ਅਪ੍ਰੈਲ ਦੇ ਮਹੀਨੇ ਨੂੰ ਕਈਆਂ ਦੁਆਰਾ ਜੀਨਸ ਦੇ ਮਹੀਨੇ ਵਜੋਂ ਵੀ ਮਨਾਇਆ ਜਾਂਦਾ ਹੈ ਜੋ ਕਿ ਪੂਰੀ ਦੁਨੀਆਂ ਵਿਚ ਸਭ ਤੋਂ ਲੋਕਪ੍ਰਿਯ ਪਹਿਰਾਵਾ ਹੈ ਅਤੇ ਇਸ ਨੂੰ ਪੱਛਮੀ ਪਹਿਰਾਵੇ ਦਾ ਪ੍ਰਤੀਕ ਵੀ ਮੰਨਿਆਂ ਜਾਂਦਾ ਹੈ।ਜੀਨਸ ਦੀ ਸ਼ੁਰੂਆਤ ਅਠਾਰਵੀਂ ਸਦੀ ਵਿਚ ਇਕ ਵਿਅਕਤੀ ਦੇ ਪਹਿਰਾਵੇ ਦੇ ਢੰਗ ਨੂੰ ਬਦਲਣ ਦੇ ਵਿਚਾਰ ਨਾਲ ਹੋਈ।ਜੀਨਸ, ਜਿਸ ਨੂੰ ਆਮ ਤੌਰ ਤੇ ਟਰਾਊਜ਼ਰਸ ਵੀ ਕਿਹਾ ਜਾਂਦਾ ਹੈ, ਦੀ ਸ਼ੁਰੂਆਤ ਜੈਕਬ ਡਬਲਿਊ ਡੇਵਿਸ ਨੇ ੧੮੭੧ ਵਿਚ ਲੇਵੀ ਸਟਰਾਸ ਐਂਡ ਕੰਪਨੀ ਨਾਲ ਮਿਲ ਕੇ ਕੀਤੀ ਅਤੇ ਇਸ ਨੂੰ ਜੈਕਬ ਡੇਵਿਸ ਅਤੇ ਲੀਵਾਈਸ ਸਟਰਾਸ ਦੁਆਰਾ ਪੇਂਟੇਂਟ ਕਰਵਾਇਆ ਗਿਆ।ਉਹ ਵਿਚਾਰ ਜੋ ਕਿ ੧੮੦੦ ਦੇ ਸ਼ੁਰੂਆਤੀ ਵਰ੍ਹਿਆਂ ਵਿਚ ਤਿਰਛੇ ਪੈਟਰਨ ਵਾਲੇ ਕੱਪੜੇ ਨਾਲ ਆਦਮੀਆਂ ਲਈ ਜੀਨਸ ਬਣਾਉਣ ਦੇ ਰੂਪ ਵਿਚ ਪੈਦਾ ਹੋਇਆ, ਉਸ ਨੇ ਅਸਲ ਵਿਚ ਪਹਿਰਾਵੇ ਨੂੰ ਲੈ ਕੇ ਨਜ਼ਰੀਆ ਹੀ ਬਦਲ ਦਿੱਤਾ।ਇਸ ਵਿਚ ਸਭ ਤੋਂ ਪਹਿਲਾਂ ਨੀਲੇ ਰੰਗ ਦੀ ਜੀਨਸ ਬਣਾਈ ਗਈ ਜਿਸ ਨੂੰ ਭਾਰਤ ਵਿਚ ਮਿਲਦੇ ਇੰਡੀਗੋ ਫੱੁਲ ਦੀ ਡਾਈ ਵਿਚ ਰੰਗਿਆ ਗਿਆ।ਪਹਿਲਾਂ-ਪਹਿਲ ਜੀਨਸ ਖਾਣਾਂ ਵਿਚ ਕੰਮ ਕਰਦੇ ਮਜਦੂਰਾਂ ਦੁਆਰਾ ਪਹਿਨੀ ਜਾਂਦੀ ਸੀ, ਪਰ ਬਹੁਤ ਹੀ ਥੌੜੇ ਸਮੇਂ ਵਿਚ ਹੀ ਜੀਨਸ ਇਕ ਪ੍ਰਤਿਸ਼ਠਿਤ ਪ੍ਰਤੀਕ ਬਣ ਗਈ ਜਿਸ ਨੂੰ ਪ੍ਰਸਿੱਧ ਹਾਲੀਵੁੱਡ ਐਕਟਰ ਜੌਹਨ ਵੇਨ ਦੇ ਸਟਾਈਲ ਦੁਆਰਾ ਅਮਰੀਕੀ ਸਮਾਜ ਵਿਚ ਮਸ਼ਹੂਰੀ ਮਿਲੀ।ਇਸ ਤੋਂ ਬਾਅਦ ਰੌਕ ਸਟਾਰਾਂ ਅਤੇ ਫੈਸ਼ਨ ਪ੍ਰਤੀ ਚੇਤੰਨ ਲੋਕਾਂ ਨੇ ਵੀ ਜੀਨਸ ਪਹਿਨਣੀ ਸ਼ੁਰੂ ਕਰ ਦਿੱਤੀ ਅਤੇ ਇਹ ਪੂਰੀ ਦੁਨੀਆਂ ਵਿਚ ਬਹੁਤ ਪ੍ਰਸਿੱਧ ਪਹਿਰਾਵਾ ਬਣ ਗਿਆ।ਜੀਨਸ ਨੂੰ ਆਮ ਤੌਰ ਤੇ ਡੇਨਿਮ ਵੀ ਕਿਹਾ ਜਾਂਦਾ ਹੈ।ਹਾਲਾਂਕਿ, ਇਸ ਸ਼ਬਦ ਦੀ ਉੱਤਪਤੀ ਫਰੈਂਚ ਭਾਸ਼ਾ ਦੇ ਸ਼ਬਦ ਤੋਂ ਹੁੰਦੀ ਹੈ, ਪਰ ਇਸ ਨੂੰ ਅੰਗਰੇਜੀ ਭਾਸ਼ਾ ਦਾ ਹੀ ਸ਼ਬਦ ਮੰਨਿਆ ਜਾਂਦਾ ਹੈ।੧੯੦੦ਵਿਆਂ ਤੋਂ ਲੈ ਕੇ ਜੀਂਨਸ ਆਮ ਸ਼ਬਦ ਹੋ ਗਿਆ ਅਤੇ ਇਹ ਅਮਰੀਕਨ ਆਈਕਨ ਬਣ ਗਈ।ਵੱਡੀਆਂ ਜੇਬਾਂ ਅਤੇ ਮੋਟੇ ਕੱਪੜੇ ਵਾਲੀ ਜੀਨਸ ਜਿਸ ਨੂੰ ਜੈਕਬ ਅਤੇ ਲੇਵੀ ਸਟਰਾਸ ਨੇ ਬਜਾਰ ਵਿਚ ਉਤਾਰਿਆ, ਉਸ ਨੂੰ ਕੰਮ ’ਤੇ ਪਹਿਨਣ ਵਾਲਾ ਪਹਿਰਾਵਾ ਮੰਨਿਆ ਜਾਂਦਾ ਸੀ।੧੮੯੦ ਤੋਂ ਬਾਅਦ ਲੀਵਾਈਸ ੫੦੧ ਸਟਾਈਲ ਨੇ ਬਹੁਤ ਜੋਰ ਫੜ੍ਹ ਲਿਆ ਸੀ ਅਤੇ ਜੈਕਬ ਅਤੇ ਲੇਵੀ ਦਾ ਪੇਂਟੇਟ ਖਤਮ ਹੋਣ ਕਰਕੇ ਹੋਰ ਕੰਪਨੀਆਂ ਜਿਵੇਂ ਰੈਂਗਲਰ, ਲੀ ਆਦਿ ਵੀ ਬਜਾਰ ਵਿਚ ਆ ਗਈਆਂ।ਪਰ ਲੀਵਾਈਸ ੫੦੧ ਦੀ ਅਪੀਲ ਕਦੇ ਵੀ ਮੱਧਮ ਨਹੀਂ ਪਈ ਅਤੇ ਅੱਜ ਵੀ ਜੀਨਸ ਨੂੰ ਲੀਵਾਈਸ ਦਾ ਸਮਾਨਅਰਥੀ ਮੰਨਿਆ ਜਾਂਦਾ ਹੈ।
