ਸਿੱਖਾਂ ਦੀ ਰਾਜਸੀ ਗੁਲਾਮੀ ਦੇ ਅਧਿਐਨ ਤੋਂ ਸ਼ੁਰੂ ਹੋਇਆ ਸਫਰ ਸਿੱਖਾਂ ਦੀ ਬੌਧਿਕ ਗੁਲਾਮੀ ਦੇ ਪੜਾਅ ਤੱਕ ਪਹੁੰਚ ਗਿਆ ਹੈ। ਸਿੱਖ ਇਤਿਹਾਸਕਾਰ ਸ੍ਰ ਅਜਮੇਰ ਸਿੰਘ ਦੀ ਕਿਤਾਬ ‘ਸਿੱਖਾਂ ਦੀ ਸਿਧਾਂਤਕ ਘੇਰਾਬੰਦੀ’ ਭਾਰਤੀ ਸਟੇਟ ਵੱਲ਼ੋਂ ਸਿੱਖਾਂ ਦੁਆਲੇ ਰਚੇ ਗਏ ਬੌਧਿਕ ਚਕਰਵਿਊ ਦੀ ਨਿਸ਼ਾਨਦੇਹੀ ਕਰਦੀ ਹੈ। ਕਿਸੇ ਵੀ ਕੌਮ ਦੀ ਸਿਆਸੀ ਗੁਲਾਮੀ ਉਦੋਂ ਹੀ ਖਤਮ ਹੋ ਸਕਦੀ ਹੈ ਜਦੋਂ ਉਹ ਕੌਮ ਬੌਧਿਕ ਤੌਰ ਤੇ ਅਜ਼ਾਦ ਹੋਵੇਗੀ। ਆਪਣੀ ਪਿਤਾਪੁਰਖੀ ਧਰਤੀ ਤੇ ‘ਆਪਣੇ’ ਅਕੀਦਿਆਂ ਦਾ ਸੰਸਾਰ ਸਿਰਜਣ ਲਈ ਕਿਸੇ ਵੀ ਕੌਮ ਨੂੰ ਬੌਧਿਕ ਤੌਰ ਤੇ ਅਜ਼ਾਦ ਹੋਣ ਦੀ ਲੋੜ ਹੁੰਦੀ ਹੈ।
ਫਰਾਂਸੀਸੀ ਵਿਦਵਾਨ ਰੈਜਿਸ ਡੈਬਰੇ ਨੇ ਇਸ ਸਬੰਧੀ ਸਪਸ਼ਟ ਲਕੀਰ ਖਿੱਚਦਿਆਂ ਆਖਿਆ ਹੈ ਕਿ ‘ਕਿਸੇ ਵੀ ਕੌਮ ਦੀ ਰਾਜਸੀ ਅਜ਼ਾਦੀ ਦਾ ਭਵਿੱਖ ਉਸਦੇ ਵਿਦਵਾਨਾਂ ਅਤੇ ਈਲੀਟ ਵਰਗ ਦੀ ਬੌਧਿਕ ਅਜ਼ਾਦੀ ਤੋਂ ਵੱਖ ਨਹੀ ਕੀਤਾ ਜਾ ਸਕਦਾ’।
ਵਿਦਵਾਨ ਲੇਖਕ ਨੇ ਦਾਬੇ ਹੇਠ ਰਹਿ ਰਹੀਆਂ ਕੌਮਾਂ ਦੀ ਮੁਕਤੀ ਦੀ ਜੰਗ ਦੇ ਪਹਿਲੂਆਂ ਨੂੰ ਉਜਾਗਰ ਕੀਤਾ ਹੈ। ਆਪ ਨੇ ਇਹ ਗੱਲ ਸਾਹਮਣੇ ਲਿਆਂਦੀ ਹੈ ਕਿ ਦਾਬੇ ਹੇਠ ਰਹਿ ਰਹੀਆਂ ਕੌਮਾਂ ਦੀ ਮੁਕਤੀ ਦੀ ਜੰਗ ਮਹਿਜ਼ ਹਥਿਆਰਾਂ ਦੇ ਖੇਤਰ ਵਿੱਚ ਹੀ ਨਹੀ ਲੜੀ ਜਾਂਦੀ ਬਲਕਿ ਵਿਚਾਰਾਂ ਦੇ ਖੇਤਰ ਵਿੱਚ ਵੀ ਉਨੀ ਹੀ ਸ਼ਿੱਦਤ ਨਾਲ ਲੜੀ ਜਾਂਦੀ ਹੈ।ਜਿਹੜੀਆਂ ਕੌਮਾਂ ਆਪਣਾਂ, ਬਿਲਕੁਲ ਆਪਣਾਂ ਵਿਚਾਰਧਾਰਕ ਅਧਾਰ (ਙਓਗਕਿ) ਨਹੀ ਸਿਰਜਦੀਆਂ ਉਹ ਹਥਿਆਰਬੰਦ ਜੰਗ ਜਿੱਤਣ ਦੇ ਨੇੜੇ ਨਹੀ ਪਹੁੰਚਦੀਆਂ।
ਸ਼੍ਰ ਅਜਮੇਰ ਸਿੰਘ ਨੇ ਆਪਣੀ ਇਸ ਕਿਤਾਬ ਵਿੱਚ ਸਿੱਖ ਵਿਦਵਾਨਾਂ ਦੇ ਘੇਰੇ ਵਿੱਚ ਆਈਆਂ ਤਰੁਟੀਆਂ ਅਤੇ ਕਮਜ਼ੋਰੀਆਂ ਦੀ ਨਿਸ਼ਾਨਦੇਹੀ ਕੀਤੀ ਹੈ ਅਤੇ ਭਾਰਤੀ ਸਟੇਟ ਵੱਲ਼ੋਂ ਸਿੱਖ ਅਤੇ ਗੈਰ ਸਿੱਖ਼ ਵਿਦਵਾਨਾਂ ਤੱਕ ਪਹੁੰਚ ਕਰਕੇ ਅਰੰਭੀ ਗਈ ਵਿਚਾਰਧਾਰਕ ਜੰਗ ਦੇ ਵੀ ਖੁਲਾਸੇ ਕੀਤੇ ਹਨ। ਜਿਸ ਕਿਸਮ ਦੀ ਸਰਗਰਮੀ ਭਾਰਤੀ ਸਟੇਟ ਨੇ ਸਿੱਖ ਕੌਮ ਖਿਲਾਫ ਬੌਧਿਕ ਖੇਤਰ ਵਿੱਚ ਕੀਤੀ ਉਸਨੂੰ ਪ੍ਰਸਿੱਧ ਕਨੇਡੀਆਈ ਵਿਦਵਾਨ, ਮਾਰਗਰੈਟ ਮੈਕਮਿਲਨ ਨੇ ‘ਇਤਿਹਾਸ ਦੀ ਵਰਤੋਂ ਅਤੇ ਦੁਰਵਰਤੋਂ’ (Uses and Abuses of History) ਦੀ ਸੰਗਿਆ ਦਿੱਤੀ ਹੈ। ਮਾਰਗਰੈਟ ਮੈਕਮਿਲਨ ਨੇ ਆਪਣੀ ਉਸ ਕਿਤਾਬ ਵਿੱਚ ਸ਼ਪਸ਼ਟ ਕੀਤਾ ਹੈ ਕਿ, ‘ਅਤੀਤ ਦਾ ਵਾਰਸ ਕੌਣ ਹੈ, ਇਸਦਾ ਫੈਸਲਾ ਕਿਸੇ ਗੈਰ ਨੇ ਨਹੀ ਕਰਨਾ ਹੁੰਦਾ ਬਲਕਿ ਅਤੀਤ ਦੇ ਵਾਰਸਾਂ ਨੇ ਖੁਦ ਕਰਨਾ ਹੁੰਦਾ ਹੈ।’
ਜਿਸ ਕਿਸਮ ਦੀਆਂ ਬੌਧਿਕ ਸਰਗਰਮੀਆਂ ਭਾਰਤੀ ਸਟੇਟ ਨੇ ਸਿੱਖ ਇਤਿਹਾਸ ਅਤੇ ਸਿੱਖ ਪਰੰਪਰਾਵਾਂ ਦੇ ਸੰਦਰਭ ਵਿੱਚ ਕੀਤੀਆਂ ਉਹ ਸਿੱਖਾਂ ਦੇ ਅਤੀਤ ਨੂੰ ‘ਗੈਰਾਂ’ ਵੱਲ਼ੋਂ ਵਰਨਣ ਕਰਨ ਦੀ ਕਾਰਵਾਈ ਸੀ। ਐਨਥੀ ਡੀ ਸਮਿੱਥ ਨੇ ਇਸ ਮਰਜ਼ ਦਾ ਡੂੰਘਾ ਅਧਿਐਨ ਕਰਨ ਤੋਂ ਬਾਅਦ ਇਹ ਸਿੱਟਾ ਕੱਢਿਆ ਹੈ ਕਿ ਘੱਟ ਗਿਣਤੀ ਕੌਮਾਂ ਜਦੋਂ ਲੰਬੇ ਸਮੇਂ ਤੱਕ ਕਿਸੇ ਬਹੁਗਿਣਤੀ ਦੇ ਪਰਛਾਵੇਂ ਹੇਠ ਰਹਿੰਦੀਆਂ ਹਨ ਉਸ ਵੇਲੇ ਇਸਦੀਆਂ ਸਫਾਂ ਵਿੱਚ ਜਿੱਥੇ ਅੰਦਰੂਨੀ ਖੋਰਾ ਲਗਣਾਂ ਸ਼ੁਰੂ ਹੋ ਜਾਂਦਾ ਹੈ ਇਸਦੇ ਨਾਲ ਹੀ ਕੌਮ ਨੂੰ ਬਾਹਰੀ ਹਮਲੇ ਦੇ ਖਤਰੇ ਦਾ ਵੀ ਸਾਹਮਣਾਂ ਕਰਨਾ ਪੈ ਜਾਂਦਾ ਹੈ। ਸਮਿੱਥ ਅਨੁਸਾਰ ਅਜਿਹੀ ਸਥਿਤੀ ਵਿੱਚ ਕੌਮਾਂ ਫਿਰ ‘ਆਪਣੇ’ ਨਾਇਕਾਂ, ਗੁਰੂਆਂ, ਸੂਰਬੀਰਾਂ, ਵਿਦਵਾਨਾਂ, ਧਰਮ ਅਸਥਾਨਾਂ ਅਤੇ ਆਪਣੇ ਪੁਰਖਿਆਂ ਦੀ ਧਰਤੀ (ਹੋਮਲ਼ੈਂਡ) ਨਾਲ ਆਪਣਾਂ ਰਿਸ਼ਤਾ ਗੁੜ੍ਹਾ ਕਰਕੇ ਇਤਿਹਾਸ ਦੇ ਵੱਡੇ ਸੰਕਟ ਵਿੱਚੋਂ ਪਾਰ ਨਿਕਲਦੀਆਂ ਹਨ।
ਸਮਿੱਥ ਅਨੁਸਾਰ ਇਸ ਸਥਿਤੀ ਵਿੱਚ ‘ਇਤਿਹਾਸਕ ਸੱਭਿਆਚਾਰ ਅਤੇ ਪਿਤਾਪੁਰਖੀ ਹੋਮਲੈਡ’ ਕਿਸੇ ਕੌਮ ਨੂੰ ਮੁੜ ਤੋਂ ਜੀਵਤ ਕਰਦਾ ਹੈ ਅਤੇ ਕੌਮ ਦੇ ਸੂਰਬੀਰ ਆਪਣੇ ਇਤਿਹਾਸ ਦੀ ਰਾਖੀ ਲਈ ਮੁੜ ਤੋਂ ਜਾਨਾਂ ਵਾਰਨ ਲਈ ਤਿਆਰ ਹੋ ਜਾਂਦੇ ਹਨ।
