ਅੱਜ ਦੇ ਯੁੱਗ ਵਿੱਚ ਜਦੋਂ ਇੱਕ ਚੰਗੇ ਅਧਿਆਪਕ ਦੀ ਖੋਜ, ਭੂਮਿਕਾ ਤੇ ਲਿਆਕਤ ਇੱਕ ਗੁਆਚ ਰਹੀ ਲੜੀ ਦਾ ਹਿੱਸਾ ਬਣ ਰਹੀ ਹੈ ਤਾਂ ਉਸ ਵਕਤ ਪ੍ਰੋ.ਰਣਧੀਰ ਸਿੰਘ ਵਰਗੀ ਸਖਸ਼ੀਅਤ ਜਿਸਦਾ ਕਿ ਹੁਣੇ ਹੁਣੇ ਇੱਕਤੀ ਜਨਵਰੀ ੨੦੧੬ ਨੂੰ ਦਿੱਲੀ ਵਿਖੇ ਦਿਹਾਂਤ ਹੋਇਆ ਹੈ, ਦੇ ਤੁਰ ਜਾਣ ਕਰਕੇ ਇੱਕ ਬਹੁਤ ਵੱਡਾ ਅਧਿਆਪਕ ਵਰਗ ਵਿੱਚ ਖਲਾਅ ਪੈਦਾ ਹੋਇਆ ਹੈ। ਪ੍ਰੋ: ਰਣਧੀਰ ਸਿੰਘ ਨੇ ਆਪਣੇ ਅਪਿਆਪਕ ਕਾਲ ਵਿੱਚ ਜੋ ਵਿਸ਼ਾ ਰਾਜਨੀਤੀ ਸ਼ਾਸਤਰ ਦਾ ਚੁਣਿਆ ਉਸ ਵਿੱਚ ਇਨਾਂ ਤੇ ਬਚਪਨ ਤੋਂ ਹੀ ਸਮਾਜਵਾਦੀ ਵਿਕਾਸ ਤੇ ਮਾਰਕਸਵਾਦੀ ਸੋਚ ਦਾ ਭਰਪੂਰ ਪ੍ਰਭਾਵ ਸੀ। ਜਿਸ ਨੂੰ ਕਿ ਇੰਨਾ ਨੇ ਆਪਣੀ ਬਹੁਤਪੱਖੀ ਅਧਿਆਪਕ ਪ੍ਰਣਾਲੀ ਰਾਹੀਂ ਹਜ਼ਾਰਾ ਹੀ ਵਿਦਿਆਰਥੀਆਂ ਨੂੰ ਚੇਤੇਨਤਾ ਤੇ ਸਮਾਜ ਨੂੰ ਆਪਣੀ ਯੋਗਤਾ ਰਹੀਂ ਇੱਕ ਸਰਬਪੱਖੀ ਵਿਕਾਸ ਰਾਹੀਂ ਬਰਾਬਰਤਾ ਦੇ ਅਧਾਰ ਤੇ ਸਿਰਜਣਾ ਇੱਕ ਟੀਚਾ ਸੀ।
ਪ੍ਰੋ.ਰਣਧੀਰ ਸਿੰਘ ਜਿੰਨਾ ਦਾ ਜਨਮ ਪੰਜਾਬ ਵਿੱਚ ੧੧ ਜਨਵਰੀ ੧੯੨੨ ਨੂੰ ਇੱਕ ਰੱਜੇ ਪੁੱਜੇ ਡਾਕਟਰ ਘਰਾਣੇ ਵਿੱਚ ਹੋਇਆ ਸੀ ਤੇ ਉਨਾ ਦੇ ਬਚਪਨ ਵਿੱਚ ਹੀ ਮੁੱਖ ਨਾਇਕ ਸ਼ਹੀਦ ਭਗਤ ਸਿੰਘ ਸੀ। ਜਿਸ ਬਾਰੇ ਇੱਕ ਵਾਕਿਆ ਜੁੜਿਆ ਹੋਇਆ ਹੈ ਕਿ ਜਦੋਂ ਇਹ ਪ੍ਰਾਇਮਰੀ ਸਕੂਲ ਵਿੱਚ ਪੜਦੇਸੀ ਤੇ ਇਹ ਬਾਲਕ ਉਮਰ ਵਿੱਚ ਸੈਂਟਰਲ ਜੇਲ ਲਹੌਰ ਅੱਗੇ ਦੀ ਲੰਘੇ ਤਾਂ ਇਨਾਂ ਨੇ ਸ਼ਹੀਦ ਭਗਤ ਸਿੰਘ ਜੋ ਉਸ ਸਮੇਂ ਉਥੇ ਕੈਦ ਸੀ, ਦੇ ਸਤਿਕਾਰ ਵਜੋਂ ਸਿਜਦਾ ਕਰਦੇ ਹੋਏ ਜਿੰਦਾਬਾਦ ਦੇ ਨਾਅਰੇ ਲਾਏ ਤੇ ਅੰਗਰੇਜ ਸਰਕਾਰ ਦੇ ਖਿਲਾਫ ਆਪਣੀ ਬਾਲੜੀ ਅਵਾਜ ਵਿੱਚ ਭੜਾਸ ਕੱਢੀ ਤੇ ਅੰਗਰੇਜ ਸਰਕਾਰ ਨੇ ਇੰਨਾ ਨੂੰ ਇੱਕ ਦਿਨ ਲਈ ਹਿਰਾਸਤ ਵਿੱਚ ਲੈ ਲਿਆ ਸੀ।
ਪ੍ਰੋ.ਰਣਧੀਰ ਸਿੰਘ ਇੱਕ ਅਜਿਹੇ ਸਿੱਖ ਵਿਦਵਾਨ ਸਨ ਜਿਨਾਂ ਤੇ ਸਿੱਖੀ ਦੇ ਨਾਲ-ਨਾਲ ਮਾਰਕਸ ਵਾਦ ਦਾ ਵੀ ਪੂਰਾ ਪ੍ਰਭਾਵ ਸੀ ਜਿਸ ਕਰਕੇ ਹੀ ਉਹ ਆਪਣੇ ਵਿਦਿਆਰਥੀ ਜੀਵਨ ਦੇ ਸਮੇਂ ਤੋਂ ਹੀ ਭਾਰਤ ਦੀ ਅਜਾਦੀ ਦੇ ਸੰਘਰਸ਼ ਵਿੱਚ ਆਪਣੇ ਤਰੀਕੇ ਨਾਲ ਇਜਹਾਰ ਕਰਦੇ ਰਹੇ। ਆਪਣੇ ਗਰੈਜੂਏਟ ਕਰਨ ਤੋਂ ਬਾਅਦ ਗਦਰੀ ਸੰਘਰਸ ਦੇ ਮੁੱਖ ਨਾਇਕ ਬਾਬਾ ਗੁਰਮੁੱਖ ਸਿੰਘ ਜੀ ਬਾਰੇ ਬਾਇਓਗ੍ਰਾਫੀ ਲਿਖੀ ਜਿਹੜੀ ਕਿ ੧੯੪੫ ਵਿੱਚ ਬਹੁਤ ਹੀ ਮਾਣ ਸਤਿਕਾਰ ਨਾਲ ਪੜੀ ਗਈ। ਇਸੇ ਤਰਾਂ ਇਨਾਂ ਦੇ ਵਿਦਿਆਰਥੀ ਜੀਵਨ ਦੌਰਾਨ ਮਹਾਨ ਨਾਟਕਕਾਰ ਤੇ ਕਹਾਣੀਕਾਰ ਬਲਵੰਤ ਗਾਰਗੀ ਨੇ ਪ੍ਰੋ.ਸਾਹਿਬ ਬਾਰੇ ਲਿਖਿਆ ਹੈ ਕਿ ਇਹੋ ਜਿਹਾ ਚੇਤੰਨ, ਸੂਝਵਾਨ ਬੁਧਜੀਵੀ ਉਸ ਸਮੇਂ ਵਿੱਚ ਕੋਈ ਵੀ ਨਹੀਂ ਸੀ ਤੇ ਇਹ ਆਪਣੇ ਆਪ ਵਿੱਚ ਉਸ ਸਮੇਂ ਕਾਰਲ ਮਾਰਕਸ ਵਜੋਂ ਨਿਵਾਜੇ ਗਏ ਸਨ। ਭਾਵੇਂ ਅੰਗਰੇਜਾਂ ਦਾ ਰਾਜ ਹੋਣ ਕਰਕੇ ਭਾਰਤ ਦੀ ਅਰਥ ਵਿਵਸਥਾ ਤੇ ਪੂੰਜੀਵਾਦ ਦਾ ਪੂਰੀ ਤਰਾਂ ਪ੍ਰਭਾਵ ਸੀ ਪਰ ਇੰਨਾ ਨੇ ਆਪਣੇ ਅਧਿਐਨ ਅਤੇ ਸੂਝਬੂਝ ਕਰਕੇ ਭਾਰਤ ਦੀ ਅਰਥ ਵਿਵਸਥਾ ਨੂੰ ਸਮਾਜਵਾਦਕ ਸਮਾਜ ਪੱਖੀ ਲੀਹਾਂ ਤੇ ਰੱਖਣ ਲਈ ਭਰਪੂਰ ਯਤਨ ਜਾਰੀ ਰੱਖੇ। ਭਾਵੇਂ ਕਿ ਇਸ ਕਰਕੇ ਇੰਨਾਂ ਨੂੰ ਅਨੇਕਾਂ ਵਾਰ ਅੰਗਰੇਜਾਂ ਦੀਆਂ ਕਾਲ ਕੋਠੜੀਆਂ ਵਿੱਚ ਵੀ ਜਾਣਾ ਨਸੀਬ ਹੋਇਆ ਜਿਥੇ ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਆਪਣੇ ਕੈਦ ਦੇ ਦਿਨ ਬਤਾਏ ਸਨ ਅਤੇ ਉਨਾਂ ਦਾ ਉਸ ਸਮੇਂ ਸ਼ਹੀਦ ਭਗਤ ਸਿੰਘ ਦੇ ਸਮਕਾਲੀ ਅਜਾਦੀ ਘੁਲਾਟੀਏ ਕਿਸ਼ੋਰੀ ਲਾਲ ਨਾਲ ਮੁਲਾਕਾਤ ਤੇ ਵਾਰਤਾਲਾਪ ਹੋਈ। ਇੰਨਾ ਨੇ ਆਪਣੇ ਜੀਵਨ ਕਾਲ ਵਿੱਚ ਮਾਰਕਸਵਾਦ ਅਧਿਐਨ ਲਈ ਅਤੇ ਉਸਦਾ ਅੱਜ ਦੇ ਯੁੱਗ ਵਿੱਚ ਕੀ ਮਹੱਤਵ ਹੈ, ਬਾਰੇ ਵੀ ੧੯੬੭ ਵਿੱਚ ਕ੍ਰਾਂਤੀਕਾਰੀ ਇਨਕਲਾਬ ਤੇ ਰਾਜਨੀਤਿਕ ਪ੍ਰਣਾਲੀ (Revolution and Political Theory) ਨਾਮ ਦੇ ਵਿਸਿਆ ਤੇ ਇੱਕ ਬਹੁਤ ਹੀ ਮਹੱਤਵਪੂਰ ਤੇ ਵਿਸਥਾਰ ਪੂਰਵਕ ਲੇਖ ਲਿਖਿਆ। ਜਿਸਦਾ ਭਾਰਤ ਤੋਂ ਇਲਾਵਾ ਦੁਨੀਆਂ ਦੇ ਬੁਧੀਜੀਵੀਆਂ ਨੇ ਵੀ ਵਿਚਾਰ ਕੀਤੀ ਤੇ ਦਿਲ ਖੋਲ ਕੇ ਸਰਾਹਣਾ ਕੀਤੀ। ਉਸ ਸਮੇਂ ਦੇ ਮਸਹੂਰ ਸੀ.ਪੀ.ਆਈ ਕਮਿਉਨਿਸਟ ਪਾਰਟੀ ਦੇ ਲੀਡਰ ਸਵਰਗੀ ਮੋਹਿਤ ਸੈਨ ਨੇ ਇਸ ਲੇਖ ਬਾਰੇ ਇਥੋਂ ਤੱਕ ਕਿਹਾ ਸੀ ਕਿ ਇਸ ਲੇਖ ਨਾਲ ਪ੍ਰੋ.ਰਣਧੀਰ ਸਿੰਘ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਭਾਰਤੀ ਰਾਜਨੀਤਿਕ ਵਿਦਵਾਨਾਂ ਦੁਨੀਆਂ ਦੇ ਵਿਦਿਆਨਾਂ ਦੀ ਕਤਾਰ ਵਿੱਚ ਲਿਆ ਖੜਾ ਕਰਦੀ ਹੈ।