੧੯੫੪ ਤੱਕ ਆਉਂਦੇ-ਆਉਂਦੇ ਜੀਨਸ ਬਹੁਤ ਹੀ ਮਹੱਤਵਪੂਰਨ ਪਹਿਰਾਵਾ ਬਣ ਗਈ ਸੀ।੧੯੨੦ਵਿਆਂ ਵਿਚ ਜੀਨਸ ਨੂੰ ਹਾਲੀਵੁੱਡ ਅਭਿਨੇਤਾਵਾਂ ਜੌਹਨ ਵੇਅਨ ਅਤੇ ਗੈਰੀ ਕੂਪਰ ਦੀ ਦੇਣ ਵਜੋਂ ਵੀ ਪ੍ਰਸਤੁਤ ਕੀਤਾ ਜਾਂਦਾ ਸੀ।ਇਸ ਤੋਂ ਬਾਅਦ ਜਿੰਜਰ ਰੋਜਰਸ ਅਤੇ ਕੈਰੋਲ ਲੋਂਬਾਰਡ ਜਿਹੀਆਂ ਹਾਲੀਵੁੱਡ ਅਭਿਨੇਤਰੀਆਂ ਨੇ ਵੀ ਅਮਰੀਕਨ ਔਰਤਾਂ ਨੂੰ ਇਹ ਯਕੀਨ ਦੁਆ ਦਿੱਤਾ ਕਿ ਇਹ ਪਹਿਰਾਵਾ ਉਨ੍ਹਾਂ ਦੇ ਪਹਿਨਣ ਲਈ ਵਧੀਆ ਹੈ।੧੯੫੦ਵਿਆਂ ਵਿਚ ਮਾਰਲਿਨ ਬਰਾਂਡੋ ਅਤੇ ਜੇਮਜ ਡੀਨ ਦੀਆਂ ਫਿਲਮਾਂ ਵਿਚ ਵਿਦਰੋਹੀਆਂ ਪ੍ਰਸਤੁਤੀਆਂ ਕਰਕੇ ਵੀ ਜੀਨਸ ਸਥਾਪਤੀ-ਵਿਰੋਧੀ ਨੌਜਵਾਨਾਂ ਲਈ ਵਿਦਰੋਹ ਦਾ ਪ੍ਰਤੀਕ ਵੀ ਬਣੀ।ਰੌਕ ਅਤੇ ਰੋਲ ਕਲਾਕਾਰਾਂ ਨੇ ਜੀਨਸ ਦੀ ਦਿੱਖ ਨੂੰ ਬੇਪਰਵਾਹੀ ਵਾਲੇ ਨਜਰੀਏ ਨਾਲ ਵੀ ਜੋੜਿਆ ਅਤੇ ੧੯੬੯ ਵਿਚ ਵੁੱਡਸਟੌਕ ਅਤੇ ਹਿੱਪੀ ਸੱਭਿਆਚਾਰ ਨੇ ਜੀਨਸ ਨੂੰ ਅਮਰੀਕੀ ਨੌਜਵਾਨਾਂ ਵਿਚ ਵਿਦਰੋਹ ਦੇ ਪ੍ਰਤੀਕ ਵਜੋਂ ਸਥਾਪਿਤ ਕੀਤਾ।ਨਾਰੀਵਾਦ ਦੇ ਅੰਦੋਲਨ ਦੀ ਉਤਪਤੀ ਸਮੇਂ ਵੀ ਨੀਲੀ ਜੀਨਸ ਨੂੰ ਲੰਿਗਕ ਸਮਾਨਤਾ ਦੇ ਪ੍ਰਤੀਕ ਵਜੋਂ ਚੁਣਿਆ ਗਿਆ।ਇਸ ਤਰਾਂ ਜੀਨਸ ਗੈਰ-ਰਵਾਇਤ ਦੀ ਪ੍ਰਤੀਕ ਬਣੀ।ਕਈ ਸਕੂਲਾਂ ਅਤੇ ਥਾਵਾਂ ਨੇ ਜੀਨਸ ਪਹਿਨਣ ’ਤੇ ਪਾਬੰਦੀ ਲਗਾ ਦਿੱਤੀ ਜਿਸ ਨੇ ਇਸ ਨੂੰ ਹੋਰ ਜਿਆਦਾ ਪ੍ਰਸਿੱਧੀ ਦੁਆਈ।ਸੱਤਰਵਿਆਂ ਅਤੇ ਅੱਸੀਵਿਆਂ ਵਿਚ ਉੱਚ ਫੈਸ਼ਨ ਲੈਬਲਾਂ ਨੇ ਵੀ ਜੀਨਸ ਨੂੰ ਅਪਣਾ ਲਿਆ ਅਤੇ ਇਸ ਦੇ ਸਟਾਈਲ ਵਿਚ ਤਬਦੀਲੀਆਂ ਲਿਆਂਦੀਆਂ।ਵੱਖ-ਵੱਖ ਸਟਾਈਲਾਂ ਨਾਲ ਜੀਨਸ ਸੈਕਸ ਅਪੀਲ਼ ਅਤੇ ਸਾਦਗੀ ਦੇ ਇਜ਼ਹਾਰ ਦਾ ਮਾਧਿਅਮ ਵੀ ਬਣੀ।ਇਸ ਦੇ ਅਲੱਗ-ਅਲੱਗ ਰੰਗ ਅਤੇ ਸਟਾਈਲ ਵੱਖ-ਵੱਖ ਮੌਕਿਆਂ ਉੱਪਰ ਪਹਿਨਣ ਲਈ ਵਰਤੇ ਗਏ।
੧੯੯੦ਵਿਆਂ ਵਿਚ ਫਟੀ ਹੋਈ ਜੀਨਸ ਬਜਾਰ ਵਿਚ ਉਤਾਰੀ ਗਈ ਜੋ ਕਿ ਬਹੁਤ ਜਲਦੀ ਹੀ ਮਸ਼ਹੂਰ ਹੋ ਗਈ ਅਤੇ ਇਸ ਤਰਾਂ ਦੇ ਸਟਾਈਲ ਨਾਲ ਵੀ ਹਾਲੀਵੁੱਡ ਦੁਆਰਾ ਇਕ ਰੁਮਾਂਸ ਜੋੜਿਆ ਗਿਆ। ਇਸ ਨੂੰ ਭਾਰੀ ਹੁੰਗਾਰਾ ਮਿਲਿਆ ਜੋ ਕਿ ਅਜੇ ਵੀ ਜਾਰੀ ਹੈ।ਹਾਲਾਂਕਿ ਫਟੀ ਹੋਈ ਜੀਨਸ ਦਾ ਰਿਵਾਜ ਸੱਤਰਵਿਆਂ ਤੋਂ ਹੀ ਚੱਲ ਰਿਹਾ ਹੈ ਪਰ ਇਹ ਬਹੁਤ ਹੀ ਘੱਟ ਮਾਤਰਾ ਵਿਚ ਫਟੀ ਹੁੰਦੀ ਸੀ। ਪਰ ਅੱਜ-ਕੱਲ ਪ੍ਰਚਲਿਤ ਜੀਨਸ ਵਿਚ ਜਿਆਦਾ ਵੱਖਰਤਾ ਮਿਲਦੀ ਹੈ ਅਤੇ ਕਈ ਜੀਨਸ ਇੰਨੀਆਂ ਫਟੀਆਂ ਹੁੰਦੀਆਂ ਹਨ ਕਿ ਉਹਨਾਂ ਵਿਚ ਜੇਬਾਂ ਅਤੇ ਜਿੱਪ ਹੀ ਪੂਰੀ ਹੁੰਦੀ ਹੈ, ਪਰ ਇਹ ਔਰਤਾਂ ਅਤੇ ਕੁੜੀਆਂ ਵਿਚ ਅਜ਼ਾਦੀ ਦੀ ਭਾਵਨਾ ਦੇ ਪ੍ਰਤੀਕ ਵਜੋਂ ਵੀ ਉੱਭਰੀ ਹੈ।ਫਟੀ ਹੋਈ ਜੀਨਸ ਅਸਲ ਵਿਚ ਜੀਨਸ ਦੀ ਉਹ ਕਿਸਮ ਹੈ ਜਿਸ ਵਿਚ ਲੱਤਾਂ ਦਾ ਕਾਫੀ ਹਿੱਸਾ ਦਿਖਾਈ ਦਿੰਦਾ ਹੈ। ਇਸ ਨੂੰ ਡਿਜ਼ਾਈਨ ਹੀ ਇਸ ਤਰਾਂ ਕੀਤਾ ਜਾਂਦਾ ਹੈ ਜਾਂ ਇਸ ਨੂੰ ਪਹਿਨਣ ਵਾਲਾ ਆਪ ਵੀ ਇਹ ਡਿਜ਼ਾਈਨ ਬਣਾ ਲੈਂਦਾ ਹੈ।ਜੀਨਸ ਦੀ ਹੀ ਤਰਾਂ ਹੀ ਫਟੀ ਹੋਈ ਜੀਨਸ ਵੀ ਸੱਤਰਵਿਆਂ ਵਿਚ ਰੌਕ ਬੈਂਡਾਂ ਦੁਆਰਾ ਵਿਦਰੋਹ ਅਤੇ ਅਜ਼ਾਦੀ ਦੇ ਪ੍ਰਤੀਕ ਵਜੋਂ ਵਰਤੀ ਗਈ।ਅੱਜ ਵੀ ਇਸ ਦੀ ਵਧਦੀ ਪ੍ਰਸਿੱਧੀ ਕਿਸੇ ਹਿੱਤ ਕਰਕੇ ਕੀਤੇ ਵਿਦਰੋਹ ਦੀ ਪ੍ਰਤੀਕ ਹੈ ਅਤੇ ਹਰ ਬਰਾਂਡ ਇਸ ਨੂੰ ਬਜ਼ਾਰ ਵਿਚ ਉਤਾਰ ਰਿਹਾ ਹੈ।
ਮੌਜੂਦਾ ਸਮੇਂ ਵਿਚ ਫਟੀ ਹੋਈ ਜੀਨਸ ਦੇ ਰਿਵਾਜ ਨਾ ਸਿਰਫ ਪੱਛਮੀ ਮੁਲਕਾਂ ਬਲਕਿ ਵਿਕਾਸੀਸ਼ੀਲ ਦੇਸ਼ਾਂ ਵਿਚ ਸ਼ਾਲੀਨਤਾ ਦਾ ਰੂਪ ਲ਼ੈ ਲਿਆ ਹੈ, ਅਤੇ ਇਹ ਬਹੁਤ ਆਮ ਪਹਿਰਾਵਾ ਬਣ ਗਿਆ ਹੈ।ਵਿਦਰੋਹ ਦੇ ਪ੍ਰਤੀਕ ਅਤੇ ਪੰਕ ਸੱਭਿਆਚਾਰ ਦੇ ਨਾਲ ਸੰਬੰਧਿਤ ਹੋਣ ਦੇ ਬਾਵਜੂਦ ਅੱਜ ਫਟੀ ਹੋਈ ਜੀਨਸ ਮੁੱਖਧਾਰਾ ਦੇ ਫੈਸ਼ਨ ਦਾ ਹਿੱਸਾ ਹੈ ਅਤੇ ਇਸ ਨੂੰ ਹਰ ਉਮਰ ਵਰਗ ਦੇ ਲੋਕ, ਖਾਸ ਕਰਕੇ ਲੜਕੀਆਂ ਅਤੇ ਔਰਤਾਂ, ਪਹਿਨਣਾ ਪਸੰਦ ਕਰਦੇ ਹਨ।੧੯੯੦ਵਿਆਂ ਵਿਚ ਆਰਥਿਕਤਾ ਦੇ ਉਦਾਰਕਰਨ ਨਾਲ ਜੀਨਸ ਦਾ ਕਲਚਰ ਭਾਰਤ ਵਿਚ ਵੀ ਬਹੁਤ ਪ੍ਰਚਲਿਤ ਹੋਇਆ।ਇਹ ਨੌਜਵਾਨਾਂ, ਔਰਤਾਂ ਅਤੇ ਮਰਦਾਂ ਵਿਚ ਪੱਛਮੀ ਫੈਸ਼ਨ ਅਤੇ ਅਗਾਂਹਵਧੂ ਸੋਚ ਦੇ ਪ੍ਰਤੀਕ ਦੇ ਰੂਪ ਵਿਚ ਮਸ਼ਹੂਰ ਹੋਈ।ਭਾਰਤੀ ਔਰਤਾਂ ਲਈ ਇਹ ਅਰਾਮ ਦੇ ਨਾਲ ਨਾਲ ਅਜ਼ਾਦ ਜਮਾਤ ਦੇ ਪ੍ਰਤੀਕ ਵਜੋਂ ਉੱਭਰੀ ਜਿਸ ਨੇ ਇਸ ਨੂੰ ਪਸੰਦ ਦਾ ਪਹਿਰਾਵਾ ਬਣਾ ਦਿੱਤਾ।ਔਰਤਾਂ ਵਿਚ ਅਜ਼ਾਦੀ ਅਤੇ ਆਪਣੀ ਚੋਣ ਦੀ ਇਸ ਭਾਵਨਾ ਨੇ ਸਮਾਜ ਵਿਚ ਹਲਚਲ ਵੀ ਪੈਦਾ ਕੀਤੀ ਜਿਸ ਵਿਚ ਰਾਜਨੀਤਿਕ ਲੀਡਰ, ਖਾਪ ਪੰਚਾਇਤਾਂ, ਸਰਕਾਰੀ ਅਫਸਰ, ਸਿੱਖਿਆ ਅਤੇ ਧਾਰਮਿਕ ਸੰਸਥਾਵਾਂ ਸ਼ਾਮਿਲ ਹਨ ਜਿਨ੍ਹਾਂ ਨੇ ਇਸ ਨੂੰ ਅਸ਼ਿਸ਼ਟਤਾ ਦਾ ਪ੍ਰਤੀਕ ਮੰਨਿਆ।ਇੱਥੋਂ ਤਕ ਕਿ ਦਿੱਲੀ ਦੇ ਪ੍ਰਸਿੱਧ ਜਿਮਖਾਨਾ ਕਲੱਬ ਵਿਚ ਵੀ ਇਸ ਨੂੰ ਲੈ ਕੇ ਇਤਰਾਜ਼ ਉੱਠਦੇ ਰਹੇ ਅਤੇ ਪੱਛਮੀ ਦੁਨੀਆਂ ਦੀ ਉਹ ਥਾਵਾਂ ਜੋ ਆਪਣੇ ਆਪ ਨੂੰ ਬ੍ਰਿਟਿਸ਼ ਸ਼ਿਸ਼ਟਾਚਾਰ ਦੀਆਂ ਮੁੱਦਈ ਮੰਨਦੀਆਂ ਹਨ, ਉੱਥੇ ਵੀ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ।ਬਹੁਤ ਲੰਮੇ ਸਮੇਂ ਤੋਂ ਜੀਨਸ ਸ਼ਖ਼ਸੀਅਤ ਅਤੇ ਅੰਦਰੂਨੀ ਵਿਦਰੋਹ ਦੇ ਇਜ਼ਹਾਰ ਦਾ ਮਾਧਿਅਮ ਰਹੀ ਹੈ।ਰਵਾਇਤ ਵਿਚ ਬੱਝੀਆਂ ਭਾਰਤੀ ਔਰਤਾਂ ਲਈ ਇਹ ਵਿਅਕਤੀਗਤ ਸਖ਼ਸ਼ੀਅਤ, ਅਜ਼ਾਦੀ ਅਤੇ ਪੱਛਮੀਕਰਨ ਦਾ ਪ੍ਰਤੀਕ ਹੈ।ਭਾਰਤੀ ਸਿਨੇਮਾ ਵਿਚ ਜੀਨਤ ਅੰਮਾਨ ਅਤੇ ਪਰਵੀਨ ਬਾਬੀ ਜਿਹੀਆਂ ਅਭਿਨੇਤਰੀਆਂ ਨੇ ਨਾ ਸਿਰਫ ਹਿੱਪੀ ਕਲਚਰ ਨੂੰ ਪਰਦੇ ’ਤੇ ਪ੍ਰਸਤੁਤ ਕੀਤਾ, ਸਗੋਂ ਆਧੁਨਿਕ ਔਰਤ ਦੀ ਛਵੀ ਨੂੰ ਆਮ ਬਣਾਇਆ ਜੋ ਕਿ ਹੁਣ ਆਮ ਔਰਤਾਂ ਦੀ ਮਾਨਸਿਕਤਾ ਦਾ ਹਿੱਸਾ ਹੋ ਗਈ ਹੈ।ਇਸ ਤਰਾਂ ਦੀ ਆਧੁਨਿਕ ਛਵੀ ਨੇ ਭਾਰਤੀ ਸ਼ਾਸਕਾਂ ਵਿਚ ਵੀ ਬੇਚੈਨੀ ਪੈਦਾ ਕੀਤੀ ਹੈ।