ਇਸ ਵਕਤ ਅਸੀਂ ਸਿੱਖ ਇਤਿਹਾਸ ਦੇ ਉਨ੍ਹਾਂ ਮਹੱਤਵਪੂਰਨ ਦਿਨਾਂ ਵਿੱਚੋਂ ਲੰਘ ਰਹੇ ਹਾਂ ਜਿਨ੍ਹਾਂ ਦਿਨਾਂ ਨੇ ਸਾਡੀ ਵਰਤਮਾਨ ਤਕਦੀਰ ਨੂੰ ਘੜਿਆ। ਜੂਨ ੧੯੮੪ ਦੇ ਦਿਨ ਵਰਤਮਾਨ ਸਿੱਖ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਦਿਨ ਬਣ ਗਏ ਹਨ। ਇਨ੍ਹਾਂ ਇਤਿਹਾਸਕ ਦਿਨਾਂ ਨੇ ਕੌਮ ਦੀ ਤਕਦੀਰ ਲਿਖੀ। ਇਨ੍ਹਾਂ ਦਿਨਾਂ ਵਿੱਚ ਹੀ ਕੌਮ ਦੀ ਅਰਦਾਸ ਨੇ ਸ਼ਹੀਦੀ ਮੰਜਰ ਦੀ ਸੰਪੂਰਨਤਾ ਦਾ ਸਫਰ ਹੰਢਾਇਆ। ਸ਼ਹੀਦ ਤੇ ਅਰਦਾਸ ਇਤਿਹਾਸ ਵਿੱਚ ਹਮੇਸ਼ਾ ਇਕੱਠੇ ਤੁਰਦੇ ਰਹੇ ਹਨ। ਮੌਤ ਦੇ ਬਿਖੜੇ ਪੈਂਡੇ ਉਤੇ ਜਿਹੜੇ ਸ਼ਹੀਦ ਅਰਦਾਸ ਦੇ ਨਾਲ ਨਹੀ ਤੁਰਦੇ ਉਨ੍ਹਾਂ ਦੇ ਆਦਰਸ਼ ਨੂੰ ਦੁਨਿਆਵੀ ਸ਼ੁਹਰਤ ਸਮੁੱਚੀ ਜਿੰਦਗੀ ਉਤੇ ਨਹੀ ਫੈਲਣ ਦਿੰਦੀ। ੧੯੮੪ ਦੇ ਸ਼ਹੀਦ, ਅਰਦਾਸ ਦੇ ਇਸ ਰੁਹਾਨੀ ਸੰਸਾਰ ਦੇ ਅਧਿਆਤਮਕ ਯੋਧੇ ਹਨ। ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਆਖਦੇ ਹਨ ਕਿ ਅਸਲੀ ਸ਼ਹਾਦਤ ਜਦੋਂ ਅਧਿਆਤਮਕ ਧਰਾਤਲ ਅਪਣਾ ਲ਼ੈਂਦੀ ਹੈ, ਤਾਂ ਉਸ ਦਾ ਕਰਮ ਖੇਤਰ ਬ੍ਰਹਿਮੰਡ ਦੀਆਂ ਅਨੇਕਾਂ ਦੂਰੀਆਂ ਤੱਕ ਆਪਣੇ ਨਿਸ਼ਾਨ ਲਗਾ ਦਿੰਦਾ ਹੈ, ਅਤੇ ਇਸ ਪ੍ਰਕਿਰਿਆ ਰਾਹੀਂ ਸਮਾਜਿਕ ਜਿੰਦਗੀ ਵਿੱਚ ਕੋਈ ਅਪਹੁੰਚ ਸੱਜਰਾਪਨ ਸ਼ਾਮਲ ਹੋ ਜਾਂਦਾ ਹੈ।
ਨਿਰਸੰਦੇਹ ੧੯੮੪ ਦੇ ਸ਼ਹੀਦਾਂ ਨੇ ਮਨੁੱਖੀ ਚੇਤਨਾ ਵਿੱਚ ਅਜਿਹੇ ਸਿਦਕ ਦਾ ਪਸਾਰਾ ਕੀਤਾ ਹੈ ਜਿਸਦੀ ਪਰਾ-ਸੂਖਮਤਾ ਦਾ ਇਲਹਾਮ ਆਉਂਦੀਆਂ ਸਦੀਆਂ ਤੱਕ ਵੀ ਇਤਿਹਾਸ ਵਿੱਚ ਉਤਰਦਾ ਰਹੇਗਾ। ਸ਼ਹੀਦ, ਮੌਤ ਦੀ ਬਿਖਮ ਤੋਂ ਬਿਖਮ ਗੁਫਾ ਵਿੱਚ ਉਤਰਦੇ ਹਨ- ਉਸ ਦਾ ਅੰਤਿਮ ਹਨੇਰਾ ਲੱਭਦੇ ਹਨ ਅਤੇ ਆਪਣੀ ਜਿੰਦਗੀ ਵਾਰ ਕੇ ਇਤਿਹਾਸ ਵਿੱਚ ਵਫਾ ਅਤੇ ਈਮਾਨ ਦੇ ਆਦਰਸ਼ਕ ਮਿਆਰ ਸਥਾਪਤ ਕਰ ਜਾਂਦੇ ਹਨ। ੧੯੮੪ ਦੇ ਸ਼ਹੀਦਾਂ ਦੀ ਮਹਾਨਤਾ ਵੀ ਇਸੇ ਵਿੱਚ ਹੈ। ਉਹ ਇਸ ਕਰਕੇ ਮਹਾਨ ਨਹੀ ਹਨ ਕਿ ਉਨ੍ਹਾਂ ਨੇ ਸਿਦਕਦਿਲੀ ਨਾਲ, ਇਤਿਹਾਸ ਦੀਆਂ ਮਸਨੂਈ ਤਦਬੀਰਾਂ ਦੀ ਗੁਲਾਮੀ ਹੰਢਾ ਰਹੀਆਂ ਫੌਜਾਂ ਦਾ ਟਾਕਰਾ ਕੀਤਾ ਅਤੇ ਸ਼ਹਾਦਤ ਦਾ ਜਾਮ ਪੀਤਾ। ੧੯੮੪ ਦੇ ਸ਼ਹੀਦਾਂ ਦੀ ਇਤਿਹਾਸਕ ਘਾਲਣਾਂ ਉਨ੍ਹਾਂ ਦੀ ਸ਼ਹਾਦਤ ਨਾਲ਼ੋਂ ਉਨ੍ਹਾਂ ਦੇ ਜੀਵਨ ਵਿੱਚ ਵੱਧ ਪਈ ਹੈ। ਆਪਣੇ ਜੀਵਨ ਦੌਰਾਨ ਹੀ ਉਨ੍ਹਾਂ ਨੇ ਕਲਗੀਧਰ ਦੇ ਖਾਲਸਾ ਪੰਥ ਦੇ ਜੀਵਨ ਦੇ ਦਿੱਸਹੱਦਿਆਂ ਤੇ ਚੜ੍ਹੀਆਂ ਆ ਰਹੀਆਂ ਕਾਲੀਆਂ ਘਟਾਵਾਂ ਨੂੰ ਦੇਖ ਲਿਆ ਸੀ ਅਤੇ ਇਨ੍ਹਾਂ ਦੇ ਮਾਰੂ ਪ੍ਰਭਾਵਾਂ ਨੂੰ ਮਹਿਸੂਸ ਕਰ ਲਿਆ ਸੀ। ੧੯੮੪ ਦੇ ਸ਼ਹੀਦਾਂ ਨੂੰ ਪੰਥ ਦੀ ਸਮੂਹਿਕ ਚੇਤਨਾ ਵਿੱਚੋਂ ਸੁੱਕ ਰਹੀ ਕਲਗੀਧਰ ਦੀ ਮੁਹੱਬਤ ਦੇ ਹੌਲਨਾਕ ਸੱਚ ਨੇ ਘਾਇਲ ਕਰ ਦਿੱਤਾ ਹੋਇਆ ਸੀ। ਇਸ ਤੜਪ ਨੇ ਉਨ੍ਹਾਂ ਵਿੱਚ ਕਲਗੀਧਰ ਦੇ ਪਿਆਰੇ ਪੰਥ ਦੀ ਹਸਤੀ ਦੇ ਅਲੋਪ ਹੋ ਜਾਣ ਦਾ ਸੰਸਾ ਪੈਦਾ ਕਰ ਦਿੱਤਾ ਸੀ।
ਸ਼ਹੀਦ ਹੁੰਦਾ ਹੀ ਉਹ ਹੈ ਜੋ ਆਪਣੀ ਜਿੰਦਗੀ ਵਾਰ ਕੇ, ਜੀਵਨ ਦੇ ਝੰਡੇ ਗੱਡਦਾ ਹੈ। ਇਸੇ ਲਈ ੧੯੮੪ ਦੇ ਸ਼ਹੀਦਾਂ ਨੇ, ਰਸਮਾਂ ਦੇ ਬੇਜਾਨ ਪਿੰਜਰਾਂ ਦੀ ਜ਼ਿਹਨੀ ਗੁਲਾਮੀ ਹੰਢਾ ਰਹੇ ਬਾਜਾਂ ਵਾਲੇ ਦੇ ਨਾਦੀ ਧੀਆਂ ਪੁੱਤਰਾਂ ਦੇ ਹੌਲਨਾਕ ਭਵਿੱਖ ਨੂੰ ਆਪਣੀ ਇਲਾਹੀ ਨਦਰ ਨਾਲ ਦੇਖ ਲਿਆ ਸੀ। ਇਸ ਅਹਿਸਾਸ ਨੇ ਉਨ੍ਹਾਂ ਦੀ ਚੇਤਨਾ ਵਿੱਚ ਇੱਕ ਦਹਿਲ ਭਰਿਆ ਸੰਸਾ ਪੈਦਾ ਕਰ ਦਿੱਤਾ ਸੀ। ਇਸ ਸੰਸੇ ਨੇ ਉਨ੍ਹਾਂ ਸ਼ਹੀਦਾਂ ਵਿੱਚ ਅਰਦਾਸ ਦੀ ਪ੍ਰਤੀਤੀ ਨੂੰ ਉਜਵਲ ਕਰ ਦਿੱਤਾ। ਮਹਿਬੂਬ ਸਾਹਿਬ ਆਖਦੇ ਹਨ, ਅਰਦਾਸ ਸਤਿਗੁਰੂ ਦੇ ਨੂਰੀ ਜਲਵੇ ਨੂੰ ਮੌਤ ਦੇ ਖਲਾਅ ਤਕ ਲਿਜਾਂਦੀ ਹੋਈ ਉਨ੍ਹਾਂ ਦੇ ਰਹਿਮ ਨਾਲ ਇਸ ਨੂੰ ਭਰ ਦੇਂਦੀ ਹੈ। ੧੯੮੪ ਦੇ ਸ਼ਹੀਦਾਂ ਨੇ ਇਸ ਅਹਿਸਾਸ ਨੂੰ ਬਹੁਤ ਤੀਬਰਤਾ ਨਾਲ ਮਹਿਸੂਸ ਕੀਤਾ ਇਸੇ ਲਈ ਉਨ੍ਹਾਂ ਦੀ ਪਿੱਠ ਤੇ ਖੜ੍ਹੇ ਆਪਣੇ ਪੁਰਖਿਆਂ ਦੇ ਇਤਿਹਾਸ ਨੂੰ ਉਨ੍ਹਾਂ ਨੇ ਇਲਾਹੀ ਵਲਵਲੇ ਦੀ ਤਾਸੀਰ ਬਣਾ ਲਿਆ ਅਤੇ ਆਖਰ ਵਿੱਚ ਉਨ੍ਹਾਂ ਨੇ ਮੌਤ ਨੂੰ ਆਪਣੇ ਇਲਾਹੀ ਰੰਗ ਦੀ ਮਹਿਕ ਬਣਾ ਲਿਆ।
ਸ਼ਹਾਦਤ ਦਾ ਸਿੱਖ ਸੰਕਲਪ ਬਹੁਗਿਣਤੀ ਦੇ ਨਿਰਵਾਨ ਵਾਂਗ ਸ਼ਾਂਤ ਅਨੰਤਤਾ ਨਹੀ ਬਲਕਿ ਦਸ਼ਮੇਸ਼ ਪਿਤਾ ਦੇ ਅਜਿੱਤ ਹੜ੍ਹ ਦੇ ਥਪੇੜੇ ਵਰਗਾ ਹੈ। ਇਹ ਕਲਗੀਆਂ ਵਾਲੇ ਦੀਆਂ ਬਖਸ਼ਿਸ਼ਾਂ ਦਾ ਦਰਿਆ ਹੈ ਜਿਸ ਵਿੱਚ ਸਮੂਹਿਕ ਮਨੁੱਖੀ ਫਿਤਰਤ ਦੀਆਂ ਗਹਿਰਾਈਆਂ ਦੇ ਗਾੜ੍ਹੇ ਹਨੇਰੇ ਅਤੇ ਚਮਕਦੇ ਸੂਰਜਾਂ ਦੇ ਦਰਸ਼ਨ ਕੀਤੇ ਜਾ ਸਕਦੇ ਹਨ। ਇਸ ਵਿੱਚੋਂ ਅਮਰਤਾ ਦੀਆਂ ਸੱਦਾਂ ਦਾ ਸੰਗੀਤ ਸੁਣਿਆ ਜਾ ਸਕਦਾ ਹੈ। ਇਹ ਸੰਕਲਪ ਕੁਲ ਦੁਨੀਆਂ ਤੱਕ ਮਨੁੱਖੀ ਮਨ ਦੀ ਅਗਵਾਈ ਕਰਦਾ ਰਹੇਗਾ। ਇਸ ਵਿੱਚੋਂ ਸ਼ਹਾਦਤ ਦੀ ਸਰੋਦੀ ਗਹਿਰਾਈ ਦੇ ਮੌਲਿਕ ਦਰਸ਼ਨ ਹੁੰਦੇ ਰਹਿਣਗੇ।
