ਪੰਜਾਬ ਦੇ ਹੁਕਮਰਾਨ ਜੋ ਲੰਮੇ ਸਮੇਂ ਤੋਂ ਵਿਕਾਸ ਨੂੰ ਨਿਰਮਾਣ ਦੇ ਅੱਖਰਾਂ ਵਿੱਚ ਤੋਲ ਰਹੇ ਹਨ, ਉਨਾਂ ਦਾ ਅੱਜਕੱਲ੍ਹ ਧਿਆਨ ਲੁਧਿਆਣਾ ਜਿਲ੍ਹੇ ਦੇ ਮੱਤੇਵਾੜਾ ਜੰਗਲ ਦੇ ਉਜਾੜਨ ਵੱਲ ਕੇਂਦਰਿਤ ਹੋ ਚੁੱਕਾ ਹੈ। ਭਾਰੀ ਵਿਰੋਧ ਦੇ ਕਾਰਨ ਇਸ ਪੰਜਾਬ ਮੰਤਰੀ ਮੰਡਲ ਦੇ ਫੈਸਲੇ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਬਦਲ ਦਿੱਤਾ ਹੈ ਤੇ ਨਵੇਂ ਹੁਕਮ ਮੁਤਾਬਕ ਮੱਤੇਵਾੜਾ ਜੰਗਲ ਦੇ ਆਲੇ – ਦੁਆਲੇ ਦੀ ਜ਼ਮੀਨ ਨੂੰ ਸਰਕਾਰ ਹਾਸਲ ਕਰਕੇ ਇਸ ਵਿੱਚ ਵੱਡੇ ਕਾਰਖਾਨਿਆਂ ਨੂੰ ਵਿਕਸਤ ਕਰਨ ਦੇ ਫੈਸਲੇ ਨੂੰ ਤਰਜ਼ੀਹ ਦੇ ਰਹੀ ਹੈ। ਮੱਤੇਵਾੜੇ ਜੰਗਲ ਪੰਜਾਬ ਦੇ ਲੋਕਾਂ, ਖਾਸ ਕਰਕੇ ਲੁਧਿਆਣਾ ਦੇ ਲੋਕਾਂ ਲਈ ਪ੍ਰਦੂਸ਼ਣ ਤੋਂ ਰਾਹਤ ਦੇਣ ਵਾਲਾ ਤੇ ਮਨੁੱਖੀ ਸਿਹਤ ਸੁਧਾਰ ਦਾ ਪ੍ਰਮੁੱਖ ਸ੍ਰੋਤ ਹੈ। ਪਰ ਲੰਮੇ ਸਮੇਂ ਤੋਂ ਵੱਖ ਵੱਖ ਸਰਕਾਰਾਂ ਨੇ ਵਿਕਾਸ ਦਾ ਅਰਥ ਹੀ ਬਦਲ ਦਿੱਤਾ ਤੇ ਨਵੀਆਂ ਨੀਤੀਆਂ ਅਪਣਾਉਂਦੇ ਹੋਣੇ ਕੁਦਰਤੀ ਸ੍ਰੋਤਾਂ ਨੂੰ ਉਜਾੜਨਾ ਸ਼ੁਰੂ ਕਰ ਦਿੱਤਾ। ਭਾਰਤ ਦੀ ਅਜਾਦੀ ਵੇਲੇ ਪੰਜਾਬ ਵਿੱਚ ਜੰਗਲ ਹੇਠਲਾ ਰਕਬਾ 24% ਸੀ ਜੋ ਹੁਣ ਘਟ ਕੇ 2.5 ਤੋਂ 3% ਰਹਿ ਗਿਆ ਹੈ। ਜਦਕਿ ਭਾਰਤ ਵਿੱਚ ਅੱਜ ਵੀ ਜੰਗਲ ਹੇਠਲਾ ਰਕਬਾ 22% ਦੇ ਕਰੀਬ ਹੈ। ਜੇ ਕਨੇਡਾ ਵਰਗੇ ਵਿਕਸਤ ਮੁਲਕ ਦੀ ਗੱਲ ਕਰੀਏ ਤਾਂ ਉੱਥੋ ਦੇ ਬ੍ਰਿਟਸ਼ ਕੋਲੰਬੀਆਂ ਵਰਗੇ ਸੂਬੇ ਹੇਠ ਕੁਦਰਤੀ ਸ੍ਰੋਤਾਂ ਹੇਠਲਾ ਰਕਬਾ 60% ਹੈ। ਪੰਜਾਬ ਦੀ ਸਰਕਾਰ ਵਿਕਾਸ ਦੇ ਨਿਰਮਾਣ ਦਾ ਮਤਲਬ ਹੀ ਬਦਲ ਰਹੀਆਂ ਹਨ। ਕਿਸੇ ਵੀ ਮੁਲਕ ਤੇ ਸੂਬੇ ਦੇ ਨਿਰਮਾਣ ਦਾ ਅਰਥ ਹੈ ਕਿ ਇੱਥੋ ਦੀ ਆਰਥਿਕਤਾ ਅਤੇ ਸਮਾਜਿਕ ਪੱਧਰ ਦਾ ਨਿਰਮਾਣ ਕੀਤਾ ਜਾਵੇ। ਭਾਵ ਸੂਬੇ ਦੀ ਆਰਥਿਕ ਖੁਸ਼ਹਾਲੀ ਤੇ ਜੀਵਨ ਦਾ ਰਹਿਣ-ਸਹਿਣ ਉੱਚਾ ਚੁੱਕਣਾ ਤੇ ਆਲੇ-ਦੁਆਲੇ ਦੀ ਵਸੋਂ ਤੇ ਇਨਸਾਨ ਦਾ ਬੁਨਿਆਦੀ ਤੌਰ ਤੇ ਵਿਕਿਸਤ ਹੋਣਾ ਹੈ। ਜਦੋਂ ਕਿ ਅਜਾਦੀ ਤੋਂ ਬਾਅਦ ਆਈ ਕਰੋਨਾ ਦੀ ਮਹਾਂਮਾਹੀ ਨੇ ਦੇਸ਼ ਤੇ ਸੂਬੇ ਦੀਆਂ ਬੁਨਿਆਦੀ ਸਹੂਲਤਾਂ ਨੂੰ ਜਾਹਰ ਕਰ ਦਿੱਤਾ ਹੈ। ਪੰਜਾਬ ਜੋ ਗੁਰੂਆਂ-ਪੀਰਾਂ ਦੀ ਧਰਤੀ ਹੈ ਤੇ ਉੱਥੋਂ ਦਾ ਜੀਵਨ ਗੁਰਬਾਣੀ ਰਾਹੀਂ ਵਿਆਖਿਆ ਜਾਂਦਾ ਹੈ। ਗੁਰਬਾਣੀ ਅਨੁਸਾਰ ਕੁਦਰਤ ਨੂੰ ਸਰਬ-ਵਿਆਪੀ ਸਰੂਪ ਦਰਸਾਇਆ ਹੈ। ਗੁਰਬਾਣੀ ਵਿੱਚ ਇਹ ਦਰਜ ਹੈ:
ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ ॥
ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ ॥
ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵੀਚਾਰੁ ॥
ਕੁਦਰਤਿ ਖਾਣਾ ਪੀਣਾ ਪੈਨ੍ਹ੍ਹਣੁ ਕੁਦਰਤਿ ਸਰਬ ਪਿਆਰੁ ॥
ਕੁਦਰਤਿ ਜਾਤੀ ਜਿਨਸੀ ਰੰਗੀ ਕੁਦਰਤਿ ਜੀਅ ਜਹਾਨ ॥
