ਜਿਵੇਂ-ਜਿਵੇਂ ਦੁਨੀਆਂ ਵਿਕਸਤ ਹੋ ਰਹੀ ਹੈ ਹਰ ਵਰੇ ਦਾ ਆਗਮਨ ਦਿਨ ਬੜੀ ਸ਼ਾਨੋ-ਸ਼ੌਕਤ ਨਾਲ ਅਤੇ ਸ਼ੋਰ ਸ਼ਰਾਬੇ ਨਾਲ ਮਨਾਇਆ ਜਾਂਦਾ ਹੈ। ਇਸ ਨਵੇਂ ੨੦੧੮ ਵਰ੍ਹੇ ਦਾ ਆਗਾਜ਼ ਵੀ ਅਜਿਹੇ ਤਰੀਕਿਆਂ ਨਾਲ ਹੀ ਹੋਇਆ। ਇਸ ਨਵੇਂ ਵਰੇ ਦੀ ਸ਼ੁਰੂਆਤ ਤੇ ਸਾਰੀ ਦੁਨੀਆਂ ਦੇ ਅਖਬਾਰ ਤੇ ਹੋਰ ਪ੍ਰਸਾਰਨ ਮਾਧਿਅਮਾਂ ਰਾਹੀਂ ਇਸ ਨੂੰ ਮੁੱਖ ਰੂਪ ਵਿੱਚ ਪ੍ਰਚਾਰਿਆ ਗਿਆ। ਇਹ ਦਿਨ ਕਿਸੇ ਵੀ ਧਾਰਮਿਕ ਤਿਉਹਾਰ ਜਾਂ ਕੌਮੀ ਤਿਉਹਾਰਾਂ ਨਾਲੋਂ ਵੀ ਵੱਡਾ ਰੂਪ ਅਖਤਿਆਰ ਕਰ ਚੁੱਕਿਆ ਹੈ। ਕਿਉਂਕਿ ਇਹੀ ਇੱਕ ਅਜਿਹਾ ਦਿਨ ਹੈ ਜਦੋਂ ਸਾਰੀ ਦੁਨੀਆਂ ਦੇ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਲੀਡਰ ਇਸ ਦਿਨ ਦੇ ਅਵਸਰ ਤੇ ਖੁਸ਼ੀਆਂ ਦੇ ਸੰਦੇਸ਼ ਲਾਉਣ ਵਿੱਚ ਫਖਰ ਮਹਿਸੂਸ ਕਰਦੇ ਹਨ। ਜਦੋਂ ਕਿ ਜੇ ਇਹ ਸੋਚਿਆ ਜਾਵੇਂ ਕਿ ਇਹ ਆਗਮਨ ਦਿਨ ਜਾਂ ਸਾਲ ਦਾ ਪਹਿਲਾਂ ਦਿਨ ਇੱਕ ਆਮ ਦਿਨ ਵਰਗਾ ਦਿਨ ਹੀ ਹੁੰਦਾ ਹੈ ਤੇ ਇਸਦੀ ਕੋਈ ਵੀ ਇਤਿਹਾਸਕ ਜਾਂ ਮਿਥਿਹਾਸਕ ਮਹੱਤਤਾ ਨਹੀਂ ਹੈ। ਇਹ ਸਿਰਫ ਅੰਗਰੇਜ਼ਾਂ ਵੱਲੋਂ ਬਣਾਏ, ਚਰਚ ਵੱਲੋਂ ਸਥਾਪਤ ਕੀਤੇ ਤੇ ਦੁਨੀਆਂ ਵਿੱਚ ਪੂਰੀ ਤਰਾਂ ਅਪਣਾਏ ਗਏ ਕੈਲੰਡਰ ਦੀ ਹੀ ਬਾਕੀ ਦਿਨਾਂ ਵਾਂਗ ਨਵੀਂ ਤਰੀਕ ਹੁੰਦੀ ਹੈ। ਜਿਸ ਨਾਲ ੩੬੫ ਦਿਨਾਂ ਦਾ ਮੁਕੱਰਰ ਹੋਇਆ ਸਾਲ ਮੁੜ ਤੋਂ ਆਪਣੀ ਗਿਣਤੀ ਅਰੰਭ ਕਰਦਾ ਹੈ।
