ਅੱਜ ਕੱਲ ਪੰਜਾਬ ਪਿਛਲੇ ੧੫-੨੦ ਦਿਨਾਂ ਤੋਂ ਸਦਭਾਵਨਾ ਦੇ ਨਾਮ ਹੇਠ ਜਲਸਿਆਂ ਦੀ ਘੁੰਮਣ-ਘੇਰੀ ਵਿੱਚ ਉਲਝਿਆ ਹੋਇਆ ਦਿਖਾਈ ਦੇ ਰਿਹਾ ਹੈ। ਇਹ ਰੈਲੀਆਂ ਉਸ ਪੰਥਕ ਪ੍ਰਤੀਨਿਧ ਜਮਾਤ ਸ਼੍ਰੋਮਣੀ ਅਕਾਲੀ ਦਲ ਜਿਸਨੂੰ ਕਿ ਹੋਂਦ ਵਿੱਚ ਆਇਆਂ ੯੫ ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ, ਵੱਲੋਂ ਕੀਤੀਆਂ ਗਈਆਂ ਹਨ ਤਾਂ ਜੋ ਆਪਣੀ ਹੋਂਦ ਅਤੇ ਵਰੇਗੰਢ ਨੂੰ ਪੰਜਾਬੀਆਂ ਦੇ ਇੱਕਤਰ ਕੀਤੇ ਇੱਕਠ ਵਿੱਚ ਆਪਣੇ ਨਿੱਜੀ ਲਲਕਾਰਿਆਂ ਦੀ ਗੂੰਜ ਹੇਠਾਂ ਮਨਾਇਆ ਜਾ ਸਕੇ। ਇੱਕ ਸਦੀ ਤੋਂ ਪੰਜ ਸਾਲ ਘੱਟ ਦਾ ਸਫਰ ਤਹਿ ਕਰ ਚੁੱਕੀ ਅੱਜ ਦੀ ਸਿੱਖ ਪ੍ਰਤੀਨਿਧ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਬਿਖੜੇ ਪੈਂਡਿਆਂ ਤੇ ਚੱਲਣਾ ਪੈ ਰਿਹਾ ਹੈ। ਇਹਨਾਂ ਰਾਹਾਂ ਵਿੱਚ ਮੌਜੂਦਾ ਸਮੇਂ ਦੌਰਾਨ ਗੁਰੂ ਸਾਹਿਬ ਨੂੰ ਸਿੱਖ ਸਮਾਜ ਨੂੰ ਚਿਤਾਵਨੀ ਦੇਣ ਲਈ ਥਾਂ-ਥਾਂ ਤੇ ਆਪਣੇ ਅੰਗਾਂ ਦੀ ਸ਼ਹੀਦੀ ਦੇਣੀ ਪਈ ਜਿਸਦਾ ਅਰਥ-ਭਾਵ ਇਹਨਾਂ ਸਦਭਾਵਨਾ ਰੈਲੀਆਂ ਦੀ ਗੂੰਜ ਵਿੱਚ ਦਬਿਆ ਤੇ ਸਹਿਮਿਆਂ ਹੋਇਆ ਦਿਖਾਈ ਦੇ ਰਿਹਾ ਹੈ।

ਅੱਜ ਇਹ ਇਤਿਹਾਸਕ ਸ਼੍ਰੋਮਣੀ ਅਕਾਲੀ ਦਲ ਜੋ ਕਿ ੧੯੨੦ ਦੇ ਅੰਤ ਵਿੱਚ ਸਿੱਖਾਂ ਦੀ ਅਵਾਜ ਨੂੰ ਲਾਮਬੰਧ ਕਰਨ ਲਈ ਹੋਂਦ ਵਿੱਚ ਆਇਆ ਸੀ। ਜਿਹਨਾਂ ਪ੍ਰਸਥਿਤੀਆਂ ਦਾ ਸਾਹਮਣਾ ਕਰਨ ਲਈ ਇਹ ਸਿੱਖ ਪਾਰਟੀ ਹੋਂਦ ਵਿੱਚ ਆਈ ਸੀ ਅੱਜ ੯੫ ਸਾਲ ਮਗਰੋਂ ਬਿਲਕੁੱਲ ਅਜਿਹੀਆਂ ਪ੍ਰਸਥਿਤੀਆਂ ਸਿੱਖ ਸਮਾਜ ਅੱਗੇ ਖੜੀਆਂ ਕਰਨ ਵਿੱਚ ਸਹਾਈ ਹੋ ਰਿਹਾ ਹੈ ਜਿੱਥੇ ਕਿ ਸਿੱਖ ਮਰਿਯਾਦਾ ਗੁਰੁ ਸਾਹਿਬਾਨ ਦੇ ਗੁਰਪੁਰਬ ਤੇ ਇਥੋਂ ਤੱਕ ਕਿ ਅਕਾਲ ਤਖਤ ਸਾਹਿਬ ਦੀ ਜੱਥੇਦਾਰੀ ਵੀ ਭੰਬਲਭੂਸੇ ਵਿੱਚ ਗੁਆਚੀ ਹੋਈ ਨਜ਼ਰ ਆ ਰਹੀ ਹੈ। ਸਿੱਖ ਸਮਾਜ ਅੱਜ ਭਾਵੇਂ ਦੁਨੀਆਂ ਅੰਦਰ ਬਹੁਤ ਥਾਵਾਂ ਤੇ ਫੈਲਿਆ ਹੋਇਆ ਹੈ ਅਤੇ ਬਹੁਤ ਸਿੱਖ ਬੁਲੰਦੀਆਂ ਛੋਹ ਰਹੇ ਹਨ ਪਰ ਸਿੱਖਾਂ ਦੇ ਪਿਛਲੇ ਕਈ ਦਹਾਕਿਆਂ ਤੋਂ ਰਿਸਦੇ ਜਖਮ ਜਿੰਨਾਂ ਤੇ ਕਦੀ ਕੋਈ ਨਮਕ ਛਿੜਕ ਰਿਹਾ ਹੈ ਤੇ ਕਦੀ ਮੌਜੂਦਾ ਸਮੇਂ ਦੌਰਾਨ ਗੁਰਮੀਤ ਸਿੰਘ ਪਿੰਕੀ ਦੇ ਰਾਹੀ ਚਰਚਾ ਵਿੱਚ ਆਈਆਂ ਸਿੱਖਾਂ ਦੇ ਜਖਮਾਂ ਦੀਆਂ ਲਹੂ ਲੁਹਾਣ ਪਰਤਾਂ ਬਾਹਰ ਆਉਂਦੀਆਂ ਹਨ ਪਰ ਇਹਨਾਂ ਦਾ ਕੋਈ ਅਰਥ-ਭਾਵ ਅੱਜ ਵੀ ਸਮਝ ਤੋਂ ਬਾਹਰ ਹੈ। ਦੋ-ਦੋ ਜੱਥੇਦਾਰੀਆਂ ਵਿੱਚ ਘਿਰੇ ਅਕਾਲ ਤਖਤ ਸਾਹਿਬ ਦੀ ਹੀ ਗੱਲ ਕਰ ਲਈਏ ਤਾਂ ਉਸ ਵੱਲੋਂ ਪ੍ਰਵਾਨਿਤ ਸਿੱਖ ਰਹਿਤ ਮਰਿਯਾਦਾ ਕੁਝ ਕਦਮ ਥੱਲੇ ਨੂੰ ਜਾ ਕੇ ਹੀ ਦਮ ਤੋੜ ਜਾਂਦੀ ਹੈ ਅਤੇ ਇਸੇ ਤਰਾਂ ਅੱਡ-ਅੱਡ ਤਖਤਾਂ ਵਿੱਚ ਸਿੱਖ ਮਰਿਯਾਦਾ ਦਾ ਕੋਈ ਸਿਰ-ਪੈਰ ਨਹੀਂ ਬਣ ਰਿਹਾ ਅਤੇ ਸਿੱਖ ਸਮਾਜ ਅੱਗੇ ਇਹ ਸਵਾਲ ਹੈ ਕਿ ਅੱਜ ਦੇ ਦਿਨ ਵਿੱਚ ਜਿਸ ਗੁਰੁ ਨੂੰ ਦੁਬਾਰਾ ਆਪਣੀ ਮਾਣਮੱਤੀ ਸ਼ਾਨ ਨੂੰ ਬਹਾਲ ਰੱਖਣ ਲਈ ਖੁਦ ਨੂੰ ਆਪਣੇ ਅੰਗਾਂ ਦੀ ਸ਼ਹਾਦਤ ਦੇਣੀ ਪਈ ਹੈ ਤਾਂ ਵੀ ਸਿੱਖ ਸਮਾਜ ਅੱਜ ਕਿਸੇ ਰਹਿਬਰ ਦੀ ਤਲਾਸ਼ ਵਿੱਚ ਥਾਂ-ਥਾਂ ਫਰਿਯਾਦਾਂ ਕਰ ਰਿਹਾ ਜਾਪਦਾ ਹੈ। ਜਿਸਨੂੰ ਕਿ ਸਿੱਖ ਪ੍ਰਤੀਨਿਧ ਜਮਾਤ ਅਕਾਲੀ ਦਲ ਜਵਾਬ ਦੇਣ ਦੀ ਬਜਾਇ ਸਦਭਾਵਨਾ ਦੇ ਨਾਮ ਹੇਠ ਦਬਾਉਣ ਦੀ ਭਰਪੂਰ ਵਾਹ ਰਿਹਾ ਹੈ ਤਾਂ ਜੋ ਸਿੱਖ ਸਮਾਜ ਦੀਆਂ ਖਿੱਲਰੀਆਂ ਹੋਈਆਂ ਪਿਰਤਾਂ ਕਿਤੇ ਇੱਕ ਲੀਹ ਥੱਲੇ ਇੱਕਠੀਆਂ ਹੈ ਕੇ ਆਪਣੇ ਗੁਰਪੁਰਬ ਅਤੇ ਸਿੱਖ ਮਰਿਯਾਦਾ ਇੱਕ ਲੜੀ ਅਧੀਨ ਅਪਣਾ ਨਾ ਸਕਣ।

੧੯੨੦ ਵਿੱਚ ਜਦੋਂ ਇਹ ਇਤਿਹਾਸਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਜੱਥੇਦਾਰ ਝਬਾਲ ਦੀ ਰਹਿਨੁਮਾਈ ਹੇਠ ਕਮਾਂਡ ਵਿੱਚ ਆਇਆ ਸੀ ਉਸ ਵਕਤ ਵੱਡਾ ਸਵਾਲ ਭਾਰਤ ਦੇਸ਼ ਦੀ ਅਜ਼ਾਦੀ ਦਾ ਨਹੀਂ ਸਗੋਂ ਆਪਣੇ ਸਿੱਖ ਧਰਮ ਨੂੰ ਅਤੇ ਇਸ ਨਾਲ ਜੁੜੀਆਂ ਸੰਸਥਾਵਾਂ ਨੂੰ ਮਹੰਤਾਂ ਅਤੇ ਡੇਰਿਆਂ ਤੋਂ ਮੁਕਤ ਕਰਾਉਣਾ ਸੀ। ਅੱਜ ਦੀ ਸਥਿਤੀ ਵਿੱਚ ਸਿੱਖ ਸਮਾਜ ਅੱਗੇ ਉਸੇ ਤਰਾਂ ੯੫ ਸਾਲ ਬਾਅਦ ਇਹੀ ਸਵਾਲ ਤੇ ਪ੍ਰਸਥਿਤੀਆਂ ਕਿ ਕੀ ਸਿੱਖ ਸੰਸਥਾਵਾਂ ਅਤੇ ਇਸ ਨਾਲ ਜੁੜੀਆਂ ਜੱਥੇਦਾਰੀਆਂ ਕਿਤੇ ਮਹੰਤਾਂ ਅਤੇ ਡੇਰੇਵਾਦ ਤੋਂ ਅਜ਼ਾਦ ਹਨ ਕਿ ਨਹੀਂ ਕਿਉਂਕਿ ਅੱਜ ਜਿਸ ਤਰਾਂ ਦਾ ਸੱਚ ਸਾਹਮਣੇ ਆ ਰਿਹਾ ਹੈ ਉਸ ਵਿੱਚ ਇਹ ਪ੍ਰਤੱਖ ਦਿਖਾਈ ਦੇ ਰਿਹਾ ਹੈ ਕਿ ਸਿੱਖਾਂ ਦੀ ਮਾਨਸਿਕਤਾ ਕਿਸ ਤਰਾਂ ਸੰਤਾਪ ਝੱਲਣ ਤੋਂ ਬਾਅਦ ਵੀ ਆਪਣੀ ਹੋਂਦ ਨੂੰ ਡੇਰੇਵਾਦ ਅਤੇ ਮਹੰਤਾਂ ਦੇ ਪ੍ਰਛਾਵੇਂ ਤੋਂ ਕਿਵੇਂ ਅਜ਼ਾਦ ਰੱਖ ਸਕੇ ਅਤੇ ਆਪਣੇ ਭਵਿੱਖ ਦੀ ਖੁਦ ਬਾਗਡੋਰ ਸੰਭਾਲ ਸਕਣ ਦੇ ਕਾਬਿਲ ਬਣ ਸਕੇ। ਇਸ ਸਵਾਲ ਦੇ ਜਵਾਬ ਲਈ ਇੱਕ ਸਿੱਖ ਬਜ਼ੁਰਗ ਇਹ ਦਾਅਵਾ ਕਰ ਰਿਹਾ ਹੈ ਕਿ ਮੈਂ ਸਿੱਖਾਂ ਨੂੰ ਇੱਕ ਲੜੀ ਵਿੱਚ ਲਿਆਉਣ ਲਈ ਗਿਆਰਾਂ ਮਹੀਨਿਆਂ ਤੋਂ ਬਿਨਾਂ ਕੁਝ ਖਾਧਿਆਂ ਪੀਤਿਆਂ ਸਿੱਖ ਕੌਮ ਦੇ ਲੇਖੇ ਲਾ ਰਿਹਾ ਹਾਂ ਅਤੇ ਇਹ ਚਾਹਤ ਰਿਹਾ ਹੈ ਕਿ ਮੇਰੀ ਵਿਰਾਸਤ ਵੀ ਪੁਰਾਤਨ ਸਹੀਦਾਂ ਦੀ ਲੜੀ ਵਿੱਚ ਜਾ ਖੜੀ ਹੋਵੇ ਅਤੇ ਅੱਜ ਦੇ ਯੁੱਗ ਵਿੱਚ ਇਹ ਸਾਬਿਤ ਕੀਤਾ ਜਾਵੇ ਕਿ ਸਿੱਖ ਕੌਮ ਵਿੱਚ ਅੱਜ ਵੀ ਅਜਿਹੇ ਸਿੱਖ ਮੌਜੂਦ ਹਨ ਜਿਹੜੇ ਕਿ ਇਹ ਪ੍ਰਭਾਵ ਦੇ ਰਹੇ ਹਨ ਕਿ ਅਸੀਂ ਭੁੱਖ ਤੜਤਾਲ ਦਾ ਫੋਕਾ ਹਥਿਆਰ ਵਰਤ ਕੇ ਇਸ ਮਾਣਮੱਤੀ ਤੇ ਸਨਮਾਨਯੋਗ ਕੌਮ ਵਿੱਚ ਆਪਣਾ ਯੋਗ ਸਥਾਨ ਬਣਾਉਣ ਵਿੱਚ ਕਾਮਯਾਬ ਹੋ ਸਕੀਏ ਤਾ ਕਿ ਪਿੰਕੀ ਵੱਲੋਂ ਉਧੇੜੀਆਂ ਗਈਆਂ ਸਿੱਖਾਂ ਦੀਆਂ ਲਹੂ ਲੁਹਾਣ ਪਰਤਾਂ ਦੀ ਪੀੜ ਵੀ ਇਸੇ ਤਰਾਂ ਡਰਾਮਿਆਂ ਨਾਲ ਰਚੀ ਭੁੱਖ ਹੜਤਾਲ ਵਾਂਗ ਦਬ ਕੇ ਦਮ ਤੋੜ ਜਾਵੇ। ਅੱਜ ਦਾ ਅਕਾਲੀ ਦਲ ੧੯੨੦ ਵਿੱਚ ਹੌਂਦ ਚ ਆਏ ਸ਼੍ਰੋਮਣੀ ਅਕਾਲੀ ਦਲ ਨਾਲੋਂ ਤੋਰੀਆਂ ਰੀਤਾਂ ਅਤੇ ਮੀਲ ਪੱਥਰਾਂ ਤੋਂ ਕੌਹਾਂ ਮੀਲ ਪਛੜ ਚੁੱਕਿਆ ਹੈ।