ਦੁਨੀਆਂ ਦੀ ਮਸ਼ਹੂਰ ਫਿਲਾਸਫਰ ਤੇ ਲਿਖਾਰੀ ਮਾਰਕ ਟਵੇਨ ਨੇ ਬਾਖੂਬੀ ਦੁਨੀਆਂ ਦੀ ਸਿਆਸਤ ਬਾਰੇ ਟਿੱਪਣੀ ਕੀਤੀ ਸੀ ਕਿ ਸਿਆਸਤ ਅਜਿਹੀ ਕਲਾ ਹੈ ਜਿਸ ਰਾਹੀਂ ਗਰੀਬਾਂ ਤੇ ਅਮੀਰਾਂ ਨੂੰ ਇੱਕ ਦੂਜੇ ਤੋਂ ਬਚਾਉਣ ਦਾ ਬਚਨ ਦਿੰਦੇ ਹੋਏ ਗਰੀਬਾਂ ਤੋਂ ਵੋਟ ਤੇ ਅਮੀਰਾਂ ਤੋਂ ਧਨ ਇੱਕਠਾ ਕੀਤਾ ਜਾਂਦਾ ਹੈ। ਇਹ ਟਿੱਪਣੀ ਭਾਰਤ ਤੇ ਖਾਸ ਕਰਕੇ ਪੰਜਾਬ ਵਿੱਚ ਚੱਲ ਰਹੀਂ ਮੌਜੂਦਾ ਸਿਆਸੀ ਪਿੜ ਤੇ ਬਾਖੂਬੀ ਢੁਕਦੀ ਹੈ। ਕਿਉਂਕਿ ਜਿਸ ਤਰਾਂ ਪਿਛਲੇ ਨੌ ਸਾਲ ਤੋਂ ਉੱਪਰ ਦੇ ਅਰਸੇ ਦੌਰਾਨ ਪੰਜਾਬ ਵਿੱਚ ਅਕਾਲੀ ਤੇ ਬੀ.ਜੇ.ਪੀ. ਦੇ ਰਾਜ ਦੌਰਾਨ ਅਨੇਕਾਂ ਗਰੀਬਾਂ ਨੂੰ ਭਰਮਾਉਣ ਲਈ ਤੇ ਵੋਟਾਂ ਇੱਕਠੀਆਂ ਕਰਨ ਲਈ ਅੱਡ-ਅੱਡ ਗਰੀਬ ਭਰਮਾਊ ਸਕੀਮਾਂ ਜਿਵੇਂ ਕਿ ਆਟਾ-ਦਾਲ ਸਕਮਿ, ਮੁਫ਼ਤ ਬਿਜਲੀ ਤਹਿਤ ਆਮ ਜਨਤਾ ਤੇ ਬੇਲੋੜਾ ਟੇਕਸਾਂ ਦਾ ਬੋਝ ਪਾਇਆ ਗਿਆ ਹੈ। ਇਹ ਮਾਰਕ ਟਵੇਨ ਵੱਲੋਂ ਕੀਤੀ ਟਿੱਪਣੀ ਨੂੰ ਸਹੀ ਸਾਬਤ ਕਰਦੀਆਂ ਹਨ। ਕਿਉਂਕਿ ਮੌਜੂਦਾ ਸਰਕਾਰ ਦੀਆਂ ਇਹਨਾਂ ਲੋਕਾਂ ਨੂੰ ਭਰਮਾਉਣ ਵਾਲੀਆਂ ਸਕੀਮਾਂ ਕਾਰਨ ਅੱਜ ਪੰਜਾਬ ਦੀ ਵਿੱਤੀ ਹਾਲਾਤ ਪੂਰੀ ਤਰਾਂ ਬਿਮਾਰ ਤੇ ਲੜਖੜਾ ਚੁੱਕੀ ਹੈ।
