ਇਤਿਹਾਸ ਕਦੋਂ ਦਿਉ ਗਵਾਹੀ ਉਨ੍ਹਾਂ ਸ਼ਹੀਦਾਂ ਦੀ
ਖਾਤਰ ਕੌਮ ਦੀ ਨੀਹਾਂ ਵਿੱਚ ਜੋ ਬੇਨਾਮ ਚੁਣੇ ਗਏ।
ਬਿਨਾ ਸ਼ੱਕ ਬੇਨਾਮ ਸ਼ਹੀਦਾਂ ਦੀ ਗਾਥਾ ਅਕਸਰ ਇਤਿਹਾਸ ਦੇ ਪੰਨਿਆਂ ਤੋਂ ਗਾਇਬ ਹੋ ਜਾਂਦੀ ਹੈ। ਉਹ ਬੇਨਾਮ ਯੋਧੇ ਜੋ ਸਿਦਕਦਿਲੀ ਦੀ ਮਿਸਾਲ ਹੁੰਦੇ ਹਨ, ਜੋ ਇਤਿਹਾਸ ਦੇ ਰਚਨਹਾਰੇ ਹੁੰਦੇ ਹਨ ਜੋ ਇਤਿਹਾਸ ਨੂੰ ਚਮਕਾਉਣ ਲਈ ਆਪਣੇ ਲਹੂ ਦਾ ਕਤਰਾ ਕਤਰਾ ਵਹਾ ਕੇ ਵੀ ਕੋਈ ਦਾਅਵਾ ਨਹੀ ਕਰਦੇ, ਉਨ੍ਹਾਂ ਦੀ ਗਾਥਾ ਲਿਖਣੀ ਸੱਚਮੁੱਚ ਹੀ ਕਾਫੀ ਦ੍ਰਿੜ ਅਤੇ ਇਮਾਨਦਾਰ ਯਤਨ ਹੁੰਦਾ ਹੈ। ਕਿਉਕਿ ਕੌਮੀ ਅਜ਼ਾਦੀ ਦੇ ਸੰਘਰਸ਼ਾਂ ਵਿੱਚ ਸਿਰਫ ਉਨ੍ਹਾਂ ਯੋਧਿਆਂ ਨੂੰ ਹੀ ਵੱਡੀ ਥਾਂ ਮਿਲ ਜਾਂਦੀ ਹੈ ਜੋ ਮਹਾਨ ਕਾਰਨਾਮੇ ਕਰਨ ਜਾਂ ਸ਼ਹਾਦਤ ਦੀਆਂ ਉੱਚੀਆਂ ਬੁਲੰਦੀਆਂ ਨੂੰ ਪਾਉਣ ਵੇਲੇ ਜਗਤ ਦੇ ਸਾਹਮਣੇ ਵਿਚਰ ਰਹੇ ਹੁੰਦੇ ਹਨ, ਪਰ ਇਨ੍ਹਾਂ ਯੋਧਿਆਂ ਦੇ ਮਿਸਾਲੀ ਜੀਵਨ ਦੇ ਪਿੱਛੇ ਕਿੰਨੇ ਬੇਨਾਮ ਸੂਰਮੇ ਛੁਪੇ ਹੋਏ ਹੁੰਦੇ ਹਨ ਇਸਦੀ ਸੂਝ ਕਿਸੇ ਕੌਮੀ ਮੁਕਤੀ ਦੇ ਸੰਘਰਸ਼ ਦੇ ਪ੍ਰਤੀਬੱਧ ਹਿੱਸਿਆਂ ਨੂੰ ਹੀ ਹੁੰਦੀ ਹੈ। ਕੌਮ ਦੀ ਚੜ੍ਹਦੀ ਕਲਾ ਲਈ ਨੀਹਾਂ ਵਿੱਚ ਚੁਣੇ ਗਏ ਅਜਿਹੇ ਬੇਨਾਮ ਸ਼ਹੀਦਾਂ ਨੂੰ ਯਾਦ ਕਰਨਾ ਅਸਲ ਵਿੱਚ ਸੰਘਰਸ਼ ਦੇ ਅਸਲ ਨੂੰ ਸਮਝਣ ਦੀ ਇਮਾਨਦਾਰ ਕੋਸ਼ਿਸ਼ ਹੁੰਦੀ ਹੈ। ਅਜਿਹੇ ਬੇਨਾਮ ਸ਼ਹੀਦ ਹੀ ਸੰਘਰਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ, ਸੰਘਰਸ਼ ਦੀ ਸਾਹ ਰਗ ਹੁੰਦੇ ਹਨ।
ਭਾਈ ਦਲਜੀਤ ਸਿੰਘ ਨੇ ਕੌਮ ਦੇ ਇਨ੍ਹਾਂ ਸਿਰਲੱਥ ਪਰ ਬੇਨਾਮ ਯੋਧਿਆਂ ਦੀ ਗਾਥਾ ਕੌਮ ਦੇ ਸਾਹਮਣੇ ਲਿਆਉਣ ਦਾ ਕਾਰਜ ਅਰੰਭ ਕੀਤਾ ਹੈ। ਭਾਈ ਦਲਜੀਤ ਸਿੰਘ ਕੋਲ, ਸਿੱਖ ਲਹਿਰ ਦਾ ਆਗੂ ਹੋਣ ਦੇ ਨਾਤੇ ਅਜਿਹੇ ਸੂਰਬੀਰ ਯੋਧਿਆਂ ਦੀਆਂ ਅਣਗਿਣਤ ਗਾਥਾਵਾਂ ਮੌਜੂਦ ਹਨ। ਬੇਸ਼ੱਕ ਸੰਘਰਸ਼ ਵਿੱਚ ਸ਼ਾਮਲ ਰਹੇ ਹੋਰ ਬਹੁਤ ਸਾਰੇ ਵੀਰਾਂ ਕੋਲ ਵੀ ਅਜਿਹੀਆਂ ਗਾਥਾਵਾਂ ਮੌਜੂਦ ਹੋਣਗੀਆਂ ਪਰ ਹਰ ਕੋਈ ਉਸ ਮੁਕਾਮ ਤੇ ਪਹੁੰਚਿਆ ਨਹੀ ਹੁੰਦਾ ਜਿਸ ਮੁਕਾਮ ਤੇ ਖੜ੍ਹਕੇ ਇਨ੍ਹਾਂ ਬੇਨਾਮ ਸ਼ਹੀਦਾਂ ਦੀ ਗਾਥਾ ਨੂੰ ਇਮਾਨਦਾਰੀ ਨਾਲ ਕੌਮ ਦੀ ਝੋਲੀ ਪਾਇਆ ਜਾ ਸਕੇ। ਇਸ ਕਾਰਜ ਵਿੱਚ ਬਹੁਤ ਸਾਰੀਆਂ ਔਕੜਾਂ ਵੀ ਆਉਂਦੀਆਂ ਹਨ। ਗੁਰੀਲਾ ਜੰਗ ਵਿੱਚ ਕੌਣ ਪੰਥ ਲਈ ਵਫਾਦਾਰੀ ਨਾਲ ਨਿਭਿਆ ਅਤੇ ਕੌਣ ਨਹੀ ਇਸਦਾ ਇਮਾਨਦਾਰ ਫੈਸਲਾ ਕਰਨਾ ਬਹੁਤ ਜੋਖਮ ਭਰਿਆ ਕਾਰਜ ਹੁੰਦਾ ਹੈ।
ਦਿੱਲੀ ਵਾਲਾ ਰਵੀ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪਰਧਾਨ ਰਹੇ ਭਾਈ ਗੁਰਜੀਤ ਸਿੰਘ ਦੀ ਗਾਥਾ ਇਸਦੀ ਪਰਤੱਖ ਮਿਸਾਲ ਹੈ। ਅਜਿਹੇ ਮੌਕਿਆਂ ਤੇ ਕੋਈ ਜਿੰਮੇਵਾਰ ਆਗੂ ਹੀ ਸੱਚ ਦੇ ਨਾਲ ਖੜ੍ਹਨ ਦਾ ਹੌਸਲਾ ਕਰ ਸਕਦਾ ਹੈ। ਦਿੱਲੀ ਵਾਲੇ ਰਵੀ ਵਰਗੇ ਹਜਾਰਾਂ ਸੂਰਬੀਰ ਹੋਣਗੇ ਜੋ ਨਾ ਸਿਰਫ ਦੁਸ਼ਮਣ ਦੀਆਂ ਅੱਖਾਂ ਵਿੱਚ ਅੱਖਾਂ ਪਾਕੇ ਝਾਕਣ ਦਾ ਜਿਗਰਾ ਕਰ ਰਹੇ ਹੋਣਗੇ ਬਲਕਿ ਕਿਸੇ ਮੌਕੇ ਤੇ ਦੁਸ਼ਮਣ ਦੀ ਕਰੂਰਤਾ ਸਾਹਮਣੇ ਉਸ ਦੇ ਮੂੰਹ ਤੇ ਥੁੱਕਣ ਦਾ ਜਿਗਰਾ ਵੀ ਕਰ ਰਹੇ ਹੋਣਗੇ।
ਭਾਈ ਦਲਜੀਤ ਸਿੰਘ ਦੀ ਕਿਤਾਬ ਨੇ ਸਿੱਖ ਇਤਿਹਾਸ ਦੇ ਅਣਫੋਲੇ ਵਰਕੇ ਸਾਡੇ ਸਾਹਮਣੇ ਰੱਖੇ ਹਨ। ਕਾਰ ਸੇਵਾ ਵਾਲੇ ਬਾਬਾ ਜੀ, ਬਾਬਾ ਪਿਆਰਾ ਸਿੰਘ, ਦਿੱਲੀ ਵਾਲੀ ਜੁਝਾਰੂ ਬੀਬੀ, ਲੁਧਿਆਣੇ ਲਾਗੇ ਦਾ ਉਹ ਫੌਜੀ ਸੂਬੇਦਾਰ ਜੋ ਸਿੰਘਾਂ ਨੂੰ ਸਤਕਾਰ ਖਾਤਰ ਬੁਲਾਉਣ ਲਈ ਹੀ ਕਈ ਦਿਨ ਤਸ਼ੱਦਦ ਝੱਲਦਾ ਰਿਹਾ,ਸਵਾਂ ਨਦੀ ਦੇ ਕੰਢੇ ਤੇ ਦੁਸ਼ਮਣ ਨੂੰ ਚੀਕ ਚੀਕ ਕੇ ਲਲਕਾਰਨ ਵਾਲਾ ਯੋਧਾ ਅਤੇ ਉਸਦੇ ਨਾਲ ਖਾਮੋਸ਼ ਸ਼ਹੀਦੀ ਪਾ ਗਿਆ ਉਹ 14 ਸਾਲ ਦਾ ਬੱਚਾ। ਇਹ ਸਾਡੇ ਆਪਣੇ ਲੋਕ ਸਨ। ਇਨ੍ਹਾਂ ਨੇ ਪੰਥ ਅਤੇ ਪੰਜਾਬ ਦੀ ਚੜ੍ਹਦੀਕਲਾ ਲਈ ਮਣਾਂਮੂੰਹੀ ਤਸ਼ੱਦਦ ਝੱਲਿਆ ਅਤੇ ਮੈਦਾਨੇ ਜੰਗ ਵਿੱਚ ਦੁਸ਼ਮਣ ਨਾਲ ਭਿੜੇ।
ਉਹ ਸਿੱਖ ਬੀਬੀ ਜਿਸਨੂੰ ਪੁਲਿਸ ਕੈਂਪ ਵਿੱਚ ਬਿਨਾ ਵਸਤਰਾਂ ਤੋਂ ਰੱਖਿਆ ਗਿਆ ਉਸਦਾ ਸਿੱਖੀ ਸਿਦਕ, ਭਾਈ ਸੁਰਿੰਦਰ ਸਿੰਘ ਸ਼ਿੰਦੂ ਦਾ ਸਾਥੀ ਸਿੰਘ ਜੋ ਆਖਰੀ ਦਮ ਤੱਕ ਮੋਰਚਿਆਂ ਵਿੱਚ ਡਟਿਆ ਰਿਹਾ ਅਤੇ ਪਾਣੀ ਪਿਆਉਣ ਵਾਲਾ ਭੁਜੰਗੀ ਇਹ ਸਾਰੇ ਸਾਡੇ ਲਈ ਹੀ ਆਪਾ ਵਾਰ ਕੇ ਗਏ ਹਨ। ਆਪਣੇ ਗੁਰੂ ਲਈ, ਆਪਣੀ ਕੌਮ ਲਈ ਅਤੇ ਆਪਣੀ ਪਿਆਰੀ ਮਾਂ ਧਰਤੀ ਲਈ। ਤਾਂ ਕਿ ਇਤਿਹਾਸ ਵਿੱਚ ਕਿਤੇ ਇਹ ਨਾ ਲਿਖਿਆ ਜਾਵੇ ਕਿ ਜਦੋਂ ਵੈਰੀਆਂ ਨੇ ਮਾਂ ਧਰਤੀ ਦਾ ਸਤਕਾਰ ਤਾਰ ਤਾਰ ਕਰਨ ਦਾ ਯਤਨ ਕੀਤਾ ਸੀ ਤਾਂ ਉਸਦੇ ਪੁੱਤ ਬੁਜ਼ਦਿਲਾਂ ਵਾਂਗ ਖੁੱਡਾਂ ਵਿੱਚ ਵੜ ਗਏ ਸਨ।
ਸੰਘਰਸ਼ਾਂ ਦੇ ਇਸ ਇਤਿਹਾਸ ਵਿੱਚ ਹਰ ਥਾਂ ਚੰਗੇ ਬੰਦੇ ਹੀ ਨਹੀ ਹੁੰਦੇ ਬਲਕਿ ਬਹੁਤ ਸਾਰੇ ਵੀਰ ਭੈਣਾਂ ਸੰਘਰਸ਼ ਦਾ ਲਾਹਾ ਲੈਕੇ ਆਪਣੀ ਨਿੱਜੀ ਜਿੰਦਗੀ ਸੰਵਾਰਨ ਦੇ ਰਾਹ ਵੀ ਪੈ ਜਾਂਦੇ ਹਨ। ਕੁਝ ਫੈਡਰੇਸ਼ਨ ਵਾਲੇ ਸਿੰਘਾਂ ਵੱਲੋਂ ਜਿਵੇਂ ਉਸ ਦਿੱਲੀ ਵਾਲੀ ਬੀਬੀ ਦੀ ਜਾਇਦਾਦ ਹਥਿਆਈ ਗਈ ਅਜਿਹੀਆਂ ਹੋਰ ਵੀ ਬਹੁਤ ਸਾਰੀਆਂ ਮਿਸਾਲਾਂ ਹਨ ਜਿੱਥੇ ਲੋਕਾਂ ਦੇ ਮਨਾਂ ਤੇ ਕੌਮੀ ਜਿੰਦਗੀ ਨਾਲੋਂ ਨਿੱਜੀ ਜਿੰਦਗੀ ਦੀ ਖੋਟ ਭਾਰੂ ਹੋ ਗਈ।
ਇਸ ਚੰਗੇ ਅਤੇ ਮਾੜੇ ਦਾ ਨਿਤਾਰਾ ਕਰਨ ਵਾਲੀ ਸਮਰਥਾ ਅਤੇ ਅੱਖ ਹਰ ਕਿਸੇ ਕੋਲ ਨਹੀ ਹੁੰਦੀ। ਭਾਈ ਦਲਜੀਤ ਸਿੰਘ ਕਿਉਂਕਿ ਆਪਣੇ ਕਿਰਦਾਰ ਕਰਕੇ ਲਹਿਰ ਵਿੱਚ ਪਹਿਚਾਣੇ ਜਾਂਦੇ ਸਨ ਇਸ ਲਈ ਉਨ੍ਹਾਂ ਦੀ ਕਲਮ ਤੋਂ ਆਈ ਇਹ ਇਬਾਰਤ ਨਿਸਚੇ ਹੀ ਕੌਮੀ ਇਤਿਹਾਸ ਦਾ ਮਹੱਤਵਪੂਰਨ ਪੰਨਾ ਹੈ।
ਆਸ ਹੈ ਉਹ ਇਸੇ ਲੜੀ ਅਧੀਨ ਹੋਰ ਸਿੰਘ ਸਿੰਘਣੀਆਂ ਬਾਰੇ ਵੀ ਲਿਖਣਗੇ ਅਤੇ ਇਸਦੇ ਨਾਲ ਹੀ ਉਨ੍ਹਾਂ ਸਿੰਘਾਂ ਨੂੰ ਵੀ ਇਸ ਕਾਰਜ ਲਈ ਪਰੇਰਤ ਕਰਨਗੇ ਜੋ ਸਿੱਖ ਸੰਘਰਸ਼ ਦੇ ਅੰਬਰ ਵਿੱਚ ਖਿੜੀ ਦੁਪਿਹਰ ਵਾਂਗ ਚਮਕ ਰਹੇ ਹਨ।