ਇਤਿਹਾਸ ਦੀ ਆਪਣੇ ਸਿਆਸੀ ਫਾਇਦਿਆਂ ਦੀ ਵਰਤੋਂ ਅਤੇ ਦੁਰਵਰਤੋਂ ਦੇ ਇਸ ਕਾਰਜ ਨੂੰ ‘ਨੀਤੀਆਂ ਦੀ ਹਿੰਸਾ’ ਦਾ ਨਾਅ ਦਿੱਤਾ ਜਾਂਦਾ ਹੈ। ਭਾਰਤੀ ਸਟੇਟ ਨੇ ਅਤੇ ਇਸਦੇ ਸਿਆਸੀ ਵਿਚਾਰਧਾਰਕਾਂ ਨੇ ਇਸ ਸਟੇਟ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਹੀ ਨੀਤੀਆਂ ਦੀ ਇਸ ਹਿੰਸਾ ਨੂੰ ਜਾਇਜ ਠਹਿਰਾਉਣਾਂ ਅਰੰਭ ਕਰ ਦਿੱਤਾ ਸੀ। ਭਾਰਤੀ ਸਿਆਸੀ ਮੁਹਿੰਮ ਦੇ ਅਹਿਮ ਆਗੂ ਪੰਡਤ ਜਵਾਹਰ ਲਾਲ ਨਹਿਰੂ ਨੇ ੧੯੪੪ ਵਿੱਚ ਛਪੀ ਆਪਣੀ ਕਿਤਾਬ (Towards Freedom) ਵਿੱਚ ਨੀਤੀਆਂ ਦੀ ਇਸ ਹਿੰਸਾ ਦੀ ਨਾ ਕੇਵਲ ਹਮਾਇਤ ਕੀਤੀ ਬਲਕਿ ਇਸ ਨੂੰ ਭਵਿੱਖ ਵਿੱਚ ਦੁਹਰਾਉਣ ਦਾ ਵੀ ਸੰਕਲਪ ਲੈ ਲਿਆ ਸੀ। ਸੋਵੀਅਤ ਰੂਸ ਦੇ ਨਵੇਂ ਆਗੂਆਂ ਦੀ ਹਿੰਸਾ ਨੂੰ ਜਾਇਜ ਠਹਿਰਾਉਂਦਿਆਂ ਪੰਡਤ ਨਹਿਰੂ ਨੇ ਲਿਖਿਆ ‘ ਮੈਂ ਹੁਣ ਇਹ ਮਹਿਸੂਸ ਕੀਤਾ ਹੈ ਕਿ ਹਿੰਸਾ ਸਾਡੇ ਗ੍ਰਹਿਣਸ਼ੀਲ ਸਮਾਜ ਅਤੇ ਜਾਇਦਾਦ ਦਾ ਕਿੰਨਾ ਅਨਿੱਖੜਵਾਂ ਅੰਗ ਹੈ, ਹਿੰਸਾ ਤੋਂ ਬਿਨਾ ਸਾਡਾ ਇਹ ਸਮਾਜ ਕੁਝ ਦਿਨ ਵੀ ਨਹੀ ਚਲ ਸਕਦਾ’।
ਸ਼ੋ ਭਾਰਤੀ ਸਟੇਟ ਦੀਆਂ ਨੀਤੀਆਂ ਵਿੱਚ ਹਿੰਸਾ ਇਸਦੇ ‘ਅਜ਼ਾਦ’ ਹੋਣ ਤੋਂ ਪਹਿਲਾਂ ਹੀ ਪਈ ਸੀ ਅਤੇ ਇਸ ਸਟੇਟ ਦੇ ਆਗੂ ਆਪਣੀ ਭਵਿੱਖ ਦੀ ਸਟੇਟ ਦੀ ਸਲਾਮਤੀ ਵਾਸਤੇ ਹਰ ਕਿਸਮ ਦੀ ਹਿੰਸਾ ਕਰਨ ਲਈ ਤਿਆਰ ਸਨ। ਸ੍ਰ ਅਜਮੇਰ ਸਿੰਘ ਨੇ ਆਪਣੀ ਇਸ ਕਿਤਾਬ ਵਿੱਚ ਭਾਰਤੀ ਸਟੇਟ ਦੀ ਇਸ ‘ਨੀਤੀਗਤ ਹਿੰਸਾ’ ਦਾ ਬਾਖੂਬ ਵਰਨਣ ਕੀਤਾ ਹੈ।ਸਿੱਖ ਅਤੇ ਗੈਰ-ਸਿੱਖ ਵਿਦਵਾਨਾਂ ਤੋਂ ਜਿਵੇਂ ਸਿੱਖ ਇਤਿਹਾਸ ਦੀ ਭਾਵਨਾ ਦੇ ਵਿਰੁੱਧ ਪੇਪਰ ਲਿਖਵਾਏ ਗਏ, ਜਿਵੇਂ ਯੂਨੀਵਰਸਿਟੀਆਂ ਦੇ ਵਿਦਵਾਨਾਂ ਤੋਂ ਲੈਕੇ ਮੀਡੀਆ ਤੱਕ ਦੀਆਂ ਨਿਯੁਕਤੀਆਂ ਇੱਕ ਖਾਸ ਮਕਸਦ ਨਾਲ ਕੀਤੀਆਂ ਗਈਆਂ ਇਹ ਸਭ ਕੁਝ ‘ਬੌਧਿਕ ਠੰਢੀ ਜੰਗ’ ਦਾ ਐਲਾਨ ਸੀ।
