤੇ ਸਾਹਮਣੇ ਆਈ ਜਦੋਂ ਇੱਕ ਅਦਾਲਤ ਵੱਲੋਂ ਉਸ ਸਮੇਂ ਹੋਏ ਦੋ ਝੂਠੇ ਪੁਲਿਸ ਮੁਕਾਬਲਿਆਂ ਪ੍ਰਤੀ ਫੈਸਲਾ ਸੁਣਾਇਆ ਗਿਆ ਤੇ ਦੋ ਸਿੱਖ ਨੌਜਵਾਨਾਂ ਦੇ ਕਾਤਲ ਚਾਰ ਪੁਲੀਸ ਮੁਲਾਜ਼ਮਾਂ ਨੂੰ ੨੬ ਸਾਲ ਬਾਅਦ ਉਮਰ ਕੈਦ ਦੀ ਸਜਾ ਸੁਣਾਈ ਹੈ। ਇਸ ਪੁਲੀਸ ਮੁਕਾਬਲੇ ਦੌਰਾਨ ੧੯੯੨ ਵਿੱਚ ਛੋਟੀ ਉਮਰ ਦੇ ਹੀ ਦੋ ਸਿੱਖ ਨੌਜਵਾਨਾਂ ਨੂੰ ਪੁਲੀਸ ਵੱਲੋਂ ਜਬਰੀ ਘਰੋਂ ਚੱਕ ਕੇ ਤਸ਼ੱਸ਼ਦ ਕਰਨ ਤੋਂ ਬਾਅਦ ਮਨਘੜਤ ਕਹਾਣੀ ਅਨੁਸਾਰ ਕਿਧਰੇ ਨਹਿਰਾਂ, ਦਰਿਆਵਾਂ ਦੇ ਕੰਢਿਆਂ ਤੇ ਗੋਲੀ ਮਾਰ ਕੇ ਪੁਲੀਸ ਮੁਕਾਬਲਾ ਦਿਖਾ ਕੇ ਆਪਣੀ ਤਰੱਕੀ ਦੀਆਂ ਫੀਤੀਆਂ ਪੱਕੀਆਂ ਕੀਤੀਆਂ ਸਨ ਜਿਸਦਾ ਫੈਸਲਾ ਹੁਣ ਅਦਾਲਤ ਨੇ ਸੁਣਾਇਆ ਹੈ। ਇਹਨਾਂ ਦੇ ਬਿਰਧ ਵਾਰਸਾਂ ਨੇ ਇਸ ਫੈਸਲੇ ਦੇ ਆਉਣ ਨਾਲ ਆਪਣੇ ਸਬਰ ਨੂੰ ਫਲ ਪਿਆ ਦੱਸਿਆ ਹੈ ਪਰ ਉਹਨਾਂ ਦੇ ਧੁਰ ਅੰਦਰ ਛੁਪੀ ਹੋਈ ਪੀੜ ਤੇ ਜੁਲਮ ਦੀ ਹੈਵਾਨੀਅਤ ਉਹਨਾਂ ਦੇ ਸ਼ਬਦਾ ਵਿਚੋਂ ਸਾਫ ਝਲਕਦੀ ਦਿਖਾਈ ਦਿੱਤੀ। ਇਹ ਪੀੜ ਅੱਜ ਵੀ ਉਹਨਾਂ ਹਜ਼ਾਰਾਂ ਪਰਿਵਾਰਾਂ ਅੰਦਰ ਹੈ ਜਿਹਨਾਂ ਦੀ ਨੌਜਵਾਨੀ ਅਣਪਛਾਤੀਆਂ ਲਾਸ਼ਾਂ ਦੇ ਨਾਮ ਹੇਠ ਪੰਜਾਬ ਦੀ ਮਿੱਟੀ ਹੇਠਾਂ ਪੰਜਾਬ ਪੁਲੀਸ ਨੇ ਭਸਮ ਕਰ ਦਿੱਤੀ। ਜਿਸਦਾ ਅੱਜ ਤੱਕ ਪੂਰਨ ਰੂਪ ਵਿੱਚ ਕੋਈ ਖੁਰਾ ਖੋਜ ਸਾਹਮਣੇ ਨਹੀਂ ਆਇਆ ਹੈ। ਜਿਸ ਰਾਹੀਂ ਇਹ ਅੰਦਾਜ਼ਾ ਲਾਇਆ ਜਾ ਸਕੇ ਇਹ ਲਹੂ ਭਿੱਜੀ ਦਾਸਤਾਨ ਜੋ ਸਿੱਖ ਹੱਕਾਂ ਦੇ ਸੰਘਰਸ਼ ਲਈ ਸ਼ੁਰੂ ਹੋਈ ਸੀ ਇਸ ਦੌਰਾਨ ਕਿੰਨੀ ਗਿਣਤੀ ਵਿੱਚ ਸਿੱਖ ਨੌਜਵਾਨਾਂ ਨੇ ਜਾਨਾਂ ਵਾਰੀਆਂ। ਭਾਵੇਂ ੧੯੯੭ ਦੀਆਂ ਵਿਧਾਨ ਸਭਾ ਚੋਣਾ ਦੌਰਾਨ ਸੱਤਾ ਵਿਚ ਆਉਣ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਕਾਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਉਹ ਸੱਤਾ ਵਿੱਚ ਆਉਣ ਤੋਂ ਬਾਅਦ ਜੋ ਸੰਤਾਪ ਸਿੱਖ ਕੌਮ ਨੇ ਭੋਗਿਆ ਹੈ ਉਸਦੀ ਪੂਰੀ ਨਜ਼ਰਸਾਨੀ ਕਰਕੇ ਸਭ ਨੂੰ ਪੂਰਨ ਰੂਪ ਵਿੱਚ ਕਨੂੰਨੀ ਇਨਸਾਫ ਦਿਵਾਉਣਗੇ ਤਾਂ ਜੋ ਭਾਰਤ ਸਰਕਾਰ ਵੱਲੋਂ ਸਿੱਖ ਕੌਮ ਨੂੰ ਦਬਾਉਣ ਲਈ ਕੀਤੇ ਕਹਿਰ ਤੇ ਅਣਮਨੁੱਖੀ ਵਰਤਾਰੇ ਨੂੰ ਦੁਨੀਆਂ ਸਾਹਮਣੇ ਲਿਆਂਦਾ ਜਾਵੇ। ਪਰ ਇਹ ਵਾਅਦੇ ਸਿਰਫ ਸ਼ਬਦੀ ਸਨ। ਇਥੋਂ ਤੱਕ ਕਿ ਇਸੇ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਪੰਜਾਬ ਪੁਲੀਸ ਦੇ aਹੁਨਾਂ ਮੁਲਾਜਮਾਂ ਨੂੰ ਜੋ ਇਸ ਸੰਘਰਸ਼ ਦੌਰਾਨ ਅਣਮਨੁੱਖੀ ਤੇ ਗੈਰਕਾਨੂੰਨੀ ਵਰਤਾਰੇ ਦਾ ਹਿੱਸਾ ਸਨ ਤੇ ਕਨੂੰਨੀ ਪ੍ਰਕਿਰਿਆਂ ਦਾ ਸਾਹਮਣਾ ਕਰ ਰਹੇ ਸਨ, ਨੂੰ ਪੂਰੀ ਸਰਕਾਰੀ ਮੱਦਦ ਦੇਣ ਦਾ ਐਲਾਨ ਕੀਤਾ ਜੋ ਕਿ ਅੱਜ ਵੀ ਸਰਕਾਰਾਂ ਵੱਲੋਂ ਜਾਰੀ ਹੈ।
ਹੁਣ ਜਦੋਂ ਸੰਯੁਕਤ ਰਾਸ਼ਟਰ ਦੇ ਮੁੱਖ ਸੰਚਾਲਕ ਸਕੱਤਰ ਜਨਰਲ ਭਾਰਤ ਦੌਰੇ ਦੌਰਾਨ ਪੰਜਾਬ ਵਿੱਚ ਦਰਬਾਰ ਸਾਹਿਬ ਮੱਥਾ ਟੇਕਣ ਆ ਰਹੇ ਹਨ ਜਿਸ ਬਾਰੇ ਪਹਿਲਾਂ ਅਖਬਾਰ ਤੇ ਸਰਕਾਰਾਂ ਵੱਲੋਂ ਐਲਾਨ ਹੋ ਚੁੱਕਿਆ ਹੈ ਤੇ ਅਖਬਾਰੀ ਬਿਆਨਾਂ ਰਾਹੀਂ ਸਿੱਖ ਕੌਮ ਦੀ ਦਰਦਨਾਕ ਦਾਸਤਾਂ ਬਾਰੇ ਚਿੱਠੀਆਂ ਲਿਖੀਆਂ ਗਈਆਂ ਹਨ। ਪਰ ਚਾਹੀਦਾ ਤਾਂ ਇਹ ਸੀ ਕਿ ਇਸ ਮੌਕੇ ਸੰਯੁਕਤ ਰਾਸ਼ਟਰ ਦੇ ਸੰਚਾਲਕ ਦੀ ਦਰਬਾਰ ਸਾਹਿਬ ਫੇਰੀ ਦੇ ਦੌਰਾਨ ਸਿੱਖ ਕੌਮ ਲਾਮਬੰਦ ਹੋ ਕੇ ਇੱਕ ਸਾਂਝਾਂ ਪ੍ਰਭਾਸ਼ਾਲੀ ਇਕੱਠ ਕਰਕੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੀ ਤੇ ਉਸ ਪ੍ਰਗਟਾਵੇ ਦਾ ਖੁਦ-ਬ-ਖੁਦ ਜਦੋਂ ਮੀਡੀਆਂ ਰਾਹੀਂ ਪ੍ਰਗਟਾਵਾ ਹੋਣਾ ਸੀ ਤਾਂ ਸਿੱਖ ਕੌਮ ਦੀ ਦਬੀ ਹੋਈ ਅਵਾਜ ਦੀ ਭਿਣਕ ਸ਼ਾਇਦ ਸੰਯੁਕਤ ਰਾਸ਼ਟਰ ਦੇ ਕੰਨਾਂ ਵਿੱਚ ਪੈ ਜਾਂਦੀ। ਪਰ ਸਦਾ ਵਾਂਗ ਸਿੱਖ ਕੌਮ ਅੰਦਰ ਨਿੱਜੀ ਦਗਮਜਿਆ ਦੇ ਪ੍ਰਗਟਾਵੇ ਕਾਰਨ ਇਹ ਇਹ ਨਿੱਜੀ ਹੋ ਕਿ ਰਹਿ ਗਿਆ ਹੈ ਅਤੇ ਪੰਜਾਬ ਅੰਦਰ ਹੋਏ ਪੰਜਾਬ ਦੀ ਜਵਾਨੀ ਦੇ ਝੂਠੇ ਮੁਕਾਬਲਿਆਂ ਦੇ ਜਬਰ ਜੁਲਮ ਦੀ ਅਵਾਜ ਅੱਜ ਵੀ ਸਿਰਫ ਕਬਰਾਂ ਦੇ ਦੁਆਲੇ ਹੀ ਘੁੰਮ ਰਹੀ ਹੈ।