ਚਾਰ ਫਰਵਰੀ ੨੦੧੭ ਦੀਆਂ ਵਿਧਾਨ ਸਭਾ ਚੋਣਾਂ ਤੋਂ ਦੋ ਦਿਨ ਬਾਅਦ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਾਹਿਬ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਕ੍ਰਿਪਾਲ ਸਿੰਘ ਬਡੂੰਗਰ ਨੇ ਤਿੰਨ ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ। ਜਿਸ ਦਾ ਉਦੇਸ਼ ਸੀ ਕਿ ਉਹ ਸੱਤ ਦਿਨਾਂ ਦੇ ਅੰਦਰ-ਅੰਦਰ ਇਹ ਰਿਪੋਰਟ ਤਹਿ ਕਰੇਗਾ ਕਿ ਕਿਹੜੇ ਕਿਹੜੇ ਅਕਾਲੀ ਮੰਤਰੀ, ਵਿਧਾਇਕ, ਜਥੇਦਾਰ, ਤੇ ਪਾਰਟੀ ਅਹੁਦੇਦਾਰ ਨੇ ਜਾ ਕੇ ਸਰਸਾ ਸਾਧ ਤੋਂ ਸ਼੍ਰੋਮਣੀ ਅਕਾਲੀ ਦਲ ਲਈ, ਚੋਣਾਂ ਲਈ ਰਾਜਨੀਤਿਕ ਹਮਾਇਤ ਮੰਗ ਕਿ ਲਿਆਏ ਹਨ। ਅੱਜ ਸੱਤ ਦਿਨਾਂ ਬਾਅਦ ਵੀ ਇਹ ਕਮੇਟੀ ਆਪਣੀ ਕੋਈ ਵੀ ਰਿਪੋਰਟ ਤਿਆਰ ਨਹੀਂ ਕਰ ਸਕੀ ਹੈ। ਨਾ ਹੀ ਜਥੇਦਾਰ ਅਕਾਲ ਤਖਤ ਸਾਹਿਬ ਨੇ ਇਸ ਤੇ ਕੋਈ ਟਿੱਪਣੀ ਕੀਤੀ ਹੈ।
ਸੌਦਾ ਸਾਧ ਜਿਸ ਬਾਰੇ ਜੂਨ ੨੦੦੭ ਨੂੰ ਗਿਆਨੀ ਗੁਰਮੁੱਖ ਸਿੰਘ ਜੋ ਕਿ ਉਸ ਵੇਲੇ ਤਖਤ ਦਮਦਮਾ ਸਾਹਿਬ ਦੇ ਜੱਥੇਦਾਰ ਸਨ ਨੇ ਅਕਾਲ ਤਖਤ ਸਾਹਿਬ ਵੱਲੋਂ ਸਮਾਜਿਕ ਬਾਈਕਾਟ ਦਾ ਹੁਕਮਨਾਮਾ ਜਾਰੀ ਕੀਤਾ ਜੋ ਅੱਜ ਵੀ ਬਰਕਰਾਰ ਹੈ। ਸ਼੍ਰੋਮਣੀ ਅਕਾਲੀ ਦਲ ਕਿਉਂਕਿ ਆਪਣੇ-ਆਪ ਨੂੰ ਅੱਜ ਦੇ ਦਿਨ ਤੱਕ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਮੰਨਦਾ ਹੈ ਤੇ ਉਸਦੇ ਹੁਕਮਨਾਮਿਆਂ ਪ੍ਰਤੀ ਪੂਰੀ ਤਰਾਂ ਜਵਾਬਦੇਹ ਹੈ। ਇਸ ਕਰਕੇ ਉਸ ਵੱਲੋਂ ਕਿਸੇ ਤਰਾਂ ਦੀ ਵੀ ਇਸ ਸੌਦਾ ਸਾਧ ਵੱਲੋਂ ਹਮਾਇਤ ਪ੍ਰਾਪਤ ਕਰਨੀ ਇੱਕ ਵੱਡਾ ਅਕ੍ਰਿਤਕ ਗੁਨਾਹ ਹੈ।