ਪੰਜਾਬ ਦੇ ਸਿਰ ਕਰਜੇ ਦੀ ਇੰਨੀ ਵੱਡੀ ਪੰਡ ਹੈ ਜਿਸਦੀਆਂ ਕਿਸ਼ਤਾਂ ਉਤਾਰਨ ਲਈ ਵੀ, ਇਹ ਪਹਿਲੀ ਵਾਰ ਹੋਇਆ ਹੋਵੇਗਾ ਕਿ ਕਰਜਾ ਲੈ ਕੇ ਕਿਸ਼ਤਾਂ ਉਤਾਰੀਆਂ ਜਾ ਰਹੀਆਂ ਹਨ। ਪੰਜਾਬ ਉੱਤੇ ਵਿੱਤੀ ਬੋਝ ਤਾਂ ਵੀ ਦਿਨ ਪ੍ਰਤੀ ਦਿਨ ਵੱਧਦਾ ਹੀ ਜਾ ਰਿਹਾ ਹੈ। ਦੂਜੇ ਪਾਸੇ ਪੰਜਾਬ ਦੀ ਕਿਸਾਨੀ ਤਾਂ ਡਗਮਗਾ ਗਈ ਹੀ ਹੈ ਪਰ ਨਾਲ ਨਾਲ ਹੋਰ ਕਾਰੋਬਾਰੀ ਵੀ ਦੂਜੇ ਸੂਬਿਆਂ ਵਿੱਚ ਜਾਣ ਨੂੰ ਤਰਜੀਹ ਦੇ ਰਹੇ ਹਨ ਜਿਥੇ ਉਹ ਟੈਕਸਾਂ ਦੇ ਬੋਝ ਤੋਂ ਬਚ ਸਕਣ। ਇੰਨਾ ਕਾਰਨਾਂ ਕਰਕੇ ਪੰਜਾਬ ਦੀ ਲਗਾਤਾਰ ਭਾਰੀ ਵੈਟ ਦੇ ਬੋਝ ਤੋਂ ਬਿਨਾਂ ਵੀ ਖੜੋਤ ਆ ਰਹੀ ਹੈ। ਜਿਸ ਕਰਕੇ ਆਉਣ ਵਾਲੇ ਸਮੇਂ ਵਿੱਚ ਵੀ ਪੰਜਾਬ ਦੀ ਅਰਥ ਵਿਵਸਥਾ ਲੀਹ ਤੇ ਆਉਣ ਤੋਂ ਅਸਮਰਥ ਹੈ।
ਮੌਜੂਦਾ ਪੰਜਾਬ ਸਰਕਾਰ ਕੁਝ ਮਹੀਨਿਆ ਬਾਅਦ ਹੋਣ ਜਾ ਰਹੀਆਂ ਸੂਬੇ ਦੀਆਂ ਚੋਣਾ ਨੂੰ ਮੁੱਖ ਰੱਖ ਕੇ ਸਧਾਰਨ ਲਤਾੜੀ ਹੋਈ ਜਨਤਾ ਦੀਆਂ ਵੋਟਾਂ ਤੇ ਕੇਦਰਿਤ ਹੁੰਦੇ ਹੋਏ ਵਿੱਤੀ ਨੀਤੀ ਨੂੰ ਨਜ਼ਰ-ਅੰਦਾਜ਼ ਕਰਕੇ ਕਰਜ਼ੇ ਦੀ ਪੰਡ ਨੂੰ ਹੋਰ ਵਧਾਉਣ ਲਈ ਤੇ ਗਰੀਬਾਂ ਤੇ ਆਮ ਜਨਤਾ ਦੀਆਂ ਵੋਟਾਂ ਵਟੋਰਨ ਲਈ ਹੋਰ ਬੋਝ ਪਾਉਣ ਵਾਲੀਆਂ ਸਕੀਮਾਂ ਜਿਵੇਂ ਕਿ ਮੁਫ਼ਤ ਤੀਰਥ ਯਾਤਰਾਵਾਂ, ਕੈਲਾਸ਼ ਮਾਨ ਸਰੋਵਰ ਦੀ ਯਾਤਰਾ ਤੇ ਜਾਣ ਵਾਲੇ ਯਾਤਰੀਆਂ ਨੂੰ ਇੱਕ ਲੱਖ ਰੁਪਏ ਦੇਣਾ, ਈਸਾਈ ਤੇ ਮੁਸਲਮਾਨ ਭਾਈਚਾਰੇ ਲਈ ਕਬਰਸਤਾਨ ਉਸਾਰਨ ਲਈ ਮੁਫ਼ਤ ਜ਼ਮੀਨਾਂ ਪਛੜੀਆਂ ਸ਼੍ਰੇਣੀਆਂ ਦੇ ਪਰਿਵਾਰਾਂ ਲਈ ਦੋ ਸੋ ਯੂਨਿਟ ਮੁਫ਼ਤ ਬਿਜਲੀ ਦੇਣਾ। ਕਿਸਾਨਾਂ ਨੂੰ ਤਾਂ ਪਹਿਲਾਂ ਹੀ ਮੋਟਰਾਂ ਲਈ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ ਜਿਸ ਰਾਹੀਂ ਪੰਜਾਬ ਦਾ ਜ਼ਮੀਨੀ ਪਾਣੀ ਬੇਲੋੜੀਆਂ ਮੋਟਰਾਂ ਚਲਾਉਣ ਕਰਕੇ ਹੋਰ ਡੂੰਘਾ ਤਾਂ ਹੋ ਹੀ ਰਿਹਾ ਹੈ ਤੇ ਪੰਜਾਬ ਹੌਲੀ ਹੌਲੀ ਮਾਰੂਥਲ ਵਾਲੀ ਸਥਿਤੀ ਵੱਲ ਰਿਹਾ ਹੈ।
ਭਾਵੇਂ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਗਿਣਤੀ ਲੋੜ ਤੋਂ ਕਿਤੇ ਘੱਟ ਹੈ ਤੇ ਇੰਨਾਂ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਹੌਲੀ ਹੌਲੀ ਖਿੱਲਰ ਰਹੀਆਂ ਹਨ ਤੇ ਮੁਰੰਮਤਾਂ ਦੀ ਬੁਰੀ ਤਰਾਂ ਘਾਟ ਹੈ। ਇਸੇ ਤਰਾਂ ਬਹੁਤੇ ਸਕੂਲਾਂ ਵਿੱਚ ਮੁੰਡੇ ਕੁੜੀਆਂ ਲਈ ਲੋੜੀਂਦੇ ਬਾਥਰੂਮ ਵੀ ਨਹੀਂ ਹਨ ਤੇ ਨਾ ਹੀ ਪੀਣ ਲਈ ਸਾਫ ਪਾਣੀ ਹੈ। ਇਸੇ ਤਰਾਂ ਸਰਕਾਰੀ ਸਿਹਤ ਸੇਵਾਵਾਂ ਦੀ ਅਰਥ ਵਿਵਸਥਾ ਵੀ ਬੁਰੀ ਤਰਾਂ ਲੜ-ਖੜਾ ਗਈ ਹੈ।
ਡਾਕਟਰਾਂ ਦੀ ਵੀ ਬਹੁਤ ਕਮੀ ਹੈ। ਇੰਨਾਂ ਲੋੜੀਂਦੀਆਂ ਵਿਦਿਅਕ ਤੇ ਸਿਹਤ ਸੇਵਾਵਾਂ ਨੂੰ ਨਜ਼ਰ-ਅੰਦਾਜ਼ ਕਰਕੇ ਪੰਜਾਬ ਸਰਕਾਰ ਬੇਲੋੜੀਆਂ ਹਜ਼ਾਰਾਂ ਕਰੋੜ ਮੀਨਾਰਾਂ ਤੇ ਯਾਦਗਾਰਾਂ ਉਸਾਰਨ ਵਿੱਚ ਰੁਝੀ ਹੋਈ ਹੈ। ਭਾਵੇਂ ਕਿ ਵਿਦਿਆ ਤੋਂ ਬਿਨਾਂ ਬੈਚਿਆਂ ਲਈ ਇੰਨਾਂ ਮੀਨਾਰਾਂ ਤੇ ਯਾਦਗਾਰਾਂ ਦੇ ਖ ਿਅਰਥ ਹਨ, ਸਮਝ ਸਕਣੇ ਮੁਸ਼ਕਲ ਹਨ। ਭਾਵੇਂ ਕਿ ਮੌਜੂਦਾ ਸਰਕਾਰ ਨੇ ਆਪਣੀ ਚੰਗੀ ਦਿੱਖ ਦਿਖਾਉਣ ਲਈ ਤੇ ਸਿਹਤਮੰਦ ਪੰਜਾਬ ਦਾ ਦਾਅਵਾ ਕਰਨ ਲਈ ਹਜ਼ਾਰਾਂ ਦੀ ਤਾਦਾਦ ਵਿੱਚ ਪੇਂਡੂ ਖੇਤਰ ਅੰਦਰ ਜਿੰਮ ਤੇ ਕਸਰਤ ਦਾ ਸਮਾਨ ਵੰਡਿਆ ਹੈ ਪਰ ਜ਼ਮੀਨੀ ਹਕੀਕਤ ਇਹ ਦਰਸਾਉਂਦੀ ਹੈ ਕਿ ਇਹ ਜਿੰਮ ਕਿਸੇ ਵਿਉਂਤਬੰਦੀ ਤੇ ਦੇਖ-ਰੇਖ ਤੋਂ ਵਿਹੂਣੇ ਹੋਣ ਕਰਕੇ ਸੁੰਨੇ ਪੇਂਡੂ ਖੇਤਰ ਦਾ ਸ਼ਿੰਗਾਰ ਹੀ ਬਣ ਕੇ ਰਹਿ ਗਏ ਹਨ।
ਜੇ ਪੰਜਾਬ ਵਿੱਚ ਅੱਜ ਖਾਸ ਕਰਕੇ ਪੇਂਡੂ ਨੌਜਵਾਨੀ ਵੱਲ ਝਾਤ ਮਾਰੀ ਜਾਵੇ ਤਾਂ ਮੁੱਖ ਲੋਕਾਂ ਲਈ ਸੁਣਨ ਤੇ ਵਿਚਾਰਨ ਵਾਲਾ ਮੁੱਖ ਵਿਸ਼ਾ ਪੰਜਾਬ ਦੀ ਨੌਜਵਾਨੀ ਦਾ ਨਸ਼ਿਆਂ ਦੀ ਦਲ ਦਲ ਵਿੱਚ ਗੁਆਚ ਜਾਣਾ ਹੈ। ਜਿਸ ਦੇ ਬਾਰੇ ਭਾਰਤ ਤੇ ਸੰਸਾਰ ਪੱਧਰ ਤੇ ਮੁੱਖ ਚਰਚਾ ਦਾ ਵਿਸ਼ਾ ਹੈ। ਇਸੇ ਤਰਾਂ ਜੇ ਸਿੱਖਾਂ ਦੇ ਧਾਰਮਿਕ ਖੇਤਰ ਵਿੱਚ ਝਾਕ ਲਿਆ ਜਾਵੇ ਤਾਂ ਜੋ ਸਚਾਈ ਅੱਜ ਜੋ ਸਿੱਖ ਕੌਮ ਦੇ ਸਾਹਮਣੇ ਹੈ ਉਹ ਇਹ ਹੈ ਕਿ ਪੰਥਕ ਸਰਕਾਰ ਦਾ ਦਾਅਵਾ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਦੇਖ ਰੇਖ ਹੇਠ ਸਮੁੱਚੇ ਧਾਰਮਿਕ ਖੇਤਰ ਤੇ ਵੱਡਾ ਪ੍ਰਸਨ ਚਿੰਨ ਲੱਗ ਚੁੱਕਿਆ ਹੈ ਤੇ ਧਰਮ ਤੇ ਪੂਰੀ ਤਰ੍ਹਾਂ ਇੱਕ ਰਾਜਨੀਤਿਕ ਸ਼੍ਰੇਣੀ ਦਾ ਭਾਰੂ ਹੋਣਾ ਸਾਫ ਦਿਖਾਈ ਦੇ ਰਿਹਾ ਹੈ ਤੇ ਪੰਜਾਬ ਵਿੱਚ ਅਨੇਕਾਂ ਥਾਵਾਂ ਤੇ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਾਰ ਵਾਰ ਵਾਪਰ ਰਹੀਆਂ ਹਨ। ਇਹ ਅੱਜ ਦੇ ਪੰਜਾਬ ਦੀ ਤਸਵੀਰ ਹੈ।