ਇੰਨਾ ਨੇ ਆਪਣੇ ਜੀਵਨ ਕਾਲ ਵਿੱਚ ਅਨੇਕਾਂ ਹੀ ਮਹੱਤਵਪੂਰਨ ਕਿਤਾਬਾਂ ਤੇ ਕੁਝ ਕਵਿਤਾਵਾਂ ਜੋ ਰਾਜਨੀਤਕ ਤੇ ਸਮਾਜਕ ਸੋਚ ਨਾਲ ਜੁੜੀਆਂ ਹੋਈਆਂ ਸਨ ਦੀ ਰਚਨਾ ਕੀਤੀ। ਇੰਨਾ ਨੇ ਅਪਾਣੇ ਜੀਵਨ ਕਾਲ ਵਿੱਚ ੧੨੦੦ ਤੋਂ ਵਧੀਕ ਵਡਮੁੱਲੀਆਂ ਨਾਮੀਂ ਕਿਤਾਬਾਂ ਜੋ ਮਸ਼ਹੂਰ ਲੇਖਕਾਂ ਦੀਆਂ ਰਚਨਾਵਾਂ ਸਨ, ਪੜੀਆਂ ਤੇ ਸਾਂਭੀਆਂ ਜਿਨਾਂ ਨੂੰ ਬਾਅਦ ਵਿੱਚ ਇੰਨਾ ਦੇ ਨਾਮ ਤੇ ਬਣੀ ਲਾਇਬਰੇਰੀ ਜੋ ਕਿ ਚੰਡੀਗੜ ਵਿਖੇ ਸਥਿਤ ਹੈ, ਨੂੰ ਦਾਨ ਕੀਤੀਆਂ। ਇਸੇ ਤਰਾਂ ੧੯੮੭ ਵਿੱਚ ਜਦੋਂ ਪੰਜਾਬ ਅੰਦਰ ਰਿਬੈਰੋ ਦੇ ਆਉਣ ਨਾਲ ਸਰਕਾਰੀ ਮਸ਼ੀਨਰੀ ਵਲੋਂ ਸਿੰਖ ਨੌਜਵਾਨਾਂ ਤੇ ਸਿੱਖ ਪਰਿਵਾਰਾਂ ਤੇ ਅੰਨੇਵਾਹ ਤਸ਼ੱਦਦ ਅਤੇ ਕਤਲੋਗੈਰਤ ਹੋ ਰਹੀ ਸੀ ਤਾਂ ਪ੍ਰੋ. ਰਣਧੀਰ ਸਿੰਘ ਨੇ ਆਪਣੇ ਦਰਦ ਦਾ ਅਹਿਸਾਸ ਕਰਦਿਆਂ ਹੋਇਆਂ ਆਪਣੇ ਸਮਕਾਲੀਆਂ ਤੇ ਮਿੱਤਰਾਂ ਦੀ ਪ੍ਰਵਾਹ ਨਾ ਮੰਨਦੇ ਹੋਏ ਇੱਕ ਬਹੁਤ ਹੀ ਪ੍ਰਭਾਵਤ ਲੇਖ ਲਿਖਿਆ ਸੀ ਜਿਸ ਦਾ ਭਾਵ ਸੀ ਮਾਰਕਸਵਾਦ ਅਤੇ ਪੰਜਾਬ ਦਾ ਸਿੱਖ ਸੰਘਰਸ਼ ਉਸ ਦਾ ਮੁੱਖ ਵਿਸ਼ਾ ਸੀ ਕਿ ਜੋ ਜੁਲਮ ਤੇ ਜਬਰ ਦੀ ਲੀਹ ਪੰਜਾਬ ਅੰਦਰ ਸਿੱਖਾਂ ਨੂੰ ਦਬਾਉਣ ਲਈ ਚੱਲ ਰਹੀ ਹੈ ਉਹ ਆਤਮਘਾਤੀ ਹੈ ਤੇ ਭਾਰਤੀ ਸਟੇਟ ਨੂੰ ਇਸ ਦਾ ਆਉਣ ਵਾਲੇ ਸਮੇਂ ਵਿੱਚ ਭਿਆਨਕ ਸਿੱਟਿਆ ਦਾ ਸਾਹਮਣਾ ਕਰਨਾ ਪਵੇਗਾ ਜਿਸਦੀ ਕਿ ਤਾਜਾ ਮਿਸਾਲ ਅੱਜ ਭਾਰਤ ਅੰਦਰ ਵਧ ਰਿਹਾ ਹਿੰਦੂ-ਕੱਟੜਵਾਦ ਤੇ ਬਹੁਗਿਣਤੀ ਦਾ ਹਲਫਨਾਮਾ ਕਿ ਅਸੀਂ ਇਸ ਵਿਭਿੰਨ ਭਾਰਤ ਨੂੰ ਇੱਕ ਲੜੀ ਵਿੱਚ ਪਰੋ ਕੇ ਹਿੰਦੂ ਰਾਸ਼ਟਰ ਦੀ ਨੀਂਹ ਰੱਖਣੀ ਹੈ ਜੋ ਕਿ ਭਾਰਤ ਦੀ ਸੰਸਕ੍ਰਿਤੀ ਤੇ ਸੱਭਿਅਤਾ ਨਾਲ ਕਿਸੇ ਤਰਾਂ ਵੀ ਮੇਲ ਨਹੀਂ ਖਾਂਦੀ ਹੈ। ਪ੍ਰੋ. ਰਣਧੀਰ ਦੇ ਖਿਆਲ ਮੁਤਾਬਦ ਮੌਜੂਦਾ ਸਮੇਂ ਵਿੱਚ ਬਹੁਗਿਣਤੀ ਨਾਲ ਬੀ.ਜੇ.ਪੀ. ਪਾਰਟੀ ਦਾ ਭਾਰਤ ਦੀ ਸੱਤਾ ਵਿੱਚ ਆਉਣਾ ਵੀ ਇਸ ਲੜੀ ਦਾ ਹੀ ਹਿੱਸਾ ਹੈ।
ਪ੍ਰੋ.ਰਣਧੀਰ ਸਿੰਘ ਮਸ਼ਹੂਰ ਨਾਵਲਕਾਰ ਅਤੇ ਚਿੰਤਕ ਗੁਰਸ਼ਰਨ ਸਿੰਘ ਹੋਰਾਂ ਦੇ ਰਿਸ਼ਤੇਦਾਰ ਵੀ ਸਨ ਤੇ ਇਸੇ ਕਰਕੇ ਇੰਨਾ ਨੇ ਆਪਣੇ ਜੀਵਨ ਕਾਲ ਵਿੱਚ ਅਨੇਕਾਂ ਅਧਿਆਪਕ ਸੰਸਥਾਵਾਂ ਵਪਾਰਕ ਯੂਨੀਅਨਾਂ, ਕਿਸਾਨ ਸਭਾਵਾਂ, ਮਨੁੱਖੀ ਅਧਿਕਾਰ ਸੰਸਥਾਵਾਂ ਤੇ ਵਿਦਿਆਰਥੀ ਮੰਚ ਦੀ ਅਤੇ ਘੱਟ ਗਿਣਤੀ ਦਬੀਆਂ ਹੋਈਆਂ ਕੌਮਾਂ ਦੀ ਖੁੱਲ ਕੇ ਹਮਾਇਤ ਕੀਤੀ ਹੈ। ਪ੍ਰੋ.ਰਣਧੀਰ ਸਿੰਘ ਨੇ ਆਪਣੇ ਅਧਿਆਪਕ ਕਾਲ ਵਿੱਚ ਕੁਝ ਸਮਾਂ ਚੰਡੀਗੜ ਵਿੱਚ ਬਿਤਾਇਆ ਤੇ ੧੯੭੦ ਦੇ ਸ਼ੁਰੂ ਵਿੱਚ ਉਹ ਦਿੱਲੀ ਵਿੱਚ ਪਹਿਲਾਂ ਜੀ.ਐਨ. ਯੂਨੀਵਰਸਿਟੀ ਤੇ ਫੇਰ ਉਸ ਤੋਂ ਬਾਅਦ ਦਿੱਲੀ ਯੂਨੀਵਰਸਿਟੀ ਵਿੱਚ ੧੯੮੭ ਈ. ਤੱਕ ਆਪਣੀ ਸੇਵਾ ਮੁਕਤੀ ਤੱਕ ਬਤੌਰ ਰਾਜਨੀਤਿਕ ਪ੍ਰੋਫੈਰਸਰ ਸੇਵਾ ਨਿਭਾਈ। ਪ੍ਰੋ. ਰਣਧੀਰ ਸਿੰਘ ਦੀ ਇੱਕ ਵਡਿਆਈ ਸੀ ਕਿ ਜਦੋਂ ਉਹ ਖੁੱਲੀ ਜਮਾਤ ਵਿੱਚ ਆਪਣਾ ਲੈਕਚਰ ਕਰਦੇ ਸਨ ਤਾਂ ਉਨਾਂ ਦੇ ਵਿਸ਼ੇ ਤੋਂ ਇਲਾਵਾ ਹੋਰ ਵੱਖ-ਵੱਖ ਵਿਸ਼ਿਆਂ ਦੇ ਵਿਦਿਆਰਥੀ ਇਥੋਂ ਤੱਕ ਕੇ ਸਾਇੰਸ ਦੇ ਵਿਦਿਆਰਥੀ ਵੀ ਉਨਾਂ ਦਾ ਲੈਕਚਰ ਸੁਣਨ ਤੇ ਸਮਝਣ ਲਈ ਆਉਂਦੇ ਸਨ। ਪ੍ਰੋ.ਰਣਧੀਰ ਸਿੰਘ ਨੇ ਆਪਣੇ ਜੀਵਨ ਨੂੰ ਸਮਰਪਿਤ ਕਰਦੇ ਹੋਏ ੨੦੦੬ ਵਿੱਚ ਗਿਆਰਾਂ ਸੌ ਸਫਿਆਂ ਦਾ ਸਮਾਜਵਾਦ ਵਿੱਚ ਆਈ ਖੜੋਤ ਬਾਰੇ ਆਪਣੇ ਗਿਆਨ ਤੇ ਸੂਝ ਅਨੁਸਾਰ ਬਹੁਤ ਡੂੰਘਾਈ ਨਾਲ ਇੱਕ ਲੇਖ ਲਿਖਿਆ ਸੀ ਜਿਸ ਰਾਹੀਂ ਉਨਾਂ ਨੇ ਅੱਜ ਦੇ ਯੁੱਗ ਵਿੱਚ ਪੂੰਜੀਵਾਦ ਦਾ ਸਮਾਜ ਤੇ ਵੱਧ ਰਿਹਾ ਪ੍ਰਭਾਵ, ਨਿੱਜ ਪੱਖੀ ਵਿਕਾਸ ਦਾ ਨਿਰਮਾਣ ਤੇ ਰੂਸ ਦੀ ਅਧਾਰ ਵਾਲੇ ਸਮਾਜਵਾਦ ਦਾ ਪਤਨ ਤੇ ਇਸ ਵਿੱਚ ਜਕੜੀ ਹੋਈ ਮਾਨਸਿਕਤਾ ਤੇ ਮਾਨਵਤਾ ਸੀ। ਇਸੇ ਤਰਾਂ ਪ੍ਰੋ.ਰਣਧੀਰ ਸਿੰਘ ਦੇ ਦਿਹਾਂਤ ਉਪਰੰਤ ਇਹੀ ਕਿਹਾ ਜਾ ਸਕਦਾ ਹੈ ਕਿ ਉਹ ਆਪਣੇ ਸਮੇਂ ਦਾ ਤੇ ਆਉਣ ਵਾਲੇ ਸਮੇਂ ਦਾ ਇੱਕ ਉੱਚਾ ਕਦਵਾਰ ਬੁੱਧੀਜੀਵੀ ਹੋ ਨਿਬੜਿਆ ਜਿਸਦਾ ਬਦਲ ਆਉਣ ਵਾਲੇ ਸਮੇਂ ਵਿੱਚ ਲੱਭ ਸਕਣਾ ਮੁਸ਼ਕਲ ਹੀ ਨਹੀਂ ਅਸੰਭਵ ਵੀ ਹੈ। ਇੱਕ ਸਿੱਖ ਹੋਣ ਦੇ ਨਾਤੇ ਪ੍ਰੋ.ਸਾਹਿਬ ਨੇ ਇਹ ਵੀ ਸਿੱਧ ਕਰ ਦਿੱਤਾ ਕਿ ਪੰਜਾਬੀ ਸਿਰਫ ਕਿਸਾਨ ਤੇ ਫੌਜੀ ਹੀ ਨਹੀਂ ਹੋਏ ਸਗੋਂ ਉੱਚ ਪੱਧਰ ਦੇ ਵਿਗਿਆਨੀ ਤੇ ਸੂਝਵਾਨ ਬੁੱਧੀਜੀਵੀ ਵੀ ਹੋਏ ਹਨ।