ਵਾਅਦਿਆਂ ਦੀ ਲੰਬੀ ਲਿਸਟ ਲੈਕੇ ਪੰਜਾਬ ਦੀ ਰਾਜਸੱਤਾ ਉੱਤੇ ਕਾਬਜ ਹੋਈ ਆਮ ਆਦਮੀ ਪਾਰਟੀ ਨੇ ਆਉਂਦਿਆਂ ਹੀ ਖਾਸ ਫੈਸਲੇ ਕਰਨੇ ਸ਼ੁਰੂ ਕਰ ਦਿੱਤੇ ਹਨ। 10 ਮਾਰਚ ਨੂੰ ਚੋਣਾਂ ਦੇ ਨਤੀਜੇ ਆਏ, 16 ਮਾਰਚ ਨੂੰ ਸਰਕਾਰ ਨੇ ਸਹੁੰ ਚੁੱਕੀ ਅਤੇ 20 ਮਾਰਚ ਨੂੰ ਗੁਪਤ ਢੰਗ ਨਾਲ ਆਪ ਦੇ ਮੁਖੀ ਦੀਆਂ ਹਦਾਇਤਾਂ ਤੇ ਪੰਜਾਬ ਵਿੱਚੋਂ 5 ਰਾਜ ਸਭਾ ਮੈਂਬਰ ਐਲਾਨ ਦਿੱਤੇ ਗਏ। ਪੰਜਾਬ ਦੀ ਨੁਮਾਇੰਦਗੀ ਕਰਨ ਦੇ ਨਾਅ ਤੇ ਜਿਨ੍ਹਾਂ ਨੂੰ ਰਾਜਾਂ ਦੇ ਸਦਨ ਵਿੱਚ ਭੇਜਿਆ ਗਿਆ ਉਨ੍ਹਾਂ ਵਿੱਚੋਂ ਕੋਈ ਵੀ ਪੰਜਾਬ ਨਾਲ ਮੋਹ ਦੀਆਂ ਤੰਦਾਂ ਨਾਲ ਜੁੜਿਆ ਹੋਇਆ ਨਹੀ ਹੈ। ਕ੍ਰਿਕਟ ਖਿਡਾਰੀ ਹਰਭਜਨ ਸਿੰਘ ਭਾਵੇਂ ਪੰਜਾਬ ਵਿੱਚ ਜੰਮਿਆ ਪਲਿਆ ਹੈ ਪਰ ਰਾਜਨੀਤਕ ਤੌਰ ਤੇ ਉਸਨੇ ਹਮੇਸ਼ਾ ਪੰਜਾਬ ਦੇ ਖਿਲਾਫ ਭੁਗਤਣ ਵਾਲੀਆਂ ਨੀਤੀਆਂ ਦੀ ਹੀ ਹਮਾਇਤ ਕੀਤੀ ਹੈ। ਹਮੇਸ਼ਾ ਉਹ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਵੱਜੋਂ ਉਸਦੀ ਬਹੁਗਿਣਤੀ ਵਾਲੀ ਬਿਰਤੀ ਦਾ ਗੁਲਾਮ ਰਿਹਾ ਹੈ। ਕਦੇ ਵੀ ਉਸਨੇ ਬਹੁਗਿਣਤੀ ਦੇ ਦਾਬੇ ਖਿਲਾਫ ਪੰਜਾਬ ਦੀ ਗੱਲ ਨਹੀ ਕੀਤੀ। ਖੇਡਣਾਂ ਉਸਦੀ ਨੌਕਰੀ ਸੀ ਜੋ ਉਸਨੇ ਜੀਅ ਜਾਨ ਨਾਲ ਕੀਤੀ ਅਤੇ ਪੈਸੇ ਵੀ ਬਣਾਏ। ਪੰਜਾਬ ਨਾਲ ਉਸਦਾ ਕੋਈ ਸਿਰ-ਧੜ ਦੀ ਬਾਜੀ ਵਾਲਾ ਲਗਾਅ ਨਹੀ ਹੈ।
ਲਵਲੀ ਯੂਨੀਵਰਸਿਟੀ ਦੇ ਸੰਚਾਲਕ ਅਤੇ ਨਾਲ ਹੀ ਇੱਕ ਲੁਧਿਆਣੇ ਦੇ ਕਾਰੋਬਾਰੀ ਦਾ ਵੀ ਪੰਜਾਬ ਦੀ ਅਣਖ ਅਤੇ ਗੈਰਤ ਨਾਲ ਸਬੰਧ ਰੱਖਦੀਆਂ ਮੰਗਾਂ ਨਾਲ ਕੋਈ ਲੈਣ ਦੇਣ ਨਹੀ ਹੈ। ਉਹ ਮੰਗਾਂ ਅਤੇ ਹੱਕ ਜਿਨ੍ਹਾਂ ਲਈ ਪੰਜਾਬ ਦੇ ਜਾਇਆਂ ਨੇ ਆਪਣਾਂ ਮਣਾਂ ਮੂੰਹੀ ਖੂਨ ਡੋਲ੍ਹਿਆ ਅਤੇ ਅਕਹਿ ਤਸ਼ੱਦਦ ਸਹਾਰੇ। ਇਹ ਦੋਵੇਂ ਕਾਰੋਬਾਰੀ ਬੰਦੇ ਹਨ ਜਿਨ੍ਹਾਂ ਦੀ ਤਾਰ ਜਿਆਦਾ ਭਾਰਤੀ ਜਨਤਾ ਪਾਰਟੀ ਜਾਂ ਕਹਿ ਲਵੋ ਕਿ ਭਾਰਤੀ ਸਟੇਟ ਨਾਲ ਮਿਲਦੀ ਹੈ। ਉਨ੍ਹਾਂ ਤੋਂ ਕਦੇ ਵੀ ਪੰਜਾਬ ਅਤੇ ਸਿੱਖਾਂ ਦੇ ਹੱਕ ਵਿੱਚ ਗੱਲ ਕਰਨ ਦੀ ਉਮੀਦ ਨਹੀ ਕੀਤੀ ਜਾ ਸਕਦੀ। ਇੱਕ ਨੇ ਸਿੱਖਿਆ ਦਾ ਵਪਾਰੀਕਰਨ ਕੀਤਾ ਦੂਜੇ ਨੇ ਸਿਹਤ ਸਹੂਲਤਾਂ ਦਾ ਵਪਾਰੀਕਰਨ ਕੀਤਾ। ਦੋਵੇਂ ਵੱਡੇ ਵਪਾਰੀ ਹਨ ਅਤੇ ਭਾਰਤੀ ਸਟੇਟ ਲਈ ਵਪਾਰੀ ਸਭ ਤੋਂ ਲਾਹੇਵੰਦੇ ਵਿਅਕਤੀ ਹਨ।
ਅਗਲੇ ਦੋ ਰਾਘਵ ਚੱਡਾ ਅਤੇ ਮਿਸਟਰ ਅਰੋੜਾ ਪੰਜਾਬ ਵਾਸੀ ਹੈ ਹੀ ਨਹੀ। ਉਹ ਤਾਂ ਸਿਆਸਤ ਨੂੰ ਵਪਾਰ ਦੇ ਤੌਰ ਤੇ ਵਰਤਣ ਦੇ ਇਰਾਦੇ ਨਾਲ ਰਾਜ ਸਭਾ ਵਿੱਚ ਪਹੁੰਚੇ ਹਨ। ਉਹ ਧੰਦਾ ਰਾਜਨੀਤੀ ਦਾ ਹਿੱਸਾ ਹਨ। ਪੰਜਾਬ ਦੇ ਖਾਤੇ ਵਿੱਚੋਂ ਉਨ੍ਹਾਂ ਨੂੰ ਮੈਂਬਰ ਪਾਰਲੀਮੈਂਟ ਦੀਆਂ ਤਨਖਾਹਾਂ ਮਿਲਣੀਆਂ ਹਨ। ਬਾਕੀ ਪੰਜਾਬ ਦਾ ਉਨ੍ਹਾਂ ਸਵਾਰਨਾ ਕੁਝ ਨਹੀ। ਹਾਂ ਜੇ ਮੌਕਾ ਮਿਲਿਆ ਤਾਂ ਪੰਜਾਬ ਨੂੰ ਫੌਜ ਹਵਾਲੇ ਕਰਨ ਵਿੱਚ ਉਹ ਪਹਿਲੀ ਕਤਾਰ ਵਿੱਚ ਹੋਕੇ ਬੋਲਣਗੇ। ਜਿਵੇਂ ਜੰਮੂ ਕਸ਼ਮੀਰ ਦੀ ਖੁਦਮੁਖਤਿਆਰੀ ਨੂੰ ਖਤਮ ਕਰਨ ਵੇਲੇ ਇਨ੍ਹਾਂ ਸਭ ਤੋਂ ਅੱਗੇ ਵਧਕੇ ਹਮਾਇਤ ਦਿੱਤੀ ਸੀ।