ਭਾਰਤ ਵਿਚ ਸਟਾਈਲ ਮਹਿਜ਼ ਸਟਾਈਲ ਹੀ ਨਹੀਂ, ਬਲਕਿ ਵੱਖਰੇ ਰਵਾਇਤੀ ਸੰਦਰਭ ਕਰਕੇ ਇਹ ਡੂੰਘੇ ਰੂਪ ਨਾਲ ਸੱਭਿਆਚਾਰ ਦਾ ਹਿੱਸਾ ਹੈ।ਭਾਰਤੀ ਸੂਬੇ ਦੇ ਨਵੇਂ ਬਣੇ ਮੁੱਖ ਮੰਤਰੀ ਨੇ ਆਪਣੇ ਆਪ ਨੂੰ ਭਾਰਤੀ ਸੱਭਿਆਚਾਰ ਦੇ ਮੱੁਦਈ ਦੇ ਰੂਪ ਵਿਚ ਪੇਸ਼ ਕਰਦੇ ਹੋਏ ਆਪਣੇ ਪਹਿਲੇ ਹੀ ਜਨਤਕ ਭਾਸ਼ਣ ਵਿਚ ਫਟੀ ਹੋਈ ਜੀਨਸ ਅਤੇ ਔਰਤਾਂ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀ ਕਰ ਦਿੱਤੀ।ਉਸ ਨੇ ਫਟੀ ਹੋਈ ਜੀਨਸ ਨੂੰ ਸਤਹੀ ਕਦਰਾਂ-ਕੀਮਤਾਂ ਨਾਲ ਜੋੜਿਆ ਅਤੇ ਇਸ ਨੂੰ ਭਾਰਤੀ ਸੱਭਿਅਤਾ ਲਈ ਖਤਰਾ ਦੱਸਿਆ।ਉਸ ਦਾ ਮੰਨਣਾ ਹੈ ਜਿੱਥੇ ਅਜਿਹੀਆਂ ਕਦਰਾਂ-ਕੀਮਤਾਂ ਹਨ, ਉਸ ਦਾ ਬੱਚਿਆਂ ਅਤੇ ਸੰਸਥਾਵਾਂ ਉੱਪਰ ਕਿੰਨਾ ਬੁਰਾ ਪ੍ਰਭਾਵ ਪੈਂਦਾ ਹੈ।ਉਸ ਨੇ ਫਟੀ ਹੋਈ ਜੀਨਸ ਵਾਲੇ ਰਿਵਾਜ ਨੂੰ ਪਰੰਪਰਾ ਵਿਰੋਧੀ ਦੱਸਦੇ ਹੋਏ ਇਸ ਤਰਾਂ ਦੀ ਚੋਣ ਪ੍ਰਤੀ ਅਫਸੋਸ ਜ਼ਾਹਿਰ ਕੀਤਾ।ਉਸ ਦੀਆਂ ਇਹਨਾਂ ਟਿੱਪਣੀਆਂ ਦੀ ਨਾ ਸਿਰਫ ਔਰਤਾਂ, ਬਲਕਿ ਸਾਰੇ ਹੀ ਵਰਗਾਂ ਦੁਆਰਾ ਨਿੰਦਾ ਕੀਤੀ ਗਈ।ਆਪਣੀ ਸ਼ੁਰੂਆਤ ਤੋਂ ਹੀ ਜੀਨਸ ਇਕ ਵਿਚਾਰ ਦੇ ਰੂਪ ਵਿਚ ਸ਼ੁਰੂ ਹੋਈ ਜਿਸ ਨੇ ਨਾ ਮਹਿਜ਼ ਪਹਿਰਾਵੇ ਬਲਕਿ ਲੋਕਾਂ ਦੀ ਮਾਨਸਿਕਤਾ ਵਿਚ ਵੀ ਇਨਕਲਾਬੀ ਤਬਦੀਲੀ ਲਿਆਂਦੀ।