ਬੇਸ਼ੱਕ ਅੱਜ ੩੦ ਸਾਲ ਲੰਘ ਗਏ ਹਨ ਉਸ ਘਟਨਾ ਨੂੰ ਵਾਪਰਿਆਂ ਪਰ ਉਸ ਵਿੱਚੋਂ ਇਤਿਹਾਸਕ ਤਹਿਜ਼ੀਬਾਂ ਦੇ ਸੈਂਕੜੇ ਪੈਂਡੇ ਹਾਲੇ ਵੀ ਲੱਭੇ ਜਾ ਸਕਦੇ ਹਨ। ਕੋਈ ਵੀ ਸ਼ਹਾਦਤ ਅਜਿਹਾ ਵਡਮੁੱਲਾ ਰੁਤਬਾ ਤਾਂ ਹੀ ਪ੍ਰਾਪਤ ਕਰਦੀ ਹੈ ਜਦ ਉਹ ਇਤਿਹਾਸ ਦੀ ਬੇਮਿਸਾਲ ਸਿਖਰ ਤੇ ਪਹੁੰਚ ਕੇ ਸੱਚ ਦਾ ਪਰਚਮ ਲਹਿਰਾਉਂਦੀ ਹੈ। ਜਦ ਉਹ ਮਨੁੱਖੀ ਮਨ ਵਿੱਚਲੀ ਹਰ ਖੜੋਤ ਨੂੰੰ ਖਤਮ ਕਰਕੇ ਦਰਿਆਵਾਂ ਵਰਗੀ ਬਲਵਾਨ ਰਵਾਨਗੀ ਪੈਦਾ ਕਰਦੀ ਹੈ।
੧੯੮੪ ਦੇ ਸ਼ਹੀਦਾਂ ਨੇ ਸਿੱਖ ਮਾਨਸਿਕਤਾ ਵਿੱਚ ਆਈ ਖੜੋਤ ਨੂੰ ਖਤਮ ਕੀਤਾ। ਕੌਮ ਦੇ ਮਨ ਵਿੱਚੋਂ ਅਲੋਪ ਹੋ ਰਹੀ ਕਲਗੀਧਰ ਦੀ ਯਾਦ ਦੇ ਸੋਮਿਆਂ ਨੂੰ ਮੁੜ ਤੋਂ ਪ੍ਰਜਵਲਤ ਕੀਤਾ। ਕੌਮ ਨੂੰ ਆਪਣੇ ਆਪੇ ਦਾ ਅਹਿਸਾਸ ਕਰਵਾਇਆ, ਕੌਮ ਦੀ ਅੰਤਰ ਆਤਮਾਂ ਅੰਦਰ ਸੁੱਤੀਆਂ ਸੰਭਾਵਨਾਵਾਂ ਨੂੰ ਜਗਾਇਆ ਅਤੇ ਇਤਿਹਾਸ ਦੀਆਂ ਪਗਡੰਡੀਆਂ ਉਤੇ ਸੁੱਤੀ ਸਿੱਖ ਕੌਮ ਨੂੰ ਵਰਤਮਾਨ ਦੀ ਰੋਗੀ ਚੇਤਨਾ ਬਾਰੇ ਖਬਰਦਾਰ ਕੀਤਾ।
ਅੱਜ ੧੯੮੪ ਦੇ ਸ਼ਹੀਦਾਂ ਨੂੰ ਯਾਦ ਕਰਨ ਵੇਲੇ ਸਾਨੂੰ ਇਹ ਯਾਦ ਰੱਖਣਾਂ ਚਾਹੀਦਾ ਹੈ ਕਿ ਆਪਣੇ ਗਿਆਨ ਦੇ ਨੇਤਰ ਖੋਲ਼੍ਹਕੇ ਅਸੀਂ ਧੁਰੋਂ ਮਿਲੀ ਅਜ਼ਾਦੀ ਦੀ ਮਨੁੱਖੀ ਸਿੱਕ ਦੇ ਜਿੰਦਾ ਪ੍ਰਤੀਕ ਬਣੇ ਰਹੀਏ।