ਪਾਕਿਸਤਾਨ ਵਿੱਚ ਮਨੁੱਖੀ ਹੱਕਾਂ ਦੀ ਰਾਖੀ ਕਰਨ ਵਾਲੀ ਅਤੇ ਬੇਅਵਾਜ਼ੇ ਲੋਕਾਂ ਦੀ ਅਵਾਜ਼ ਬਣਨ ਵਾਲੀ ਦਲੇਰ ਔਰਤ ਬੀਬੀ ਆਸਮਾਂ ਜਹਾਂਗੀਰ ਪਿਛਲੇ ਦਿਨੀ ਵਿਛੋੜਾ ਦੇ ਗਏ ਹਨ। ਆਪਣੀ ਗਰਜਵੀਂ ਅਵਾਜ਼ ਅਤੇ ਬੇਮੇਚ ਪ੍ਰਤੀਬੱਧਤਾ ਕਾਰਨ ਬੀਬੀ ਆਸਮਾਂ ਜਹਾਂਗੀਰ ਨੇ ਆਪਣੀ ਪਹਿਚਾਣ ਕੌਮਾਂਤਰੀ ਪੱਧਰ ਤੇ ਬਣਾ ਲਈ ਸੀ। ਦੁਨੀਆਂ ਬੜ ਵਿੱਚ ਜਦੋਂ ਵੀ ਕਿਤੇ ਮਨੁੱਖੀ ਹੱਕਾਂ ਦੀ ਲਹਿਰ ਦੀ ਗੱਲ ਤੁਰਦੀ ਸੀ ਤਾਂ ਬੀਬੀ ਆਸਮਾਂ ਜਹਾਂਗੀਰ ਦਾ ਨਾਅ ਸਭ ਤੋਂ ਪਹਿਲਾਂ ਬੋਲਦਾ ਸੀ।
ਪਾਕਿਸਤਾਨ ਵਰਗੇ ਮੁਲਕ, ਜਿੱਥੇ ਔਰਤ ਦੀ ਅਜ਼ਾਦੀ ਤੇ ਹਾਲੇ ਵੀ ਪਾਬੰਦੀਆਂ ਹਨ ਵਿੱਚ ਜੰਮੀ-ਪਲੀ ਉਸ ਔਰਤ ਨੇ ਆਪਣੇ ਲਈ ਉਹ ਥਾਂ ਚੁਣੀ ਜਿਸਨੂੰ ਚੁਣਨ ਵੇਲੇ ਹੀ ਮੌਤ ਦੇ ਵਾਰੰਟਾਂ ਤੇ ਦਸਤਖਤ ਕਰਨੇ ਪੈਂਦੇ ਹਨ। ਪਰ ਆਸਮਾਂ ਜਹਾਂਗੀਰ ਨੇ ਜੋ ਰਾਹ ਚੁਣਿਆ ਉਹ ਸੋਚ ਸਮਝ ਕੇ ਚੁਣਿਆ। ਉਸ ਨੇ ਪਾਕਿਸਤਾਨ ਵਿੱਚ ਵੱਖ ਵੱਖ ਭਾਈਚਾਰਿਆਂ ਦੇ ਮਨੁੱਖੀ ਹੱਕਾਂ ਦੀ ਹੋ ਰਹੀ ਉਲੰਘਣਾਂ ਦੇ ਖਿਲਾਫ ਲਗਾਤਾਰ ਅਵਾਜ਼ ਬੁਲੰਦ ਕੀਤੀ। ਉਸਨੇ ਪਾਕਿਸਤਾਨ ਨੂੰ ਕੱਟੜਪੰਥੀ ਲੋਕਾਂ ਦੇ ਹੱਥਾਂ ਦਾ ਖਿਡੌਣਾਂ ਬਣਨ ਤੋਂ ਰੋਕਣ ਲਈ ਜੀਅ-ਜਾਨ ਨਾਲ ਕੋਸ਼ਿਸ਼ਾਂ ਕੀਤੀਆਂ। ਆਪਣੀਆਂ ਇਨ੍ਹਾਂ ਕੋਸ਼ਿਸਾਂ ਕਾਰਨ ਹੀ ਉਹ ਕਈ ਵਾਰ ਅਜਿਹੇ ਲੋਕਾਂ ਦੇ ਨਿਸ਼ਾਨੇ ਤੇ ਆਏ ਜਿਨ੍ਹਾਂ ਦਾ ਮਨਸ਼ਾ, ਜਮਹੂਰੀ ਢੰਗ ਤਰੀਕਿਆਂ ਨੂੰ ਵਿਸਾਰ ਕੇ, ਕੱਟੜਪੰਥੀ ਕਨੂੰਨ ਪਾਕਿਸਤਾਨ ਵਿੱਚ ਲਾਗੂ ਕਰਨੇ ਅਤੇ ਮੁਲਕ ਨੂੰ ਪਿੱਛੇ ਵੱਲ ਲੈ ਜਾਣ ਦਾ ਰਿਹਾ ਹੈ।
੬੬ ਸਾਲਾਂ ਦੀ ਜਹਾਂਗੀਰ ਨੂੰ ਕੌਮਾਂਤਰੀ ਰਾਜਨੀਤੀ ਦੇ ਖੇਤਰ ਅੰਦਰ ਇੱਕ ਨਿਧੜਕ ਔਰਤ ਦੇ ਤੌਰ ਤੇ ਦੇਖਿਆ ਜਾਂਦਾ ਸੀ। ਉਸਨੇ ਪਾਕਿਸਤਾਨ ਦੀ ਰਾਜਨੀਤੀ ਵਿੱਚ ਫੌਜ ਦੀ ਦਖਲਅੰਦਾਜ਼ੀ ਦੇ ਖਿਲਾਫ ਡਟਕੇ ਅਵਾਜ਼ ਉਠਾਈ। ਦੇਸ਼ ਵਿੱਚ ਔਰਤਾਂ, ਦੱਬੇ ਕੁਚਲੇ ਲੋਕਾਂ ਅਤੇ ਘੱਟ-ਗਿਣਤੀਆਂ ਦੀ ਅਵਾਜ਼ ਦੇ ਤੌਰ ਤੇ ਜਾਣਿਆਂ ਜਾਂਦਾ ਹੈ ਆਸਮਾਂ ਜਹਾਂਗੀਰ ਨੂੰ। ਇਸੇ ਲਈ ਬੀਬੀ ਜਹਾਂਗੀਰ ਨੂੰ ਇੱਕ ਅਜਿਹੇ ਦੇਸ਼ ਵਿੱਚ ਜਮਹੂਰੀਅਤ ਦੀ ਅਵਾਜ਼ ਵੱਜੋਂ ਜਾਣਿਆਂ ਜਾਂਦਾ ਸੀ ਜਿੱਥੇ ਅਜਿਹੀਆਂ ਅਵਾਜ਼ਾਂ ਨੂੰ ਦਬਾ ਦੇਣ ਅਤੇ ਖਤਮ ਕਰ ਦੇਣ ਦੀ ਰਵਾਇਤ ਰਹੀ ਹੈ। ਆਪਣੇ ਦਲੇਰ ਅਤੇ ਸਪਸ਼ਟ ਵਿਚਾਰਾਂ ਕਰਕੇ ਹੀ ਬੀਬੀ ਜਹਾਂਗੀਰ, ਪਾਕਿਸਤਾਨ ਦੀ ਫੌਜ, ਰਾਜਨੀਤੀਵਾਨਾਂ ਅਤੇ ਕੱਟੜਪੰਥੀਆਂ ਦੇ ਨਿਸ਼ਾਨੇ ਤੇ ਹਮੇਸ਼ ਹੀ ਰਹੀ।
ਉਸਦੀ ਪਹਿਲਕਦਮੀ ਤੇ ਹੀ ਪਾਕਿਸਤਾਨ ਵਿੱਚ ਪਹਿਲੀ ਵਾਰ ਇੱਕ ਮਨੁੱਖੀ ਅਧਿਕਾਰ ਸੰਸਥਾ, ਹਿਊਮਨ ਰਾਈਟਸ ਗਰੁੱਪ ਆਫ ਪਾਕਿਸਤਾਨ ਹੋਂਦ ਵਿੱਚ ਆ ਸਕੀ। ਉਨ੍ਹਾਂ ਦੀਆਂ ਮਨੁੱਖੀ ਹੱਕਾਂ ਦੀ ਬਹਾਲੀ ਲਈ ਅਣਥਕ ਕੋਸ਼ਿਸ਼ਾਂ ਕਾਰਨ ਹੀ ਉਨ੍ਹਾਂ ਨੂੰ ਸੰਯੁਕਤ ਰਾਸ਼ਟਰ ਵਿੱਚ ਮਨੁੱਖੀ ਹੱਕਾਂ ਅਤੇ ਪੁਲਿਸ ਹਿਰਾਸਤ ਵਿੱਚ ਮੌਤਾਂ, ਦੇ ਪ੍ਰਤੀਨਿੱਧ ਵੱਜੋਂ ਕੰਮ ਕਰਨ ਦਾ ਮੌਕਾ ਮਿਲਿਆ । ਇਸ ਅਰਸੇ ਦੌਰਾਨ ਬੀਬੀ ਆਸਮਾਂ ਜਹਾਂਗੀਰ ਨੇ ਦੁਨੀਆਂ ਭਰ ਵਿੱਚ, ਪੁਲਿਸ ਤਸ਼ੱਦਦ ਅਤੇ ਪੁਲਿਸ ਹਿਰਾਸਤ ਵਿੱਚ ਮੌਤਾਂ ਦੇ ਖਿਲਾਫ ਜੰਗ ਛੇੜੀ। ਭਾਰਤ ਵਿੱਚ ਹੁੰਦੀਆਂ ਅਜਿਹੀਆਂ ਮੌਤਾਂ ਤੇ ਵੀ ਬੀਬੀ ਜਹਾਂਗੀਰ ਨੇ ਗੰਭੀਰ ਸੁਆਲ ਉਠਾਏ ਸਨ।
ਪੰਜਾਬ ਯੂਨੀਵਰਸਿਟੀ ਲਹੌਰ ਤੋਂ ਕਨੂੰਨ ਦੀ ਪੜ੍ਹਾਈ ਪੂਰੀ ਕਰਕੇ ਕਨੂੰਨੀ ਮੈਦਾਨ ਵਿੱਚ ਉਤਰੀ ਬੀਬੀ ਆਸਮਾਂ ਜਹਾਂਗੀਰ ਦਾ ਰਾਜਨੀਤੀ ਨਾਲ ਵਾਹ ਛੋਟੀ ਉਮਰ ਵਿੱਚ ਹੀ ਪੈ ਗਿਆ ਸੀ ਕਿਉਂਕਿ, ਪਾਕਿਸਤਾਨ ਦੀ ਸਟੇਟ ਉਨ੍ਹਾਂ ਦੇ ਪਿਤਾ ਨੂੰ ਲਗਾਤਾਰ ਗ੍ਰਿਫਤਾਰ ਕਰਕੇ ਝੂਠੇ-ਸੱਚੇ ਮੁਕੱਦਮੇ ਬਣਾਉਂਦੀ ਰਹਿੰਦੀ ਸੀ। ਕਨੂੰਨ ਦੀ ਪੜ੍ਹਾਈ ਪੂਰੀ ਕਰਕੇ ਆਈ ਬੀਬੀ ਜਹਾਂਗੀਰ ਆਪਣੇ ਪਿਤਾ ਮਲਿਕ ਗੁਲਾਮ ਜਿਲਾਨੀ ਦੇ ਹੱਕ ਵਿੱਚ ਅਦਾਲਤਾਂ ਵਿੱਚ ਪੇਸ਼ ਹੁੰਦੀ ਸੀ। ਆਪਣੇ ਪਿਤਾ ਖਿਲਾਫ ਪਾਕਿਸਤਾਨੀ ਸਟੇਟ ਵੱਲ਼ੋਂ ਚਲਾਈ ਤਸ਼ੱਦਦ ਦੀ ਮੁਹਿੰਮ ਨੇ ਹੀ ਆਸਮਾਂ ਨੂੰ ਮਨੁੱਖੀ ਹੱਕਾਂ ਦੀ ਦਲੇਰ ਅਤੇ ਪ੍ਰਤੀਬੱਧ ਅਵਾਜ਼ ਬਣਨ ਦੀ ਪ੍ਰੇਰਨਾ ਦਿੱਤੀ। ਉਸਨੇ ਔਰਤਾਂ ਦੇ ਖਿਲਾਫ ਹੁੰਦੀ ਹਿੰਸਾ ਅਤੇ ਜਬਰੀ ਵਿਆਹਾਂ ਦੇ ਖਿਲਾਫ ਵੀ ਵੱਡੀ ਪੱਧਰ ਤੇ ਮੁਹਿੰਮ ਨੂੰ ਲਾਮਬੰਦ ਕੀਤਾ।
ਆਪਣੀਆਂ ਇਨ੍ਹਾਂ ਸਰਗਰਮੀਆਂ ਕਰਕੇ ਹੀ ਪਹਿਲਾਂ ੧੯੮੩ ਵਿੱਚ ਜਨਰਲ ਜ਼ਿਆ-ਉ%ਲ –ਹੱਕ ਅਤੇ ਫਿਰ ੨੦੦੭ ਵਿੱਚ ਜਨਰਲ ਪਰਵੇਜ਼ ਮੁਸ਼ੱਰਫ ਨੇ ਜਹਾਂਗੀਰ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ।
ਆਪਣੇ ਵਿਚਾਰਾਂ ਕਰਕੇ ਉਹ ਘੱਟ-ਗਿਣਤੀਆਂ ਅਤੇ ਔਰਤਾਂ ਦੀ ਅਵਾਜ਼ ਬਣੀ।