ਦੇਸ਼ ਭਾਰਤ ਜੋ ਇਸ ਹਫਤੇ ਚ ਆਜ਼ਾਦੀ ਦਿਵਸ ਦੀ ਵਰੇਗੰਡ ਮਨਾਂ ਰਿਹਾ ਹੈ, ਉਸ ਵਿਚ ਲੋਕ ੬੬ ਸਾਲਾਂ ਬਾਅਦ ਵੀ ਆਜ਼ਾਦੀ ਅਤੇ ਗੁਲਾਮੀ ਦੇ ਅਰਥ ਸਮਝਣ ਅਤੇ ਅਨੁਭਵ ਦੀ ਵਿਚਾਰ ਧਾਰਾ ਵਿੱਚ ਉਲਝੇ ਹੋਏ ਹਨ। ਇਹਨਾਂ ਅਰਥਾਂ ਦੀ ਸਮਝ ਰੱਖਣ ਵਾਲੇ ਇਨਸਾਨ ਸਿਰਦਾਰ ਕਪੂਰ ਸਿੰਘ ਜੀ ਵੀ ਇਸ ਹਫਤੇ ੧੩ ਅਗਸਤ ਨੂੰ ਬਰਸੀ ਸੀ। ਇਹ ਉਹ ਨਾਇਕ ਸਨ ਸਿੱਖ ਪੰਥ ਦੇ ਜੋ ਸ਼ਬਦਾਂ ਵਿੱਚ ਅਤੇ ਹਕੀਕਤ ਵਿੱਚ ਇਹ ਗਿਆਨ ਰੱਖਦੇ ਸਨ ਕਿ ਲੋਕਾਂ ਨੂੰ ਆਪਣੀ ਹੀ ਸਰਕਾਰ ਵਿੱਚ ਕਿਵੇਂ ਆਜ਼ਾਦ ਸੋਚ ਵਿੱਚ ਯਕੀਨ ਦਿਵਾਇਆ ਜਾ ਸਕਦਾ ਹੈ।
ਸਿਰਦਾਰ ਕਪੂਰ ਸਿੰਘ ਹੀ ਅਜਿਹੇ ਸਿੱਖ ਸਨ ਜੋ ਸਰਦਾਰ ਅਤੇ ਸਿਰਦਾਰ ਦਾ ਅਨੁਭਵ ਸਮਝਦੇ ਸੀ ਤਾਂ ਹੀ ਉਹਨਾਂ ਉੱਚ ਅਹੁਦਿਆਂ ਤੇ ਹੋਣ ਕਰਕੇ ਵੀ ਆਪਣੇ ਨਾਮ ਨਾਲ ਸਦਾ ਫਖ਼ਰ ਨਾਲ ‘ਸਿਰਦਾਰ’ ਨਾਮ ਰੱਖਿਆ ਅਤੇ ਉਸ ਪ੍ਰਤੀ ਆਪਣੀ ਵਚਨਬੱਧਤਾ ਵੀ ਨਿਭਾਈ। ਕਿਉਂਕਿ ਉਹਨਾਂ ਆਪਣਾ ਸਮੁੱਚਾ ਜੀਵਨ ਅਜ਼ਾਦੀ ਅਤੇ ਗੁਲਾਮੀ ਨੂੰ ਸਮਝ ਸਕਣ ਲਈ ਅਰਪਣ ਕੀਤਾ ਸੀ। ਉਹਨਾਂ ਦਾ ਸੰਪੂਰਨ ਜੀਵਨ ਹੀ ਗੁਰੂ ਸਾਹਿਬ ਦੇ ਕਥਨਾਂ ਮੁਤਾਬਿਕ ਹੀ ਢਲਿਆ ਹੋਇਆ ਸੀ। ਜਿੰਨਾ ਨੇ ਬਚਪਨ ਤੋਂ ਅੰਤਲੇ ਪਲਾਂ ਤੀਕ ਹਰ ਸਾਹ ਪੰਥ ਅਤੇ ਕੌਮ ਲਈ ਵਿਚਾਰ ਵਿਚ ਰਖਿਆ ਅਤੇ ਸਿਧਾਂਤਕ ਪਖੋਂ ਗੁਰੂ ਖਾਲਸਾ ਪੰਥ ਦਾ ਇਤਿਹਾਸ ਤੇ ਗੁਰਮਤ ਸਿਧਾਂਤ ਨੂੰ ਸਿਖਾਂ ਸਾਹਮਣੇ ਰੱਖਣ ਦਾ ਉਪਰਾਲਾ ਕੀਤਾ। ਤਾਂ ਹੀ ਤਾਂ ਉਹਨਾਂ ਨੂੰ ਸਿੱਖ ਵਿਦਵਾਨਾਂ ਵਿਚੋਂ ਇੱਕ ਮੰਨਿਆਂ ਗਿਆ ਜਿਨ੍ਹਾਂ ਨੇ ਸਿੱਖ ਧਰਮ ਦੀ ਵਡਿਆਈ ਅਤੇ ਮਹਾਨਤਾ ਨੂੰ ਉਜ਼ਾਗਰ ਕਰਨ ਲਈ ਆਪਣੀ ਜ਼ਿੰਦਗੀ ਦਾ ਵਡਮੁੱਲਾ ਹਿੱਸਾ ਸਮਰਪਿਤ ਕੀਤਾ।
ਸਿਰਦਾਰ ਕਪੂਰ ਸਿੰਘ ਹੀ ਅਜਿਹੇ ਸਿੱਖ ਅਫਸਰ ਸਨ ਜਿਹਨਾਂ ਨੇ ੧੯੪੮ ਵਿਚ ਸਰਕਾਰ ਵਲੋਂ ਜਾਰੀ ਕੀਤਾ ਫੁਰਮਾਨ ਕਿ ‘ਸਿੱਖ ਜਰਾਇਮ ਪੇਸ਼ਾ ਕੌਮ ਹੈ ਅਤੇ ਇਸਤੇ ਸਰਕਾਰੀ ਮਹਿਕਮਾ ਕੜੀ ਨਜ਼ਰ ਰੱਖੇ’ ਦਾ ਖੁਲੇਆਮ ਵਿਰੋਧ ਕੀਤਾ ਅਤੇ ਭਾਰਤ ਦੇ ਰਾਸ਼ਟਰਪਤੀ ਨੂੰ ਇਤਰਾਜ਼ ਦੀ ਚਿੱਠੀ ਲਿਖੀ। ਇਸ ਚਿੱਠੀ ਕਰਕੇ ਹੀ ਸਿਰਦਾਰ ਕਪੂਰ ਸਿੰਘ ਜੀ ਨੂੰ ਆਜ਼ਾਦ ਭਾਰਤ ਦੀ ਸਰਕਾਰ ਵਲੋਂ ਡਿਪਟੀ ਕਮਿਸ਼ਨਰ ਦੇ ਅਹੁਦੇ ਤੋਂ ਕੱਢ ਦਿੱਤਾ ਗਿਆ ਕਿਉਂਕਿ ਅਜ਼ਾਦ ਭਾਰਤ ਕਿਸੇ ਸਿੱਖ ਅਜ਼ਾਦ ਸੋਚ ਨੂੰ ਜਰਨਾਂ ਨਹੀਂ ਚਹੁੰਦਾ ਸੀ। ਭਾਵੇਂ ਇਸ ਖਿਲਾਫ ਇਕ ਸਿੱਖ ਵਜੋਂ ਸਿਰਦਾਰ ਕਪੂਰ ਸਿੰਘ ਜੀ ਨੇ ਕਚਿਹਰੀਆਂ ਦਾ ਚੱਕਰ ਵੀ ਕੱਢਿਆ ਇਸ ਵਿਸਵਾਸ਼ ਨਾਲ ਕਿ ਜੇ ਸਿੱਖ ਆਗੂਆਂ ਨੇ ਆਪਣੀ ਕੌਮ ਨੂੰ ਹਿੰਦੂ ਭਾਰਤ ਦੇ ਲੜ ਲਾਇਆ ਭਾਵੇਂ ਕਿ ਉਸ ਵਕਤ ਮੌਕਾ ਸੀ ਕਿ ਸਿੱਖ ਕੌਮ ਆਪਣਾ ਹੱਕ ਲੈ ਸਕਦੀ ਸੀ, ਇਥੇ ਮੈਨੂੰ ਇਨਸਾਫ ਮਿਲ ਸਕੇਗਾ ਪਰ ਗੁਲਾਮੀ ਕਾਰਨ ਕੋਈ ਇਨਸਾਫ ਨਾ ਮਿਲਿਆ ਸਗੋਂ ਹੋਰ ਦੁੱਖ ਨਸੀਬ ਹੋਏ। ਪਰ ਇਹਨਾਂ ਦੀ ਸਿੱਖ ਕੌਮ ਪ੍ਰਤੀ ਕੌਮੀਅਤ ਕਦੀ ਘੱਟ ਨਹੀਂ ਹੋਈ। ਸਗੋਂ ਇਹ ਸੱਚੀ ਸਾਖੀ ਵਿਚ ਲਿਖਦੇ ਹਨ ਕਿ ਜੋ ਗੱਲਾਂ ਮੈਨੂੰ ਜਿਨਾਹ ਸਾਹਿਬ ਨੇ ਕਹੀਆਂ ਸੀ ਕਿ ਜ਼ੋਸ ਅਤੇ ਜਜ਼ਬਾ ਨਹੀਂ ਰਾਜਨੀਤਿਕ ਸੂਝ ਬੂਝ ਜਿਆਦਾ ਮਹਤੱਤਾ ਰੱਖਦੀ ਹੈ। ਜਿਸਤੋਂ ਅੱਜ ਵੀ ਸਿੱਖ ਕੌਮ ਪੂਰੀ ਤਰਾਂ ਵਾਕਿਫ ਨਹੀਂ ਹੈ ਜਾਂ ਵਾਕਿਫ ਹੋਣਾ ਹੀ ਨਹੀਂ ਚਾਹੁੰਦੀ ਤਾਂ ਹੀ ਅੱਜ ਪੰਥ ਦੀ ਨਮਾਇੰਦਾ ਧਿਰ ਸੰਤ ਲੌਂਗੋਵਾਲ ਦੀ ਬਰਸ਼ੀ ਤਾਂ ਸਰਕਾਰੀ ਪੱਧਰ ਤੇ ਮਨਾ ਰਹੀ ਹੈ ਪਰ ਸਿੱਖ ਕੌਮ ਦੇ ਨਾਇਕ ਸਿਰਦਾਰ ਕਪੂਰ ਸਿੰਘ ਜੀ ਦੀ ਬਰਸੀ ਬਾਰੇ ਅਵੇਸ਼ਲੀ ਹੈ ਜਾਂ ਜਾਨਣਾ ਹੀ ਨਹੀਂ ਲੋਚਦੀ। ਇਹ ਉਹ ਸਿਰਦਾਰ ਹੈ ਜੋ ਸਿੱਖਾਂ ਦੀ ਖੁਦਮੁਖਤਿਆਰੀ ਲਈ ੧੯੬੨ ਚ ਮੈਂਬਰ ਪਾਰਲੀਮੈਂਟ ਬਣੇ ਅਤੇ ਸਿੱਖ ਕੌਮ ਦੀ ਕੌਮੀਅਤ ਨੂੰ ਭਾਰਤ ਦੀ ਪਾਰਲੀਮੈਂਟ ਵਿਚ ਦਰਸਾਇਆ ਭਾਵੇਂ ਬਾਅਦ ਵਿੱਚ ਪੰਥ ਦੀ ਰਹਿਨੁਮਾਈ ਕਰ ਰਹੀ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਇਕ ਅਜਿਹੇ ਸੂਝਵਾਨ ਕੌਮੀ ਸਿੱਖ ਦੀ ਨੁਮਾਇੰਦਗੀ ਕੱਟ ਕੇ ਆਪਣੇ ਅਨਪੜ ਡਰਾਈਵਰ ਨੂੰ ਪਾਰਲੀਮੈਂਟ ਦੀ ਟਿਕਟ ਦਿੱਤੀ ਤਾਂ ਹੀ ਇਹ ਇਕ ਕਾਰਨ ਹੈ ਕਿ ਸਿੱਖ ਦੀ ਪਛਾਣ ਅੱਜ ਪੱਛਮੀ ਮੁਲਕਾਂ ਵਿੱਚ ਇੱਕ ਸੂਝਵਾਨ ਸਿੱਖ ਦੀ ਬਜਾਇ ਇਕ ਸਿੱਖ ਟੈਕਸ਼ੀ ਡਰਾਈਵਰ ਜਾਂ ਟਰੱਕ ਡਰਾਈਵਰ ਵਜੋਂ ਜਿਆਦਾ ਪਰਚੱਲਤ ਹੈ। ਭਾਵੇਂ ਕਿ ਅੱਜ ਦੁਨੀਆਂ ਦਾ ਨਾਮੀ ਅਰਥ ਸਾਸ਼ਤਰੀ ਸਿੱਖ ਭਾਰਤ ਦਾ ਪ੍ਰਧਾਨ ਮੰਤਰੀ ਹੈ। ਇਸਦੇ ਬਾਵਾਯੂਦ ਸਿੱਖ ਕੌਮ ਨੂੰ ਅੱਜ ਵੀ ਆਪਣੀ ਪੱਗ ਦੇ ਲਈ ਵੱਖ ਵੱਖ ਮੁਲਕਾਂ ਚ ਦਲੀਲ ਦੀ ਘਾਟ ਮਹਿਸੂਸ ਹੋ ਰਹੀ ਹੈ ਅਤੇ ਸਿੱਖ ਕੌਮ ਵਿਚ ਰਾਮ ਰਾਇ ਦੀ ਸੋਚ ਜਿਆਦਾ ਮਹਤੱਵ ਰਖਦੀ ਹੈ ਨਾ ਕਿ ਸਿੱਖ ਗੁਰੂਆਂਦੀ ਸੋਚ ਅਤੇ ਵਿਚਾਰ। ਤਾਂ ਹੀ ਅੱਜ ਪੰਜਾਬ ਵਿਚ ਸਿੱਖ ਸੰਤ ਲੌਂਗੋਵਾਲ ਦੀ ਬਰਸਿ ਸ਼ਰਧਾ ਨਾਲ ਮਨਾਉਣ ਜਾ ਰਹੇ ਹਨ ਅਤੇ ਆਪਣੇ ਕੌਮੀ ਵਿਦਿਵਾਨ ਜਿਹਨਾਂ ਬਾਰੇ ਇਹ ਕਹਿਣਾ ਗਲਤ ਨਹੀਂ…
“ਹੋਂ ਫਰਿਸ਼ਤੇ ਭੀ ਫਿਦਾ ਜਿਨ ਪੇ
ਯੇਹ ਵੋਹ ਇਨਸਾਨ ਹੈ;”
…ਦੀ ਬਰਸੀ ਭੁੱਲ ਭੁਲਾ ਚੁੱਕਿਆ ਹੈ। ਇਹ ਇਕ ਉਹ ਸਿੱਖ ਹੈ ਜਿਸਨੇ ਕੌਮ ਨੂੰ ਆਨੰਦਪੁਰ ਸਾਹਿਬ ਦਾ ਮਤਾ ਦਿੱਤਾ ਅਤੇ ਦੂਜੇ ਪਾਸੇ ਉਹ ਸਿੱਖ ਹੈ ਜਿਸਨੇ ਸਿੱਖ ਕੌਮ ਨੂੰ ਪੁਰਾਣੀ ਇਤਿਹਾਸਿਕ ਲਾਲ ਸਿੰਘ ਅਤੇ ਧਿਆਨ ਸਿੰਘ ਦੀ ਸੋਚ ਦਿੱਤੀ।
ਹੁਣ ਇਹ ਵਿਚਾਰ ਕਰਨ ਦੀ ਲੋੜ ਹੈ ਕਿ ਆਜ਼ਾਦ ਭਾਰਤ ਵਿੱਚ ਸਿੱਖ ਕੌਮ ਲਈ ਸੰਤ ਲੌਂਗੋਵਾਲ ਦੀ ਬਰਸੀ ਮਹਤੱਤਾ ਰੱਖਦੀ ਹੈ ਜਾਂ ਸਿਰਦਾਰ ਕਪੂਰ ਸਿੰਘ ਜੀ ਦੀ।