ਹਾਲ ਹੀ ਵਿਚ ਹੋਈਆਂ ਸੰਗਰੂਰ ਜ਼ਿਮਨੀ ਚੋਣਾਂ ਵਿਚ ਭਗਵੰਤ ਮਾਨ ਦੇ ਗੜ੍ਹ ਤੋਂ, ਜਿੱਥੋਂ ਦੋ ਵਾਰ ਭਾਰੀ ਬਹੁਮਤ ਨਾਲ ਚੁਣ ਕੇ ਲੋਕਾਂ ਨੇ ਉਸ ਨੂੰ ਸੰਸਦ ਪਹੁੰਚਾਇਆ ਸੀ, ਆਮ ਆਦਮੀ ਪਾਰਟੀ ਮਹਿਜ਼ ਤਿੰਨ ਮਹੀਨੇ ਪਹਿਲਾਂ ਹੀ ਵਿਧਾਨ ਸਭਾ ਵਿਚ ਭਾਰੀ ਬਹੁਮਤ ਨਾਲ ਜਿੱਤਣ ਦੇ ਬਾਵਜੂਦ ਤੀਜੀ ਵਾਰ ਸੀਟ ਕੱਢਣ ਵਿਚ ਨਾਕਾਮਯਾਬ ਰਹੀ।ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਲੋਕ ਸਭਾ ਸੀਟ ਆਪਣੇ ਨੇੜਲੇ ਵਿਰੋਧੀ ਗੁਰਮੇਲ ਸਿੰਘ ਨੂੰ ੫,੮੨੨ ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਲਈ ਜਿਸ ਨਾਲ ਪੰਜਾਬ ਵਿਚ ਰਾਜ ਕਰ ਰਹੀ ਆਮ ਆਦਮੀ ਪਾਰਟੀ ਨੂੰ ਕਾਫੀ ਜ਼ੋਰਦਾਰ ਧੱਕਾ ਲੱਗਿਆ ਹੈ।ਸਤੱਤਰ ਵਰ੍ਹਿਆਂ ਦੇ ਸਿਮਰਨਜੀਤ ਸਿੰਘ ਮਾਨ ਨੇ ੨੩ ਸਾਲਾਂ ਦੇ ਅਰਸੇ ਤੋਂ ਬਾਅਦ ਆਪਣੀ ਸੀਟ ਜਿੱਤੀ ਹੈ।ਅਧਿਕਾਰਿਕ ਰਿਪੋਰਟਾਂ ਅਨੁਸਾਰ ਮਾਨ ਨੂੰ ੨,੫੩,੧੫੪ ਵੋਟਾਂ ਪ੍ਰਾਪਤ ਹੋਈਆਂ ਜਦੋਂ ਕਿ ਉਸ ਦੇ ਨੇੜਲੇ ਵਿਰੋਧੀ ਗੁਰਮੇਲ ਸਿੰਘ ਨੂੰ ੨,੪੭,੩੩੨ ਵੋਟਾਂ ਮਿਲੀਆਂ।੨੦੧੪ ਅਤੇ ੨੦੧੯ ਵਿਚ ਹੋਈਆਂ ਲੋਕ ਸਭਾ ਚੋਣਾਂ, ਜਿਸ ਵਿਚ ਕ੍ਰਮਵਾਰ ੭੬.੭੧ ਪ੍ਰਤੀਸ਼ਤ ਅਤੇ ੭੨.੪੪ ਪ੍ਰਤੀਸ਼ਤ ਪੋਲੰਿਗ ਹੋਈ, ਦੇ ਮੁਕਾਬਲੇ ਇਨ੍ਹਾਂ ਚੋਣਾਂ ਵਿਚ ਮਹਿਜ਼ ੪੫.੩੦ ਪ੍ਰਤੀਸ਼ਤ ਪੋਲੰਿਗ ਹੋਈ।