ਆਮ ਆਦਮੀ ਵਾਲੇ ਜਿਨ੍ਹਾਂ ਨਾਅਰਿਆਂ, ਅਤੇ ਸਿਆਸਤਾਂ ਦਾ ਰੌਲਾ ਪਾਕੇ ਸੱਤਾ ਵਿੱਚ ਆਏ ਸਨ ਸੱਤਾ ਵਿੱਚ ਆਉਂਦਿਆਂ ਹੀ ਉਸਤੋਂ ਉਲਟ ਕੰਮ ਸ਼ੁਰੂ ਕਰ ਦਿੱਤੇ ਹਨ। ਸਾਫ ਸੁਥਰੀ ਸਿਆਸਤ ਛੱਡ ਕੇ ਪੱਖਪਾਤੀ ਸਿਆਸਤ ਅਤੇ ਵਪਾਰੀਕਰਨ ਦੀ ਸਿਆਸਤ ਸ਼ੁਰੂ ਹੋ ਗਈ ਹੈ। ਪੰਜਾਬ ਦੇ ਲੋਕਾਂ ਦੇ ਮਾਸੂਮ ਫਤਵੇ ਨੂੰ ਆਪਣੀਆਂ ਸਕੀਰੇਦਾਰੀਆਂ ਪੁਗਾਉਣ ਲਈ ਵਰਤਿਆ ਜਾਣ ਲੱਗ ਪਿਆ ਹੈ।
ਪੰਜਾਬ ਦੇ ਲੋਕਾਂ ਨੇ ਬਹੁਤ ਦੁਖੀ ਹੋਕੇ ਬਾਦਲਕਿਆਂ ਅਤੇ ਕਾਂਗਰਸੀਆਂ ਨੂੰ ਆਪਣੇ ਗਲੋਂ ਲਾਹਿਆ ਹੈ। ਉਨ੍ਹਾਂ ਦੀ ਰਾਜਨੀਤੀ ਧੰਦੇ ਦੀ ਰਾਜਨੀਤੀ ਬਣ ਗਈ ਸੀ। ਸਿੱਖ ਰਾਜਨੀਤੀ ਨੂੰ ਜਿੰਨਾ ਥੱਲੇ ਸੁਟ ਦਿਤਾ ਗਿਆ ਸੀ ਉਸਦੇ ਮੁੜ ਉਸਾਰਨ ਦਾ ਕਾਰਜ ਬਾਦਲ ਪਰਵਾਰ ਨੂੰ ਬੁਰੀ ਤਰ੍ਹਾਂ ਹਰਾਕੇ ਹੀ ਕੀਤਾ ਜਾ ਸਕਦਾ ਸੀ। ਪਰ ਜੇ ਆਮ ਆਦਮੀ ਪਾਰਟੀ ਵਾਲੇ ਵੀ ਬਾਦਲਈ ਅਤੇ ਕੈਪਟਨਈ ਰਾਜਨੀਤੀ ਤੇ ਉਤਰ ਆਏ ਤਾਂ ਪੰਜਾਬ ਦੇ ਲੋਕਾਂ ਦੇ ਦਿਲ ਟੁੱਟ ਜਾਣਗੇ ਅਤੇ ਉਹ ਮੰਝਧਾਰ ਵਿੱਚ ਫਸੇ ਮਹਿਸੂਸ ਕਰਨਗੇ।
ਇੱਕ ਤਾਂ ਆਮ ਪਾਰਟੀ ਨੂੰ ਸੱਤਾ ਦਾ ਬਾਦਲਈ ਮਾਡਲ ਬਦਲਣਾਂ ਪਵੇਗਾ ਦੂਜਾ ਇਹ ਗੱਲ ਸਪਸ਼ਟ ਰੂਪ ਵਿੱਚ ਸਮਝਣੀ ਪਵੇਗੀ ਕਿ ਪੰਜਾਬ ਦੀ ਰਾਜਨੀਤੀ ਪਰਸ਼ਾਸ਼ਨ ਦੀ ਰਾਜਨੀਤੀ ਨਹੀ ਹੈ ਬਲਕਿ ਆਪਣੀ ਹੋਂਦ ਦੇ ਸੰਘਰਸ਼ ਦੀ ਰਾਜਨੀਤੀ ਹੈ, ਅਣਖ ਅਤੇ ਗੈਰਤ ਦੀ ਰਾਜਨੀਤੀ ਹੈ। ਇਸ ਧਰਤੀ ਦੇ ਜਾਇਆਂ ਨੇ ਆਪਣੀ ਹੋਂਦ ਅਤੇ ਗੈਰਤ ਲਈ ਸਿਰ ਦਿੱਤੇ ਵੀ ਹਨ ਅਤੇ ਸਿਰ ਲਏ ਵੀ ਹਨ। ਜਿਹੜਾ ਰਾਜਨੀਤੀਵਾਨ ਪੰਜਾਬ ਦੀ ਇਸ ਸੋਚ ਨੂੰ ਵਿਸਾਰ ਕੇ ਰਾਜਨੀਤੀ ਕਰਨ ਦੀ ਕੋਸ਼ਿਸ਼ ਕਰੇਗਾ ਉਸਦਾ ਹਾਲ ਬਾਦਲ ਪਰਵਾਰ ਅਤੇ ਕੈਪਟਨ ਪਰਵਾਰ ਵਾਲਾ ਹੋਵੇਗਾ।