ਦੁਨੀਆਂ ਅੰਦਰ ੨੫ ਤੋਂ ੩੫ ਮਿਲੀਅਨ ਕੁਰਦ ਨਾਮ ਨਾਲ ਜਾਣੇ ਜਾਂਦੇ ਲੋਕ ਜੋ ਕਿ ਦੁਨੀਆਂ ਦੀ ਸਭ ਤੋਂ ਘੱਟ ਗਿਣਤੀ ਕੌਮ ਹਨ, ਸਦੀਆਂ ਤੋਂ ਅੱਡ-ਅੱਡ ਮੁਲਕਾਂ ਜਿਵੇਂ ਕਿ ਟਰਕੀ, ਇਰਾਕ, ਸੀਰੀਆਂ, ਇਰਾਨ ਅਤੇ ਅਰਮਾਨੀਆਂ ਦੇ ਪਹਾੜੀ ਇਲਾਕਿਆਂ ਦੇ ਵਸਨੀਕ ਹਨ। ਇਹ ਅੱਜ ਵੀ ਮੱਧ ਪੂਰਬ ਏਸ਼ੀਆ ਵਿੱਚ ਚੌਥਾ ਵੱਡਾ ਸਥਾਨਿਕ ਲੋਕਾਂ ਦਾ ਸਮੂਹ ਹਨ। ਪਰ ਇਹ ਅੱਜ ਤੱਕ ਕਦੇ ਵੀ ਆਪਣਾ ਵੱਖਰਾ ਮੁਲਕ ਨਹੀਂ ਸੀ ਹਾਸਲ ਕਰ ਸਕੇ।
੧੯੨੦ ਵਿੱਚ ਦੁਨੀਆਂ ਦੀ ਪਹਿਲੇ ਸੰਸਾਰ ਯੁੱਧ ਤੋਂ ਬਾਅਦ ਜਦੋਂ ਟਰਕੀ ਵਿਚੋਂ ਆਟੋਮਨ ਰਾਜ ਦਾ ਤਖਤਾ ਪੱਛਮੀ ਮੁਲਕਾਂ ਵੱਲੋਂ ਪਲਟਿਆ ਗਿਆ ਸੀ ਤਾਂ ਉਸ ਤੋਂ ਬਾਅਦ ਇਹ ਸੰਧੀ ਹੋਈ ਸੀ ਕਿ ਕੁਰਦ ਲੋਕਾਂ ਨੂੰ ਮੱਧ ਪੂਰਬ ਏਸ਼ੀਆਂ ਵਿੱਚ ਵੱਖਰਾਂ ਦੇਸ਼ ਉਸਾਰ ਕੇ ਦਿੱਤਾ ਜਾਵੇ। ਪਰ ਇਹ ਸੰਧੀ ਲਿਖਤਾਂ ਵਿੱਚ ਹੀ ਰਹਿ ਗਈ ਤੇ ਹੁਣ ਤੱਕ ਕੁਰਦਾਂ ਨੂੰ ਜੋ ਹੁਣ ਵੱਖ-ਵੱਖ ਮੁਲਕਾਂ ਵਿੱਚ ਵੰਡੇ ਗਏ ਹਨ ਨੂੰ ਖੁਦਮੁਖਤਿਆਰੀ ਤੇ ਅਜ਼ਾਦੀ ਦਾ ਨਿੱਘ ਨਹੀਂ ਮਿਲ ਸਕਿਆ ਹੈ। ਇਸਨੂੰ ਹਾਸਲ ਕਰਨ ਲਈ ਕੁਰਦ ਲੋਕ ਜੋ ਕਿ ਮੁੱਖ ਰੂਪ ਵਿੱਚ ਮੁਸਲਮਾਨ ਹਨ ਪਰ ਇਹਨਾਂ ਵਿੱਚ ਦੂਜੇ ਧਰਮਾਂ ਦੇ ਲੋਕ ਵੀ ਸ਼ਾਮਿਲ ਹਨ ਆਪਣੇ ਆਪਣੇ ਤਰੀਕੇ ਰਾਹੀਂ ਆਪਣੀ ਅਜ਼ਾਦੀ ਤੇ ਖੁਦਮੁਖਤਿਆਰੀ ਲਈ ਵੱਖ-ਵੱਖ ਮੁਲਕਾਂ ਵਿੱਚ ਜੱਦੋਜਹਿਦ ਕਰਦੇ ਰਹੇ।
੧੯੯੧ ਵਿੱਚ ਜਦੋਂ ਅਮਰੀਕੀ ਫੋਜਾਂ ਨੇ ਇਰਾਕ ਉੱਤੇ ਹੱਲਾ ਬੋਲਿਆ ਤਾਂ ਉਸ ਵਕਤ ਇਰਾਕ ਦੇ ਉਤਰੀ ਪਹਾੜੀ ਹਿੱਸੇ ਵਿੱਚ ਵਿੱਚ ਵਸੇ ਇਰਾਕੀ ਕੁਰਦਾਂ ਨੂੰ ਆਪਣੀ ਸੁਰੱਖਿਆ ਛਤਰੀ ਦਾ ਸਮਰਥਨ ਦਿੱਤਾ। ਇਸ ਨਾਲ ਪਹਿਲੀ ਵਾਰ ਇਰਾਕ ਵਿੱਚ ਕੁਰਦਾਂ ਨੂੰ ਕਾਫੀ ਹੱਦ ਤੱਕ ਆਪਣੇ ਪੈਰਾਂ ਸਿਰ ਹੋਣ ਦਾ ਸੱਬਬ ਮਿਲਿਆ ਤੇ ਖੁਦਮੁਖਤਿਆਰੀ ਵੱਲ ਆਪਣੇ ਕਦਮ ਉਹਨਾਂ ਨੇ ਵਧਾਏ। ਬਾਕੀ ਮੁਲਕਾਂ ਵਾਂਗ ਇਰਾਕ ਅੰਦਰ ਰਹਿੰਦੇ ਕੁਰਦਾਂ ਨੇ ਦਹਾਕਿਆਂ ਤੋਂ ਇਰਾਕੀ ਹਕੂਮਤ ਦੇ ਬੇਅਥਾਹ ਜੁਲਮਾਂ ਅਤੇ ਅੱਤਿਆਚਾਰਾਂ ਦਾ ਸੰਤਾਪ ਭੋਗਿਆ। ਆਪਣੇ ਘਰਾਂ ਤੋਂ ਵੀ ਇਰਾਕੀ ਫੌਜਾਂ ਨੇ ਉਹਨਾਂ ਨੂੰ ਕਈ ਵਾਰ ਉਜਾੜਿਆ। ਇਥੋਂ ਤੱਕ ਦੇ ਸਦਾਮ ਹੁਸੈਨ ਦੀ ਸਰਕਾਰ ਵੇਲੇ ਇਰਾਕੀ ਫੌਜ ਵੱਲੋਂ ਇੰਨਾਂ ਤੇ ਰਸਾਇਣਕ ਬੰਬਾਂ ਦਾ ਵੀ ਇਸਤੇਮਾਲ ਕੀਤਾ ਗਿਆ। ਜਿਸ ਕਰਕੇ ਹਜ਼ਾਰਾਂ ਦੀ ਗਿਣਤੀ ਵਿੱਚ ਕੁਰਦ ਬੱਚੇ, ਜਨਾਨੀਆਂ ਤੇ ਪੁਰਸ਼ ਇਸ ਵਿੱਚ ਬੇਰਹਿਮੀ ਨਾਲ ਮਾਰੇ ਗਏ। ਇੰਨਾ ਦੀ ਹੋਂਦ ਨੂੰ ਖਤਮ ਕਰਨ ਲਈ ਸਦਾਮ ਹੁਸੈਨ ਦੀ ਸਰਕਾਰ ਨੇ ਕੁਰਦ ਖੇਤਰਾਂ ਵਿਚੋਂ ਇੰਨਾਂ ਨੂੰ ਖਿਦੇੜ ਕਿ ਉਥੇ ਇਰਾਕੀ ਲੋਕਾਂ ਨੂੰ ਵਸਾ ਦਿੱਤਾ। ਸਦਾਮ ਹੁਸੈਨ ਦੇ ਤਖਤਾ ਪਲਟ ਜਾਣ ਤੋਂ ਬਾਅਦ ਪਹਿਲੀ ਵਾਰ ਇਰਾਕੀ ਕੁਰਦਾਂ ਨੂੰ ਨਵੀਂ ਬਣੀ ਇਰਾਕੀ ਸਰਕਾਰ ਵੱਲੋਂ ਖੁਦ-ਮੁਖਤਿਆਰੀ ਦਾ ਹੱਕ ਹਾਸਲ ਹੋਇਆ।
ਮੌਜੂਦਾ ਦਹਾਕਿਆਂ ਦੌਰਾਨ ਕੁਰਦਾਂ ਨੇ ਵੱਡੇ ਪੱਧਰ ਤੇ ਸਥਾਨਿਕ ਪ੍ਰਸਥਿਤੀਆਂ ਵਿੱਚ ਆਪਣੀ ਜੱਦੋਂ ਜਹਿਦ ਰਾਹੀਂ ਟਰਕੀ ਮੁਲਕ ਜਿੱਥੇ ਕਿ ਕੁਰਦ ਸਭ ਤੋਂ ਵਧੇਰੇ ਗਿਣਤੀ ਵਿੱਚ ਹਨ, ਵਿਖੇ ਖੁਦਮੁਖਤਿਆਰੀ ਦੀ ਮੰਗ ਨੂੰ ਲੈ ਕੇ ਲੰਮੇ ਸਮੇਂ ੧੯੭੮ ਤੋਂ ਹਥਿਆਰਬੰਦ ਸੰਘਰਸ਼ ਵੀ ਕੀਤਾ। ਇਸੇ ਤਰਾਂ ਹੀ ਜਦੋਂ ਦਾ ਸੀਰੀਆਂ ਅਤੇ ਇਰਾਕ ਤੇ ਨਵੀਂ ਉਠੀ ਇਸਲਾਮਿਕ ਲਹਿਰ ਜਿਸਨੂੰ ਇਸਲਾਮਿਕ ਸਟੇਟ ਕਿਹਾ ਜਾਂਦਾ ਹੈ ਦੇ ਅੱਤਿਆਰਚਾਰ ਖਿਲਾਫ ਲਹੂ ਭਿਜਿਆਂ ਮੁਕਾਬਲਾ ਅੱਗੇ ਹੋ ਕੇ ਕੀਤਾ ਹੈ। ਕਾਫੀ ਹੱਦ ਤੱਕ ਇੰਨਾ ਨੇ ਆਪਣੇ ਖੇਤਰਾਂ ਵਿਚੋਂ ਇਸਲਾਮਿਕ ਸਟੇਟ ਨੂੰ ਵੀ ਖਿਦੇੜ ਦਿੱਤਾ ਹੈ।
ਇਰਾਕ ਅੰਦਰ ੨੫ ਸਤੰਬਰ ਨੂੰ ਇਸ ਵਾਰ ਦੁਨੀਆਂ ਦੇ ਭਾਰੀ ਵਿਰੋਧ ਦੇ ਬਾਵਜ਼ੂਦ ਆਪਣੇ ਅਜਾਦ ਦੇਸ਼ ਦਾ ਹੱਕ ਹਾਸਲ ਕਰਨ ਲਈ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਤੇ ਭਾਰੀ ਬਹੁਮਤ ਨਾਲ ਆਪਣੀ ਅਜ਼ਾਦੀ ਦੀ ਚਿਰਾਂ ਤੋਂ ਲਟਕਦੀ ਆ ਰਹੀ ਉਮੰਗ ਨੂੰ ਬੂਰ ਪਾਇਆ ਅਤੇ ਇੱਕ ਨਵੇਂ ਦੇਸ਼ ਕੁਰਦਸਤਾਨ ਦੇ ਰੂਪ ਵਿੱਚ ਦੁਨੀਆਂ ਸਾਹਮਣੇ ਆਏ ਹਨ। ਭਾਵੇਂ ਇਸਦਾ ਵਿਰੋਧ ਅਮਰੀਕਾ ਵਰਗੀ ਵੱਡੀ ਤਾਕਤ ਨੇ ਵੀ ਦੱਬਵੀਂ ਅਵਾਜ਼ ਵਿੱਚ ਕੀਤਾ ਹੈ ਪਰ ਇਰਾਕ, ਟਰਕੀ ਅਤੇ ਇਰਾਨ ਦੀਆਂ ਸਰਕਾਰਾਂ ਨੇ ਇਸਦਾ ਡਟਵਾਂ ਵਿਰੋਧ ਕਰਦਿਆਂ ਹੋਇਆਂ ਇਸ ਨਵੇਂ ਮੁਲਕ ਤੇ ਕਾਫੀ ਪਾਬੰਦੀਆਂ ਦਾ ਐਲਾਨ ਕੀਤਾ ਹੈ। ਜਿਸ ਰਾਹੀਂ ਉਹਨਾਂ ਨੇ ਕੁਰਦ ਲੋਕਾਂ ਦਾ ਆਰਥਿਕ ਪੱਖੋਂ ਨੁਕਸਾਨ ਕਰਨ ਦਾ ਫੈਸਲਾ ਕੀਤਾ ਹੈ। ਜਿਵੇ ਕਿ ਇਸ ਕੁਰਦਸਤਾਨ ਵਿੱਚ ਆਉਂਦੇ ਦੋਵੇਂ ਅੰਤਰ-ਰਾਸ਼ਟਰੀ ਹਵਾਈ ਉਡਾਨਾਂ ਵਾਲੇ ਏਅਰ ਪੋਰਟਾਂ ਤੇ ਜਹਾਜ਼ਾਂ ਦਾ ਉਤਰਨਾ ਚੜਨਾ ਰੋਕਿਆ ਹੋਇਆ ਹੈ ਕਿਉਂਕਿ ਇਸ ਕੁਰਦਸਤਾਨ ਦੀ ਆਪਣੇ ਆਪ ਵਿੱਚ ਇਸਦੀਆਂ ਹੱਦਾਂ ਨਾਲ ਕੋਈ ਸਮੁੰਦਰੀ ਬੰਦਰਗਾਹ ਨਹੀਂ ਪੈਂਦੀ ਹੈ ਅਤੇ ਨਾ ਹੀ ਇਹ ਸਿੱਧੇ ਰੂਪ ਵਿੱਚ ਸੜਕਾਂ ਰਾਹੀਂ ਦੁਨੀਆਂ ਨਾਲ ਜੁੜੇ ਹੋਏ ਹਨ।
ਇਸ ਕੁਰਦਸਤਾਨ ਵਿੱਚ ਕੁਦਰਤੀ ਤੇਲ ਦੇ ਵੱਡੇ ਜਖੀਰੇ ਹੋਣ ਕਰਕੇ ਇਹ ਦੁਨੀਆਂ ਦਾ ਅਹਿਮ ਖੇਤਰ ਪਰ ਇਸਦੇ ਤੇਲ ਨੂੰ ਦੁਨੀਆਂ ਦੀ ਮੰਡੀ ਵਿੱਚ ਲਿਆਉਣ ਵਾਲੇ ਸਾਰੇ ਰਾਹ ਟਰਕੀ, ਇਰਾਕ, ਇਰਾਨ ਤੇ ਸੀਰੀਆ ਰਾਹੀਂ ਹੀ ਸੰਭਵ ਹਨ। ਜਿੰਨਾਂ ਤੇ ਇਸ ਵੇਲੇ ਅਜ਼ਾਦੀ ਦੀ ਵੋਟ ਤੋਂ ਬਾਅਦ ਪੂਰੀ ਤਰਾਂ ਰੋਕ ਲੱਗ ਗਈ ਹੈ ਪਰ ਕੁਰਦ ਲੋਕ ਇਸ ਆਪਣੀ ਅਜ਼ਾਦੀ ਦੇ ਨਿੱਘ ਵਿੱਚ ਪੂਰੀ ਤਰਾਂ ਖੁਸ਼ ਹਨ ਅਤੇ ਹਰ ਇੱਕ ਆਫਤ ਦਾ ਸਾਹਮਣਾ ਕਰਨ ਲਈ ਆਪਣੇ ਆਪ ਨੂੰ ਤਿਆਰ ਦੱਸ ਰਹੇ ਹਨ। ਇਜ਼ਰਾਈਲ ਪਹਿਲਾ ਦੇਸ਼ ਹੈ ਜਿਸਨੇ ਕੁਰਦਸਤਾਨ ਬਣਨ ਦੀ ਸ਼ਲਾਘਾ ਕੀਤੀ ਹੈ ਅਤੇ ਹਾਂ ਪੱਖੀ ਰਵੱਈਆ ਅਪਣਾਇਆ ਹੈ। ਭਾਵੇਂ ਕਿ ਅਜੇ ਸੰਯੁਕਤ ਰਾਸ਼ਟਰ ਨੇ ਵੀ ਇਸ ਅਜ਼ਾਦੀ ਦੀ ਵੋਟ ਪ੍ਰਤੀ ਆਪਣੀ ਨਾ-ਖੁਸ਼ੀ ਜ਼ਾਹਰ ਕੀਤੀ ਹੈ।
ਇੰਨਾਂ ਕੁਰਦਾਂ ਦੀ ਸਵੈ-ਨਿਰਣੈ ਦੀ ਪੂਰੀ ਹੋਈ ਮੰਗ ਨਾਲ ਦੁਨੀਆਂ ਅੰਦਰ ਹੋਰ ਵੱਸ ਰਹੀਆਂ ਦਬਾਅ ਹੇਠ ਘੱਟ ਗਿਣਤੀ ਕੌਮਾਂ ਜਿਵੇਂ ਕਿ ਸਿੱਖ ਕੌਮ ਹੈ, ਲਈ ਵੀ ਇੱਕ ਉਮੀਦ ਦੀ ਕਿਰਨ ਜਾਗਦੀ ਹੈ ਤਾਂ ਜੋ ਸਿੱਖ ਕੌਮ ਵੀ ਭਾਰਤ ਦੀ ਅਜ਼ਾਦੀ ਤੋਂ ਪਹਿਲਾਂ ਉਸ ਸਮੇਂ ਦੇ ਸਿੱਖ ਲੀਡਰਾਂ ਨਾਲ ਭਾਰਤੀ ਨੇਤਾਵਾਂ ਵੱਲੋਂ ਕੀਤੇ ਖੁਦਮੁਖਤਿਆਰੀ ਅਤੇ ਸਵੈ ਨਿਰਣੇ ਦਾ ਹੱਕ ਦੇਣ ਦੇ ਵਾਅਦੇ ਨੂੰ ਪੂਰੇ ਕਰਨ ਲਈ ਕੋਈ ਰਾਹ ਬਣੇ ਤੇ ਸਿੱਖ ਕੌਮ ਵੀ ਆਪਣੀ ਖੁਦਮੁਖਤਿਆਰੀ ਤੇ ਅਜ਼ਾਦੀ ਦਾ ਨਿੱਘ ਮਾਣ ਸਕੇ।