ਪਿਛਲੇ ਦਹਾਕਿਆਂ ਦਾ ਪੰਜਾਬ ਇਕ ਅਜਿਹੀ ਸਿਵਿਆਂ ਦੀ ਚੁਪ ਆਪਣੇ ਆਪ ਵਿਚ ਦਬਾਈ ਬੈਠਾ ਹੈ, ਜਿਸਦਾ ਜ਼ਿਕਰ ਤਾਂ ਸਮੇਂ ਸਮੇਂ ਸਿਰ ਕਿਸੇ ਕਬਰ ਜਾਂ ਸਿਵੇਂ ਚੋਂ ਉਠੀ ਰਾਖ ਨਾਲ ਛਿੜ ਪੈਂਦਾ ਹੈ। ਪਰ ਇਸ ਨੂੰ ਰਾਜ਼ ਭਾਗ ਦੇ ਮਾਲਕ ਅਤੇ ਚਿਰਾਂ ਤੋਂ ਇਹਨਾਂ ਮੜੀਆਂ ਤੇ ਦੀਵੇ ਦਾ ਲਾਟ ਦਾ ਸ਼ੇਕ ਸ਼ੇਕਨ ਵਾਲੇ ਆਪਣੀ ਰਾਜ਼ਸੀ ਲਾਲਸਾ ਸਦਕਾ ਇਸ ਰਾਖ ਨੂੰ ਮੁੜ ਸਿਵਿਆ ਚ ਹੀ ਦਬ ਦਿੱਤਾ ਜਾਂਦਾ ਹੈ। ਜਾਂ ਪਹਿਲਾਂ ਵਾਂਗ ਇਸ ਸੱਚ ਨੂੰ ਨਦੀਆਂ ਨਹਿਰਾਂ ਦੇ ਵਹਿਣ ਵਿੱਚ ਰੋੜ ਦਿੱਤਾ ਜਾਂਦਾ ਹੈ ਜਿੱਥੇ ਦਹਾਕਿਆਂ ਪਹਿਲਾਂ ਜਵਾਨ ਹੋਈ ਪੰਜਾਬ ਦੀ ਸਿੱਖ ਜਵਾਨੀ ਨੂੰ ਰੋੜ੍ਹ ਦਿੱਤਾ ਗਿਆ ਸੀ। ਇਥੇ ਸੁਰਜੀਤ ਪਾਤਰ ਦੀ ਕਵਿਤਾ ਦੇ ਬੋਲ ਪੂਰੀ ਤਰਾਂ ਢੁਕਦੇ ਹਨ ਕਿ…
ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ,
ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ।
ਭਾਵੇਂ ਕਿ ਅੱਜ ਦੇ ਭਾਰਤ ਵਿੱਚ ਇਹ ਦੁਹਰਾਇਆ ਜਾ ਰਿਹਾ ਹੈ ਕਿ ਭਾਰਤੀ ਹੋਣਾ ਮਾਣ ਵਾਲੀ ਗੱਲ ਹੈ ਅਤੇ ਉਸਤੋਂ ਵੀ ਵੱਡਾ ਮਾਣ ਹੈ ਕਿ ਇਨਸਾਨ ਜਿਸ ਧਰਮ ਨਾਲ ਸੰਬਦ ਰਖਦਾ ਹੈ ਜਿਹੜਾ ਬੁਹਗਿਣਤੀ ਧਰਮ ਹੈ ਉਸ ਪ੍ਰਤੀ ਵਚਨ ਬੰਧਦਤ ਹੋਵੇ ਅਤੇ ਫਖਰ ਨਾਲ ਮੁਖ ਸਿਆਸਤਦਾਨ ਇਹ ਆਖ ਰਿਹਾ ਹੋਵੇ ਕਿ ਮੈਨੂੰ ਗਰਵ ਹੈ ਕਿ ਮੈਂ ਹਿੰਦੂ ਰਾਸ਼ਟਰਵਾਦੀ ਹਾਂ। ਪਰ ਇਸੇ ਭਾਰਤ ਵਿਚ ਸਿਖ ਭਾਵੇਂ ਕਿੰਨੀ ਜੁਆਨੀ ਗੁਆ ਚੁੱਕੇ ਹੋਣ ਤੋਂ ਬਾਅਦ ਵਿਚ ਵੀ ਆਪਣੇ ਗੁਰੂ ਸਾਹਿਬਾਨ ਵਲੋਂ ਦਰਸਾਏ ਰਾਹ ਅਤੇ ਵਚਨ ਮੁਤਾਬਿਕ ਇਹ ਆਖ ਸਕਣ ਕਿ ਸਿਖ ਆਪਣੀ ਕੌਮ, ਧਰਮ ਪ੍ਰਤੀ ਕੌਮੀ ਹੈ। ਕਿਉਂਕਿ ਉਸਦੇ ਇਹਨੇ ਕਹਿਣ ਨਾਲਿ ਹੀ ਕਾਨੂੰਨ ਦੀਆਂ ਕਈ ਧਾਰਾਂਵਾ ਲੱਗ ਜਾਂਦੀਆਂ ਹਨ ਅਤੇ ਦਲਜੀਤ ਸਿੰਘ ਵਾਂਗ ਉਮਰਾਂ ਜੇਲਾਂ ਚ ਹੀ ਪੂਰੀਆਂ ਹੋ ਜਾਂਦੀਆਂ ਹਨ। ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਕਈ ਕੌਮਾਂ, ਦਬੇ ਕੁਚਲੇ ਸਮਾਜ਼ ਅਤੇ ਵੱਖ ਵੱਖ ਰਾਜ਼ਾ ਵਿੱਚ ਚਲੇ ਸੰਘਰਸ਼ਾ ਪ੍ਰਤੀ ਕਈ ਤਰਾਂ ਦੇ ਲੇਖੇ ਜੋਖੇ ਹੋ ਰਹੇ ਹਨ ਅਤੇ ਸੰਘਰਸ਼ਾ ਨਾਲ ਸੰਬਧਤ ਪੀੜਾਂ, ਦਰਦਾਂ ਦੀਆਂ ਚਿਰ ਤੋਂ ਦਬੀਆਂ ਪਿਰਤਾਂ ਹੋਲੀ ਹੋਲੀ ਖੁਲ ਰਹੀਆਂ ਹਨ। ਪਰ ਪੰਜਾਬ ਵਿਚ ਹੋਈ ਜੁਲਮ ਦੀ ਦਾਸਤਾਨ ਬਾਰੇ ਬੜੀ ਦਰਦਨਾਇਕ ਚੁਪ ਹੈ ਜਿਸ ਬਾਰੇ ਇਕ ਸੇਵਾ ਮੁਕਤ ਪੁਲੀਸ ਅਧਿਕਾਰੀ ਜੋ ਕਿਸੇ ਰਾਜ ਦਾ ਪੁਲੀਸ ਮੁਖੀ ਵੀ ਰਿਹਾ ਹੈ ਨੇ ਵੀ ਚਿੰਤਾ ਜਾਹਿਰ ਕੀਤੀ ਹੈ ਅਤੇ ਪੁਛਿਆ ਹੈ ਕਿ ਪੰਜਾਬ ਚ ਸਰਕਾਰ ਦੇ ਹੁਕਮ ਅਧੀਨ ਸੈਕੜੇਂ ਨਹੀਂ ਹਜ਼ਾਰਾਂ ਫਰਜ਼ੀ ਮੁਕਾਬਲੇ ਹੋਏ ਪਰ ਇੱਕਾ ਦੁੱਕਾ ਨੂੰ ਛੱਡ ਕੋਈ ਉਸ ਬਾਰੇ ਬੋਲਣਾ ਵੀ ਨਹੀਂ ਚਾਹੁੰਦਾ ਨਾ ਹੀ ਕੋਈ ਕਾਨੂੰਨੀ ਕੌਰਟ ਉਸਦਾ ਨੋਟਿਸ਼ ਲੈਣਾ ਚਾਹੰਦੀ ਹੈ। ਜਿ ਕੁਛ ਸਿਖ ਆਪਣੇ ਤੌਰ ਤੇ ਸਮਾਜਿਕ ਕਦਰਾਂ ਕੀਮਤਾਂ ਨਾਤੇ ਫਰਜ਼ੀ ਮੁਕਾਬਲਿਆਂ ਦੀਆਂ ਕਬਰਾਂ ਖੋਲਣ ਲਗਦੇ ਹਨ ਤਾਂ ਸਰਦਾਰ ਜਸਵੰਤ ਸਿੰਘ ਖਾਲੜਾ ਵਾਂਗ ਆਪ ਹੀ ਉਹਨਾਂ ਕਬਰਾਂ ਚ ਗੁੰਮ ਕਰ ਦਿਤੇ ਜਾਂਦੇ ਹਨ। ਪਿਛਲੇ ਚਾਰ ਸਾਲਾਂ ਦੇ ਜੋ ਫਰਜ਼ੀ ਪੁਲੀਸ ਮੁਕਾਬਲਿਆਂ ਦੇ ਸਾਰੇ ਭਾਰਤ ਚੋਂ ਵੇਰਵੇ ਆਏ ਹਨ ਉਹਨਾਂ ਮੁਤਾਬਿਕ ਚਾਰ ਸਾਲਾਂ ਚ ੫੫੫ ਫਰਜ਼ੀ ਮੁਕਾਬਲੇ ਹੋਏ ਹਨ ਅਤੇ ਇਹ ਨੰਬਰ ਦਿਨ ਪ੍ਰਤੀ ਦਿਨ ਇਕ ਕਾਨੂੰਨ ਹੇਠਾਂ ਚਲਣ ਦਾ ਦਾਅਵਾ ਕਰਨ ਵਾਲੇ ਮੁਲਕ ਚ ਵਧਦਾ ਹੀ ਜਾ ਰਿਹਾ ਹੈ। ਅਤੇ ਪਲੀਸ ਅਫਸਰਾਂ ਨੂੰ ਇਸ ਕਰਕੇ ਹੌਸਲਾ ਵਧਾਉਣ ਲਈ ਉਚ ਤਰਕੀ ਅਤੇ ਮੈਡਲ ਨਾਲ ਹਾਲਾਸ਼ੇਰੀ ਨਿੰਰਤਰ ਦਿਤੀ ਜਾ ਰਹੀ ਹੈ। ਭਾਵੇਂ ਕਿ ਭਾਰਤ ਦੀ ਮੁਖ ਪੁਲੀਸ ਮਹਿਕਮਾ ਸੀ.ਬੀ.ਆਈ ਦਾ ਅੱਜ ਦਾ ਮੁਖੀ ਗੁਜਰਤ ਰਾਜ ਚ ਇਕ ਪਲੀਸ ਮੁਕਾਬਲੇ ਸੰਬਦੀ ਕਹਿ ਰਿਹਾ ਹੈ ਕਿ ਚਾਹੇ ਕੋਈ ਕਿਸੇ ਵੀ ਜੁਰਮ ਵਿਚ ਲੋੜੀਦਾ ਹੋਵੇ ਜਾਂ ਅਤਿਵਾਦੀ ਸਮਝਿਆ ਜਾਵੇ ਉਸਨੂੰ ਫੜ ਕੇ ਫਰਜ਼ੀ ਪੁਲੀਸ ਮੁਕਾਬਲੇ ਚ ਮਾਰ ਦੇਣਾ ਕਾਨੂੰਨ ਵਿਰੋਧੀ ਹੈ ਅਤੇ ਜਮੂਰੀਅਤ ਇਸਦੀ ਆਗਿਆ ਨਹੀਂ ਦਿੰਦਾ ਹੈ। ਇਸੇ ਫਰਜ਼ੀ ਮੁਕਾਬਲੇ ਦੇ ਸੰਬਧ ਚ ਹੀ ਇਕ ਭਾਰਤੀ ਸਰਕਾਰ ਦਾ ਉਚ ਅਧਿਕਾਰੀ ਜੋ ਅਜੇ ਨੌਕਰੀ ਕਰ ਰਿਹਾ ਹੈ ਦਾ ਕਹਿਣਾ ਹੈ ਕਿ ਭਾਰਤੀ ਮੁਖ ਖੁਫੀਆ ਮਹਿਕਮੇ ਨਾਲਿ ਸੰਬਧਤ ਇਕ ਅਧਿਕਾਰੀ ਨੇ ਉਸ ਕੋਲ ਇਹ ਮੰਨਿਆ ਹੈ ਕਿ ਭਾਰਤ ਵਿੱਚ ਕੁਛ ਸਾਲ ਪਹਿਲੇ ਹੋਏ ਮੁਖ ਅਤਿਵਾਦੀ ਹਮਲਿਆਂ ਪਿਛੇ ਭਾਰਤੀ, ਖੁਫੀਆ ਮਹਿਕਮੇ ਦਾ ਸਹਿਯੋਗ ਸੀ। ਇਸੇ ਹੀ ਸੰਦਰਬ ਵਿੱਚ ਪੰਜਾਬ ਵਿੱਚ ਹੋਏ ਘਾਣ ਚ ਬਹੁਤ ਵਾਰ ਇਹ ਸਾਹਮਣੇ ਆਇਆ ਹੈ ਕਿ ਬਹੁਤੇ ਬੇਲੋੜੇ ਸਿਖ ਸੰਘਰਸ਼ ਦਾ ਰਾਹ ਧੁੰਦਲਾ ਕਰਨ ਲਈ ਕੰਮਾਂ ਜਾਂ ਘਟਨਾਵਾਂ ਪਿਛੇ ਵੀ ਕਿਸੇ ਸਰਕਾਰੀ ਮਿਲੀ ਭੁਗਤ ਦਾ ਹੱਥ ਸੀ, ਚਾਹੇ ਉਹ ਬਸਾਂ ਚੋ ਲਾ ਕੇ ਇਕ ਫਿਰਕੇ ਦੇ ਲੋਕਾਂ ਨੂੰ ਨਿਸ਼ਾਨਾ ਬਨਾਉਣਾ, ਜਾਂ ਬਾਹਰਲੇ ਮੁਲਕ ਚ ਦੋ ਏਅਰ ਇੰਡੀਆ ਦੇ ਯਾਤਰੀ ਹਵਾਈ ਜਹਾਜ਼ ਉਡਾ ਦੇਣਾ ਜਾ ਹੋਰ ਕਈ ਮਾਨਵਤਾ ਦੇ ਉਲਟ ਹੋਏ ਮਾੜੇ ਕੁਕਰਮ। ਇਹਨਾਂ ਸਾਰਿਆਂ ਪਿਛੇ ਲੁਕਮੇ ਹੱਥ ਜਾਂ ਸਹਿਯੋਗ ਦੀ ਆਵਾਜ਼ ਜਾਂ ਜ਼ਿਕਰ ਤਾਂ ਹੁੰਦਾ ਰਿਹਾ ਹੈ ਪਰ ਜਿਵੇਂ ਕਿ ਹੁਣ ਭਾਵੇਂ ਪੰਜਾਬ ਪੁਲੀਸ ਦੇ ਮੁਲਾਜਮ ਖੁਦ ਤਥਾਂ ਨਾਲ ਚੀਕ ਚੀਕ ਕੇ ਆਖ ਰਹੇ ਹਨ ਕਿ ਉਹਨਾਂ ਆਪਣੇ ਵਡੇ ਅਫਸਰਾਂ ਦੇ ਨਾਲ ਜਾਂ ਉਹਨਾਂ ਦੇ ਕਹਿਣ ਤੇ ਹਜ਼ਾਰਾਂ ਸਿਖ ਕੋਹ ਕੋਹ ਕੇ ਫਰਜ਼ੀ ਮੁਕਾਬਲੇ ਕਰ ਮਾਰੇ ਹਨ ਤਾਂ ਜੋ ਵਡੇ ਅਫਸਰ ਬਣ ਸਕਣ ਅਤੇ ਵਡੇ ਰਾਸ਼ਟਰੀ ਸਨਮਾਣ ਲੈ ਸਕਣ। ਪਰ ਇਹਨਾਂ ਚੀਕਾਂ ਨੂੰ ਨਾ ਕੋਈ ਕਾਨੂੰਨ ਸੁਣ ਰਿਹਾ ਹੈ, ਨਾ ਕੋਈ ਕੌਮੀ ਅਖਬਾਰ ਤਫਤੀਸ਼ ਕਰਨ ਦੀ ਕੋਸ਼ਿਸ ਕਰ ਰਿਹਾ ਨਾ ਹੀ ਸੰਚਾਰ ਜੰਤਰ ਟੀ ਵੀ ਕੋਈ ਇਸ ਤੇ ਰਾਸ਼ਟਰ ਮੁਦੇ ਵਜੋਂ ਵਿਚਾਰ ਲਈ ਵਿਸ਼ਾ ਬਣਾ ਰਿਹਾ ਹੈ।
ਇਸ ਤੋਂ ਵੱਧ ਜੋ ਮੁਖ ਸੁਆਲ ਹੈ ਕਿ ਸਿਖ ਕੌਮ ਦੇ ਇਸ ਦਰਦ ਅਤੇ ਕੌਮੀ ਦੁਖਾਂਤ ਪ੍ਰਤੀ ਸਿਖ ਕੌਮ ਦੇ ਮੁਖ ਰਾਜਸ਼ੀ ਲੀਡਰ, ਅਕਾਲ ਤਖਤ ਸਾਹਿਬ ਦੇ ਜਥੇਦਾਰ, ਦਮਦਮੀ ਟਕਸਾਲ ਦੇ ਮੁਖੀ ਅਤੇ ਉਹਨਾਂ ਦੀ ਸਰਪ੍ਰਸ਼ਤੀ ਹੇਠ ਸੰਤ ਸਮਾਜ ਹੀ ਕੋਈ ਟਿਪਣੀ ਜਾਂ ਆਵਾਜ਼ ਉਠਾ ਰਿਹਾ ਹੈ ਤਾਂ ਜੋ ਇਸ ਸਿਖਾਂ ਦੇ ਸਿਵਿਆਂ ਦੀ ਚੁਪ ਕਦੇ ਕੋਈ ਕਰਵਟ ਲੈ ਸਕੇ ਅਤੇ ਆਪਣੇ ਸੰਘਰਸ਼ ਦੀ ਅਹਿਮਿਅਤ ਦਰਸਾ ਸਕੇ।