ਪੰਜਾਬ ਵਿੱਚ ਇਸ ਸਮੇਂ 17ਵੀਂ ਲੋਕ ਸਭਾ ਚੋਣਾ ਨੂੰ ਲੈ ਕੇ ਲੋਕਾਂ ਵਿੱਚ ਸਿਆਸੀ ਮਹੌਲ ਭਖਿਆ ਹੋਇਆ ਹੈ। ਇੰਨਾ ਚੋਣਾਂ ਵਿੱਚ ਪੰਜਾਬ ਤੋਂ 13 ਲੋਕ ਸਭਾ ਚੋਣ ਸੀਟਾਂ ਹਨ। ਹਰ ਇੱਕ ਸੀਟ ਤੇ ਮੁੱਖ ਮੁਕਾਬਲਾ ਸੱਤਾਧਾਰੀ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਹੈ। ਭਾਵੇਂ ਇਸ ਸਮੇਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 13 ਸੀਟਾਂ ਤੋਂ ਆਪਣੇ ਉਮੀਦਵਾਰ ਖੜੇ ਕੀਤੇ ਹਨ ਪਰ ਇਸ ਵਾਰ ਉਨਾਂ ਪ੍ਰਤੀ ਪੰਜਾਬ ਦੇ ਲੋਕਾਂ ਦਾ ਝੁਕਾਅ ਦਿਖਾਈ ਨਹੀਂ ਦੇ ਰਿਹਾ। ਭਾਵੇਂ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਉਨਾਂ ਨੇ ਚਾਰ ਸੀਟਾਂ ਜਿੱਤੀਆਂ ਸਨ। ਇਸੇ ਤਰਾਂ ਉਨਾਂ ਨੇ ਨਵੀਂ ਹੋਂਦ ਵਿੱਚ ਆਏ ਡੈਮੋਕਰੇਟਿਕ ਪਾਰਟੀ ਨੇ ਵੀ ਆਪਣੇ ਉਮੀਦਵਾਰ ਖੜੇ ਕੀਤੇ ਹਨ ਅਤੇ ਨਵੀਂ ਹੋਂਦ ਵਿੱਚ ਆਈ ਪੰਜਾਬੀ ਏਕਤਾ ਪਾਰਟੀ ਨੇ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ। ਇੰਨਾ ਚੋਣਾਂ ਵਿੱਚ ਹੀ ਖਡੂਰ ਸਾਹਿਬ ਹਲਕੇ ਤੋਂ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਸੁਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਪੰਜਾਬ ਏਕਤਾ ਪਾਰਟੀ ਵੱਲੋਂ ਮੈਦਾਨ ਵਿੱਚ ਹਨ। ਇਸਦੀ ਜਿੱਤ ਹਾਰ ਪੰਜਾਬ ਦੇ ਸਿਆਸੀ ਮਾਹੌਲ ਵਿੱਚ ਮਹੱਤਵ ਰੱਖਦੀ ਹੈ। ਇੰਨਾ ਲੋਕ ਸਭਾ ਚੋਣਾਂ ਵਿੱਚ ਭਾਵੇਂ ਭਾਰਤ ਅੰਦਰ ਮੁੱਖ ਮਹੌਲ ਅਤੇ ਮੁੱਦਾ ਰਾਸ਼ਟਰਵਾਦ ਅਤੇ ਹਿੰਦੂਤਵ ਭਖਾਇਆ ਗਿਆ ਹੈ ਪਰ ਪੰਜਾਬ ਅੰਦਰ ਇੰਨਾ ਮੁੱਦਿਆ ਦਾ ਕੋਈ ਮਹੱਤਵ ਦਿਖਾਈ ਨਹੀਂ ਦੇ ਰਿਹਾ ਹੈ। ਇਸੇ ਤਰਾਂ ਪੰਜਾਬ ਅੰਦਰ ਪੰਥਕ ਧਿਰਾਂ ਵਿੱਚ ਵੀ ਚੁੱਪ ਛਾਈ ਹੋਈ ਹੈ ਭਾਵੇਂ ਉਨਾਂ ਵਲੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਲੋਕ ਸਭਾ ਹਲਕੇ ਵਿੱਚ ਉਤਾਰੇ ਗਏ ਹਨ। ਪੰਜਾਬ ਅੰਦਰ ਮੁੱਖ ਰੂਪ ਵਿੱਚ ਜੋ ਮੁੱਦੇ ਸਿਆਸੀ ਤੌਰ ਤੇ ਲੋਕਾਂ ਤੇ ਹਾਵੀ ਹਨ ਉਹ ਹੈ ਬੇਰੁਜਗਾਰੀ ਤੇ ਨਸ਼ਿਆਂ ਦਾ ਦਬਦਬਾ, ਕਿਸਾਨੀ ਤ੍ਰਾਸਦੀ, ਸਿਹਤ ਅਤੇ ਸਿੱਖਿਆ ਅਤੇ ਬੇਅਦਬੀ ਦਾ ਮਾਮਲਾ ਮੁੱਖ ਹਨ।
