ਅੱਜ ਇੱਕਤੀ ਸਾਲ ਬੀਤ ਚੁਕੇ ਹਨ ਸਾਕਾ ਤੀਜਾ ਘਲੂਘਾਰਾ ਨੂੰ ਹੋਇਆ ਜਿਸਨੂੰ ਆਮ ਤੌਰ ਤੇ ਭਾਰਤੀ ਮਾਨਸਿਕ ਪ੍ਰਭਾਵ ਕਰਕੇ ਸਾਕਾ ਨੀਲਾ ਤਾਰਾ ਵਜੋਂ ਜਾਣਿਆ ਜਾਂਦਾ ਹੈ। ਪਰ ਇੱਕਤੀ ਸਾਲਾਂ ਬਾਅਦ ਵੀ ਇਸਦੇ ਅਰਥ ਤੇ ਮਹੱਤਵ ਬਾਰੇ ਸਿੱਖ ਕੌਮ ਵਿੱਚ ਅਨੇਕਾਂ ਹੀ ਦੁਬਿਧਾਵਾਂ ਤੇ ਅਸ਼ੰਕੇ ਹਨ। ਸਾਡੀ ਪੀੜੀ ਨੇ ਜਵਾਨੀ ਵਿੱਚ ਇਸ ਸਾਕੇ ਦਾ ਪ੍ਰਭਾਵ ਅਤੇ ਮਾਨਸਿਕਤਾ ਤੇ ਅਸਰ ਸਰੀਰਿਕ ਤੌਰ ਤੇ ਵੀ ਹੰਢਾਇਆ ਹੈ। ਅੱਜ ਵੀ ਇਹ ਪੂਰੀ ਤਰਾਂ ਅਰਥ ਪੂਰਵਕ ਸਾਬਿਤ ਨਹੀਂ ਹੋ ਸਕਿਆ ਕਿ ਇਸ ਸਾਕੇ ਦੌਰਾਨ ਕਿੰਨੀਆਂ ਸ਼ਹੀਦੀਆਂ ਤੇ ਮਾਨਵਤਾ ਦਾ ਕਿੰਨਾ ਘਾਣ ਹੋਇਆ। ਸਭ ਤੋਂ ਵੱਡਾ ਇਸ ਸਾਕੇ ਦਾ ਦੁਖਦਾਈ ਪਲ ਇਹ ਰਿਹਾ ਹੈ ਕਿ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ, ਜਿੰਨਾ ਨੇ ਇਸ ਸਾਕੇ ਦੌਰਾਨ ਅਗਵਾਈ ਕੀਤੀ ਤੇ ਮਾਣਮੱਤੀ ਸ਼ਹੀਦੀ ਪ੍ਰਾਪਤ ਕੀਤੀ, ਉਨਾਂ ਦੀ ਸ਼ਹੀਦੀ ਵੀ ਸਰਕਾਰਾਂ ਦੇ ਦਬਾਅ ਹੇਠ ਉਨਾਂ ਦੇ ਪਰਿਵਾਰ ਅਤੇ ਉਹ ਜਿਸ ਸੰਸਥਾ (ਦਮਦਮੀ ਟਕਸਾਲ) ਜਿਸਦੇ ਉਹ ਮੁਖੀ ਸਨ, ਨੂੰ ਵੀ ਦਬਾਈ ਰੱਖਿਆ। ਇਸਦੇ ਮੁੱਖ ਤੌਰ ਚਿੰਤਾਜਨਕ ਪਹਿਲੂ ਜੋ ਹਨ, ਉਹ ਇਸ ਮਹਾਨ ਸ਼ਹੀਦ ਦਾ ਪਰਿਵਾਰ ਅਤੇ ਜਿਸ ਸੰਸਥਾ ਦਾ ਇਹ ਮੁਖੀ ਸੀ, ਉਹ ਜਿੰਮੇਵਾਰ ਹਨ। ਅੱਜ ਭਾਵੇਂ ਉਹ ਆਪਣੀਆ ਬਚਨਬੱਧਤਾ ਤੇ ਇਸ ਮਹਾਨ ਸ਼ਹੀਦ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕਰਨ ਲਈ ਇੱਕ ਅਜਿਹਾ ਕਦਮ ਕੁਝ ਸਾਲਾਂ ਤੋਂ ਚੁੱਕ ਰਹੇ ਹਨ ਕਿ ਇਸ ਮਹਾਨ ਸ਼ਹੀਦ ਨੂੰ ਸਾਕੇ ਵਾਲੀ ਥਾਂ ਤੋਂ ਚੁੱਕ ਕੇ ਆਪਣੇ ਡੇਰੇ ਦੇ ਘੇਰੇ ਅੰਦਰ ਲੈ ਆਉਣਾ ਜਿਸਦਾ ਮਤਲਬ ਸ਼ਪਸ਼ਟ ਰੂਪ ਵਿੱਚ ਇਹ ਹੈ ਕਿ ਇਸ ਮਹਾਨ ਸ਼ਹੀਦ ਦੀ ਅਗਵਾਈ ਵਿੱਚ ਹੋਇਆ ਸਿੱਖਾਂ ਦਾ ਤੀਜਾ ਘੱਲੂਘਾਰਾ, ਨੂੰ ਵੀ ਸੰਗੋੜ ਕੇ ਅਤੇ ਛੋਟਿਆਂ ਕਰ ਕੇ ਮਹਿਤਾ ਚੌਂਕ ਦੇ ਵਿਹੜੇ ਵਿੱਚ ਲਿਆਂਦਾ ਜਾਵੇ ਜੋ ਕਿ ਅੱਜ ਦੀ ਤੇ ਪੁਰਾਤਨ ਸਰਕਾਰਾਂ ਬਹੁਤ ਚਿਰ ਤੋਂ ਉਡੀਕ ਕਰ ਰਹੀਆਂ ਸੀ।
ਅੱਜ ਇੱਕਤੀ ਸਾਲਾਂ ਬਾਅਦ ਜੇ ਨਿਗਾਹ ਮਾਰੀਏ ਤਾਂ ਇਸ ਤੀਜੇ ਘੱਲੂਘਾਰੇ ਨੂੰ ਰਾਜਨੀਤਿਕ ਮਨੋਰਥਾਂ ਲਈ ਵਰਤਿਆਂ ਤਾਂ ਵੱਡੇ ਪੱਧਰ ਤੇ ਗਿਆ ਹੈ ਪਰ ਅੱਜ ਵੀ ਸਿੱਖ ਰਾਜਨੀਤਿਕ ਜਮਾਤ ਕੋਲ ਉਸ ਮਹਾਨ ਸ਼ਹੀਦ ਦੀ ਕੁਰਬਾਨੀ ਦੀ ਕਦਰ ਲਈ ਛੇ ਜੂਨ ਜੋ ਉਸਦਾ ਸ਼ਹੀਦੀ ਦਿਹਾੜਾ ਸੀ, ਨੂੰ ਸਰਕਾਰ ਹੁੰਦਿਆ ਹੋਇਆਂ ਇੱਕ ਰਾਜ-ਪੱਧਰੀ ਛੁੱਟੀ ਵਜੋਂ ਵੀ ਐਲਾਲਣ ਤੋਂ ਗੁਰੇਜ ਕੀਤਾ ਗਿਆ ਹੈ। ਇਥੋਂ ਤੱਕ ਕੇ ਇੱਕਤੀ ਸਾਲਾਂ ਵਿੱਚ ਸ਼ਾਇਦ ਹੀ ਕਦੀ ਅਜਿਹਾ ਮੌਕਾ ਆਇਆ ਹੋਵੇ ਜਦੋਂ ਇਸ ਸਾਕੇ ਤੇ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜੋ ਕਿ ਹੁਣ ਪੰਦਰਾਂ ਸਾਲਾਂ ਦੀ ਰਾਜਸੱਤਾ ਮਾਣ ਕੇ ਵੀ ਕਿਧਰੇ ਇਨਾਂ ਸਮਾਂਗਮਾਂ ਵਿੱਚ ਸ਼ਾਮੂਲੀਅਤ ਕਰ ਲਈ ਅੱਪੜਿਆ ਹੋਵੇ। ਜੋ ਅੱਜ ਤੱਕ ਛੇ ਜੂਨ ਨੂੰ ਸਮਰਪਿਤ ਅਤੇ ਇਸ ਮਹਾਨ ਸ਼ਹੀਦ ਦੀ ਕੁਰਬਾਨੀ ਅਤੇ ਸਾਕਾ ਤੀਜਾ ਘੱਲੂਘਾਰਾ ਦੌਰਾਨ ਹੋਈਆਂ ਬੇਅੰਤ ਸ਼ਹੀਦੀਆਂ ਨੂੰ ਯਾਦ ਕਰਨ ਲਈ ਨਾ ਮਾਤਰ ਅਕਾਲ ਤਖਤ ਸਾਹਿਬ ਵਿਖੇ ਇਕੱਠ ਹੁੰਦਾ ਹੈ ਜੋ ਕਿ ਅਕਸਰ ਬੇਲੋੜੇ ਵਿਵਾਦਾਂ ਵਿੱਚ ਘਿਰ ਜਾਂਦਾ ਹੈ। ਇਹ ਪ੍ਰਥਾ ਵੀ ਜਥੇਦਾਰ ਰਣਜੀਤ ਸਿੰਘ ਦੀ ਅਕਾਲ ਤਖਤ ਦੇ ਜਥੇਦਾਰ ਵਜੋਂ ਸੇਵਾ ਨਿਭਾਉਂਦਿਆ ਸਮੇਂ ੯੦ ਦੇ ਅਖੀਰਲੇ ਸਮੇਂ ਵਿੱਚ ਸ਼ੁਰੂ ਹੋਈ ਸੀ। ਇਸ ਨੂੰ ਵੀ ਵਿਉਂਤਬੱਧ ਤਰੀਕੇ ਨਾਲ ਹੌਲੀ ਹੌਲੀ ਇੱਕ ਨਾਮਾਤਰ ਰਸਮ ਵਜੋਂ ਤੇ ਵਿਵਾਦਾਂ ਵਿੱਚ ਘਿਰੇ ਵਤੀਰੇ ਵਿੱਚ ਬਦਲ ਦਿੱਤਾ ਗਿਆ ਹੈ। ਇਸ ਸਾਕੇ ਨੂੰ ਸਮਰਪਿਤ ਕੁਝ ਸਮਾਂ ਪਹਿਲਾਂ ਦਮਦਮੀ ਟਕਸਾਲ ਵਲੋਂ ਇੱਕ ਯਾਦਗਾਰ ਵੀ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਦੇ ਨੇੜੇ ਉਸਾਰੀ ਗਈ ਹੈ। ਪਰ ਅੱਜ ਤੱਕ ਦਮਦਮੀ ਟਕਸਾਲ ਤੇ ਸਿੱਖ ਸੰਪਰਦਾਵਾਂ ਵੱਲੋਂ ਇੰਨੀ ਹਿੰਮਤ ਨਹੀਂ ਦਿਖਾਈ ਗਈ ਕਿ ਉਸ ਯਾਦਗਾਰ ਦੇ ਇਰਦ ਗਿਰਦ ਜਾਂ ਵਿੱਚ ਉਸ ਮਹਾਨ ਸ਼ਹੀਦ ਸੰਤ ਤੇ ਇਸ ਘੱਲੂਘਾਰੇ ਦੇ ਸ਼ਹੀਦਾ ਨੂੰ ਸਮਰਪਿਤ ਸਿੱਖ ਸੰਗਤ ਵੱਲੋਂ ਕੋਈ ਵੱਡਾ ਸ਼ਰਧਾਂਜਲੀ ਸਮਾਗਮ ਜਾ ਯਾਦਗਰੀ ਸੰਮੇਲਨ ਕਰਵਾਇਆ ਜਾਵੇ। ਜਦਕਿ ਹੁਣ ਦੇ ਮੌਜੂਦਾ ਦਮਦਮੀ ਟਕਸਾਲ ਦੇ ਸੰਚਾਲਕ ਬਾਬੇ ਵੱਲੋਂ ਆਪਣੇ ਨਾਮ ਨਾਲ ਭਿੰਡਰਾਂਵਾਲਾ ਦਾ ਸ਼ਬਦ ਉਲੀਕਣ ਲਈ ਥਾਂ ਥਾਂ ਇਸ਼ਤਿਹਾਰਬਾਜੀ ਤੇ ਵੱਡੀ ਪੱਧਰ ਤੇ ਪ੍ਰਚਾਰ ਰਾਹੀਂ ਇਹ ਕੋਸ਼ਿਸ ਕੀਤੀ ਜਾ ਰਹੀ ਹੈ ਕਿ ਇਹ ਤੀਜਾ ਘੱਲੂਘਾਰਾ ਦਾ ਮਹੱਤਵ ਬਦਲਕੇ ਮਹਿਤਾ ਚੌਂਕ ਦੀ ਡਿਉਂੜੀ ਵਿੱਚ ਆ ਖੜਾ ਹੋਵੇ ਜਦਕਿ ਇੱਕਤੀ ਸਾਲ ਪਹਿਲਾਂ ਇਸ ਮਹਾਨ ਸ਼ਹੀਦ ਨੇ ਸਿੱਖ ਕੌਮ ਨੂੰ ਇੱਕ ਅਜਿਹੀ ਵੰਗਾਰ ਤੇ ਜ਼ਜਬਾ ਦਿੱਤਾ ਸੀ ਜਿਸ ਤੋਂ ਮੈਂ ਵੀ ਪ੍ਰਭਾਵਤ ਹੋਇਆ ਸੀ ਤੇ ਆਪਣੀ ਜਿੰਦਗੀ ਦੇ ੨੦-੨੨ ਸਾਲ ਉਸ ਸੋਚ ਨੂੰ ਸਮਝਣ ਲਈ ਜੇਲਾ ਦੀਆਂ ਕਾਲ ਕੋਠੜੀਆਂ ਵਿੱਚ ਲਾਏ ਸਨ।
ਪਰ ਸਿੱਖ ਅੱਜ ਵੀ ਆਪਣੇ ਗੁਰੂ ਸਾਹਿਬਾਨਾਂ ਵੱਲੋਂ ਦਿੱਤੇ ਮਾਣ ਮੱਤੇ ਦਿਸ਼ਾ-ਨਿਰਦੇਸ਼ਾ ਨੂੰ ਪਾਲਣ ਤੇ ਨਿਭਾਉਣ ਲਈ ਜ਼ਿੰਦਾ ਹਨ ਤੇ ਲੰਮੇ ਸਮੇਂ ਤੋਂ ਆ ਰਹੀ ਤਰਲੇ ਮਿੰਨਤਾ ਵਾਲੀ ਸਿੱਖ ਮਾਨਸਿਕਤਾ ਨੂੰ ਤੋੜ ਕੇ ਨਵੀਂ ਵੰਗਾਰ ਪੈਦਾ ਕੀਤੀ ਹੈ। ਅੱਜ ਵੀ ਇਕੱਤੀ ਸਾਲਾਂ ਬਾਅਦ ਇਸ ਮਹਾਨ ਸ਼ਹੀਦ ਦੀ ਕੁਰਬਾਨੀ ਦਾ ਮੋੜਾ ਹਜ਼ਾਰਾਂ ਦੀ ਗਿਣਤੀ ਵਿੱਚ ਹੋਈ ਸਿੱਖ ਨੌਜਵਾਨਾਂ ਦੀ ਸ਼ਹੀਦੀ ਤੇ ਅੱਤਿਆਚਾਰ ਪੂਰਾ ਨਹੀਂ ਕਰ ਸਕੇ। ਸੰਤਾਂ ਵੱਲੋਂ ਸੋਚਿਆ ਸੰਕਲਪ ਅਤੇ ਦਿਸ਼ਾ ਨੂੰ ਉਨਾਂ ਦੀ ਹੀ ਸੰਸਥਾ ਦਮਦਮੀ ਟਕਸਾਲ ਅਤੇ ਸੰਤਾ ਦੇ ਨਿਜੀ ਪਰਿਵਾਰ ਵੱਲੋਂ ਆਪਣੇ ਪ੍ਰਭਾਵ ਅਤੇ ਉਨਾਂ ਦੇ ਸਨਮਾਨ ਕਰਕੇ ਕਿਸੇ ਕਾਮਯਾਬੀ ਦੇ ਰਾਹ ਨਹੀਂ ਪਾ ਸਕੇ।