ਫ਼ਰਾਂਸਿਸ ਸਟੋਨਰ ਸੌਂਡਰਸ ਨੇ ਇਸ ਕਿਸਮ ਦੀ ਠੰਢੀ ਜੰਗ ਦਾ ਖੁਲਾਸਾ ਆਪਣੀ ਕਿਤਾਬ (Who Paid the Piper) ਵਿੱਚ ਕੀਤਾ ਹੈ ਜਦੋਂ ਅਮਰੀਕੀ ਖੁਫੀਆ ਏਜੰਸੀ ਸੀ.ਆਈ.ਏ. ਨੇ ਜਰਮਨੀ ਵਿੱਚ ਕਮਿਊਨਿਸਟ ਪ੍ਰਾਪੇਗੰਡੇ ਨੂੰ ਕਾਬੂ ਕਰਨ ਲਈ ਬਹੁਤ ਵੱਡਾ ਓਪਰੇਸ਼ਨ ਕੀਤਾ ਸੀ। ਉਸਨੇ ਜਰਮਨੀ ਦੇ ਵੱਡੇ ਵਿਦਵਾਨ ਖਰੀਦੇ, ਪੱਤਰਕਾਰ ਖਰੀਦੇ, ਕਵੀ, ਨਾਵਲਕਾਰ, ਸਾਹਿਤਕਾਰ ਅਤੇ ਇੱਥੋਂ ਤੱਕ ਕਿ ਸ਼ਰਾਬਖਾਨਿਆਂ ਦੇ ਬਾਹਰ ਪੀਪਨੀਆਂ ਵਜਾਉਣ ਵਾਲੇ ਵੀ ਖਰੀਦ ਲਏ ਸਨ। ਸਾਰੇ ਸੀ.ਆਈ.ਏ. ਦੇ ਵਰਕਰ ਬਣ ਗਏ ਸਨ, ਇਨ੍ਹਾਂ ਵਿਦਵਾਨਾਂ ਨੇ ਫਿਰ ਸਰਕਾਰੀ ਪੈਸੇ ਨਾਲ ਸਾਹਿਤ ਸਭਾਵਾਂ ਬਣਾਈਆਂ, ਅਖਬਾਰ ਅਤੇ ਮੈਗਜ਼ੀਨ ਜਾਰੀ ਕੀਤੇ। ਗੱਲ ਕੀ ਜਿੰਦਗੀ ਦੇ ਹਰ ਖੇਤਰ ਵਿੱਚ ਕਮਿਊਨਿਸਟ ਵਿਦਵਾਨਾਂ ਨੂੰ ਕੱਖੋਂ ਹੌਲੇ ਕਰ ਦਿੱਤਾ।
ਸ਼੍ਰ ਅਜਮੇਰ ਸਿੰਘ ਨੇ ਆਪਣੀ ਕਿਤਾਬ ਵਿੱਚ ਸਿੱਖ ਵਿਦਵਾਨਾਂ ਦੀ ਜੋ (ਦੁਰ) ਦਸ਼ਾ ਬਿਆਨ ਕੀਤੀ ਹੈ ਉਹ ਇਸੇ ਕਰਕੇ ਹੋਈ ਕਿਉਂਕਿ ਭਾਰਤੀ ਸਟੇਟ ਦੇ ਪ੍ਰਾਪੇਗੰਡੇ ਨੇ ਉਨ੍ਹਾਂ ਨੂੰ ਬੌਧਿਕ ਤੌਰ ਤੇ ਨਿਤਾਣੇ ਕਰ ਦਿੱਤਾ ਸੀ। ਉਨ੍ਹਾਂ ਵਿੱਚੋਂ ‘ਆਪਣੇ’ ਅਤੇ ‘ਬੇਗਾਨੇ’ ਦਾ ਫਰਕ ਮਿਟ ਗਿਆ ਸੀ। ਸਿੱਖ ਵਿਦਵਾਨ ਏਨੇ ਨਿਤਾਣੇ ਅਤੇ ਕਮਜ਼ੋਰ ਹੋ ਗਏ ਕਿ ਸਟੇਟ ਦੇ ਮਾੜੇ ਜਿਹੇ ਬੌਧਿਕ ਝਟਕਿਆਂ ਨੇ ਹੀ ਉਨ੍ਹਾਂ ਦੀਆਂ ਜੜ੍ਹਾਂ ਉਖੇੜ ਦਿੱਤੀਆਂ ਉਨ੍ਹਾਂ ਵਿੱਚ ‘ਆਪਣਾਂ’ ਸਿਰਜਣ ਦੀ ਜਿੰਦ ਅਤੇ ਜਾਨ ਹੀ ਬਾਕੀ ਨਾ ਰਹੀ। ਉਨ੍ਹਾਂ ਨੂੰ ਇਹ ਵੀ ਚਿੱਤ ਚੇਤਾ ਨਾ ਰਿਹਾ ਕਿ ਉਹ ਕਿਸੇ ਕੌਮ ਦੇ ਪ੍ਰਤੀਨਿੱਧ ਹਨ।
ਜਰਮਨ ਫਿਲਾਫਰ ਜੋਨਾਥਨ ਗੌਲਤਬ ਫਿਚੇ ਨੇ ਵਿਦਵਾਨਾਂ ਦੀ ਭੂਮਿਕਾ ਬਾਰੇ ਲਿਖਦਿਆਂ ਆਖਿਆ ਕਿ ‘ਵਿਦਵਾਨ ਉਹ ਨਹੀ ਹਨ ਜੋ ਵਿਦਿਆ ਪੜ੍ਹਦੇ ਅਤੇ ਪੜਾ੍ਹਉਂਦੇ ਹਨ, ਅਧਿਆਪਕ ਉਹ ਨਹੀ ਹਨ ਜੋ ਰਵਾਇਤਾਂ ਦਾ ਪਾਠ ਕਰਦੇ ਹਨ….