ਭਾਰਤ ਦੀ ਉੱਚ ਨਿਆਂਪਾਲਿਕਾ ਨੇ ਸਾਬਰੀਮਾਲਾ ਮੰਦਿਰ ਦੇ ਮਸਲੇ ਨੂੰ ਲੈ ਕੇ ਇੱਕ ਅਹਿਮ ਫੈਸਲਾ ਸੁਣਾਉਦਿਆਂ ਕਿਹਾ ਕਿ ਸਾਬਰੀਮਾਲਾ ਮੰਦਰ ਜੋ ਕੇਰਲਾ ਦੀਆਂ ਪਹਾੜੀਆਂ ਵਿੱਚ ਸਥਿਤ ਹੈ, ਦੇ ਦਰਵਾਜੇ ਸਭ ਲਈ ਖਾਸ ਕਰਕੇ ਔਰਤਾਂ ਲਈ ਵੀ ਖੋਲ ਦਿਤੇ ਜਾਣ। ਇਹ ਸਾਬਰੀਮਾਲਾ ਦੇਵੀ ਦਾ ਮੰਦਰ ਹਿੰਦੂਆਂ ਦੇ ਆਇਪਾ ਪੰਥ (ਛੁਲਟ) ਨਾਲ ਸਬੰਧਿਤ ਹੈ ਅਤੇ ਇਸਦੀ ਸਥਾਪਨਾ ਰਾਜਾ ਪਰਸੂਰਾਮ ਨੇ ੧੨ਵੀਂ ਸਦੀ ਵਿੱਚ ਕੀਤੀ ਸੀ। ਇਸ ਮੰਦਰ ਦੀ ਹਿੰਦੂ ਧਰਮ ਵਿੱਚ ਵਿਸ਼ੇਸ ਮਹੱਤਤਾ ਹੈ। ਸਮੇਂ ਨਾਲ ਇਸ ਮੰਦਰ ਤੇ ਵੀ ਪੁਜਾਰੀਵਾਦ ਦਾ ਇੰਨਾ ਪ੍ਰਭਾਵ ਵੱਧ ਗਿਆ ਕਿ ਉਨਾਂ ਨੇ ਆਪਣੀ ਸੋਚ ਤੇ ਰਹੁ ਰੀਤਾਂ ਅਨੁਸਾਰ ਇਸ ਮੰਦਰ ਵਿੱਚ ਔਰਤ ਵਰਗ ਦੇ ਦਾਖਲੇ ਤੇ ਪੂਰੀ ਤਰਾਂ ਪਾਬੰਦੀ ਲਾ ਦਿੱਤੀ। ਇਸਦਾ ਕਾਰਨ ਧਾਰਮਿਕ ਨਾਲੋਂ ਵਧੇਰੇ ਸਮਾਜਿਕ ਨਾ ਬਰਾਬਰੀ ਦਾ ਮੁੱਦਾ ਬਣਿਆ। ਜਿਸ ਕਾਰਨ ਕੋਰਟ ਵਿੱਚ ਇਸ ਪਾਬੰਦੀ ਨੂੰ ਖਤਮ ਕਰਨ ਲਈ ਜਨਹਿਤ ਕੇਸ ਚੱਲ ਰਿਹਾ ਸੀ। ਜਿਸਦਾ ਫੈਸਲਾ ਕਰਦਿਆ ਭਾਰਤ ਦੀ ਉੱਚ ਅਦਾਲਤ ਨੇ ਬਹੁਮਤ ਨਾਲ ਇਹ ਤਹਿ ਕਰ ਦਿੱਤਾ ਕਿ ਇਸ ਮੰਦਰ ਦੇ ਦਰਵਾਜੇ ਹਰਇੱਕ ਲਈ ਖੁੱਲੇ ਹਨ ਤੇ ਔਰਤਾਂ ਦੀ ਪਾਬੰਦੀ ਦੇ ਹੁਕਮਾਂ ਨੂੰ ਖਾਰਜ ਕਰਕੇ ਇਸਨੂੰ ਔਰਤਾਂ ਲਈ ਖੋਲ ਦਿੱਤਾ ਗਿਆ। ਇਹ ਵਿਸ਼ਾ ਕੇਰਲਾ ਵਿੱਚ ਤੇ ਭਾਰਤੀ ਨਿਆਂ ਮੰਚ ਵਿੱਚ ਕਾਫੀ ਚਰਚਾ ਵਿੱਚ ਹੈ। ਇਸਦੇ ਉਲਟ ਕੇਰਲਾ ਸੂਬੇ ਵਿੱਚ ਕਾਫੀ ਰੋਸ ਹੈ ਕਿ ਉਚ ਅਦਾਲਤ ਨੇ ਇਹ ਫੈਸਲਾ ਸਹੀ ਨਹੀਂ ਸੁਣਾਇਆ।

ਇਸੇ ਤਰਾਂ ਸਿੱਖ ਪੰਥ ਅੰਦਰ ਵੀ ਸਮਾਜਿਕ ਕਾਰਨਾਂ ਕਰਕੇ ਸਮੇਂ ਦੇ ਜਥੇਦਾਰ ਦੀ ਭੂਮਿਕਾ ਅਤੇ ਗਰੰਥੀਆਂ ਦੀ ਭੂਮਿਕਾ ਵਧੇਰੇ ਪ੍ਰਭਾਵਸ਼ਾਲੀ ਹੋਣ ਕਾਰਨ ਸਿੱਖ ਔਰਤਾਂ ਪ੍ਰਤੀ ਵੀ ਵਖਰੇਵੇਂ ਦੀ ਭਾਵਨਾ ਹੈ। ਸਿੱਖ ਧਰਮ ਆਧੁਨਿਕ ਧਰਮ ਹੈ ਜਿਸ ਵਿੱਚ ਕਿਸੇ ਨਾਲ ਵੀ ਵਿਤਕਰੇ ਦੀ ਭਾਵਨਾ ਦਾ ਕੋਈ ਵੀ ਸੰਕੇਤ ਨਹੀਂ ਹੈ। ਇਸ ਧਰਮ ਵਿੱਚ ਵੀ ਸਿੱਖ ਬੀਬੀਆਂ ਨੂੰ ਸੇਵਾਦਾਰੀ ਤਾਂ ਦਿੱਤੀ ਜਾਂਦੀ ਹੈ ਪਰ ਸਿੱਖ ਬੀਬੀ ਕਿਸੇ ਵੀ ਗੁਰਦੁਆਰਾ ਸਾਹਿਬ ਦੀ ਗ੍ਰੰਥੀ ਨਿਯੁਕਤ ਨਹੀਂ ਹੋ ਸਕਦੀ। ਖਾਸ ਕਰਕੇ ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਵੀ ਸਿੱਖ ਬੀਬੀਆਂ ਨਾ ਕੀਰਤਨ ਦੀ ਸੇਵਾ ਨਿਭਾਅ ਸਕਦੀਆਂ ਹਨ ਤੇ ਨਾ ਹੀ ਉਹਨੂੰ ਹਜੂਰੀ ਰਾਗੀ ਦੀ ਸੇਵਾ ਦਿੱਤੀ ਜਾਂਦੀ ਹੈ। ਜਦਕਿ ਹੋਰ ਗੁਰਦੁਆਰਾ ਸਾਹਿਬ ਵਿੱਚ ਸਿੱਖ ਬੀਬੀਆਂ ਆਮ ਕੀਰਤਨ ਕਰਦੀਆਂ ਹਨ ਪਰ ਸਿੱਖੀ ਦੇ ਮੁੱਖ ਕੇਂਦਰਾਂ ਵਿੱਚ ਸਿੱਖ ਬੀਬੀਆਂ ਨੂੰ ਕੀਰਤਨ ਕਰਨ ਦੀ ਮਨਾਹੀ ਹੈ ਤੇ ਉਹਨਾਂ ਨੂੰ ਮੁੱਖ ਗ੍ਰੰਥੀ ਦੀ ਸੇਵਾ ਵੀ ਨਹੀ ਦਿੱਤੀ ਜਾਂਦੀ ਇਸੇ ਤਰਾਂ ਸਿੱਖ ਜਥੇਦਾਰ ਪ੍ਰਣਾਲੀ ਵਿਚੋਂ ਵੀ ਸਿੱਖ ਬੀਬੀਆਂ ਨੂੰ ਪੂਰੀ ਤਰਾਂ ਵਾਂਝਿਆਂ ਰੱਖਿਆ ਗਿਆ ਹੈ। ਇੱਕ ਵਾਰ ਸਿੱਖ ਔਰਤ ਬੀਬੀ ਜਗੀਰ ਕੌਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਜਰੂਰ ਰਹੀ ਹੈ ਪਰ ਉਸਨੇ ਵੀ ਆਪਣੇ ਕਾਰਜਕਾਲ ਦੌਰਾਨ ਸਿੱਖ ਬੀਬੀਆਂ ਦੀਆਂ ਇਹਨਾਂ ਸੇਵਾਂਵਾਂ ਪ੍ਰਤੀ ਕੋਈ ਵਿਸ਼ੇਸ ਉਪਰਾਲਾ ਨਹੀਂ ਕੀਤਾ। ਅੱਜ ਦੇ ਆਧੁਨਿਕ ਯੁੱਗ ਵਿੱਚ ਸਿੱਖ ਧਰਮ ਦੀ ਇਸ ਰੀਤ ਤੇ ਵਿਚਾਰ ਕਰਨ ਦੀ ਲੋੜ ਹੈ ਤਾਂ ਜੋ ਇਸ ਵਿਤਕਰੇ ਨੂੰ ਖਤਮ ਕਰਕੇ ਸਿੱਖ ਬੀਬੀਆਂ ਨੂੰ ਸੇਵਾ ਕਰਨ ਦਾ ਪੂਰਾ ਮੌਕਾ ਦਿੱਤਾ ਜਾਵੇ।