ਹੁਣ ਇਸ ਸਥਾਪਿਤ ਵਿਧੀ ਮੁਤਾਬਕ ੨੦੧੮ ਦੇ ਆਗਮਨ ਤੋਂ ਪਹਿਲਾਂ ਇਹ ਸੋਚਿਆ ਜਾਵੇ ਕਿ ਇਸ ਵਿਕਸਤ ਹੋਈ ਦੁਨੀਆਂ ਅਤੇ ਵਿਕਿਸਤ ਹੋ ਰਹੀ ਦੁਨੀਆਂ ਵਿੱਚ ਅੱਜ ਬਹੁਬਲ ਤੇ ਨਸਲਵਾਦ ਵਰਤਾਰਾ ਰਾਸ਼ਟਰਵਾਦ ਦੀ ਆੜ ਹੇਠਾਂ ਵਧ ਰਿਹਾ ਹੈ। ਜਿਸ ਨਾਲ ਦੁਨੀਆਂ ਭਰ ਵਿੱਚ ਅੱਡ-ਅੱਡ ਮੁਲਕਾਂ ਅਤੇ ਇਸਦੇ ਹਿੱਸਿਆ ਵਿੱਚ ਵਸ ਰਹੀਆਂ ਘੱਟ ਗਿਣਤੀ ਕੌਮਾਂ ਅਤੇ ਲੋਕ ਡਰ ਅਤੇ ਭੈਅ ਵਿੱਚ ਤਾਂ ਜਿਉਂ ਹੀ ਰਹੇ ਹਨ ਸਗੋਂ ਆਪਣੇ ਆਪ ਨੁੰ ਕਾਫੀ ਅਸੁਰੱਖਿਅਤ ਵੀ ਮਹਿਸੂਸ ਕਰ ਰਹੇ ਹਨ। ਇਹ ਭਾਵੇਂ ਸੀਰੀਆ ਦੇ ਉਜਾੜੇ ਹੋਏ ਸ਼ਰਨਾਰਥੀਆਂ ਵੱਲ ਦੇਖ ਲਿਆ ਜਾਵੇ ਜਿਥੇ ਸਰਕਾਰੀ ਜਬਰ ਅਤੇ ਧਰਮ ਦੀ ਆੜ ਹੇਠਾਂ ਉਠਿਆ ਵਿਦਰੋਹ ਇਸ ਮੁਲਕ ਨੂੰ ਅੱਜ ਇੱਕ ਸ਼ਰਨਾਰਥੀ ਸ਼ਮਸ਼ਾਨਘਾਟ ਵਿੱਚ ਬਦਲ ਚੁਕਿਆ ਹੈ। ਜਿੱਥੇ ਇਸ ਵਿਕਸਤ ਦੁਨੀਆਂ ਦੇ ਸਾਹਮਣੇ ਪ੍ਰਸਾਰਨ ਮਾਧਿਆਮਾਂ ਰਾਹੀਂ ਅਜਿਹੇ ਦ੍ਰਿਸ਼ ਪਿਛਲੇ ਕਈ ਸਾਲਾਂ ਤੋਂ ਸਾਹਮਣੇ ਆਏ ਹਨ ਜੋ ਮਾਨਵਤਾ ਅਤੇ ਦੁਨੀਆਂ ਨੂੰ ਦੁਬਾਰਾਂ ਦੂਜੀ ਸੰਸਾਰ ਯੁੱਧ ਦੌਰਾਨ ਹੋਇਆ ਨਸਲਵਾਦ, ਨਸ਼ਲਕੁਸ਼ੀ ਤੇ ਅੱਤਿਆਚਾਰ ਦੀ ਦੁਬਾਰਾ ਯਾਦ ਦਿਵਾਉਂਦਾ ਹੈ।
ਦੁਨੀਆਂ ਤੇ ਸੰਯੁਕਤ ਰਾਸ਼ਟਰ ਇਸ ਸਾਰੇ ਵਰਤਾਰੇ ਨੂੰ ਹੱਲ ਨਾ ਕਰਨ ਵਿੱਚ ਨਾਕਾਮਯਾਬ ਹੋਇਆ ਦਿਖਾਈ ਦੇ ਰਿਹਾ ਹੈ। ਠੀਕ ਇਸੇ ਤਰਾਂ ਪਿਛਲੇ ੨੦੧੭ ਦੇ ਲੰਘੇ ਵਰੇ ਵਿੱਚ ਝਾਤ ਮਾਰੀਏ ਤਾਂ ਇੱਕ ਮੀਆਂ ਮਾਰ ਵਰਗੇ ਮੁਲਕ ਜਿਸਦੀ ਐਸ ਵੇਲੇ ਹਕੂਮਤ ਇੱਕ ਅਜਿਹੀ ਸਖਸ਼ੀਅਤ ਕੋਲ ਹੈ ਜਿਸਨੇ ਆਪ ਖੁਦ ਆਪਣੇ ਪਿੰਡੇ ਤੇ ਲੰਮਾ ਸਮਾਂ ਸਰਕਾਰੀ ਹਕੂਮਤ ਦਾ ਅੱਤਿਆਚਾਰ ਹੰਢਾਇਆ ਹੈ। ਉਹ ਦੁਨੀਆਂ ਅੱਗੇ ਅਡੋਲ ਸਾਂਤੀ ਦੇ ਪ੍ਰਤੀਕ ਵਜੋਂ ਜਾਣੀ ਗਈ ਹੈ ਜਿਸ ਕਰਕੇ ਉਸਨੂੰ ਨੋਬਰ ਸਾਂਤੀ ਪੁਰਸਕਾਰ ਨਾਲ ਵੀ ਨਵਾਜ਼ਿਆ ਜਾ ਚੁੱਕਾ ਹੈ। ਉਸੇ ਦੀ ਹਕੂਮਤ ਥੱਲੇ ੨੦੧੭ ਵਰੇ ਵਿੱਚ ਉਸੇ ਮੁਲਕ ਦੇ ਹਿੱਸੇ ਦੇ ਰੁਹਿੰਗਾਸ ਜਾਤੀ ਦੇ ਲੋਕ ਹਨ ਜੋ ਮੁੱਖ ਰੂਪ ਵਿੱਚ ਮੁਸਲਮਾਨ ਹਨ। ਉਨਾਂ ਨੂੰ ਇਸ ਹਕੂਮਤ ਨੇ ਆਪਣੇ ਲੋਕ ਮੰਨਣ ਤੋਂ ਇਨਕਾਰ ਦਿਆਂ ਹੋਇਆਂ ਅੰਨੇ ਸਰਕਾਰੀ ਅੱਤਿਆਚਾਰ ਕਰਕੇ ਮਾਰ ਮੁਕਾਇਆ ਤਾਂ ਹੈ ਹੀ ਸਗੋਂ ਕਈ ਹਜ਼ਾਰਾਂ ਦੀ ਤਾਦਾਦ ਵਿੱਚ ਉਨਾਂ ਨੂੰ ਆਪਣੇ ਹੀ ਮੁਲਕ ਤੇ ਘਰਾਂ ਵਿਚੋਂ ਜਬਰੀ ਉਠਣ ਲਈ ਮਜਬੂਰ ਕੀਤਾ ਹੈ ਅਤੇ ਅੱਜ ਉਹ ਇਸ ਸਾਰੀ ਦੁਨੀਆਂ ਅੱਗੇ ਲਾਚਾਰੀ ਭਰੀਆਂ ਅੱਖਾਂ ਨਾਲ ਭੁੱਖੇ ਧਿਆਏ ਬੰਗਲਾ ਦੇਸ਼ ਵਿੱਚ ਸ਼ਰਨਾਰਥੀ ਕੈਂਪਾਂ ਵਿੱਚ ਲਾਵਾਰਸ ਹੋਏ ਬੈਠੇ ਹਨ ਜਿਸ ਬਾਰੇ ਅਮਰੀਕਾ ਵਰਗੀ ਹਕੂਮਤ ਨੇ ਵੀ ਇਹ ਮੰਨਿਆ ਹੈ ਕਿ ਇਹ ਇੱਕ ਨਸ਼ਲ ਕੁਸੀ ਹੈ ਪਰ ਇਸਤੋਂ ਇਲਾਵਾਂ ਉਨਾਂ ਨੇ ਵੀ ਕੁਝ ਅਜਿਹਾ ਕਰਨ ਦਾ ਯਤਨ ਨਹੀਂ ਕੀਤਾ ਜਿਸ ਰਾਹੀਂ ਅੱਜ ਦੇ ਯੁੱਗ ਵਿੱਚ ਇੰਨਾ ਲਤਾੜੇ ਹੋਏ ਲੋਕਾਂ ਨੂੰ ਉਨਾਂ ਦੇ ਘਰਾਂ ਵਿੱਚ ਮੁੜ ਵਸਾਉਣ ਦਾ ਕੋਈ ਜ਼ਰੀਆ ਬਣਾਇਆ ਜਾ ਸਕੇ।
ਇਸ ਤਰਾਂ ੨੦੧੭ ਵਰੇ ਨੂੰ ਸਮਾਪਤ ਕਰਦਿਆਂ ਨਵੇਂ ੨੦੧੮ ਵਰ੍ਹੇ ਦੇ ਆਗਾਜ਼ ਤੇ ਦੁਨੀਆਂ ਨੂੰ ਇਹ ਸੰਕਲਪ ਲੈਣਾਂ ਚਾਹੀਦਾ ਹੈ ਕਿ ਇਸ ਤਰਾਂ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਪੈਦਾ ਹੋਇਆ ਸਹਿਮ ਤੇ ਅਸੁਰੱਖਿਅਤਾ ਦੀ ਭਾਵਨਾ ਰਾਸ਼ਟਰਵਾਦ ਤੇ ਨਸਲਵਾਦ ਦੇ ਪ੍ਰਛਾਵੇਂ ਤੋਂ ਮੁਕਤ ਹੋ ਸਕੇ ਅਤੇ ਇੱਕ ਵਿਕਿਸ਼ਤ ਭਾਵਨਾ ਨਾਲ ਹਰ ਇਨਸ਼ਾਨ ਆਪਣੀ ਜਿੰਦਗੀ ਜੀਅ ਸਕੇ। ਜਿਥੇ ਉਨਾਂ ਨੂੰ ਆਪਣੇ ਸਵੈ ਨਿਰਣੇ ਦਾ ਹੱਕ ਤੇ ਆਜ਼ਾਦੀ ਦਾ ਨਿੱਘ ਮਿਲ ਸਕੇ। ਇਸਨੂੰ ਸੰਭਵ ਕਰਨ ਲਈ ਆਜ਼ਾਦ ਸੋਚ ਅਤੇ ਵਿਚਾਰਾਂ ਨੂੰ ਅੱਜ ਦੀ ਦੁਨੀਆਂ ਵਿਚ ਆ ਰਹੀਆਂ ਅੰਸਭਵ ਚੁਣਤੀਆਂ ਨੂੰ ਸਰ ਕਰਨਾ ਪਏਗਾ।