ਇਹ ਹਮਾਇਤ ਸ਼ੌਦਾ ਸਾਧ ਵੱਲੋਂ ਇੱਕ ਫਰਵਰੀ ਨੂੰ ਐਲਾਨ ਕੀਤੀ ਗਈ ਉਸ ਵਕਤ ਸੌਦਾ ਸਾਧ ਦੀ ਸਟੇਜ ਉਪਰ ਚਾਰ ਅਕਾਲੀ ਮੰਤਰੀ, ਅਨੇਕਾਂ ਵਿਧਾਇਕ ਤੇ ਜੱਥੇਦਾਰ ਮੌਜੂਦ ਸਨ। ਜਿੰਨਾ ਦੀਆਂ ਫੋਟੋਆਂ ਵੱਖ-ਵੱਖ ਅਖਬਾਰਾਂ ਵਿੱਚ ਨਸ਼ਰ ਹੋਈਆਂ ਹਨ ਅਤੇ ਹੋਰ ਵੀ ਮੀਡੀਆਂ ਰਾਹੀਂ ਸਾਹਮਣੇ ਆਈਆਂ ਹਨ। ਅਫਸੋਸ ਦੀ ਗੱਲ ਹੈ ਕਿ ਉਸ ਦਿਨ ਤੋਂ ਲੈ ਕੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਇਸ ਵਿਸ਼ੇ ਤੇ ਇੱਕ ਅੱਖਰ ਵੀ ਉਚਰਨਾ ਮੁਨਾਸਿਬ ਨਹੀਂ ਸਮਝਿਆ।
ਇਹ ਅੱਜ ਉਨੀਂ ਹੀ ਵੱਡੀ ਦੁਰਦਸ਼ਾ ਸਿੱਖ ਪੰਥ ਦੇ ਸਾਹਮਣੇ ਹੋਈ ਹੈ ਜਿੰਨੀ ਵੱਡੀ ੧੯੮੪ ਵਿੱਚ ਫੌਜੀ ਹਮਲੇ ਤੋਂ ਬਾਅਦ ਉਸ ਵੇਲੇ ਦੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਕਿਰਪਾਲ ਸਿੰਘ ਨੇ ਭਾਰਤੀ ਦੂਰਦਰਸ਼ਨ ਤੇ ਬੋਲਦਿਆਂ ਭਾਰਤੀ ਫੌਜ ਦੇ ਦਬਾਅ ਅੰਦਰ ਇਹ ਝੂਠ ਬੋਲਿਆ ਸੀ ਕਿ ਤੋਸ਼ਾਖਾਨਾ ਤੇ ਅਕਾਲ ਤਖਤ ਸਾਹਿਬ ਨੂੰ ਕੋਈ ਨੁਕਸਾਨ ਨਹੀਂ ਹੋਇਆ। ਇਸੇ ਤਰਾਂ ਜਦੋਂ ਇੰਦਰਾ ਗਾਂਧੀ ਤੇ ਦੂਜੇ ਫੌਜੀ ਜਰਨੈਲ ਢਹਿ ਚੁੱਕੇ ਅਕਾਲ ਤਖਤ ਸਾਹਿਬ ਨੂੰ ਦੇਖਣ ਆਏ ਤਾਂ ਇਹੀ ਸਿੰਘ ਸਾਹਿਬ ਤੇ ਗਿਆਨੀ ਸਾਹਿਬ ਸਿੰਘ ਜੋ ਕਿ ਉਸ ਵੇਲੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਨ, ਉਨਾਂ ਦੇ ਅੱਗੇ ਹੋ ਕਿ ਖੁਸ਼ੀ ਨਾਲ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਦੇ ਦਰਸ਼ਨ ਕਰਵਾ ਰਹੇ ਸਨ। ਜਿਸ ਨੂੰ ਕਿ ਦੂਰਦਰਸ਼ਨ ਤੇ ਅਵਾਮ ਨੇ ਵੀ ਦੇਖਿਆ ਹੈ। ਜਦੋਂ ਕਿ ਚਾਹੀਦਾ ਇਹ ਸੀ ਕਿ ਇਹ ਕੌਮ ਦੇ ਜੱਥੇਦਾਰ ਆਪਣਾ ਰੋਸ ਪ੍ਰਗਟ ਕਰਦੇ ਹੋਏ ਇੰਨਾ ਹਸਤੀਆਂ ਦਾ ਪੂਰਨ ਬਾਈਕਾਟ ਕਰਦੇ। ਇਸ ਘਿਨਾਉਣੀ ਹਰਕਤ ਕਰਕੇ, ਸਿੱਖ ਕੌਮ ਵਿੱਚ ਬੇਹੱਦ ਰੋਹ ਸੀ। ਇਸੇ ਤਰਾਂ ਜੋ ਸ਼੍ਰੋਮਣੀ ਅਕਾਲੀ ਦਲ ਨੇ ਸਰਵ-ਪ੍ਰਵਾਨਿਤ ਹੁਕਮਨਾਮੇ ਨੂੰ ਪਿੱਠ ਦਿਖਾ ਕਿ ਆਪਣਾ ਛੋਟਾ ਜਿਹਾ ਸਿਅਸੀ ਲਾਹਾ ਲੈਣ ਲਈ ਤੇ ਸੱਤਾ ਦੇ ਲਾਲਚ ਲਈ ਜੋ ਕੀਤਾ ਹੈ ਇਹ ਵੀ ਕੋਈ ਘੱਟ ਘਿਨਾਉਣੀ ਹਰਕਤ ਨਹੀਂ ਹੈ। ਜਦਕਿ ਇਸ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਆਪਣੀ ਵੱਡੀ ਜਿੱਤ ਪ੍ਰਾਪਤੀ ਦੱਸ ਰਹੇ ਹਨ।
ਹੁਣ ਕੌਮ ਨੇ ਆਉਣ ਵਾਲੀਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਨਿਰਣਾਇਕ ਫੈਸਲਾ ਕਰਨਾ ਹੈ ਕਿ ਉਹ ਹੁਕਮਨਾਮਾ ਮੰਨਣ ਵਾਲੀਆਂ ਪੰਥਕ ਧਿਰਾਂ ਨਾਲ ਹੈ ਜਾਂ ਇਸ ਦੇ ਵਿਰੋਧ ਵਿੱਚ ਖੜਨ ਵਾਲੀਆਂ। ਦੁੱਖ ਦੀ ਗੱਲ ਹੈ ਕਿ ਇਸ ਹੁਕਮਨਾਮੇ ਦੇ ਵਿਰੋਧ ਵਿੱਚ ਖੜਨ ਵਾਲੀਆਂ ਧਿਰਾਂ ਵਿੱਚ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਨਾਮ ਨਾਲ ਜਾਣੀ ਜਾਂਦੀ ਦਮਦਮੀ ਟਕਸਾਲ ਦਾ ਇੱਕ ਧੜਾ ਵੀ ਸ਼ਾਮਿਲ ਹੈ। ਜੂਨ ੮੪ ਵਾਲੀ ਜਥੇਦਾਰ ਅਕਾਲ ਤਖਤ ਸਾਹਿਬ ਵਲੋਂ ਕੀਤੀ ਗਈ ‘ਭੁਲ ਅਤੇ ਹੁਣ ੨੦੧੭ ਫਰਵਰੀ ਵਾਲੀ ਭੁਲ ਨੇ ਅਕਾਲ ਤਖਤ ਸਾਹਿਬ ਦੇ ਸਵੈਪਾਨ, ਉਸਦੀ ਸਰਬਉਚਤਾ ਅਤੇ ਸਤਿਕਾਰ ਤੇ ਇਕ ਸਵਾਲੀਆ ਚਿੰਨ ਜਰੂਰ ਲਾਇਆ ਹੈ ਅਤੇ ਦੋਵੇਂ ਬਜ਼ਰ ਗਲਤੀਆਂ ਹਨ। ਸਮੇਂ ਨਾਲ ਇਸ ਤਰਾਂ ਦੀਆਂ ਘਟਨਾਵਾਂ ਨਾਲ ਅਕਾਲ ਤਖਤ ਸਾਹਿਬ ਇਕ ਵਿਵਾਦਿਕ ਕੇਂਦਰ ਬਣ ਗਿਆ ਹੈ।