ਮੱਧ ਏਸ਼ੀਆ ਦੇ ਅਰਬ ਮੁਲਕਾਂ ਵਿੱਚ ਅੱਜ ਦੁਨੀਆਂ ਅੱਗੇ ਧਰਮ ਅਤੇ ਮਨੁੱਖਤਾ ਦੇ ਵਿਚਾਲੇ ਚੱਲ ਰਹੀ ਤਿੱਖੀ ਲੜਾਈ ਉਥੋਂ ਦੇ ਰਹਿਣ ਵਾਲੇ ਆਮ ਨਾਗਰਿਕਾਂ ਲਈ ਇੱਕ ਗੰਭੀਰ ਸਵਾਲ ਬਣ ਕੇ ਉੱਭਰੀ ਹੈ। ਵੀਹ ਸੌ ਦਸ ਤੋਂ ਬਾਅਦ ਮਿਰਸ ਮੁਲਕ ਵਿੱਚ ਸ਼ੁਰੂ ਹੋਈ ਲੋਕਤੰਤਰ ਦੀ ਲੜਾਈ ਭਾਵੇਂ ਦੋ ਸਾਲ ਦੇ ਸੰਘਰਸ਼ ਬਾਅਦ ਕਾਫੀ ਹੱਦ ਤੱਕ ਕਾਮਯਾਬ ਹੋ ਗਈ ਸੀ ਇੱਕ ਵਾਰ ਮਿਸਰ ਮੁਲਕ ਵਿੱਚ ਤੀਹ ਸਾਲ ਤੋਂ ਚੱਲੀ ਆ ਰਹੀ ਹੁਸਨੀ ਮੁਬਾਰਿਕ ਰਾਸ਼ਟਰਪਤੀ ਦੀ ਤਾਨਾਸ਼ਾਹੀ ਪੂਰੀ ਤਰਾਂ ਖਿਲਾਰ ਦਿੱਤੀ ਸੀ ਅਤੇ ਉਸਨੂੰ ਮਿਸਰ ਦੀ ਫੌਜ ਵੱਲੋਂ ਕੈਦ ਕਰ ਲਿਆ ਸੀ ਉਸ ਵੱਲੋਂ ਬੇਸ਼ਮਾਰ ਇੱਕਠੀ ਕੀਤੀ ਸੰਪਤੀ ਵੀ ਸਰਕਾਰ ਨੇ ਲੌਕਾਂ ਦੇ ਵਿਦਰੋਹ ਕਾਰਨ ਜ਼ਬਤ ਕਰ ਲਈ ਸੀ ਉਸਨੂੰ ਪਰਿਵਾਰ ਸਮੇਤ ਕੈਦ ਕਰ ਲਿਆ ਸੀ ਅਤੇ ਅੱਜ ਵੀ ਉਹ ਕੈਦ ਹੈ। ਹੁਸਨੀ ਮੁਬਾਰਕ ਨੂੰ ਭਾਵੇਂ ਉਸਦੇ ਸ਼ਾਸਨ ਕਾਲ ਦੌਰਾਨ ਤੀਹ ਸਾਲ ਤੱਕ ਪੱਛਮੀ ਮੁਲਕਾਂ ਖਾਸ ਕਰਕੇ ਅਮਰੀਕਾ ਨੇ ਉਸ ਵੱਲੋਂ ਲਗਾਤਾਰ ਕੀਤੇ ਗਏ ਜਮਹੂਰੀਅਤ ਦੇ ਘਾਣ ਦੇ ਬਾਵਜੂਦ ਵੀ ਖੁੱਲ ਕੇ ਹਮਾਇਤ ਕੀਤੀ। ਇਸਦੇ ਬਾਵਜੂਦ ਵੀ ਲੋਕਾਂ ਦੀ ਉੱਠੀ ਸਮੂਹ ਤਾਕਤ ਅੱਗੇ ਝੁਕਦਿਆਂ ਹੁਸਨੀ ਮੁਬਾਰਕ ਦੀ ਆਖਿਰ ਡੁਬਦੀ ਕਿਸ਼ਤੀ ਨੂੰ ਕਿਸੇ ਵੀ ਸਹਾਰਾ ਨਾ ਦਿੱਤਾ ਅਤੇ ਮਿਸਰ ਵਿੱਚ ਇੱਕ ਵਾਰ ਫੇਰ ਜ਼ਮਹੂਰੀਅਤ ਕਾਮਯਾਬ ਹੋਈ। ਇਸ ਜ਼ਮਹੂਰੀਅਤ ਦੇ ਅਧੀਨ ਇਸਲਾਮਿਕ ਕੱਟੜਵਾਦ ਵਿੱਚ ਯਕੀਨ ਰੱਖਦੀ ਜਮਾਤ ਮਿਸਰ ਦੀ ਸੱਤਾ ਤੇ ਕਾਬਜ਼ ਹੋਈ ਉਸਦੀ ਕੱਟੜ ਪੰਥੀ ਸੋਚ ਕਰਕੇ ਇਹ ਸ਼ਾਸਨ ਕਾਲ ਵੀ ਲੋਕਾਂ ਦੀਆਂ ਆਸ਼ਾਵਾਂ ਤੇ ਪੂਰਾ ਨਹੀਂ ਉਤਰਿਆ ਅਤੇ ਇੱਕ ਵਾਰ ਫੇਰ ਦੁਬਾਰਾ ਜ਼ਮਹੂਰੀਅਤ ਦਾ ਸਹਾਰਾ ਲੈ ਕੇ ਫੌਜ ਦੀ ਹਮਾਇਤ ਨਾਲ ਫੇਰ ਤੋਂ ਤਾਨਾਸ਼ਾਹੀ ਮਿਸ਼ਰ ਦੀ ਸਰਪ੍ਰਸਤ ਬਣ ਗਈ ਅਤੇ ਸੌਆਂਬੱਧੀ ਮਿਸਰ ਦੇ ਲੋਕਾਂ ਨੂੰ ਇਸ ਤਾਨਾਸ਼ਾਹੀ ਵਿਰੁੱਧ ਬਗਾਵਤ ਕਰਨ ਕਰਕੇ ਫਾਂਸੀ ਦੇ ਤਖਤਿਆਂ ਤੇ ਲਟਕਾਉਣ ਦੇ ਹੁਕਮ ਜ਼ਾਰੀ ਹੋ ਗਏ।
ਇਸੇ ਤਰਾਂ ਲਿਬੀਆਂ ਵਿੱਚ ਚਿਰਾਂ ਤੋਂ ਗਦਾਫੀ ਦੇ ਤਾਨਾਸ਼ਾਹੀ ਰਾਜ ਨੂੰ ਭਰੇ ਬਜ਼ਾਰ ਗੋਲੀਆਂ ਨਾਲ ਉਡਾ ਦਿੱਤਾ। ਇਸ ਤੋਂ ਬਾਅਦ ਉਥੋਂ ਦੇ ਲੋਕਾਂ ਦੀ ਸ਼ਾਮੂਲੀਅਤ ਨਾਲ ਜ਼ਮਹੂਰੀਅਤ ਨੇ ਆਪਣਾ ਪੈਰ ਤਾਂ ਜਰੂਰ ਰੱਖਿਆ ਪਰ ਉੱਥੇ ਵੀ ਕੁਝ ਸਮੇਂ ਬਾਅਦ ਹੀ ਇਹ ਨਵੀਂ ਉਸਰੀ ਜ਼ਮਹੂਰੀਅਤ ਪੂਰੀ ਤਰ੍ਹਾਂ ਖਿੱਲਰ ਗਈ ਅਤੇ ਜਿੰਨਾਂ ਲੋਕਾਂ ਨੇ ਮੋਹਰੀ ਬਣ ਕੇ ਲੋਕਾਂ ਦੇ ਵਿਦਰੋਹ ਨੂੰ ਲਾਮਬੰਦ ਕੀਤਾ ਸੀ ਉਹ ਆਪਣੇ ਤੰਗ ਨਜ਼ਰੀਏ ਕਰਕੇ ਬੁਰੀ ਤਰਾਂ ਆਪਸ ਵਿੱਚ ਹੀ ਵੰਡੇ ਗਏ। ਇਸੇ ਤਰਾਂ ਜੇ ਆਪਾਂ ਦੁਨੀਆਂ ਦੇ ਹਿੱਸੇ ਵਿੱਚ ਹੋਰ ਨਜ਼ਰ ਮਾਰੀਏ ਤਾਂ ਬਹਿਰੀਨ, ਜ਼ੇਮਨ, ਸੋਮਾਲੀਆ, ਟੂਨੇਸ਼ੀਆਂ ਵਿੱਚ ਵੀ ਲੋਕਾਂ ਦੀ ਅਵਾਜ ਚਿਰਾਂ ਤੋਂ ਚੱਲੇ ਆ ਰਹੇ ਤਾਨਾਸ਼ਾਹੀ ਰਾਜਿਆਂ ਦੇ ਖਿਲਾਫ ਵਿਦਰੋਹ ਚੱਲ ਰਿਹਾ ਹੈ ਅਤੇ ਲੋਕਾਂ ਵੱਲੋਂ ਹੋਰ ਦੁਨੀਆਂ ਵਾਂਗ ਸੱਭਿਅਕ ਅਤੇ ਜ਼ਮਹੂਰੀਅਤ ਅਧੀਨ ਰਹਿਣ ਦੀ ਖਾਹਿਸ਼ ਉੱਠ ਰਹੀ ਹੈ। ਹੁਣ ਤੱਕ ਕਿਉਂ ਕਿ ਇਨਾਂ ਥਾਵਾਂ ਤੇ ਤਾਨਾਸ਼ਾਹੀ ਸਰਕਾਰਾਂ ਨੂੰ ਬਰਕਰਾਰ ਰੱਖਣ ਲਈ ਪੱਛਮੀ ਮੁਲਕਾਂ ਨੇ ਆਪਣੇ ਸਿਆਸੀ ਮਨੋਰਥਾਂ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਹਮਾਇਤ ਦਿੱਤੀ ਹੈ। ਇਸੇ ਤਰਾਂ ਜੇ ਆਪਾਂ ਹੁਣ ਦੀ ਗੱਲ ਕਰੀਏ ਜਿੰਨੀ ਵੀ ਅਰਬ ਮੁਲਕਾਂ ਵਿੱਚ ਇੱਕ ਨਵੀਂ ਉਮੰਗ ਤੇ ਖਾਹਿਸ਼ ਉਠੀ ਸੀ ਤੇ ਇਥੋਂ ਦੇ ਲੋਕਾਂ ਨੇ ਰਾਜ ਸੱਤਾ ਵਿੱਚ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕੀਤੀ ਉਹ ਕਿਸੇ ਨਾ ਕਿਸੇ ਕਾਰਨਾ ਕਰਕੇ ਕਾਮਯਾਬੀ ਤੋਂ ਥਿਰਕਦੀ ਰਹੀ ਹੈ। ਇਸ ਸਥਿਤੀ ਨੂੰ ਸਥਿਰ ਕਰਨ ਲਈ ਯੂ.