ਕੁਦਰਤਿ ਨੇਕੀਆ ਕੁਦਰਤਿ ਬਦੀਆ ਕੁਦਰਤਿ ਮਾਨੁ ਅਭਿਮਾਨੁ ॥
ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ ॥
ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ ॥
ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ ॥੨॥
ਇਹਨਾਂ ਸ਼ਬਦਾਂ ਦੀ ਰੌਸ਼ਨੀ ਵਿੱਚ ਵੀ ਸੂਬਾ ਸਰਕਾਰ ਅਵੇਸਲੀ ਹੈ ਕਿ ਪੰਜਾਬ ਦਾ ਪੌਣ-ਪਾਣੀ ਸਰਕਾਰਾਂ ਦੇ ਦਰਸਾਏ ਨਿਰਮਾਣ ਅਨੁਸਾਰ ਦਿਨੋਂ ਦਿਨ ਪਲੀਤ ਹੋ ਰਿਹਾ ਹੈ। ਇਸ ਗੰਭੀਰਤਾ ਤੋਂ ਵਿਹੂਣੀਆਂ ਸਰਕਾਰਾਂ ਪੰਜਾਬ ਦੀ ਸੱਭਿਆਚਾਰਕ ਤੇ ਸਿਆਸੀ ਦੁਰਦਸ਼ਾ ਵੱਲ ਲਗਾਤਾਰ ਇਸ਼ਾਰਾ ਕਰ ਰਹੀਆਂ ਹਨ। ਅੱਜ ਦੀ ਪੰਜਾਬ ਦੀ ਸਿਆਸੀ ਜਮਾਤ ਇਸ ਗੱਲ ਤੇ ਅਟੱਲ ਹੈ ਕਿ ਕੁਦਰਤੀ ਸ੍ਰੋਤਾਂ ਦੀ ਬਰਬਾਦੀ ਨਿਰਮਾਣ ਦੇ ਅਰਥਾਂ ਅਧੀਨ ਉਜਾੜਨੀ ਹੈ। ਪੰਜਾਬ ਅਜਿਹੀ ਧਰਤੀ ਹੈ ਜਿੱਥੇ ਕਦੀ ਹਰ ਪਿੰਡ ਵਿੱਚ ਵੱਡਾ ਛੋਟਾ ਕੁਦਰਤੀ ਵਣ ਹੋਇਆ ਕਰਦਾ ਸੀ ਜਿਸਨੂੰ ‘ਝਿੜੀ’ ਕਹਿੰਦੇ ਸਨ। ਇਸ ਵਿੱਚ ਭਾਂਤ-ਭਾਂਤ ਦੇ ਕੁਦਰਤੀ ਰੁੱਖ ਤੇ ਤਾਜੀ ਆਬੋ-ਹਵਾ ਹੁੰਦੀ ਸੀ। ਜਿਸ ਕਾਰਨ ਪਿੰਡ ਆਪਣੇ ਆਪ ਵਿੱਚ ਕੁਦਰਤੀ ਕਜ਼ਾਰੇ ਦੀ ਝਲਕ ਪੇਸ਼ ਕਰਦੇ ਸਨ। ਇੰਨਾ ਵਣਾਂ ਨਾਲ ਮਨੁੱਖ ਨੇ ਆਪਣੀ ਇੱਕ ਵੱਖਰੀ ਹੀ ਸਾਂਝ ਬਣਾ ਲਈ ਸੀ ਜੋ ਗੀਤਾਂ ਰਾਹੀਂ ਇਹ ਦਰਸਾਉਂਦਾ ਸੀ, “ਬ੍ਰਿਖਾਂ ਦੇ ਗੀਤ ਸੁਣ ਕੇ, ਮੇਰੇ ਦਿਲ ਵਿੱਚ ਚਾਣਨ ਹੋਇਆ।” ਇਹ ਵੀ ਮੰਨਿਆ ਜਾਂਦਾ ਹੈ ਕਿ ਬ੍ਰਿਖ ਸਾਨੂੰ ਜਿੰਦਗੀ ਦੇ ਕਈ ਪੱਖ ਦਰਸਾਉਂਦੇ ਹਨ। ਸਭ ਤੋਂ ਅਹਿਮ ਜਿੰਦਗੀ ਤੋਂ ਅਲਹਿਦਗੀ ਦਾ ਅਰਥ ਸਮਝਾਉਂਦੇ ਸੀ ਕਿ ਬ੍ਰਿਖ ਅਲਹਿਦਗੀ ਵਿੱਚ ਮੌਲ ਨਹੀਂ ਸਕਦਾ। ਜਿਸ ਰਾਹੀਂ ਉਹ ਭਾਈਚਾਰਕ ਸਾਂਝ ਦਾ ਪ੍ਰਤੀਕ ਹਨ। ਸਾਇੰਸਦਾਨਾਂ ਅਨੁਸਾਰ ਜੰਗਲਾਂ ਵਿੱਚ ਬ੍ਰਿਖਾਂ ਦੀ ਆਪਣੀ ਹੀ ਬੋਲੀ ਤੇ ਸਾਂਝ ਹੁੰਦੀ ਹੈ ਜੋ ਵਾਤਾਵਰਣ ਦੀਆਂ ਤਬਦੀਲੀਆਂ ਤੋਂ ਵੀ ਸੁਚੇਤ ਰਹਿੰਦੀ ਸੀ। ਹੁਣ ਇਹ ਕਹਿ ਸਕਦੇ ਹਾਂ ਕਿ ਪੰਜਾਬ ਜੋ ਦਿਨੋ ਦਿਨ ਬੰਜਰ ਤੇ ਧਰਤੀ ਹੇਠਲੇ ਪਾਣੀ ਤੋਂ ਵਿਹੂਣਾ ਹੋ ਰਿਹਾ ਹੈ, ਉਸ ਵਿੱਚ ਇਹਨਾਂ ਕੁਦਰਤੀ ਸੋਮਿਆਂ ਦਾ ਘਾਣ ਕਾਫੀ ਹੱਦ ਤੱਕ ਜਿੰਮੇਵਾਰ ਹੈ। ਇਸ ਅਧੁਨਿਕ ਨਿਰਮਾਣ ਦੇ ਵਿਕਾਸ ਅਧੀਨ ਪੰਜਾਬ ਦੇ ਰਵਾਇਤੀ ਪੰਡੀ ਤਾਂ ਅਲੋਪ ਹੋ ਹੀ ਰਹੇ ਹਨ ਤੇ ਨਾਲ ਹੀ ਸਦੀਆਂ ਪੁਰਾਣੇ ਰੁੱਖ ਜੋ ਜੰਗਲਾਂ, ਨਹਿਰਾਂ ਤੇ ਸੜਕਾਂ ਕਿਨਾਰੇ ਕੁਦਰਤੀ ਦ੍ਰਿਸ਼ ਪੇਸ਼ ਕਰਦੇ ਹਨ, ਉਹ ਵੀ ਆਖਰੀ ਸਾਹਾਂ ਤੇ ਹਨ। ਇਸ ਕਾਰਨ ਵਾਤਾਵਰਣ ਤੇ ਤਾਂ ਅਸਰ ਹੋ ਹੀ ਰਿਹਾ ਹੈ ਤੇ ਨਾਲ ਹੀ ਪਿੰਡਾਂ ਤੇ ਸ਼ਹਿਰਾਂ ਦਾ ਵੀ ਜੀਵਨ ਪ੍ਰਭਾਵਤ ਹੋ ਰਿਹਾ ਹੈ ਤੇ ਕੁਦਰਤੀ ਦ੍ਰਿਸ਼ਾਂ ਤੋਂ ਪੰਜਾਬ ਸੱਖਣਾ ਹੋ ਰਿਹਾ ਹੈ।