ਪੰਜਾਬੀ ਫਿਲਮ ਜਗਤ ਅੰਦਰ ਪਿਛਲੇ ਕੁਝ ਸਾਲਾਂ ਤੋਂ ਪੰਜਾਬੀ ਫਿਲਮਾਂ ਬਣਾਉਣ ਦੇ ਰੁਝਾਨ ਵਿੱਚ ਕਾਫੀ ਵਾਧਾ ਹੋਇਆ ਹੈ। ਗਿਣਤੀ ਦੀਆਂ ਕੁਝ ਕੁ ਫਿਲਮਾਂ ਨੂੰ ਛੱਡ ਕੇ ਘਟੀਆ ਕਾਮੇਡੀ ਤੇ ਰੋਮਾਂਸ ਨੂੰ ਹੀ ਪੰਜਾਬੀ ਦਰਸ਼ਕਾਂ ਅੱਗੇ ਪੇਸ਼ ਕੀਤਾ ਜਾ ਰਿਹਾ। ਵਧੇਰੇ ਗਿਣਤੀ ਫਿਲਮਾਂ (ਪੰਜਾਬੀ) ਦਰਸ਼ਕਾਂ ਨੂੰ ਨਵੀਂ ਸੇਧ ਜਾਂ ਸੋਚ ਦੇ ਸਕਣ ਤੋਂ ਸੱਖਣੀਆਂ ਹਨ। ਪਰ ਕੁਝ ਚੰਗੇ ਵਿਸ਼ੇ ਵਾਲੀਆਂ ਫਿਲਮਾਂ ਜਿਵੇਂ ਹੁਣੇ ਰਿਲੀਜ਼ ਹੋਈ ਫਿਲਮ ਹੈ ‘ਨਾਬਰ’ ਜੋ ਪੰਜਾਬ ਦੀ ਸਧਾਰਨ ਕਿਸਾਨ ਦੀ ਜਿੰਦਗੀ ਦੀ ਹੂਬਹੂ ਤਸਵੀਰ ਪੇਸ਼ ਕਰਦੀ ਹੈ ਤੇ ਸੱਚ ਦੇ ਬਹੁਤ ਨੇੜੇ ਜਾਪਦੀ ਹੈ। ਪੰਜਾਬ ਦੀ ਜਵਾਨੀ ਤੇ ਕਿਸਾਨੀ ਦੀ ਲੁੱਟ ਵਿੱਚ ਕਿਸ ਤਰਾਂ ਰਾਜਸੀ ਨੇਤਾ ਸ਼ਾਮਲ ਹੁੰਦੇ ਹਨ, ਫਿਲਮ ਵਿੱਚ ਚੰਗੀ ਤਰਾਂ ਦਿਖਾਈਆ ਹੈ। ਪੰਜਾਬ ਦਾ ਸਧਾਰਨ ਕਿਸਾਨ ਕਿਸ ਕਦਰ ਬੀਮਾਰੀ ਤੇ ਰੋਜਮਰਾਂ ਦੀਆਂ ਜਰੂਰਤਾਂ ਵਿੱਚ ਕਰਜਈ ਹੁੰਦਾ ਜਾ ਰਿਹਾ ਹੈ; ਅਸੀਂ ਪੰਜਾਬ ਦੇ ਪਿੰਡਾਂ ਵਿੱਚ ਵਿਚਰ ਕੇ ਦੇਖ ਸਕਦੇ ਹਾਂ। ਇਸ ਫਿਲਮ ਦਾ ਸਹਿ-ਨਾਇਕ ਜਦੋਂ ਬਾਹਰ ਜਾਣ ਦੀ ਇੱਛਾਂ ਪ੍ਰਗਟ ਕਰਦਾ ਹੈ ਤਾਂ ਉਸਦਾ ਨਾਇਕ ਪਿਤਾ ਉਸਨੂੰ ਇਥੇ ਹੀ ਹੱਥੀ ਕਿਰਤ ਕਰਕੇ ਗੁਜਾਰਾ ਕਰਨ ਦੀ ਸਲਾਹ ਦਿੰਦਾ ਹੋਇਆ ਨਾਲ ਹੀ ਇਹ ਉਮੀਦ ਵੀ ਰੱਖਦਾ ਹੈ ਕਿ ਸ਼ਾਇਦ ਇੱਕ ਨਾ ਇੱਕ ਦਿਨ ਉਸਦੇ ਪੜ੍ਹੇ ਲਿਖੇ ਪੁੱਤਰ ਕੋਈ ਨੌਕਰੀ ਜਰੂਰ ਮਿਲ ਜਾਵੇਗੀ ਪਰ ਪੁੱਤਰ ਵੀ ਬੇਰੁਜ਼ਗਾਰੀ ਤੇ ਮੁਹਿੰਗਾਈ ਦੇ ਗੇੜ ਵਿੱਚ ਫਸਿਆ ਹੋਇਆ ਹੈ ਉਸਦਾ ਆਪਣੇ ਪਿਤਾ ਨੂੰ ਇਹ ਆਖਣਾ ਕਿ “ਬਾਹਰ ਜਾ ਕੇ ਬਾਪੂ ਮਿਹਨਤ ਮਜ਼ਦੂਰੀ ਦਾ ਵਾਜ਼ਬ ਮੁੱਲ ਤਾਂ ਮਿਲੂਗਾ” ਅੱਜ ਦੀ ਨੌਜਵਾਨੀ ਦੇ ਵਿਚਾਰਾਂ ਦੀ ਤਰਜਮਾਨੀ ਕਰਦਾ ਹੈ ਕਿ ਪੰਜਾਬ ਅੰਦਰ ਮਿੱਟੀ ਨਾਲ ਮਿੱਟੀ ਹੋ ਕਿ ਵੀ ਜਦੋਂ ਕਿਰਤੀ ਤੇ ਕਿਸਾਨ ਰੋਜ਼ਮਰਾਂ ਦੀਆਂ ਜਰੂਰਤਾਂ ਪੂਰੀਆਂ ਕਰਨ ਤੋਂ ਆਤੁਰ ਹੋ ਜਾਂਦਾ ਹੈ ਤਾਂ ਉਹ ਬਾਹਰ ਨੂੰ ਜਾਣ ਦੀ ਸੋਚਦਾ ਹੋਇਆ ਗੁਰਬਤ ਦੀਆਂ ਲੀਰਾਂ ਨੂੰ ਗਲੋਂ ਲਾਹੁਣਾ ਚਾਹੁੰਦਾ ਹੈ ਤੇ ਬਾਹਰ ਜਾਣ ਲਈ ਉਹ ਹਰੇਕ ਜਾਇਜ਼ ਤੇ ਨਜਾਇਜ਼ ਤਰੀਕਾ ਅਪਣਾਉਦਾ ਹੈ ਤੇ ਇਸ ਮੰਝਦਾਰ ਵਿੱਚ ਫਸੀ ਪੰਜਾਬ ਦੀ ਜਵਾਨੀ ਦਾ ਫਾਇਦਾ ਚੱਢੇ ਵਰਗੇ ਦਲਾਲ ਉਠਾਉਦੇ ਹਨ ਤੇ ਉਹਨਾਂ ਦੀ ਗੈਰ-ਕਾਨੂੰਨੀ ਢੰਗਾਂ ਨਾਲ ਮੱਦਦ ਕਰਦੇ ਹਨ ਰਾਜਸੀ ਨੇਤਾ।
ਸੱਚ ਮੁੱਚ ਹੀ ਪੰਜਾਬ ਦੇ ਪਾਣੀ ਤੇ ਹਵਾ ਹੀ ਗੰਧਲੇ ਨਹੀਂ ਹੋਏ ਇੱਥੇ ਰਹਿਣ ਵਾਲੇ ਇਨਸਾਨਾਂ ਦੀ ਸੋਚ ਵੀ ਗੰਧਲੀ ਹੋ ਗਈ ਹੈ। ਪੰਜਾਬ ਦਾ ਨੌਜਵਾਨ ਵਰਗ ਬੇਰੁਜ਼ਗਾਰੀ ਦਾ ਮਾਰਿਆ ਹੋਇਆ ਨਸ਼ਿਆਂ ਦੇ ਰਾਹ ਪੈ ਗਿਆ ਹੈ। ਦਸਾਂ ਗੁਰੂਆਂ ਤੇ ਮਹਾਨ ਸੰਤਾਂ-ਫਕੀਰਾਂ ਦੀ ਛੋਹ ਪ੍ਰਾਪਤ ਇਹ ਧਰਤੀ ਵਿੱਚ ਨਸ਼ੇ ਦਾ ਛੇਵਾਂ ਦਰਿਆ ਵਗਦਾ ਹੈ ਜਿਸ ਦੇ ਵਹਿਣ ਅੰਦਰ ਇਥੋਂ ਦਾ ਹਰ ਤੀਸਰਾ ਘਰ ਵਹਿ ਚੱਲਿਆਂ ਹੈ। ਭਾਵੇਂ ਪੰਜਾਬ ਅੰਦਰ ਪਹਿਲਾਂ ਨਾਲੋਂ ਕਈ ਗੁਣਾਂ ਵੱਧ ਵਿੱਦਿਅਕ ਅਦਾਰੇ ਖੁੱਲੇ ਹਨ ਪਰ ਅਜੋਕੇ ਨੌਜਵਾਨਾਂ ਡਿਗਰੀਆਂ ਦੇ ਭੰਡਾਰ ਇਕੱਠੇ ਕਰਨ ਤੋਂ ਬਾਅਦ ਜਦ ਨੌਕਰੀ ਲਈ ਥਾਂ ਥਾਂ, ਠੋਕਰਾਂ ਖਾਂਦੇ ਹਨ ਤਾਂ ਉਹਨਾਂ ਦੇ ਪੱਲੇ ਨਮੋਸ਼ੀ ਹੀ ਪੈਂਦੀ ਹੈ ਅਜਿਹੇ ਹਾਲਾਤ ਵਿੱਚ ਉਹ ਜਾਂ ਤਾਂ ਬਾਹਰ ਜਾਣ ਲਈ ਢੰਗ-ਤਰੀਕੇ ਅਪਣਾਉਂਦੇ ਹਨ ਜਾਂ ਨਮੋਸ਼ੀ ਭਰੀ ਜਿੰਦਗੀ ਨੂੰ ਹੁਲਾਰਾ ਦਿੰਦੇ ਹਨ ਨਸ਼ਿਆਂ ਨਾਲ। ਨੌਜਵਾਨ ਵਰਗ ਦੀ ਰਹਿਨੁਮਾਂਈ ਲਈ ਨਾਂ ਤਾਂ ਕੋਈ ਯੋਗ ਰਾਜਸੀ ਨੇਤਾ ਸਾਹਮਣੇ ਆਇਆ ਹੈ ਤੇ ਨਾ ਹੀ ਸਰਕਾਰਾਂ ਨੇ ਕੋਈ ਅਜਿਹੇ ਮੌਕੇ ਮੁੱਹਈਆ ਕੀਤੇ ਹਨ, ਜਿਥੇ ਨੌਜਵਾਨੀ ਨੂੰ ਕਿਰਤ ਦੇ ਨਾਲ ਨਾਲ ਸਹੀ ਸੇਧ ਦਿੱਤੀ ਜਾ ਸਕੇ। ਪੰਜਾਬ ਦਾ ਕਿਸਾਨ ਅਜੇ ‘ਨਾਬਰ’ ਦੇ ਨਾਇਕ ਦੀ ਤਰਾਂ ਮਿਹਨਤ ਤੋਂ ਭੱਜਿਆ ਨਹੀਂ ਹੈ ਉਹ ਪੰਜ ਏਕੜਾਂ ਵਿੱਚ ਵੀ ਗੁਜ਼ਾਰਾ ਕਰਨਾ ਚਾਹੁੰਦਾ ਹੈ ਤੇ ਨਾਲ ਕੋਈ ਹੋਰ ਸਹਿ-ਧੰਧਾ ਅਪਣਾਉਣਾ ਚਾਹੁੰਦਾ ਹੈ; ਨਾਇਕ ਦੁਆਰਾ ਕਹੇ ਇਹ ਸ਼ਬਦ ਕਿ “ਕਿਲ੍ਹੇ (ਏਕੜ) ਕਿਹੜਾ ਹਿੱਕ ਤੇ ਬੰਨ ਕੇ ਨਾਲ ਲੈ ਜਾਣੇ ਹਨ, ਖਾਣੀ ਤਾਂ ਰੋਟੀ ਹੀ ਹੈ” ਪੰਜਾਬ ਦੇ ਕਿਸਾਨ ਦੇ ਸਬਰ-ਸੰਤੋਖ ਦੀ ਹਾਮੀ ਭਰਦੇ ਹਨ। ਪਰ ਸਹਿ ਨਾਇਕ (ਨੌਜਵਾਨ ਵਰਗ) ਵੀ ਹੁਣ ਚੇਤੰਨ ਹੈ ਉਹ ਜਾਣਦਾ ਹੈ ਭਲੀ-ਭਾਂਤ ਭਵਿੱਖ ਦੀਆਂ ਮੁਸ਼ਕਲਾਂ ਨੂੰ ਤੇ ਉਸਦਾ ਆਪਣੇ ਬਾਪ ਨੂੰ ਕਹਿਣਾ ਕਿ “ਬਾਪੂ ਪੰਜਾਂ ਕਿਲਿਆਂ ਨਾਲ ਤਾਂ ਆਈ-ਚਲਾਈ ਹੀ ਚੱਲਦੀ ਹੈ” ਤਰਜ਼ਮਾਨੀ ਕਰਦਾ ਹੈ, ਮਹਿੰਗਾਈ ਦੀ ਬੇਰੁਜ਼ਗਾਰੀ ਦੀ ਉਹ ਆਪਣੀ ਮਿਹਨਤ ਦਾ ਵਾਜ਼ਬ ਮੁੱਲ ਚਾਹੁੰਦਾ ਹੈ। ਭਾਵੇਂ ਰਾਜਸੀ ਨੇਤਾ ਹਰ ਸਮੱਸਿਆ ਦਾ ਹੱਲ ਪੈਸੇ ਨਾਲ ਈਮਾਨਦਾਰੀ ਨੂੰ ਖਰੀਦ ਕੇ ਕਰਨਾ ਚਾਹੁੰਦਾ ਹੈ ਪਰ ਮੁੱਖ ਨਾਇਕ ਦੇ ਸ਼ਬਦ “ਐਮ.ਐਲ.ਏ. ਸਾਬ ਮੈਂ ਪੁੱਤ ਦੀ ‘ਮੜ੍ਹੀ ਨਹੀਂ ਵੇਚਣੀ’ ਅੱਜ ਵੀ ਪੰਜਾਬ ਦੇ ਮਿਹਨਤੀ ਲੋਕਾਂ ਦੀ ਅਣਖ ਤੇ ਈਮਾਨਦਾਰੀ ਦੀ ਤਰਜ਼ਮਾਨੀ ਕਰਦੇ ਹਨ।
ਇਨਾਂ ਸਾਰੀਆਂ ਘਟਨਾਵਾਂ ਵਿੱਚ ਔਰਤ ਦੀ ਸੰਵੇਦਨਸ਼ੀਲਤਾਂ ਵੀ ਸਾਹਮਣੇ ਆਉਂਦੀ ਹੈ ਅੱਜ ਦੀ ਔਰਤ ਬੇਹੱਦ ਸੰਵੇਦਨਸ਼ੀਲ ਹੋ ਕੇ ਵੀ ਬਹਾਦਰ ਹੈ ਉਹ ਬਦਲਾ ਲੈਣਾ ਜਾਣਦੀ ਹੈ। ਔਰਤ ਦੀ ਘਰ ਦੇ ਅੰਦਰ ਆਪਣੀ ਹੀ ਦੁਨੀਆਂ ਹੁੰਦੀ ਹੈ ਜਿੱਥੇ ਉਹ ਮਾਂ, ਭੈਣ, ਪਤਨੀ, ਪ੍ਰੇਮਕਾ ਦੇ ਕਈ ਰੂਪ ਨਿਭਾਉਂਦੀ ਹੈ। ਔਰਤ ਆਪਣੇ ਆਲੇ-ਦੁਆਲੇ ਉਸਾਰੇ ਸੰਸਾਰ ਵਿੱਚ ਇਸ ਕਦਰ ਗੁਆਚ ਜਾਂਦੀ ਹੈ ਕਿ ਉਹ ਕਈ ਵਾਰ ਸੱਚ ਨੂੰ ਮੰਨਣ ਤੋਂ ਇਨਕਾਰੀ ਹੋ ਜਾਂਦੀ ਹੈ ਜਿਸ ਤਰਾਂ ‘ਨਾਬਰ’ ਦੀ ਮੁੱਖ ਨਾਇਕਾ ਸਿੰਦਰ ਕੌਰ ਆਪਣੇ ਸਾਹਾਂ ਵਿੱਚ ਵਸਦੇ ਪੁੱਤਰ ਨੂੰ ਆਰਥਿਕ ਮਜਬੂਰੀਆਂ ਕਰਕੇ ਵਿਦੇਸਾਂ ਵਿੱਚ ਤਾਂ ਭੇਜਦੀ ਹੈ ਪਰ ਚੱਢੇ ਵਰਗੇ ਗਲਤ ਏਜੰਟਾਂ ਦੇ ਹੱਥ ਚੜ੍ਹ ਜਾਣ ਤੇ ਅਣਖੀ ਪੁੱਤਰ ਜਦੋਂ ਆਪਣੀ ਮਿਹਨਤ ਮਜ਼ਦੂਰੀ ਦੇ ਪੈਸੇ ਵਾਪਸ ਮੰਗਦਾ ਹੈ ਤਾਂ ਆਪਣੀ ਜਾਨ ਤੋਂ ਹੱਥ ਧੋ ਬੈਠਦਾ ਹੈ। ਪਰ ਮਾਂ ਆਪਣੇ ਜਵਾਨ ਪੁੱਤਰ ਦੀ ਮੌਤ ਸਵੀਕਾਰ ਨਹੀਂ ਕਰਦੀ ਤੇ ਸਦਮੇ ਵਿੱਚ ਆਪਣੇ ਹੀ ਝੂਠੇ ਸੰਸਾਰ ਵਿੱਚ ਵਿਚਰਦੀ ਹੋਈ ਆਪਣੇ ਪੁੱਤ ਦੇ ਵਿਆਹ ਦੀ ਉਡੀਕ ਕਰਦੀ ਹੈ। ਮੁੱਖ ਨਾਇਕਾਂ ਨੇ ਅੱਜ ਦੀ ਪੰਜਾਬ ਕਿਸਾਨ ਔਰਤ ਦੀ ਤਸਵੀਰ ਨੂੰ ਉਜਾਗਰ ਕੀਤਾ ਹੈ। ਜਦੋਂ ਇਹ ਸਧਾਰਨ ਮਿਹਨਤੀ ਔਰਤ ਸਦਮੇ ਵਿਚੋਂ ਬਾਹਰ ਆਉਂਦੀ ਹੈ ਤਾਂ ਆਖਦੀ ਹੈ ‘ਛੱਡੀ ਨਾਂ ਉਨਾਂ ਨੂੰ ਜਿੰਨਾਂ ਨੇ ਮੇਰੇ ਪੁੱਤ ਨੂੰ ਮਾਰਤਾ’ ਸਧਾਰਨ ਔਰਤ ਦੀ ਦਲੇਰੀ ਨੂੰ ਦਰਸਾਉਂਦੇ ਹਨ। ਸੱਚ ਤਾਂ ਇਹ ਹੈ ਕਿ ਅੱਜ ਵੀ ਪੰਜਾਬ ਦਾ ਕਿਸਾਨ ਤੇ ਜਵਾਨ ਮਿਹਨਤ ਤੋਂ ਨਾਬਰ ਨਹੀਂ ਹੋਇਆ। ਉਸਦੇ ਅੰਦਰ ਦੀ ਅਣਖ ਮਰੀ ਨਹੀਂ ਤੇ ਨਾ ਹੀ ਉਹ ਪੈਸੇ ਦੇ ਮੋਹ ਵਿੱਚ ਆਪਣੀ ਜ਼ਮੀਰ ਨੂੰ ਮਾਰ ਕੇ ਜਿਉਂਣਾ ਚਾਹੁੰਦਾ ਹੈ ਪਰ ਅੱਜ ਦੀ ਗੰਧਲੀ ਸਿਆਸਤ ਅਤੇ ਲੀਡਰਸ਼ਿਪ ਦੇ ਸਾਹਮਣੇ ਪੰਜਾਬ ਦੀ ਜਵਾਨੀ ਤੇ ਅਣਖ ਹਾਰ ਰਹੀ ਹੈ। ਹਰੇਕ ਇਨਸਾਨ ਮੂੰਹ ਬੰਦ ਰੱਖਣ ਵਿੱਚ ਹੀ ਬਿਹਤਰੀ ਸਮਝਦਾ ਹੈ ਜੇ ਕੋਈ ਨਾਬਰ ਦੇ ਨਾਇਕ ਵਾਂਗ ਉੱਚ ਵਰਗ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰਦਾ ਵੀ ਹੈ ਤਾਂ ਉਸਨੂੰ ਕੁਚਲ ਜਾਂ ਡਰਾ ਦਿੱਤਾ ਜਾਂਦਾ ਹੈ। ਪਰ ਅੱਜ ਜਰੂਰਤ ਹੈ ਸਮਾਜ ਨੂੰ ਚੰਗੀ ਲੀਡਰਸ਼ਿਪ ਦੀ ਜੋ ਕਿਰਤੀ ਤੇ ਕਿਸਾਨ ਨੂੰ ਮਿਹਨਤ ਦਾ ਮੁੱਲ ਦੇ ਸਕੇ ਅਤੇ ਨੌਜਵਾਨ ਵਰਗ ਨੂੰ ਯੋਗ ਅਗਵਾਈ ਦੇ ਸਕੇ ਤਾਂ ਜੋ ਪੰਜਾਬ ਦੀ ਜਵਾਨੀ ਨਸ਼ਿਆਂ ਦੇ ਰਾਹ ਨਾ ਪਵੇ ਤੇ ਕਿਰਤੀ ਕਿਸਾਨ ਖੁਦਕਸ਼ੀਆਂ ਦੇ ਰਾਹ ਨਾ ਪਵੇ।