ਐਨ ਵਰਗੀ ਕੌਮਾਂਤਰੀ ਸੰਸਥਾਂ ਕੋਈ ਸਰਪ੍ਰਸਤੀ ਨਹੀਂ ਦੇ ਸਕੀ। ਜੇ ਆਪਾਂ ਇਤਹਾਸ ਦਾ ਪੱਖ ਦੇਖੀਏ ਤੇ ੧੯੮੦ ਤੋਂ ਰੂਸ ਵੱਲੋਂ ਅਫਗਾਨਿਸਤਾਨ ਮੁਲਕ ਤੇ ਜਬਰੀ ਕਬਜਾ ਕਰਨ ਤੋਂ ਬਾਅਦ ਇਸਲਾਮਿਕ ਵਿਦਰੋਹ ਦੁਨੀਆਂ ਦੇ ਸਾਹਮਣੇ ਆਇਆ ਹੈ ਅਤੇ ਉਸਨੂੰ ਸਿਆਸੀ ਮਨਰੋਥਾਂ ਕਰਕੇ ਅਮਰੀਕਾ ਅਤੇ ਹੋਰ ਪੱਛਮੀ ਮੁਲਕਾਂ ਨੇ ਪੂਰੀ ਤਰਾਂ ਹਮਾਇਤ ਦਿੱਤੀ ਹੈ ਅਤੇ ਇਸਦੇ ਨਤੀਜੇ ਵਜੋਂ ਇਸਲਾਮ ਧਰਮ ਵਿੱਚ ਆਸਮਾਂ ਬਿਨ-ਲਾਦਿਨ ਵਰਗੀਆਂ ਸਖਸ਼ੀਅਤਾਂ ਦੁਨੀਆਂ ਦੇ ਸਾਹਮਣੇ ਇੱਕ ਅਨੋਖਾ ਤੇ ਨਵੇਂ ਰੂਪ ਵਿੱਚ ਵੰਗਾਂਰ ਬਣ ਕੇ ਉੱਭਰਿਆ ਹੈ। ਜਿਸਦਾ ਮੁੱਖ ਰੂਪ ਵਿੱਚ ਸੰਤਾਪ ਅੱਜ ਵੀ ਅਫਗਾਨਿਸਤਾਨ ਅਤੇ ਪਾਕਿਸਤਾਨ ਵਰਗੇ ਮੁਲਕ ਹੰਢਾ ਰਹੇ ਹਨ ਤੇ ਇਸਦਾ ਪ੍ਰਭਾਵ ਆਲੇ-ਦੁਆਲੇ ਦੇ ਮੁਲਕਾਂ ਵਿੱਚ ਵੀ ਕਿਸੇ ਨਾ ਕਿਸੇ ਰੂਪ ਵਿੱਚ ਦਿਖਾਈ ਦੇ ਰਿਹਾ ਹੈ।
ਇਸੇ ਤਰਾਂ ੧੯੯੦ ਦੇ ਸ਼ੁਰੂ ਵਿੱਚ ਅਮਰੀਕਾ ਨੇ ਇਰਾਨ ਵਿੱਚ ਉਸ ਸਮੇਂ ਦੇ ਰਸ਼ਟਰਪਤੀ ਜੋ ਇੱਕ ਤਾਨਸ਼ਾਹੀ ਰਾਜਾ ਸੀ, ਦੀ ਪਹਿਲਾਂ ਹਮਾਇਤ ਕੀਤੀ ਅਤੇ ਉਸਨੂੰ ਇਰਾਨ ਦੇ ਖਿਲਾਫ ਵਰਤਿਆ ਅਤੇ ਉੱਥੇ ਅਸਥਿਰਤਾ ਫੈਲਾਈ। ਸਮੇਂ ਦੀ ਤਬਦੀਲੀ ਨਾਲ ਰੂਸ ਦੇ ਅੱਡ-ਅੱਡ ਹਿੱਸਿਆਂ ਵਿੱਚ ਵੰਡਣ ਕਰਕੇ ੧੫ ਨਵੇਂ ਮੁਲਕ ਦੁਨੀਆਂ ਸਾਹਮਣੇ ਆਏ ਇਹੀ ਪੱਛਮੀ ਮੁਲਕ ਦਾ ਹੀਰੋ ਸਦਾਮ ਹੁਸੈਨ ਦੁਨੀਆਂ ਲਈ ਸਭ ਤੋਂ ਵੱਡਾ ਖਤਰਾ ਦਰਸਾਇਆ ਗਿਆ ਅਤੇ ਇਸ ਨੂੰ ਗੱਦੀ ਤੋਂ ਲਾਹੁਣ ਲਈ ਅਮਰੀਕਾ ਨੇ ਹੋਰ ਪੱਛਮੀ ਮੁਲਕਾਂ ਅਤੇ ਅਰਬ ਦੇਸ਼ ਦੇ ਰਾਜ਼ਿਆਂ ਦੀ ਹਮਾਇਤ ਨਾਲ ਆਪਣੀ ਅਮਰੀਕੀ ਫੌਜ ਇਰਾਕ ਦੇਸ਼ ਵਿੱਚ ਭੇਜ ਕੇ ਸਦਾਮ ਹੁਸੈਨ ਨੂੰ ਰਾਜ ਸੱਤਾ ਤੋਂ ਲਾਹ ਦਿੱਤਾ ਅਤੇ ਨਵੀਂ ਰਾਜ ਸੱਤਾ ਉਥੇ ਸਥਾਪਤ ਕੀਤੀ ਅਤੇ ਉਸ ਰਾਜ ਸੱਤਾ ਰਾਂਹੀ ਸਦਾਮ ਹੁਸੈਨ ਨੂੰ ਫਾਂਸੀ ਤੇ ਲਟਕਾ ਦਿੱਤਾ ਗਿਆ। ਇਸ ਤਬਦੀਲੀ ਵਿੱਚ ਇਰਾਕ ਜੋ ਕਿ ਤੇਲ ਦੇ ਸਰਮਾਏ ਕਰਕੇ ਕਾਫੀ ਅਮੀਰ ਅਤੇ ਅਹਿਮ ਅਰਬ ਮੁਲਕ ਸੀ ਪੂਰੀ ਤਰਾਂ ਨਾਲ ਉੱਜੜ ਗਿਆ। ਉਸਨੂੰ ਦੁਬਾਰਾ ਲੀਹਾਂ ਤੇ ਲਿਆਉਣ ਲਈ ਅਮਰੀਕਾ ਦੀ ਸਰਪ੍ਰਸਤੀ ਹੇਠ ਫੇਰ ਤੋਂ ਉਸਾਰਿਆ ਗਿਆ ਪਰ ਉਸ ਦੀ ਉਸਾਰੀ ਦੀਆਂ ਨੀਹਾਂ ਵਿੱਚ ਹਜ਼ਾਰਾਂ ਹੀ ਅਮਰੀਕਾ ਫੌਜ ਦੇ ਨੌਜਵਾਨ ਭੇਂਟ ਚੜ ਗਏ ਅਤੇ ਲੱਖਾਂ ਦੀ ਤਾਦਾਦ ਵਿੱਚ ਇਰਾਕੀ ਲੋਕ ਘਰੋਂ ਬੇਘਰ ਹੋ ਗਏ ਅਤੇ ਮਾਰੇ ਗਏ। ਇਸ ਦੀ ਉਸਾਰੀ ਵਿੱਚ ਇਰਾਕ ਦੀ ਧਰਮ ਦੇ ਅਧਾਰ ਤੇ ਰੂਪ ਰੇਖਾ ਬਿਲਕੁੱਲ ਬਦਲ ਗਈ। ਤੇਤੀ ਮਿਲੀਅਨ ਦੀ ਅਬਾਦੀ ਵਾਲੇ ਇਰਾਕ ਮੁਲਕ ਦੀ ਅਬਾਦੀ ਵਿੱਚ ਬਹੁ ਗਿਣਤੀ ਇਸਲਾਮਿਕ ਸ਼ੀਅਤ ਫਿਰਕੇ ਦੀ ਹੇ ਜੋ ਸਦਾਮ ਹੁਸੈਨ ਦੇ ਰਾਜ ਵੇਲੇ ਰਾਜ-ਸੱਤਾ ਤੋਂ ਅਤੇ ਸਮਾਜਿਕ ਤੌਰ ਤੇ ਵੀ ਦਬਿਆ ਕੁਚਲਿਆ ਹੋਇਆ ਸੀ, ਘੱਟ ਗਿਣਤੀ ਫਿਰਕਾ ਇਸਲਾਮਿਕ ਸੁਨੀ ਲੋਕ ਲੰਮੇ ਅਰਸੇ ਤੱਕ ਰਾਜ-ਭਾਗ ਅਤੇ ਸਮਾਜਿਕ ਤੌਰ ਤੇ ਖੁਸ਼ਹਾਲੀ ਮਾਣਦੇ ਰਹੇ ਹਨ। ਇਰਾਨ ਦੇ ਇੱਕ ਪਾਸੇ ਇਰਾਕ ਦੇਸ਼ ਹੈ ਤੇ ਦੂਜੇ ਪਾਸੇ ਸੀਰੀਆ ਮੁਲਕ ਹੈ। ਇਹਨਾਂ ਦੋਵਾਂ ਹੀ ਮੁਲਕਾਂ ਵਿੱਚ ਇਸਲਾਮਿਕ ਸ਼ੀਅਤ ਬਹੁ-ਗਿਣਤੀ ਵਿੱਚ ਹਨ ਅਤੇ ਉਹਨਾਂ ਕੋਲ ਰਾਜ ਭਾਗ ਹੈ। ਇਰਾਨ, ਇਰਾਕ ਅਤੇ ਸੀਰੀਆ ਮੁਲਕਾਂ ਵਿੱਚ ਸਭ ਤੋਂ ਘੱਟ ਗਿਣਤੀ ਕੁਰਦ ਲੋਕਾਂ ਦੀ ਹੈ ਜੋ ਕਿ ਸਬੰਧ ਤਾਂ ਇਸਲਾਮ ਧਰਮ ਨਾਲ ਰੱਖਦੇ ਹਨ ਪਰ ਸਦੀਆਂ ਤੋਂ ਉਹਨਾਂ ਨੂੰ ਹਰ ਇੱਕ ਤਰਾਂ ਦੀ ਅਜ਼ਾਦੀ ਤੋਂ ਵਾਂਝੇ ਰੱਖਿਆ ਹੋਇਆ ਹੈ। ਅਮਰੀਕਾ ਨੇ ਆਪਣੀ ਫੌਜੀ ਸ਼ਕਤੀ ਰਾਹੀਂ ਇਰਾਕ ਦੇ ਤੇਲ ਦੇ ਭੰਡਾਰ ਤੇ ਆਪਣੀਆਂ ਤੇਲ ਕੰਪਨੀਆਂ ਰਾਹੀਂ ਸਦਾਮ ਹੁਸੈਨ ਨੂੰ ਸੱਤਾ ਤੋਂ ਪਰੇ ਕਰਨ ਤੋਂ ਬਾਅਦ ਆਪਣੇ ਕਬਜੇ ਅਧੀਨ ਕਰ ਲਿਆ ਹੈ। ਜੋ ਜ਼ਮਹੂਰੀਅਤ ਅਮਰੀਕਾ ਨੇ ਇਰਾਕ ਵਿੱਚ ਲਿਆਂਦੀ ਉਹ ਦੇਖਣ ਨੂੰ ਤਾਂ ਜ਼ਮਹੂਰੀਅਤ ਅਤੇ ਦੇਸ਼ ਦੇ ਸਾਰੇ ਫਿਰਕਿਆਂ ਦੀ ਨੁਮਾਇੰਗਦਗੀ ਵਾਲੀ ਸਰਕਾਰ ਲੱਗਦੀ ਸੀ ਪਰ ਇਸਲਾਮਿਕ ਸ਼ੀਅਤ ਫਿਰਕੇ ਦੀ ਬਹੁਗਿਣਤੀ ਹੋਣ ਕਾਰਨ ਸਮੇਂ ਨਾਲ ਪੂਰੇ ਰਾਜ-ਭਾਗ ਦਾ ਕੰਟਰੋਲ ਇਸਲਾਮਿਕ ਸ਼ੀਆ ਫਿਰਕੇ ਦੇ ਲੋਕਾਂ ਕੋਲ ਆ ਗਿਆ। ਇਸ ਵਿੱਚੋਂ ਇਹ ਨਤੀਜਾ ਨਿਕਲਿਆ ਕਿ ਸੁੰਨੀ ਫਿਰਕੇ ਦੇ ਲੋਕ ਆਪਣੇ ਆਪ ਨੂੰ ਦਬੇ ਹੋਏ ਤੇ ਅਜ਼ਾਦੀ ਤੋਂ ਵਾਂਝਿਆ ਸਮਝਣ ਲੱਗ ਪਏ ਹਨ ਅਤੇ ਇਹ ਸਥਿਤੀ ਪਿਛਲੇ ਸਾਲ ਤੱਕ ਅਜਿਹੀ ਬਣ ਗਈ ਕਿ ਸੁੰਨੀ ਮੁਸਲਮਾਨਾਂ ਨੇ ਸਰਕਾਰ ਖਿਲਾਫ ਪੂਰੀ ਬਗਾਵਤ ਕਰ ਦਿੱਤੀ ਅਤੇ ਕੁਝ ਸਾਲਾਂ ਤੋਂ ਫਿਰਕਾ ਪ੍ਰਸਤੀ ਦੀ ਹਿੰਸਾ ਵਧਦੀ-ਵਧਦੀ ਪੂਰੀ ਤਰਾਂ ਨਾਲ ਇਰਾਕ ਨੂੰ ਅੰਦਰੂਨੀ ਲੜਾਈ ਦੇ ਪਰਛਾਵੇਂ ਹੇਠ ਲੈ ਆਈ। ਇਸ ਤਰਾਂ ਸੀਰੀਆ ਮੁਲਕ ਵਿੱਚ ਦੂਜੇ ਅਰਬ ਦੇਸ਼ਾਂ ਵਾਂਗ ਉਠੀ ਬਗਾਵਤ ਦੇ ਅਸਰ ਅਧੀਨ ੨੦੧੧ ਤੋਂ ਸੀਰੀਆ ਵਿੱਚ ਵੀ ਲੋਕਾਂ ਨੇ ਦਹਾਕਿਆਂ ਤੋਂ ਚੱਲੇ ਆ ਰਹੇ ਆਸਦ ਪਰਿਵਾਰ ਦੇ ਰਾਜ-ਭਾਗ ਖਿਲਾਫ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ। ਇਹ ਲੜਾਈ ਕੁਝ ਸਾਲਾਂ ਵਿੱਚ ਇਥੋਂ ਤੱਕ ਪਹੁੰਚ ਗਈ ਕਿ ਬਾਗੀ ਸੁਰ ਵਾਲੇ ਲੋਕ ਹਥਿਆਰਬੰਦ ਲੜਾਈ ਨਾਲ ਸੜਕਾਂ ਤੇ ਆ ਗਏ। ਅਮਰੀਕਾ ਅਤੇ ਪੱਛਮੀ ਮੁਲਕ ਵੀ ਇਸ ਸੋਚ ਵੱਲ ਝੁਕਾਅ ਰੱਖਦੇ ਸਨ ਕਿ ਸੀਰੀਆ ਦੇਸ਼ ਅੰਦਰ ਰਾਸ਼ਟਰਪਤੀ ਆਸਦ ਦਾ ਰਾਜ-ਭਾਗ ਲੋਕਾਂ ਤੇ ਜੁਲਮ ਢਾਹ ਕੇ ਰਾਜ ਚਲਾ ਰਿਹਾ ਹੈ। ਇਸ ਅਧੀਨ ਸੀਰੀਆ ਦੇ ਬਾਗੀਆਂ ਨੂੰ ਪੱਛਮੀ ਮੁਲਕ ਹਥਿਆਰਾਂ ਰਾਹੀਂ ਹਮਾਇਤ ਕਰਨ ਲੱਗ ਪਏ। ਸੀਰੀਆ ਦੇਸ਼ ਜਿਸਦੀ ਕੁਲ ਅਬਾਦੀ ੨੨ ਮਿਲੀਅਨ ਹੈ ਵਿੱਚ ਅਜਿਹੇ ਅੰਦਰੂਨੀ ਖਾਨਾ ਜੰਗੀ ਦੇ ਹਾਲਾਤ ਬਣ ਗਏ ਕਿ ਅੱਜ ਅੰਤਰ ਰਾਸ਼ਟਰੀ ਸੰਸਥਾ ਯੂ.ਐਨ ਦੇ ੬੪ ਸਾਲਾ ਇਤਿਹਾਸ ਵਿੱਚ ਸਭ ਤੋਂ ਵੱਡੀ ਸਰਨਾਰਥੀ ਜਿੰਮੇਵਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਜਿੰਮੇਵਾਰੀ ਨੂੰ ਨਿਭਾਉਣ ਲਈ ਆਰਥਿਕ ਸਮਸਿਆ ਵੀ ਬਣੀ ਹੋਈ ਹੈ।
ਮੌਜ਼ੂਦਾ ਸਥਿਤੀ ਵਿੱਚ ਅੱਧਾ ਸੀਰੀਆ ਮੁਲਕ ਤਕਰੀਬਨ ਉੱਜੜ ਚੁੱਕਿਆ ਹੈ ਤੇ ਛੇ ਮਿਲੀਅਨ ਤੋਂ ਉੱਪਰ ਸੀਰੀਅਨ ਲੋਕ ਸੀਰੀਆ ਵਿੱਚ ਹੀ ਘਰਾਂ ਤੋਂ ਉੱਜੜ ਚੁੱਕੇ ਹਨ ਤੇ ਤਿੰਨ ਮਿਲੀਅਨ ਤੋਂ ਉੱਤੇ ਲੋਕ ਗਵਾਂਢੀ ਮੁਲਕ ਲੈਬਨਾਨ ਜੋਰਡਨ ਅਤੇ ਟਰਕੀ ਵਿੱਚ ਸ਼ਰਨਾਰਥੀ ਕੈਂਪਾਂ ਵਿੱਚ ਰਹਿ ਰਹੇ ਹਨ ਜਿਸਨੂੰ ਸੰਭਾਲਣ ਲਈ ਅੰਤਰਰਾਸ਼ਟਰੀ ਯੂ.ਐਨ ਦੀ ਸੰਸਥਾ ਅਸਮਰਥ ਦਿਖਾਈ ਦੇ ਰਹੀ ਹੈ। ਤਿੰਨ ਲੱਖ ਦੇ ਕਰੀਬ ਲੋਕ ਹੁਣ ਤੱਕ ਸੀਰੀਆ ਵਿੱਚ ਲੜਾਈ ਦੀ ਭੇਂਟ ਚੁੱਕੇ ਹਨ। ਜਿਸ ਵਿੱਚ ਬਹੁ-ਗਿਣਤੀ ਬਜ਼ੁਰਗ, ਬੱਚੇ ਤੇ ਔਰਤਾਂ ਹਨ। ਇਸੇ ਤਰਾਂ ਇਰਾਕ ਵਿੱਚ ਵੀ ਅੰਦਰੂਨੀ ਲੜਾਈ ਨੇ ਮੁਲਕ ਨੂੰ ਪੂਰੀ ਤਰਾਂ ਤਹਿਸ-ਨਹਿਸ਼ ਕਰ ਦਿੱਤਾ ਹੈ। ਇਨਾਂ ਦੋਨਾਂ ਮੁਲਕਾਂ ਦੀ ਅੰਦਰੂਨੀ ਲੜਾਈ ਵਿੱਚੋਂ ਇੱਕ ਨਵੀਂ ਸੰਸਥਾ ਇਸਲਾਮਿਕ ਸਟੇਟ ਆਫ ਇਰਾਕ ਤੇ ਸੀਰੀਆ (ISIS) ਉੱਭਰੀ ਹੈ। ਇਸ ਸੰਸਥਾ ਕੋਲ ਇਰਾਕ ਤੇ ਸੀਰੀਆ ਦਾ ਉੱਤਰੀ ਤੇ ਪੂਰਬੀ ਇਲਾਕਾ ਕੰਟਰੋਲ ਹੇਠਾਂ ਹੈ। ਇਸ ਨਵੀਂ ਸੰਸਥਾ ਨੇ ਇੱਕਲੇ ਇਰਾਕ ਤੇ ਸੀਰੀਆ ਵਿੱਚ ਹੀ ਨਹੀਂ ਸਗੋਂ ਪੱਛਮੀ ਮੁਲਕਾਂ ਲਈ ਵੀ ਅਤੇ ਆਲੇ-ਦੁਆਲੇ ਦੇ ਅਰਬ ਮੁਲਕਾਂ ਲਈ ਵੀ ਇੱਕ ਨਵੀਂ ਚੁਣੌਤੀ ਖੜੀ ਕਰ ਦਿੱਤੀ ਹੈ। ਇਸ ਸੰਸਥਾਂ ਨੇ ਆਪਣੇ ਆਪ ਨੂੰ ਪੁਰਾਣੀਆਂ ਇਸਲਾਮਿਕ ਰਵਾਇਤਾਂ ਵਾਂਗ ਖਲੀਫੀਐਟ ਦੀ ਤਰਾਂ ਆਪਣੇ ਆਪ ਨੂੰ ਦਰਸਾਇਆ ਹੈ। ਇਹ ਸੰਸਥਾ ਨੂੰ ਪੂਰੀ ਤਰਾਂ ਨਾਲ ਇਸਲਾਮਿਕ ਸੁੰਨੀ ਫਿਰਕੇ ਲੋਕਾਂ ਦੀ ਬਹੁਗਿਣਤੀ ਵਿੱਚ ਹਮਾਇਤ ਪ੍ਰਾਪਤ ਹੈ। ਇਸ ਸੰਸਥਾ ਦੇ ਉਭਾਰ ਵਿੱਚ ਇਰਾਕ ਸੀਰੀਆ ਦੀ ਅੰਦਰੂਨੀ ਲੜਾਈ ਜਿੰਮੇਵਾਰ ਤਾਂ ਹੈ ਹੀ ਹੈ ਪਰ ਇਸਦੇ ਮੁਢਲੇ ਕਦਮਾਂ ਵਿੱਚ ਹਮਾਇਤ ਪੱਖੋਂ ਸਾਊਦੀ ਅਰਬ, ਕਟਰ ਤੇ ਕੁਵੈਤ ਦੇ ਰਾਜਿਆਂ ਦਾ ਵੀ ਨਾਮ ਆਉਂਦਾ ਹੈ। ਇਸ ਨਵੀਂ ਸੰਸਥਾ ਨੇ ਪੁਰਾਣੇ ਸਾਰੇ ਇਸਲਾਮਿਕ ਅੱਤਵਾਦੀ ਤੇ ਬਾਗੀ ਗਰੁੱਪ ਪਿਛਾੜ ਦਿੱਤੇ ਹਨ। ਅਮਰੀਕਾ ਤੇ ਪੱਛਮੀ ਮੁਲਕਾਂ ਨੂੰ ਖੁੱਲ ਕੇ ਵੰਗਾਰਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਨੇ ਇਸ ਸੰਸਥਾ ਨੂੰ ਅੱਜ ਦੁਨੀਆਂ ਦੀ ਸਭ ਤੋਂ ਵੱਡੀ ਸਮੱਸਿਆ ਐਲਾਨਿਆ ਹੈ ਅਤੇ ਇਸਨੂੰ ਖਤਮ ਕਰਨ ਲਈ ਆਪਣੀ ਫੌਜੀ ਸ਼ਕਤੀ ਦੁਬਾਰਾ ਇਰਾਕ ਵਿੱਚ ਲਾ ਦਿੱਤੀ ਹੈ। ਇਸਦੇ ਬਾਵਜੂਦ ਵੀ ਇਸ ਇਸਲਾਮਿਕ ਸਟੇਟ ਨੇ ਆਰਥਕ ਪੱਖੋਂ ਸਮਰੱਥਾ ਰੱਖਣ ਲਈ ਇਰਾਕ ਦੇ ਤੇਲ ਭੰਡਾਰਾਂ ਤੇ ਕਬਜਾ ਕਰ ਲਿਆ ਹੈ ਅਤੇ ਬੜੀ ਬੇਰਹਿਮੀ ਨਾਲ ਇਰਾਕ ਸਟੇਟ ਦੀ ਫੌਜ ਨੂੰ ਕੁਚਲਿਆ ਹੈ ਅਤੇ ਬੇਰਹਿਮੀ ਨਾਲ ਫੜੇ ਹੋਏ ਫੌਜੀਆਂ ਨੂੰ ਮੌਤ ਦੇ ਘਾਟ ਉਤਾਰਿਆ ਹੈ। ਇਸ ਇਸਲਾਮਿਕ ਸਟੇਟ ਦਾ ਮੁਖੀ ਇੱਕ ਤੀਹ ਸਾਲ ਦਾ ਨੌਜਵਾਨ ਜਿਸ ਦਾ ਨਾਮ ਬਗਦਾਦੀ ਹੈ, ਦੁਨੀਆ ਸਾਹਮਣੇ ਆਇਆ ਹੈ। ਇਸ ਇਸਲਾਮਿਕ ਸਟੇਟ ਨੇ ਅਮਰੀਕਾ ਦੀ ਫੌਜ ਨੂੰ ਸਿੱਧੇ ਚੁਣੌਤੀ ਦਿੰਦੇ ਹੋਏ ਦੋ ਅਮਰੀਕੀ ਪੱਤਰਕਾਰ ਜ਼ੇਮਜ਼ ਫੌਲੀ ਅਤੇ ਸਟੀਵਨ ਸੌਟਲੌਫ ਨੂੰ ਬੜੀ ਬੇਰਹਿਮੀ ਨਾਲ ਕਤਲ ਕੀਤਾ ਹੈ। ਇਹਨਾਂ ਕਤਲਾਂ ਨੇ ਪੱਤਰਕਾਰੀ ਦੀ ਦੁਨੀਆਂ ਵਿੱਚ ਤਾਂ ਤਹਿਲਕਾ ਮਚਾਇਆ ਹੀ ਹੈ ਸਗੋਂ ਪੱਛਮੀ ਮੁਲਕ ਦੀਆਂ ਸਰਕਾਰਾਂ ਤੇ ਲੋਕਾਂ ਨੂੰ ਵੀ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਤੱਕ ਸੀਰੀਆ ਦੀ ਲੜਾਈ ਵਿੱਚ ੨੦੧੧ ਤੋਂ ਬਾਅਦ ੭੦ ਦੇ ਕਰੀਬ ਅੰਤਰਰਾਸ਼ਟਰੀ ਪੱਤਰਕਾਰ ਬਾਗੀਆਂ ਅਤੇ ਸੀਰੀਆ ਸਰਕਾਰ ਹੱਥੋਂ ਕਤਲ ਹੋਏ ਹਨ ਅਤੇ ਅੱਸੀ ਤੋਂ ਉੱਪਰ ਅੰਤਰਰਾਸ਼ਟਰੀ ਪੱਤਰਕਾਰ ਅੱਜ ਵੀ ਇਸਲਾਮਿਕ ਸਟੇਟ ਤੇ ਹੋਰ ਬਾਗੀ ਸੰਸਥਾਵਾਂ ਦੇ ਕਬਜ਼ੇ ਹੇਠਾਂ ਹਨ। ਕਈ ਪੱਛਮੀ ਮੁਲਕ ਦੇ ਪੱਤਰਕਾਰਾਂ ਨੂੰ ਸਰਕਾਰਾਂ ਤੋਂ ਮਿਲੀਅਨ ਡਾਲਰ ਵਸੂਲ ਕਰਕੇ ਰਿਹਾਅ ਵੀ ਕੀਤਾ ਹੈ। ਇਸ ਇਸਲਾਮਿਕ ਸਟੇਟ ਵਿੱਚ ਵੀਹ ਹਜ਼ਾਰ ਤੋਂ ਉੱਪਰ ਪੱਛਮੀ ਮੁਲਕਾਂ ਦੇ ਇਸਲਾਮਿਕ ਨੌਜਵਾਨ ਵੀ ਸ਼ਾਮਲ ਦੱਸੇ ਜਾਂਦੇ ਹਨ ਜੋ ਕਿ ਅਮਰੀਕਾ ਤੇ ਪੱਛਮੀ ਮੁਲਕਾਂ ਲਈ ਬੜੀ ਵੱਡੀ ਖਤਰੇ ਦੀ ਘੰਟੀ ਹੈ। ਅੱਜ ਦੁਨੀਆਂ ਅੱਗੇ ਇਸਲਾਮਿਕ ਸਟੇਟ ਸੰਸਥਾ ਵੱਲੋਂ ਖਾਸ ਕਰਕੇ ਅਮਰੀਕਾ ਅੱਗੇ ਇਹ ਸਵਾਲ ਖੜਾ ਕਰ ਦਿੱਤਾ ਹੈ ਕਿ ਕਿਸੇ ਹੱਲ ਤੋਂ ਬਗੈਰ ਇਰਾਕ ਮੁਲਕ ਵਰਗੀਆਂ ਸਥਿਤੀਆਂ ਨੂੰ ਵਿਸਾਰ ਦੇਣਾ ਕਿੱਡੇ ਗੰਭੀਰ ਤੇ ਖਤਰਨਾਕ ਰੁਝਾਨ ਦੁਨੀਆਂ ਅੱਗੇ ਪੈਦਾ ਕਰ ਸਕਦੇ ਹਨ ਤੇ ਅੱਜ ਇਹ ਵੀ ਸਵਾਲ ਹੈ ਕਿ ਹਰ ਇੱਕ ਲੜਾਈ ਦਾ ਹੱਲ ਗੋਲੀ ਬਦਲੇ ਗੋਲੀ ਹੈ ਜਾਂ ਦੁਨੀਆਂ ਦੀਆਂ ਵੱਡੀਆਂ ਤਾਕਤਾਂ ਤੇ ਧਾਰਮਿਕ ਆਗੂਆਂ ਨੂੰ ਬੈਠ ਕੇ ਕੋਈ ਸਥਾਈ ਹੱਲ ਲੱਭਣਾ ਚਾਹੀਦਾ ਹੈ ਜਾਂ ਨਹੀਂ।