ਸਿਮਰਨਜੀਤ ਸਿੰਘ ਮਾਨ ਨੇ ਆਪਣੀ ਜਿੱਤ ਦਾ ਸਿਹਰਾ ਸੰਗਰੂਰ ਦੇ ਲੋਕਾਂ, ਅਦਾਕਾਰ ਅਤੇ ਕਾਰਕੁੰਨ ਦੀਪ ਸਿੱਧੂ ਅਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਸਿਰ ਬੰਨ੍ਹਿਆਂ ਜਿਨ੍ਹਾਂ ਨੇ “ਸਿੱਖ ਕੌਮ ਲਈ ਆਪਣੀ ਜਾਨ ਦਿੱਤੀ।” ਸੱਤਾਧਾਰੀ ਆਮ ਆਦਮੀ ਪਾਰਟੀ ਲਈ ਇਹ ਜ਼ਿਮਨੀ ਚੋਣ ਇੱਜਤ ਦਾ ਸੁਆਲ ਸੀ ਕਿ ਉਨ੍ਹਾਂ ਨੇ ਆਪਣਾ ਗੜ੍ਹ ਬਚਾ ਕੇ ਰੱਖਣਾ ਹੈ ਜਦੋਂ ਕਿ ਵਿਰੋਧੀ ਪਾਰਟੀਆਂ ਕਾਂਗਰਸ, ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਚੋਣਾਂ ਵਿਚ ਹਾਰ ਦਾ ਮੂੰਹ ਦੇਖਣ ਤੋਂ ਬਾਅਦ ਜਿੱਤ ਦੀ ਉਮੀਦ ਲਗਾਈ ਬੈਠੇ ਸਨ।ਜ਼ਿਮਨੀ ਚੋਣਾਂ ਵਿਚ ਮਿਲੀ ਹਾਰ ਨੇ ਆਮ ਆਦਮੀ ਪਾਰਟੀ ਦੀ ਲੋਕਪ੍ਰਿਯਤਾ ਕਾਫੀ ਘਟਾਈ ਹੈ ਕਿਉਂਕਿ ਤਿੰਨ ਮਹੀਨੇ ਪਹਿਲਾਂ ਹੀ ਪਾਰਟੀ ਨੇ ਸੂਬੇ ਵਿਚ ਵਿਕਾਸ ਕਰਨ, ਭ੍ਰਿਸ਼ਟਾਚਾਰ ਵਿਰੱੁਧ ਸਖਤ ਕਾਰਵਾਈ ਕਰਨ, ਨਜ਼ਾਇਜ ਖਣਨ ਅਤੇ ਹੋਰ ਮਾਫੀਆਂ ਨੂੰ ਨੱਥ ਪਾਉਣ ਦੇ ਨਾਂ ’ਤੇ ਵੋਟਾਂ ਮੰਗ ਕੇ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕੀਤੀ ਸੀ।
ਸੰਗਰੂਰ ਜ਼ਿਮਨੀ ਚੋਣ ਦੇ ਨਤੀਜੇ ਇਸ ਪੱਖੋਂ ਵੀ ਮਹੱਤਵਪੂਰਨ ਹਨ ਕਿ ਹਾਲ ਹੀ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਰੱਖੀ ਗਈ ਇਕ ਮੀਟਿੰਗ ਵਿਚ ਸਿਮਰਨਜੀਤ ਸਿੰਘ ਮਾਨ ਨੇ ਇਕ ਵਾਰ ਫੇਰ ਖਾਲਿਸਤਾਨ ਦਾ ਨਾਅਰਾ ਲਗਾਇਆ ਸੀ।ਉਸ ਦੇ ਟਵਿੱਟਰ ਪ੍ਰੋਫਾਈਲ ਤੋਂ ਵੀ ਪਤਾ ਲੱਗਦਾ ਹੈ ਕਿ ਉਹ ਸਿੱਖਾਂ ਲਈ ਖਾਲਿਸਤਾਨ ਅਤੇ ਖੁਦਮੁਖ਼ਤਿਆਰ ਸੂਬੇ ਦੇ ਮੰਗ ਕਰਦਾ ਹੈ।ਮਾਨ ਨੇ ਇਸ ਮੀਟਿੰਗ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਖਾਲਿਸਤਾਨ ਦੀ ਮੰਗ ਨੂੰ ਸਮਰਥਨ ਦੇਣ ਦੀ ਮੰਗ ਕੀਤੀ ਸੀ ਅਤੇ ਉਸ ਦਾਅਵਾ ਕੀਤਾ ਕਿ ਇਸ ਸੰਬੰਧੀ ਪ੍ਰਸਤਾਵ ੧੯੪੬ ਵਿਚ ਪਾਸ ਕੀਤਾ ਗਿਆ ਸੀ।ਗਾਇਕ ਅਤੇ ਕਾਂਗਰਸ ਨੇਤਾ ਸਿੱਧੂ ਮੂਸੇਵਾਲਾ ਦੇ ਬੇਰਹਿਮ ਕਤਲ ਨੂੰ ਵੀ ਆਮ ਆਦਮੀ ਪਾਰਟੀ ਦੀ ਹਾਰ ਦਾ ਕਾਰਣ ਮੰਨਿਆ ਜਾ ਰਿਹਾ ਹੈ।ਗਾਇਕ ਦੇ ਸਮਰਥਕਾਂ ਅਤੇ ਪ੍ਰਸ਼ੰਸਕਾਂ ਨੇ ਸੱਤਾਧਾਰੀ ਪਾਰਟੀ ਨੂੰ ਉਸ ਦੇ ਕਤਲ ਲਈ ਜ਼ਿੰਮੇਵਾਰ ਮੰਨਿਆ ਕਿਉਂ ਕਿ ਉਸ ਦੇ ਕਤਲ ਤੋਂ ਇਕ ਦਿਨ ਪਹਿਲਾਂ ਉਸ ਦੀ ਸੁਰੱਖਿਆ ਘਟਾਉਣ ਦੀ ਖਬਰ ਸੋਸ਼ਲ ਮੀਡੀਆ ਉੱਪਰ ਵਾਇਰਲ ਕਰਕੇ ਉਨ੍ਹਾਂ ਨੇ ਉਸ ਦੀ ਜਾਨ ਨੂੰ ਖਤਰੇ ਵਿਚ ਪਾ ਦਿੱਤਾ ਸੀ।
ਆਮ ਆਦਮੀ ਪਾਰਟੀ ਲਈ ਸੰਗਰੂਰ ਜ਼ਿਮਨੀ ਚੋਣ ਦਾ ਸਭ ਤੋਂ ਵੱਡਾ ਅਸਰ ਇਹ ਹੈ ਕਿ ਹੁਣ ਪਾਰਟੀ ਦੀ ਲੋਕ ਸਭਾ ਵਿਚ ਕੋਈ ਪ੍ਰਤੀਨਿਧਤਤਾ ਨਹੀਂ ਹੈ।ਇਸ ਹਾਰ ਨੇ ਪਾਰਟੀ ਲਈ ਇਹ ਸੰਦੇਸ਼ ਵੀ ਭੇਜਿਆ ਹੈ ਕਿ ਲੋਕ ਇਸ ਦੇ ਸਮਰਥਨ ਵਿਚ ਨਹੀਂ ਹਨ।ਇਹ ਹਾਰ ਭਗਵੰਤ ਮਾਨ ਦੀ ਲੀਡਰਸ਼ਿਪ ਉੱਪਰ ਵੀ ਵੱਡਾ ਸੁਆਲ ਉਠਾਉਂਦੀ ਹੈ। ਇਹ ਹਾਰ ਉਸ ਸਮੇਂ ਹੋਈ ਹੈ ਜਦੋਂ ਪਾਰਟੀ ਪੂਰੇ ਜੋਰ ਸ਼ੋਰ ਨਾਲ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਉੱਪਰ ਨਿਗ੍ਹਾ ਟਿਕਾਈ ਬੈਠੀ ਹੈ ਅਤੇ ਹੋਰ ਸੂਬਿਆਂ ਵਿਚ ਵੀ ਆਪਣਾ ਵਿਸਥਾਰ ਕਰਨਾ ਚਾਹੁੰਦੀ ਹੈ।ਸਿੱਖ ਪੰਥ ਦੀ ਵੋਟ ਦਾ ਇਕੱਠਾ ਹੋਣਾ, ਸਿੱਧੂ ਮੂਸੇਵਾਲਾ ਦਾ ਕਤਲ, ਭਗਵੰਤ ਮਾਨ ਦਾ ਦਿੱਲੀ ਦੇ ਮੁੱਖ ਮੰਤਰੀ ਦੀ ਰਬੜ ਸਟੈਂਪ ਬਣ ਕੇ ਰਹਿ ਜਾਣਾ, ਲੋਕਾਂ ਦਾ ਘੱਟ ਵੋਟਾਂ ਪਾਉਣਾ ਅਤੇ ਵਿਰੋਧੀ ਧਿਰਾਂ ਦੀ ਅਸਫਲਤਾ, ਇਹ ਸਾਰੇ ਕਾਰਜ਼ ਸੱਤਾਧਾਰੀ ਪਾਰਟੀ ਦੀ ਹਾਰ ਲਈ ਜ਼ਿੰਮੇਵਾਰ ਕਹੇ ਜਾ ਸਕਦੇ ਹਨ।
ਸੰਗਰੂਰ ਜ਼ਿਮਨੀ ਚੋਣਾਂ ਦਾ ਨਤੀਜਾ ਇਹ ਵੀ ਇਹ ਯਾਦ ਦਆਉਂਦਾ ਹੈ ਕਿ ਰਾਜਨੀਤੀ ਵਿਚ ਕੁਝ ਵੀ ਸਥਾਈ ਨਹੀਂ ਹੈ।ਆਮ ਆਦਮੀ ਪਾਰਟੀ ਸੂਬੇ ਵਿਚ ਅਮਨ ਕਾਨੂੰਨ ਦੀ ਸਥਿਤੀ ਬਹਾਲ ਨਾ ਕਰਨ ਕਰਕੇ ਵੀ ਹਾਰੀ ਹੈ।ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਬਹੁਮਤ ਨਾਲ ਜਿਤਾਉਣ ਤੋਂ ਬਾਅਦ ਲੋਕਾਂ ਨੇ ਉਮੀਦ ਕੀਤੀ ਸੀ ਕਿ ਸੂਬੇ ਵਿਚੋਂ ਗੈਂਗ ਵਾਰ ਅਤੇ ਸੰਪ੍ਰਦਾਇਕ ਝਗੜਿਆਂ ਦਾ ਅੰਤ ਹੋਵੇਗਾ ਅਤੇ ਉਨ੍ਹਾਂ ਨੂੰ ਸਾਫ ਸੁਥਰਾ ਪ੍ਰਸ਼ਾਸਨ ਮਿਲੇਗਾ।ਆਮ ਆਦਮੀ ਪਾਰਟੀ ਨੇ ਨਸ਼ੇ ਨਾਲ ਹੁੰਦੀਆਂ ਮੌਤਾਂ, ਕਿਸਾਨ ਖੁਦਕੁਸ਼ੀਆਂ ਨੂੰ ਰੋਕਣ ਦਾ ਵਾਅਦਾ ਕੀਤੀ ਸੀ।ਪਰ, ਸੂਬੇ ਵਿਚ ਨਸ਼ੇ ਦਾ ਵਪਾਰ ਉਸੇ ਤਰਾਂ ਹੀ ਚੱਲ ਰਿਹਾ ਹੈ ਜਿਸ ਨੂੰ ਨਸ਼ੇ ਦੀ ਓਵਰਡੋਜ਼ ਕਰਕੇ ਨਿੱਤ ਨਵੀਆਂ ਹੁੰਦੀਆਂ ਮੌਤਾਂ ਦੇ ਰੂਪ ਵਿਚ ਦੇਖਿਆ ਜਾ ਸਕਦਾ ਹੈ।ਕਿਸਾਨ ਖੁਦਕੁਸ਼ੀਆਂ ਵੀ ਉਸੇ ਤਰਾਂ ਹੀ ਹੋ ਰਹੀਆਂ ਹਨ।ਅਸਲ ਵਿਚ ਪੰਜਾਬ ਦੇ ਲੋਕਾਂ ਵਿਚ ਇਹ ਗੱਲ ਵੀ ਘਰ ਕਰਦੀ ਜਾ ਰਹੀ ਹੈ ਕਿ ਆਮ ਆਦਮੀ ਪਾਰਟੀ ਦਿੱਲੀ ਤੋਂ ਚਲਾਈ ਜਾ ਰਹੀ ਹੈ ਅਤੇ ਮਾਨ ਕੇਜਰੀਵਾਲ ਦਾ ਮੋਹਰਾ ਹੀ ਬਣ ਕੇ ਰਹਿ ਗਿਆ ਹੈ।