ਵਿਦਵਾਨ ਉਹ ਨਹੀ ਹਨ ਜੋ ਵਰਤਮਾਨ ਦੇਖਦੇ ਹਨ ਬਲਕਿ ਵਿਦਵਾਨ ਉਹ ਹਨ ਜੋ ਕੌਮਾਂ ਦਾ ਭਵਿੱਖ ਵੀ ਦੇਖਦੇ ਹਨ। ਵਿਦਵਾਨਾਂ ਦੀ ਸਰਗਰਮੀ ਜੇ ਕਿਸੇ ਕਾਰਵਾਈ (Action) ਨੂੰ ਜਨਮ ਨਹੀ ਦੇਂਦੀ ਤਾਂ ਉਹ ਵਿਦਵਤਾ ਬੇਕਾਰ ਹੈ, ਜਾਣਕਾਰੀ (Understanding) ਅਤੇ ਕਾਰਵਾਈ (Action) ਦੋ ਵੱਖਰੀਆਂ ਚੀਜਾਂ ਨਹੀ ਹਨ। ਵਿਦਵਾਨ ਸਿਰਫ ਇਹ ਨਹੀ ਦੇਖਦਾ ਕਿ ਮਨੁੱਖਤਾ ਨੇ ਹੁਣ ਕੀ ਹਾਸਲ ਕਰ ਲਿਆ ਹੈ ਬਲਕਿ ਵਿਦਵਾਨ ਨੇ ਇਹ ਦੇਖਣਾਂ ਹੈ ਕਿ ਮਨੁੱਖਤਾ ਨੇ ਭਵਿੱਖ ਵਿੱਚ ਕੀ ਹਾਸਲ ਕਰਨਾ ਹੈ।’
ਸ੍ਰ ਅਜਮੇਰ ਸਿੰਘ ਦੀ ਕਿਤਾਬ ਪੜ੍ਹਕੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਸਿੱਖ ਵਿਦਵਾਨ ਸਿਰਫ ਬੱਚਿਆਂ ਨੂੰ ਪੜ੍ਹਾਕੇ, ਕਲਮ ਦੀ ਮਜ਼ਦੂਰੀ ਕਰਨ ਵਾਲੇ ਹੀ ਲੋਕ ਸਨ। ਸਿੱਖ ਕੌਮ ਦੇ ਭਵਿੱਖ ਬਾਰੇ ਸ਼ਾਇਦ ਉਨ੍ਹਾਂ ਨੂੰ ਸਮਝ ਹੀ ਨਹੀ ਸੀ ਇਸੇ ਲਈ ਉਹ ਸਟੇਟ ਦੇ ਬਹੁਤ ਹੀ ਨੀਵੇਂ ਪ੍ਰਾਪੇਗੰਡੇ ਤੋਂ ਨਾ ਸਿਰਫ ਕਾਇਲ ਹੋਏ ਬਲਕਿ ਉਸਦੇ ਵਾਹਕ ਵੀ ਬਣ ਗਏ।
ਬਹੁਤ ਸਾਰੇ ਸਪੈਨਿਸ਼ ਵਿਦਵਾਨਾਂ ਨੇ ਆਪਣੀ ਜੁੰਮੇਵਾਰੀ ਨੂੰ ਇਸ ਸੰਦਰਭ ਵਿੱਚ ਬਾਖੂਬ ਸਮਝਿਆ। ੧੯੭੦ ਵਿੱਚ ਜਦੋਂ ਫੌਜੀ ਤਾਨਾਸ਼ਾਹਾਂ ਨੇ ਸਪੇਨੀ ਜਨਤਾ ਤੇ ਤਸ਼ੱਦਦ ਦਾ ਝੱਖੜ ਝੁਲਾ ਦਿੱਤਾ, ਜਦੋਂ ਸਪੇਨ ਦੇ ਸਿਆਸੀ ਨੇਤਾ ਵੀ ਮੈਦਾਨ ਛੱਡ ਗਏ ਉਸ ਵੇਲੇ ਸਪੇਨ ਦੇ ਵਿਦਵਾਨਾਂ ਨੇ ਆਪਣੇ ਲੋਕਾਂ ਦਾ ਵਾਰਸ ਬਣਕੇ ਉਨ੍ਹਾਂ ਦੀ ਬਾਂਹ ਫੜੀ। ਜੋ ਸਿੱਖ ਵਿਦਵਾਨ ਨਹੀ ਫੜ ਸਕੇ।
ਉਸ ਔਖੀ ਘੜੀ ਨਿਤਰਨ ਵਾਲੇ ਵਿਦਵਾਨਾਂ ਨੇ ਸਪਸ਼ਟ ਕੀਤਾ ਕਿ, ਆਪਣੀ ਕੌਮੀ-ਪਹਿਚਾਣ ਦੀ ਭਾਲ ਕਰਨੀ ਹਰ ਵਿਦਵਾਨ ਦਾ ਨੈਤਿਕ ਫਰਜ ਹੈ। ਇਸ ਸਬੰਧੀ ਸੀਜ਼ਰ ਗਰਾਨਾ ਨੇ ਬਹੁਤ ਭਾਵੁਕ ਸ਼ਬਦਾਂ ਵਿੱਚ ਆਖਿਆ ‘ਵਿਦਵਾਨ ਸੱਭਿਆਚਾਰਕ ਨਿਰਾਸ਼ਾ ਦੇ ਖਿਲਾਫ ਅਧਿਆਤਮਵਾਦ ਅਤੇ ਪਰਾ-ਭੌਤਿਕ ਗਿਆਨ ਦੇ ਖਜਾਨੇ ਦੇ ਧਾਰਕ ਹੁੰਦੇ ਹਨ’। ਉਨ੍ਹਾਂ ਇਹ ਵੀ ਆਖਿਆ ਕਿ, ‘ਕੌਮੀ ਪਹਿਚਾਣ ਨੂੰ ਉਸਾਰਨ ਦਾ ਕਾਰਜ ਲਗਾਤਾਰ ਅਨੰਤ ਤੱਕ ਚੱਲਣ ਵਾਲਾ ਕਾਰਜ ਹੈ ਅਤੇ ਕਿਸੇ ਵੀ ਕੌਮ ਦੇ ਵਿਦਵਾਨਾਂ ਨੂੰ ਉਸ ਕੌਮ ਦੀ ਇਤਿਹਾਸਕ ਹੋਣੀ, ਸੱਭਿਆਚਾਰਕ ਇਕਸੁਰਤਾ ਅਤੇ ਕੌਮੀ-ਰੂਹ ਦੀ ਕਾਇਮੀ ਲਈ ਦਿਨ ਰਾਤ ਕੰਮ ਕਰਦੇ ਰਹਿਣਾਂ ਚਾਹੀਦਾ ਹੈ।
ਜੇਤੂ ਸਰਕਾਰਾਂ ਘੱਟ ਗਿਣਤੀਆਂ ਖਿਲਾਫ ਬਹੁਭਾਂਤੀ ਜੰਗਾਂ ਕਿਉਂ ਵਿੱਢਦੀਆਂ ਹਨ ਇਸਦਾ ਖੁਲਾਸਾ, ਅਰਜੁਨ ਅੱਪਾਦੁਰਾਈ ਨੇ ਆਪਣੇ ਥੀਸਸ (Fear of Small Numbers) ਵਿੱਚ ਕੀਤਾ ਹੈ। ਉਸਦਾ ਆਖਣਾਂ ਹੈ ਕਿ ਬਹੁਗਿਣਤੀ ਵਿੱਚ ਰਾਜਸੱਤਾ ਦੀ ਮਾਲਕ ਹੋਣ ਦੇ ਬਾਵਜੂਦ ‘ਅਪੂਰਨਤਾ ਦੀ ਭਾਵਨਾ’ (Sense of Incompleteness) ਵਸੀ ਰਹਿੰਦੀ ਹੈ। ਇਸ ਸੰਦਰਭ ਵਿੱਚ ਉਹ ਬਹੁਗਿਣਤੀ ਦੀਆਂ ਬਿਰਤੀਆਂ ਨੂੰ ਖੁੰਖਾਰੂ ਪਹਿਚਾਣਾਂ (Predatory Identities) ਦਾ ਨਾਅ ਦਿੰਦਾ ਹੈ। ਇਨ੍ਹਾਂ ਖੁੰਖਾਰੂ ਬਹੁਗਿਣਤੀਆਂ ਦੀ ਹੋਂਦ ਹੀ ਦੂਜਿਆਂ ਨੂੰ ਖਤਮ ਕਰ ਦੇਣ ਦੇ ਸਿਧਾਂਤ ਤੇ ਟਿਕੀ ਹੁੰਦੀ ਹੈ। ਇਹ ਖੁੰਖਾਰੂ ਪਹਿਚਾਣਾਂ ਉਸ ਸਮੇਂ ਤੱਕ ਹੀ ਘੱਟਗਿਣਤੀਆਂ ਨੂੰ ਸਹਿਣ ਕਰਦੀਆਂ ਹਨ ਜਦੋਂ ਤੱਕ ਘੱਟ ਗਿਣਤਆਿਂ ਉਨ੍ਹਾਂ ਦੇ ਹੇਠਲੇ ਦਰਜੇ ਦੇ ਕੰਮ ਕਰਨ ਦੇ ਕੰਮ ਆਉਂਦੀਆਂ ਹਨ। ਇਨ੍ਹਾਂ ਖੁੰਖਾਰੂ ਪਹਿਚਾਣਾਂ ਦੇ ਮਨ ਵਿੱਚ ਕੌਮੀ ਪਵਿੱਤਰਤਾ (National Purity) ਦਾ ਸੰਕਲਪ ਕਾਤਲੀ ਬਿਰਤੀ ਦੀ ਹੱਦ ਤੱਕ ਵਸਿਅ ਹੁੰਦਾ ਹੈ। ਕੌਮੀ ਪਵਿੱਤਰਤਾ ਦੀ ਇਹ ਭਾਵਨਾ ਕਿਸੇ ਬਹੁਤ ਛੋਟੀ ਜਿਹੀ ਘੱਟਗਿਣਤੀ ਨੂੰ ਵੀ ਆਪਣੀ ਕੌਮੀ-ਪੂਰਨਤਾ (National Whole) ਲਈ ਖਤਰਾ ਸਮਝਦੀ ਹੈ। ਇਸ ਲਈ ਘੱਟਗਿਣਤੀਆਂ ਦਾ ਮੁਕੰਮਲ ਖਾਤਮਾ ਹੀ ਦੇਸ਼ ਦੀ ਕੌਮੀ-ਪਵਿੱਤਰਤਾ ਦਾ ਇੱਕੋ ਇੱਕ ਜਾਇਜ ਤਰੀਕਾ ਸਮਝਿਆ ਜਾਂਦਾ ਹੈ।
ਅਜਮੇਰ ਸਿੰਘ ਨੇ ਵਿਚਾਰਧਾਰਕ ਖੇਤਰ ਵਿੱਚ ਕੀਤੀ ਜਾ ਰਹੀ ਨਸਲਕੁਸ਼ੀ, ਜਿਸਨੂੰ ਅਰਜੁਨ ਅੱਪਾਦੁਰਾਈ Ethnocide ਦਾ ਨਾਅ ਦੇਂਦੇ ਹਨ ਦਾ ਖੁਲਾਸਾ ਵੀ ਇਸ ਕਿਤਾਬ ਰਾਹੀਂ ਕੀਤਾ ਹੈ। ਇਸ ਕਾਤਲੀ ਬਿਰਤੀ ਨੂੰ ਪਰਵਾਨ ਚੜ੍ਹਾਉਣ ਲਈ ਬਹੁਗਿਣਤੀ ਫਿਰ ਹਰ ਕਿਸਮ ਦੇ ਵਿਦਵਾਨਾਂ ਦੀਆਂ ਸੇਵਾਵਾਂ ਲ਼ੈਂਦੀ ਹੈ।ਫਿਰਕੂ ਵਿਦਵਾਨਾਂ ਤੋਂ ਲੈਕੇ ‘ਖੱਬੇਪੱਖੀ’ ਅਤੇ ‘ਧਰਮ-ਨਿਰਪੱਖ’ ਵਿਦਵਾਨਾਂ ਨੂੰ Predatory Identity ਆਪਣੇ ਕਾਰਜ ਲਈ ਵਰਤਦੀ ਹੈ।
ਪਰਤਿਊਸ਼ ਚੰਦਰਾ ਦੇ ਸ਼ਬਦਾਂ ਵਿੱਚ, ‘ਭਾਰਤ ਵਿੱਚ ਧਰਮ-ਨਿਰਪੱਖਤਾ ਦਾ ਮਤਲਬ ਫਿਰਕੂ ਤਾਕਤਾਂ ਦੀ ਹਾਰ ਨਹੀ ਹੁੰਦਾ ਬਲਕਿ ਦੋਵਾਂ ਦਰਮਿਆਨ ਇੱਕ ਡੂੰਘੇ ਗੱਠਜੋੜ ਦਾ ਨਿਰਮਾਣ ਹੁੰਦਾ ਹੈ।’ ਭਾਰਤ ਦੇ ਹਿੰਦੂ, ਖੱਬੇਪੱਖੀ, ਧਰਮ-ਨਿਰਪੱਖ ਅਤੇ ਫਿਰਕੂ ਵਿਦਵਾਨਾਂ ਦੇ ਸਿੱਖਾਂ ਖਿਲਾਫ ਬਣੇ ਗੱਠਜੋੜ ਨੂੰ ਇਸ ਸੰਦਰਭ ਵਿੱਚ ਸਹਿਜੇ ਹੀ ਸਮਝਿਆ ਜਾ ਸਕਦਾ ਹੈ।
ਪੰਜਾਬ ਦੇ ਖੱਬੇਪੱਖੀਆਂ ਵਿੱਚ ਵੀ ਅਪੂਰਨਤਾ ਦੀ ਭਾਵਨਾ ਡੂੰਘੀ ਵਸੀ ਹੋਈ ਹੈ ਜਿਸ ਕਰਕੇ ਉਨ੍ਹਾਂ ਨੂੰ ਫਿਰਕੂ ਤਾਕਤਾਂ ਨਾਲ ਗੱਠਜੋੜ ਕਰਨ ਵਿੱਚ ਕੋਈ ਸੰਗ ਨਹੀ ਲਗਦੀ। ਵੈਸੇ ਵੀ ਪੰਜਾਬ ਦੇ ਖੱਬੇਪੱਖੀ ਬੌਧਿਕ ਬਚਪਨੇ ਵਿੱਚ ਹੀ ਜਿੰਦਗੀ ਜਿਉ ਰਹੇ ਹਨ ਉਹ ਆਪਣੇ ਖੋਲ ਤੋਂ ਬਾਹਰ ਨਹੀ ਆਉਣਾਂ ਚਾਹੁੰਦੇ।ਉਹ ਇਹ ਮੰਨਣ ਲਈ ਤਿਆਰ ਨਹੀ ਹਨ ਕਿ ਅਸੀਂ ਮਨੁੱਖੀ ਭਾਵਨਾਵਾਂ ਅਤੇ ਆਪਣੀਆਂ ਰਵਾਇਤਾਂ ਨਾਲ ਜੁੜਨ ਦੀ ਲੋਕਾਂ ਦੀ ਰੀਝ ਨੂੰ ਸਮਝ ਨਹੀ ਸਕੇ। ਇਸੇ ਲਈ ਉਨ੍ਹਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ, ਗੁਰਮਤ ਦੀਆਂ ਜੜ੍ਹਾ ਪੰਜਾਬ ਵਿੱਚ ਅਣਇਤਿਹਾਸਕ ਤੌਰ ਤੇ ਲੱਗੀਆਂ ਹੋਈਆਂ ਹਨ।
ਐਨਥਨੀ ਸਮਿੱਥ ਨੇ ਘੱਟ ਗਿਣਤੀ ਕੌਮਾਂ ਦੀ ਵਿਚਾਰਧਾਰਕ ਭਾਵਨਾ ਦਾ ਬਿਆਨ ਕਰਦਿਆਂ ਆਖਿਆ ਹੈ ਕਿ, ‘ਕੌਮਾਂ ਆਪਣੇ ਨਾਇਕਾਂ ਗੁਰੂਆਂ, ਹੋਮਲੈਡ ਅਤੇ ਧਾਰਮਕ ਅਸਥਾਨਾਂ ਵਿੱਚੋਂ ਹੀ ਆਪਣਾਂ ਭਵਿੱਖ ਦੇਖਦੀਆਂ ਹਨ। ਆਪਣੀ ਵਿਰਾਸਤ, ਆਪਣੇ ਨਾਇਕ, ਆਪਣੇ ਸ਼ਹੀਦ ਅਤੇ ਆਪਣਾਂ ਹੋਮਲ਼ੈਂਡ ਉਨ੍ਹਾਂ ਲਈ ਪਿਵੱਤਰ ਹੁੰਦਾ ਹੈ।ਦੂਜਿਆਂ ਦੇ ਨਾਇਕਾਂ ਅਤੇ ਯਾਦਾਂ ਉਨਾਂ ਲਈ ਤੁਛ ਦਰਜੇ ਦੀਆਂ ਹੁੰਦੀਆਂ ਹਨ। ਦੂਜਿਆਂ ਦੀਆਂ ਕਦਰਾਂ ਕੀਮਤਾਂ ਉਨ੍ਹਾਂ ਲਈ ਕੋਈ ਮਾਅਨੇ ਨਹੀ ਰੱਖਦੀਆਂ।’ ਸਮਿੱਥ ਨੇ ਇੱਕ ਪੁਰਾਤਨ ਧਰਮ ਗਰੰਥ ਦਾ ਹਵਾਲਾ ਦਿੱਤਾ ਹੈ ਜਿਸ ਵਿੱਚ ਲਿਖਿਆ ਹੈ ਕਿ, ਲੋਕ ਬੇਸ਼ੱਕ ਆਪਣੇ ਆਪਣੇ ਰੱਬ ਦੀ ਅਗਵਾਈ ਹੇਠ ਵਿਚਰੀ ਜਾਣ, ਪਰ ਅਸੀਂ ਤਾਂ ਸਿਰਫ ‘ਆਪਣੇ’ ਰੱਬ ਦੀ ਅਗਵਾਈ ਹੇਠ ਹੀ ਆਪਣਾਂ ਜੀਵਨ ਗੁਜਾਰਾਂਗੇ’। ਹਾਰ ਜਾਣ ਦੇ ਬਾਵਜੂਦ ਵੀ ਕੌਮਾਂ ਭਵਿੱਖ ਦੀ ਜਿੱਤ ਲਈ ਆਪਣੇ ਵਿਰਸੇ ਨੂੰ ਸਭ ਤੋਂ ਵੱਡੀ ਸ਼ਕਤੀ ਸਮਝਦੀਆਂ ਹਨ ਅਤੇ ਇਸੇ ਤੋਂ ਪ੍ਰੇਰਨਾ ਲੈਕੇ ਆਪਣੇ ਹੋਮਲੈਡ ਦੀ ਮੁੜ ਪ੍ਰਾਪਤੀ ਲਈ ਯਤਨ ਕਰਦੀਆਂ ਹਨ।
ਸੋ ਅਜਮੇਰ ਸਿੰਘ ਦੀ ਇਹ ਕਿਤਾਬ ਸਿੱਖਾਂ ਦੇ ਆਪਣੇ ਹੋਣ ਦੀ ਵਿਚਾਰਧਾਰਾ ਨੂੰ ਪ੍ਰਪੱਕ ਕਰਦੀ ਹੈ ਜਿਸ ਵਿੱਚ ਦੂਜਿਆਂ ਦੀਆਂ ਕਦਰਾਂ ਕੀਮਤਾਂ ਦੀ ਕੋਈ ਕੀਮਤ ਨਹੀ ਹੈ। ਸਾਡਾ ਆਪਣਾਂ ਕੀ ਕੁਝ ਹੈ। ਜਿਹੋ ਜਿਹਾ ਵੀ ਹੈ ਸਾਡੇ ਲਈ ਮਾਣਯੋਗ ਹੈ। ਦੂਜਿਆਂ ਦੀ ਲਿਸ਼ਕਪੁਸ਼ਕ ਸਾਡੇ ਲਈ ਕੋਈ ਅਰਥ ਨਹੀ ਰੱਖਦੀ।
ਐਨਥਨੀ ਸਮਿੱਥ ਨੇ ਆਖਿਆ ਹੈ ਕਿ ਘੱਟ ਗਿਣਤੀ ਕੌਮਾਂ ਦੀ ਹਰ ਰਾਜਸੀ, ਬੌਧਿਕ, ਧਾਰਮਕ ਅਤੇ ਸਮਾਜਕ ਸਰਗਰਮੀ ਵਿੱਚੋਂ ਉਨ੍ਹਾਂ ਦੀ ਵੱਖਰੀ ਕੌਮੀ ਹੋਂਦ ਦਾ ਪ੍ਰਗਟਾਵਾ ਹੋਣਾਂ ਚਾਹੀਦਾ ਹੈ।
ਇਲਾਈ ਕੈਦੌਰਈ ਦਾ ਕਹਿਣਾਂ ਹੈ, ‘ਕੋਈ ਵੀ ਭਾਈਚਾਰਾ ਕਿਸੇ ਅਜਿਹੇ ਲੋਕਾਂ ਦੇ ਅਧੀਨ ਆਪਣਾਂ ਜੀਵਨ ਨਹੀ ਗੁਜਾਰ ਸਕਦਾ ਜਿਸ ਨਾਲ ਉਸਦੀਆਂ ਇਤਿਹਾਸਕ, ਧਾਰਮਕ ਅਤੇ ਸਮਾਜਕ ਸਾਂਝਾਂ ਨਾ ਹੋਣ।’
ਬੈਨਜ਼ਾਮਿਨ ਐਕਜ਼ਿਨ ਦਾ ਕਹਿਣਾਂ ਹੈ, ‘ਮਜਬੂਤ ਵਾੜ ਹੀ ਚੰਗੇ ਗੁਆਂਢੀ ਪੈਦਾ ਕਰਦੀ ਹੈ।’
ਅਸੀਂ ਸਮਝਦੇ ਹਾਂ ਕਿ ਅਜਮੇਰ ਸਿੰਘ ਦੀ ਇਹ ਕਿਤਾਬ ਸਿੱਖਾਂ ਲਈ ਮਜਬੂਤ ਵਾੜ ਖੜੀ ਕਰਨ ਦਾ ਕਾਰਜ ਹੈ ਜਿਸ ਨਾਲ ਆਪਣੀ ਹੋਂਦ ਕਾਇਮ ਰਹਿ ਸਕੇ ਅਤੇ ਆਪਣੇ ਗੁਆਂਢੀਆਂ ਨਾਲ ਵੀ ਚੰਗੇ ਸਬੰਧ ਬਣੇ ਰਹਿ ਸਕਣ।ਇਹ ਕਿਸੇ ‘ਹੋਰ’ ਦੀ ਬੌਧਿਕ ਗੁਲਾਮੀ ਤੋਂ ਛੁਟਕਾਰਾ ਪਾਉਣ ਦਾ ਯਤਨ ਹੈ।