ਬੇਰੁਜ਼ਗਾਰੀ ਦਾ ਮੁੱਦਾ ਨੌਜਵਾਨਾਂ ਵਿੱਚ ਸਭ ਤੋਂ ਜ਼ਿਆਦਾ ਮਹੱਤਵ ਰੱਖਦਾ ਹੈ। ਪੰਜਾਬ ਅੰਦਰ ਇਸ ਸਮੇਂ ਭਾਵੇਂ ਕੋਈ ਅੰਕੜੇ ਮੌਜੂਦ ਨਹੀਂ ਹਨ ਪਰ ਅਨੁਮਾਨ ਅਨੁਸਾਰ 22 ਲੱਖ ਤੋਂ ਵੱਧ ਨੌਜਵਾਨ ਵਰਗ ਬੇਰੁਜ਼ਗਾਰੀ ਦੀ ਮਾਰ ਝੱਲ ਰਿਹਾ ਹੈ। ਭਾਰਤ ਦੀ ਕੇਂਦਰੀ ਸਰਕਾਰ ਨੇ 2014 ਵਿੱਚ ਸਰਕਾਰ ਬਣਨ ਤੋਂ ਪਹਿਲਾ ਦੋ ਕ੍ਰੋੜ ਹਰ ਸਾਲ ਨੌਕਰੀਆਂ ਮੁਹੱਈਆਂ ਕਰਨ ਦਾ ਵਾਅਦਾ ਕੀਤਾ ਸੀ ਪਰ ਉਹ ਇਸ ਵਿੱਚ ਸਫਲ ਨਹੀਂ ਹੋਏ। ਇਸ ਕਰਕੇ ਪਿਛਲੇ 45 ਸਾਲਾਂ ਦੇ ਮੁਕਾਬਲੇ ਵਿੱਚ ਬੇਰੁਜ਼ਗਾਰੀ ਦੀ ਤਰਾਂ ਪੰਜਾਬ ਦੀ ਸੱਤਾਧਾਰੀ ਕਾਂਗਰਸ ਪਾਰਟੀ ਨੇ ਵੀ ਆਪਣੇ ਚੋਣ ਮਨੋਰਥ ਪੱਤਰ ਵਿੱਚ ਘਰ ਘਰ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਪਰ ਉਸਨੂੰ ਵੀ ਢਾਈ ਸਾਲਾਂ ਦੇ ਕਾਰਜ਼ਕਾਲ ਵਿੱਚ ਕੋਈ ਸਫਲਤਾ ਨਹੀਂ ਮਿਲੀ। ਦੂਸਰਾ ਵੱਡਾ ਮੁੱਦਾ ਜੋ ਅੱਜ ਦੇ ਸਮੇਂ ਵਿੱਚ ਸਭ ਤੋਂ ਅਹਿਮ ਹੈ ਉਹ ਹੈ ਨਸ਼ਿਆਂ ਦਾ ਜ਼ਾਲ ਜੋ ਪੰਜਾਬ ਦੀ ਨੌਜਵਾਨੀ ਨੂੰ ਪੂਰੀ ਤਰਾਂ ਆਪਣੇ ਘੇਰੇ ਵਿੱਚ ਜਕੜ ਚੁੱਕਿਆ ਹੈ। ਬੇਰੁਜਗਾਰੀ ਤੇ ਨਸ਼ਿਆਂ ਦੇ ਮੁੱਦੇ ਕਾਰਨ ਅੱਜ ਪੰਜਾਬ ਦਾ ਨੌਜਵਾਨ ਵਿਦੇਸ਼ ਦੀ ਧਰਤੀ ਵੱਲ ਮੂੰਹ ਕਰ ਰਿਹਾ ਹੈ। ਤੀਜਾ ਵੱਡਾ
ਮੁੱਦਾ ਜੋ ਪੰਜਾਬ ਵਿੱਚ ਅਹਿਮ ਹੈ ਉਹ ਸਿੱਖਿਆ ਤੇ ਸਿਹਤ ਨੂੰ ਲੈ ਕੇ ਹੈ। ਸਿੱਖਿਆ ਵਿੱਚ ਵੱਧ ਰਹੀ ਦਿਨ ਪ੍ਰਤੀ ਦਿਨ ਨਾ ਬਰਾਬਰੀ ਵੀ ਵੱਡਾ ਕਾਰਨ ਹੈ ਕਿ ਪਰਿਵਾਰ ਆਪਣੇ ਬੱਚਿਆ ਨੂੰ ਵੱਡੇ ਕਰਜੇ ਚੁੱਕ ਕੇ IELTS ਰਾਹੀਂ ਵਿਦੇਸ਼ਾਂ ਵੱਲ ਧੱਕ ਰਹੇ ਹਨ। ਇਸੇ ਤਰਾਂ ਸਿਹਤ ਸੇਵਾਵਾਂ ਨੂੰ ਲੈ ਕੇ ਵੀ ਸਰਕਾਰਾਂ ਅੱਜ ਤੱਕ ਮਿਆਰੀ ਸਿਹਤ ਸੁਵਿਧਾਵਾਂ ਦੇਣ ਵਿੱਚ ਸਫਲ ਨਹੀਂ ਹੋ ਸਕੀਆਂ ਤੇ ਇਹ ਸੁਵਿਧਾਵਾਂ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੀ ਹਨ।