ਸਿਮਰਨਜੀਤ ਸਿੰਘ ਮਾਨ ਦੀ ਜਿੱਤ ਪਿੱਛੇ ਵੱਡਾ ਰਾਜਨੀਤਿਕ ਸੰਦੇਸ਼ ਹੈ ਕਿ ਲੋਕਾਂ ਨੇ ਇਕ ਵਾਰ ਫਿਰ ਤੋਂ ਮੁੱਖਧਾਰਾ ਦੀਆਂ ਪਾਰਟੀਆਂ ਨੂੰ ਨਕਾਰਿਆ ਹੈ ਅਤੇ ਉਸ ਹਾਸ਼ੀਆਗ੍ਰਤ ਸਮੂਹ ਨੂੰ ਵੋਟ ਦੇਣ ਦਾ ਫੈਸਲਾ ਕੀਤਾ ਜਿਸ ਨੇ ਪਿਛਲੇ ਦੋ ਦਹਾਕਿਆਂ ਤੋਂ ਕੋਈ ਵੋਟ ਨਹੀਂ ਜਿੱਤੀ।ਲੋਕ ਹਾਲੇ ਵੀ ਮੁੱਖ ਪਾਰਟੀਆਂ ਕਾਂਗਰਸ, ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਅੱਕੇ ਹੋਏ ਹਨ।ਇਹਨਾਂ ਚੋਣਾਂ ਵਿਚ ਮਾਨ ਨੇ ਖਾਲਿਸਤਾਨ ਦਾ ਨਾਅਰਾ ਨਹੀਂ ਲਗਾਇਆ।ਬਲਕਿ ਉਸ ਨੇ ਪੰਜਾਬ ਦੇ ਸੰਘੀ ਹੱਕਾਂ ਦੀ ਗੱਲ ਕੀਤੀ ਜੋ ਕਿ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਚਰਚਾ ਵਿਚ ਆ ਗਏ ਹਨ।ਪੰਜਾਬ ਵਿਚ ਅਜੇ ਵੀ ਵੱਡੀ ਗਿਣਤੀ ਸਿੱਖ ਪੰਥ ਦੇ ਨਾਂ ਉੱਤੇ ਵੋਟ ਪਾਉਂਦੀ ਹੈ ਅਤੇ ਮਾਨ ਦੀ ਜਿੱਤ ਨੂੰ ਸਿੱਖ ਪੰਥ ਦੀ ਵੋਟ ਪੱਕੀ ਹੋਣ ਦੇ ਰੂਪ ਵਿਚ ਵੀ ਦੇਖਿਆ ਜਾ ਰਿਹਾ ਹੈ।ਇਸ ਸੰੰਬੰਧੀ ਕੋਸ਼ਿਸ਼ਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੁਆਰਾ ਵੀ ਕੀਤੀ ਗਈਆਂ, ਪਰ ਉਨ੍ਹਾਂ ਨੂੰ ਇਸ ਵਿਚ ਕੋਈ ਸਫਲਤਾ ਨਾ ਮਿਲੀ।ਬਹੁਤ ਸਾਰੇ ਲੋਕਾਂ ਦਾ ਡਰ ਇਹ ਵੀ ਹੈ ਕਿ ਮਾਨ ਦੀ ਜਿੱਤ ਤੋਂ ਬਾਅਦ ਧਰਮ ਅਧਾਰਿਤ ਰਾਜਨੀਤੀ ਪੰਜਾਬ ਵਿਚ ਮੁੱਖ ਸਥਾਨ ਪ੍ਰਾਪਤ ਕਰ ਸਕਦੀ ਹੈ।ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕਾਰਗੁਜ਼ਾਰੀ ਇਸ ਵਿਚ ਬਹੁਤ ਹੀ ਨਿਰਾਸ਼ਾਜਨਕ ਰਹੀ।੨੦੧੯ ਵਿਚ ਇਸ ਦੇ ਉਮੀਦਵਾਰਾਂ ਨੂੰ ੨੩% ਵੋਟਾਂ ਮਿਲੀਆਂ ਸਨ ਜੋ ਕਿ ਘਟ ਕੇ ਮਹਿਜ਼ ੬% ਹੀ ਰਹਿ ਗਈਆਂ ਹਨ। ਇਹ ਉਨ੍ਹਾਂ ਦੀ ਹੌਂਦ ਦੇ ਸੰਕਟ ਨੂੰ ਵੀ ਦਰਸਾਉਂਦਾ ਹੈ।