ਚੌਥਾ ਮੁੱਖ ਮੁੱਦਾ ਇੰਨਾ ਲੋਕ ਸਭਾ ਚੋਣਾਂ ਵਿੱਚ ਸਭ ਤੋਂ ਅਹਿਮ ਹੈ ਤੇ ਉਹ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜਿਆ ਹੋਇਆ ਹੈ। ਇਹ ਮੁੱਦਾ ਸਿੱਖ ਮਨਾਂ ਅੰਦਰ ਸਭ ਤੋਂ ਮਹੱਤਵਪੂਰਨ ਹੈ। ਇਸ ਲਈ ਸਿੱਖ ਕੌਮ ਸ਼੍ਰੋਮਣੀ ਅਕਾਲੀ ਦਲ ਨੂੰ ਮੁੱਖ ਰੂਪ ਵਿੱਚ ਜ਼ਿੰਮੇਵਾਰ ਸਮਝ ਰਹੀ ਹੈ। ਭਾਵੇਂ ਉਹ ਇਸ ਵਿੱਚ ਕਿੰਨੀ ਸ਼ਾਮੂਲੀਅਤ ਰੱਖਦੇ ਹਨ, ਨਹੀਂ ਪਤਾ, ਪਰ ਅਕਾਲੀ ਦਲ ਦੀ ਸਰਕਾਰ ਦੌਰਾਨ ਹੋਏ ਇਸ ਮਸਲੇ ਨੂੰ ਸਿੱਖ ਭਾਵਨਾਵਾਂ ਅਨੁਸਾਰ ਹੱਲ ਨਹੀਂ ਕਰ ਸਕੇ। ਅੱਜ ਵੀ ਸ਼੍ਰੋਮਣੀ ਅਕਾਲੀ ਦਲ ਇਸ ਮੁੱਦੇ ਤੋਂ ਆਪਣੇ ਆਪ ਨੂੰ ਪਰੇ ਧੱਕ ਰਿਹਾ ਹੈ ਤੇ ਇਸਦੀ ਜਿੰਮੇਵਾਰੀ ਤੋਂ ਇਨਕਾਰੀ ਹੈ।
ਇੰਨਾ ਮੁੱਦਿਆਂ ਤੋਂ ਇਲਾਵਾ ਜੋ ਅਹਿਮ ਮੁੱਦਾ ਇੰਨਾ ਲੋਕ ਸਭਾ ਚੋਣਾਂ ਗਾਇਬ ਹੈ ਉਹ ਹੈ ਪੰਜਾਬ ਦੇ ਮਸਲੇ, ਮੁੱਖ ਰੂਪ ਵਿੱਚ ਸਿੱਖ ਕੌਮ ਨਾਲ ਜੁੜੇ ਹੋਏ ਮੁੱਦੇ, ਜਿਵੇਂ ਕਿ ਪੰਜਾਬ ਦੇ ਦਰਿਆਈ ਪਾਣੀਆਂ ਦਾ ਹੱਲ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦਾ ਮਸਲਾ ਤੇ ਸਿੱਖ ਕੌਮ ਨਾਲ ਜੁੜਿਆ ਹੋਇਆ ਮੁੱਖ ਪੱਖ ਸਿੱਖ ਕੌਮ ਦੀ ਵੱਖਰੀ ਪਛਾਣ ਦਾ ਮਸਲਾ। ਪਰ ਕੋਈ ਵੀ ਪਾਰਟੀ ਇਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਜੋ ਆਪਣੇ ਆਪ ਨੂੰ ਸਿੱਖ ਕੌਮ ਦੀ ਮੁੱਦਈ ਦੱਸਦਾ ਹੈ, ਵੀ ਇੰਨਾ ਮਸਲਿਆਂ ਨੂੰ ਅਹਿਮ ਨਹੀਂ ਸਮਝਦੀ ਹੈ।
ਇਹ ਮੁੱਖ ਮੁੱਦੇ ਪੰਜਾਬ ਦੇ ਸਿਆਸੀ ਮਹੌਲ ਵਿੱਚ ਲੋਕ ਸਭਾ ਚੋਣਾ ਨੂੰ ਲੈ ਕੇ ਅੱਜ ਮਹੱਤਵਪੂਰਨ ਹਨ ਪਰ ਕੀ ਆਉਣ ਵਾਲੀ ਕੇਂਦਰੀ ਸਰਕਾਰ ਇੰਨਾ ਮਸਲਿਆਂ ਨੂੰ ਸੁਲਝਾ ਸਕੇਗੀ ਕਿ ਨਹੀਂ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ।