ਪੰਜਾਬ ਦੇ ਕੋਟਕਪੁਰਾ ਹਲਕੇ ਦੇ ਪਿੰਡ ਬੁਰਝ ਜਵਾਹਰ ਸਿੰਘ ਆਲਾ ਵਿੱਚ ੧ ਜੂਨ ੨੦੧੫ ਨੂੰ ਗੁਰਦੁਆਰਾ ਸਾਹਿਬ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕੀਤਾ ਗਿਆ ਸੀ। ਇਸ ਬਾਰੇ ਪਿੰਡ ਵਿੱਚ ਕੰਮ ਕਰਦੀਆਂ ਦੋ ਮਜਦੂਰ ਅੋਰਤਾਂ ਨੇ ਬਿਆਨ ਦਿੱਤਾ ਸੀ ਕਿ ਦੋ ਮੋਨੇ ਆਦਮੀ ਗੁਰੂ ਸਾਹਿਬ ਦੇ ਸਰੂਪ ਨੂੰ ਲੈ ਕੇ ਗਏ ਸਨ। ਇਸ ਬਾਰੇ ਅਗਲੇ ਦਿਨ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਪੁਲਿਸ ਦਰਖ਼ਾਸਤ ਵੀ ਲਿਖਵਾਈ ਗਈ ਸੀ। ਇਸ ਤੋਂ ਬਾਅਦ ਸਤੰਬਰ ਮਹੀਨੇ ਵਿੱਚ ਪਿੰਡ ਬਰਗਾੜੀ ਦੀਆਂ ਕੰਧਾਂ ‘ਤੇ ਹੱਥ ਲਿਖਤ ਪੋਸਟਰ ਲਾਏ ਗਏ ਸਨ ਤੇ ਸਿੱਖ ਕੋਮ ਨੂੰ ਵੰਗਾਰਿਆ ਗਿਆ ਸੀ ਤੇ ਕਿਹਾ ਗਿਆ ਸੀ ਕਿ ਤੁਹਾਡੇ ਗੁਰੂ ਗੰਥ ਸਾਹਿਬ ਪਿੰਡ ਵਿੱਚ ਹੀ ਸਾਡੇ ਕੋਲ ਹੈ ਤੇ ਕੁਝ ਦਿਨਾਂ ਤੱਕ ਇਸਦੇ ਪੰਨੇ ਪਿੰਡ ਦੀਆਂ ਗਲੀਆਂ ਵਿੱਚ ਖਿਲਾਰ ਦਿੱਤੇ ਜਾਣਗੇ। ਇਸ ਵਿੱਚ ਇਹ ਚੈਲਿੰਜ ਕਰਦੇ ਇਹ ਵੀ ਕਿਹਾ ਗਿਆ ਸੀ ਕਿ ਜੇ ਤੁਸੀ ਗੁਰੂ ਸਾਹਿਬ ਦਾ ਸਰੂਪ ਲੱਭ ਸਕਦੇ ਹੋ ਤਾਂ ਲੱਭ ਲਉ। ਇਸ ਤੋਂ ਥੋੜ੍ਹੇ ਦਿਨਾਂ ਬਾਅਦ ਅਕਤੂਬਰ ੨੦੧੫ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਪਾੜ ਕੇ ਪਿੰਡ ਬਰਗਾੜੀ ਦੀਆਂ ਗਲੀਆਂ ਵਿੱਚ ਖਿਲ਼ਾਰ ਦਿੱਤੇ ਗਏ ਸਨ। ਪਿੰਡ ਦੇ ਵਸਨੀਕਾਂ ਨੇ ਪਾੜੇ ਹੋਏ ਅੰਗਾਂ ਦਾ ਸੰਸਕਾਰ ਕਰ ਦਿੱਤਾ ਤੇ ਕੋਈ ਰਿਕਾਰਡ ਵੀ ਨਹੀਂ ਰੱਖਿਆ। ਪਿੰਡ ਦੀਆਂ ਗਲ਼ੀਆਂ ਵਿੱਚ ਲੱਗੇ ਹੋਏ ਪੋਸਟਰ ਜੋ ਹੱਥ ਲਿਖਿਤ ਸਨ ਉਹ ਅੱੱਜ ਵੀ ਪੁਲਿਸ ਦੇ ਰਿਕਾਰਡ ਵਿੱਚ ਹਨ।

ਇਸ ਘਟਨਾਕ੍ਰਮ ਕਾਰਨ ਸਿੱਖ ਕੌਮ ਅੰਦਰ ਕਾਫ਼ੀ ਵਿਆਪਕ ਰੋਸ ਉੱਠ ਖੜਾ ਹੋਇਆ। ਇਸੇ ਰੋਸ ਦੌਰਾਨ ਵੱਡੀ ਗਿਣਤੀ ਵਿੱਚ ਸਿੱਖ ਪੰਜਾਬ ਦੀਆਂ ਮੁੱਖ ਸੜਕਾਂ ‘ਤੇ ਉੱਤਰ ਆਏ ਸਨ। ਉਸੇ ਸਮੇਂ ਦੀ ਅਕਾਲੀ ਸਰਕਾਰ ਨੇ ਇਸ ਵੱਡੀ ਘਟਨਾ ਸਾਹਮਣੇ ਬੇਵੱਸੀ ਜ਼ਾਹਰ ਕਰਦਿਆਂ ਧਰਨੇ ਉੱਪਰ ਬੈਠੇ ਸਧਾਰਨ ਸਿੱਖਾਂ ਉੱਪਰ ਪੰਜਾਬ ਪੁਲਿਸ ਵੱਲੋਂ ਗੋਲੀ ਚਲਾ ਦਿੱਤੀ ਗਈ ਸੀ। ਜਿਸ ਕਾਰਨ ਦੋ ਸਿੰਘ ਸ਼ਹੀਦ ਹੋ ਗਏ ਅਤੇ ਕਈ ਸਿੰਘ ਫੱਟੜ ਹੋ ਗਏ ਸਨ। ਇਸੇ ਰੋਸ ਦੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ ਅਤੇ ਸੰਤ ਸਮਾਜ ਨੂੰ ਛੱਡ ਕੇ ਸਿੱਖ ਕੋਮ ਨੇ ੮੪ ਤੋਂ ਬਾਅਦ ਦੁਆਰਾ ਲਾਮਬੰਦ ਹੁੰਦਿਆਂ ਹੋਇਆਂ ਅੰਮ੍ਰਿਤਸਰ ਨੇੜੇ ਚੱਬੇ ਪਿੰਡ ਵਿੱਚ ਭਾਰੀ ਇਕੱਤਰਤਾ ਕੀਤੀ ਸੀ। ਜਿਸ ਵਿੱਚੋਂ ਸਿੱਖ ਰੋਸ ਤੇ ਪੀੜਾਂ ਨੂੰ ਕਿਸੇ ਵਿਉਂਤਵੰਦੀ ਵਿੱਚ ਤਰਤੀਬ ਦੇ ਸਕਣ ਤੋਂ ਸਦਾ ਵਾਂਗ ਅਸਮਰਥ ਉਸ ਸਮੇਂ ਦੇ ਸਟੇਜ ਸੰਚਾਲਕਾਂ ਨੇ ਇਸਨੂੰ ਆਪਣੇ ਕੁਝ ਮਨਸੂਬਿਆਂ ਦੀ ਪੂਰਤੀ ਲਈ ਸਿਰਫ਼ ਜੱਥੇਦਾਰੀ ਵਿੱਚ ਤਬਦੀਲ ਕਰ ਦਿੱਤਾ। ਜਿਸ ਕਾਰਨ ਸਿੱਖ ਕੋਮ ਦਾ ਉੱਠਿਆ ਵਿਆਪਕ ਰੋਸ ਉਸੇ ਦਿਨ ਦਮ ਤੋੜ ਗਿਆ। ਪਰ ਇਸਦਾ ਇਹ ਨਤੀਜਾ ਤਾਂ ਜਰੂਰ ਨਿਕਲਿਆ ਕਿ ਉਸ ਤੋਂ ਬਾਅਦ ਹੋਈਆਂ ਪੰਜਾਬ ਚੋਣਾਂ ਵਿੱਚ ਅਕਾਲੀ ਦਲ ਬੁਰੀ ਤਰ੍ਹਾਂ ਹਾਰ ਗਿਆ। ਇਸ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਤੋਂਂ ਬਾਅਦ ਉਠਿਆ ਰੋਸ ਵੱਡਾ ਕਾਰਨ ਬਣਿਆਂ ਕਿ ਜਨ-ਸਧਾਰਨ ਦਾ ਸ਼੍ਰੋਮਣੀ ਅਕਾਲੀ ਦਲ ਨਾਲੋਂ ਮੋਹ ਭੰਗ ਹੋ ਗਿਆ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਘਟਨਾ ਤੋਂ ਬਾਅਦ ਇੱਕ ਸਾਲ ਤੋਂ ਉੱਪਰ ਸਮੇਂ ਤੱਕ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ ਪਰ ਉਸਨੇ ਸਿਰਫ਼ ਰਾਜਨੀਤਿਕ ਗਿਣਤੀਆਂ ਮਿਣਤੀਆਂ ਵਿੱਚ ਉਲਝ ਕੇ ਇਸ ਘਟਨਾ ਪ੍ਰਤੀ ਕੋਈ ਸੰਜੀਦਗੀ ਨਹੀਂ ਦਿਖਾਈ। ਜਿਸ ਕਰਕੇ ਪੰਜਾਬ ਪੁਲਿਸ ਇਸ ਜਾਂਚ ਨੂੰ ਕਿਸੇ ਕਿਨਾਰੇ ਨਹੀਂ ਲਾ ਸਕੀ। ਬਰਗਾੜੀ ਦੇ ਇਸ ਘਟਨਾ ਕ੍ਰਮ ਤੋਂ ਬਾਅਦ ਪੰਜਾਬ ਅੰਦਰ ਬਹੁਤ ਸਾਰੀਆਂ ਥਾਂਵਾ ਉੱਪਰ ਗੁਰੂ ਗ੍ਰੰਥ ਸਾਹਿਬ ਦੀ ਨਿਰਾਦਰੀ ਦੀਆਂ ਘਟਨਾਵਾਂ ਵਾਪਰੀਆਂ ਤੇ ਅੱਜ ਵੀ ਵਾਪਰ ਰਹੀਆਂ ਹਨ ਇਸ ਪਿੱਛੇ ਕੀ ਮਨੋਰਥ ਅਤੇ ਮਨਸਾ ਹੈ ਇਹ ਅੱਜ ਵੀ ਸਵਾਲੀਆ ਚਿੰਨ੍ਹ ਹੀ ਹੈ।

ਮੋਜੂਦਾ ਕਾਂਗਰਸ ਪਾਰਟੀ ਨੇ ਪੰਜਾਬ ਦੀ ਬਾਗਡੋਰ ਸੰਭਾਲਣ ਤੋਂ ਪਹਿਲਾਂ ਭਾਂਵੇ ਇਸ ਘਟਨਾਕ੍ਰਮ ਬਾਰੇ ਰੋਸ ਜ਼ਾਹਰ ਕਰਦਿਆਂ ਸਿੱਖ ਕੋਮ ਨਾਲ਼ ਇਹ ਵਾਅਦਾ ਕੀਤਾ ਸੀ ਸਾਡੀ ਸਰਕਾਰ ਦੇ ਸੱਤਾ ਵਿੱਚ ਆਉਂਦਿਆਂ ਹੀ ਪਹਿਲ ਦੇ ਅਧਾਰ ‘ਤੇ ਇਸ ਘਟਨਾਕ੍ਰਮ ਦਾ ਖੁਰਾ-ਖੋਜ ਲੱਭ ਲਵੇਗੀ। ਹੁਣ ਇਸ ਸਰਕਾਰ ਨੂੰ ੧੪ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਜਿਸ ਦੌਰਾਨ ਇਸ ਸਰਕਾਰ ਨੇ ਇਸ ਘਟਨਾਕ੍ਰਮ ਬਾਰੇ ਇਸ ਸਾਬਕਾ ਜੱਜ ਦੀ ਰਹਿਨੁਮਾਈ ਹੇਠਾਂ ਇੱਕ ਕਾਨੂੰਨੀ ਖੋਜ ਕਮਿਸ਼ਨ ਵੀ ਨਿਰਧਾਰਿਤ ਕੀਤਾ ਹੋਇਆ ਹੈ ਜੋ ਕਿ ਆਪਣੀ ਜਾਂਚ ਅਜੇ ਤੱਕ ਮੁਕੰਮਲ ਨਹੀਂ ਕਰ ਸਕਿਆ। ਇਸ ਘਟਨਾਕ੍ਰਮ ਬਾਰੇ ਸਿੱਖ ਕੋਮ ਵਿੱਚ ਪੀੜਾਂ ਜਰੂਰ ਸਿਸਕਦੀ ਚੱਲੀ ਆ ਰਹੀ ਹੈ। ਇਸ ਪੀੜਾਂ ਦੇ ਕਾਰਨ ਹੀ ਹੁਣ ਤਿੰਨ ਸਾਲ ਬੀਤ ਜਾਣ ਬਾਅਦ ਪਿੰਡ ਚੱਬੇ ਦੇ ਪੰਥਕ ਇਕੱਠ ਵਿੱਚੋਂ ਮੁਕੱਰਰ ਹੋਏ ਜੱਥੇਦਾਰ ਜੋ ਹੁਣ ਤਿੰਨਾਂ ਵਿੱਚੋਂ ਦੋ ਹੀ ਰਹਿ ਚੁੱਕੇ ਹਨ, ਨੇ ਹੰਭਲਾ ਮਾਰ ਕੇ ਪਿੰਡ ਬਰਗਾੜੀ ਤੋਂ ਹੀ ੧ ਜੂਨ ਤੋਂ ਧਰਨਾ ਅਰੰਭਿਆ ਸੀ। ਇਸ ਜੱਥੇ ਦੀ ਅਗਵਾਈ ਜੱਥੇਦਾਰ ਧਿਆਨ ਸਿੰਘ ਮੰਡ ਕਰ ਰਿਹਾ ਹੈ। ਸਿੱਖ ਕੋਮ ਅੰਦਰ ਇਸ ਘਟਨਾ ਪ੍ਰਤੀ ਚੱਲਦੇ ਰੋਸ ਕਾਰਨ ਇਸ ਧਰਨੇ ਨੂੰ ਕਾਫ਼ੀ ਹੁੰਗਾਰਾ ਵੀ ਮਿਲਿਆ ਹੈ। ਜਿਸ ਕਾਰਨ ਮੋਜੂਦਾ ਸਰਕਾਰ ਨੂੰ ਵਕਤੀ ਕਾਰਵਾਈ ਕਰਨੀ ਪਈ ਹੈ ਤੇ ਪੰਜਾਬ ਪੁਲਿਸ ਦੀ ਜਾਂਚ ਟੀਮ ਨੇ ਸੱਚਾ ਸੋਦਾ ਨਾਲ ਸਬੰਧਤ ਕੋਟਕਪੁਰਾ ਦੇ ਆਲੇ-ਦੁਆਲੇ ਤੋਂ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿੰਨ੍ਹਾਂ ਬਾਰੇ ਪੰਜਾਬ ਪੁਲਿਸ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ੨੦੧੫ ਦੀ ਬਰਗਾੜੀ ਪਿੰਡ ਦੀ ਘਟਨਾ ਨਾਲ ਸਿੱਧੇ ਤੌਰ ‘ਤੇ ਸ਼ਾਮਿਲ ਹਨ ਅਤੇ ਉਹਨ੍ਹਾਂ ਕੋਲੋਂ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਪਿੰਡ ਦੇ ਇੱਕ ਘਰ ਵਿੱਚ ਦੱਬੇ ਹੋਣ ਦਾ ਸਮਾਚਾਰ ਮਿਲਿਆ ਹੈ ਪਰ ਪੁਲਿਸ ਨੇ ਇਸਦੀ ਜਨਤਕ ਪੁਸ਼ਟੀ ਨਹੀਂ ਕੀਤੀ ਹੈ। ਭਾਵੇਂ ਪੰਥਕ ਹਲਕਿਆਂ ਵਿੱਚ ਇਸ ਕਾਰਵਾਈ ਨੂੰ ਹਾਂ ਪੱਖੀ ਕਾਰਵਾਈ ਮੰਨਿਆ ਜਾ ਰਿਹਾ ਹੈ। ਇਸ ਕਾਰਵਾਈ ਵਿੱਚੋਂ ਕੁਝ ਗੰਭੀਰ ਸਵਾਲ ਕੌਮ ਅੰਦਰ ਇੱਕ ਸੰਵਾਦ ਦੀ ਮੰਗ ਕਰਦੇ ਹਨ ਕਿ ਪੰਜਾਬ ਪੁਲਿਸ ਪਿਛਲੇ ਤਿੰਨ ਸਾਲਾਂ ਤੋਂ ਇਸ ਕਾਰਵਾਈ ਬਾਰੇ ਲਾਚਾਰ ਕਿਉਂ ਸੀ? ਇਹ ਵੀ ਸਵਾਲ ਹੈ ਕਿ ਜਦੋਂ ਇਹ ਗੁੱਥੀ ਪੰਜਾਬ ਸਰਕਾਰ ਨੇ ਹੀ ਸੁਲਝਾ ਲਈ ਹੈ ਤਾਂ ਸਰਕਾਰ ਦੁਆਰਾ ਕਾਨੂੰਨੀ ਕਮਿਸ਼ਨ ਬਿਠਾਉਣ ਦਾ ਕੀ ਮਕਸਦ ਰਹਿ ਜਾਂਦਾ ਹੈ? ਇਸ ਤੋਂ ਵੀ ਵੱਡਾ ਸਵਾਲ ਇਹ ਹੈ ਕਿ ਪੰਜਾਬ ਪੁਲਿਸ ਨੇ ਜਦੋਂ ਇੰਨ੍ਹਾ ਸੋਦਾ ਸਾਧ ਦੇ ਬੰਦਿਆਂ ਨੂੰ ਕੱਲ੍ਹ ਮੋਗਾ ਕਚਹਿਰੀ ਵਿੱਚ ਪੇਸ਼ ਕੀਤਾ ਤਾਂ ਉਨ੍ਹਾਂ ਦੀ ਗ੍ਰਿਫਤਾਰੀ ਦਾ ਕਾਰਨ ਬਰਗਾੜੀ ਦਾ ਘਟਨਾਕ੍ਰਮ ਨਹੀਂ ਦੱਸਿਆ ਸਗੋਂ ੨੦੧੧ ਵਿੱਚ ਵਾਪਰੀ ਕਿਸੇ ਘਟਨਾ ਦੌਰਾਨ ਸਰਕਾਰੀ ਪ੍ਰਾਪਟੀ ਦੀ ਭੰਨ ਤੋੜ ਦਾ ਮੁਕੱਦਮਾ ਦੱਸਿਆ ਹੈ। ਇਸ ੨੦੧੧ ਦੇ ਮੁਕੱਦਮੇ ਬਾਰੇ ਇਹ ਵੀ ਚਰਚਾ ਹੈ ਕਿ ਕੀ ਇਸ ਬਾਰੇ ਪਹਿਲਾਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਹੁਣ ਬੰਦੇ ਨਾਮਜ਼ਦ ਕਰਕੇ ਫੜ ਲਏ ਗਏ ਹਨ। ਜਦਕਿ ਬਰਗਾੜੀ ਦੀ ਘਟਨਾ ੨੦੧੧ ਤੋਂ ਚਾਰ ਸਾਲ ਬਾਅਦ ੨੦੧੫ ਵਿੱਚ ਵਾਪਰੀ ਹੈ। ਜੇ ਹੁਣ ਪੰਜਾਬ ਪੁਲਿਸ ਇਹ ਦਾਅਵਾ ਕਰੇ ਕਿ ਇਹੀ ੨੦੧੧ ਦੇ ਮੁਕੱਦਮੇ ਵਾਲੇ ਬੰਦੇ ਬਰਗਾੜੀ ਕਾਂਡ ਦੀ ਦੁੱਖ ਭਰੀ ਘਟਨਾ ਦੇ ਮੁਂੱਖ ਮੁਲਜ਼ਮ ਹਨ ਤਾਂ ਇਹ ਸਰਕਾਰ ਤੇ ਪੰਜਾਬ ਪੁਲਿਸ ਦੀ ਕਾਰਜ਼ੁਗਾਰੀ ‘ਤੇ ਵੱਡਾ ਪ੍ਰਸ਼ਨ ਚਿੰਨ੍ਹ ਹੈ। ਜੋ ਬਰਗਾੜੀ ਦੀ ਮੰਦਭਾਗੀ ਤੇ ਦੁਖਦਾਇਕ ਘਟਨਾ ਦੇ ਪਿੱਛੇ ਲੁਕੇ ਹੋਏ ਵਕਤੀ ਸਰਕਾਰਾਂ ਦੇ ਰਾਜਨੀਤਿਕ ਮਕਸਦਾਂ ਨੂੰ ਜ਼ਾਹਰ ਕਰ ਰਹੀ ਹੈ। ਇਹ ਵੀ ਸੋਚ ਵਾਲੀ ਗੱਲ ਹੈ ਕਿ ਕੋਈ ਬੰਦਾ ਇੰਨਾਂ ਇਕੱਲਿਆਂ ਹੋਸਲਾਂ ਰੱਖਦਾ ਹੈ ਜੋ ਕਿਸੇ ਸਹਿ ਅਤੇ ਸਰਪ੍ਰਸਤੀ ਤੋਂ ਬਿਨ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਕਦਮ ਚੁੱਕ ਸਕਦਾ ਹੈ ਜਿਸ ਨਾਲ ਸਿੱਖ ਕੋਮ ਨੂੰ ਵੀ ਇੱਕ ਵੱਡੀ ਵੰਗਾਰ ਹੈ।

ਇਸ ਬਰਗਾੜੀ ਕਾਂਡ ਸੰਬੰਧੀ ਅਜੇ ਤੱਕ ਪੂਰੀ ਤਰ੍ਹਾਂ ਵਿਸਥਾਰ ਨਾਲ ਪੁਲਿਸ ਨੇ ਵੀ ਕੋਈ ਸਿੱਧੇ ਰੂਪ ਵਿੱਚ ਜਨਤਕ ਖੁਲਾਸਾ ਨਹੀਂ ਕੀਤਾ ਹੈ ਜਿਸ ਰਾਹੀਂ ਫੜੇ ਹੋਏ ਮੁਲਜ਼ਮਾਂ ‘ਤੇ ਸਿੱਧੇ ਰੂਪ ਵਿੱਚ ਇਹ ਦੋਸ਼ ਲੱਗ ਸਕੇ। ਇਸ ਕਾਂਡ ਬਾਰੇ ਹੁਣ ਤੱਕ ਤਿੰਨ ਸਾਲਾਂ ਵਿੱਚ ਪੰਥਕ ਧਿਰਾਂ ਵੱਲੋਂ ਵੀ ਜਸਟਿਸ ਕਾਟਜੂ ਦੀ ਅਗਵਾਈ ਹੇਠ ਪੜਤਾਲੀਆਂ ਕਮਿਸ਼ਨ ਬਣਾਇਆ ਸੀ। ਅਕਾਲੀ ਸਰਕਾਰ ਨੇ ਜਸਟਿਸ ਜੋਰਾ ਸਿੰਘ ਕਮਿਸ਼ਨ ਪੜਤਾਲ ਲਈ ਬਣਾਇਆ ਸੀ ਅਤੇ ਹੁਣ ਮੋਜੂਦਾ ਸਰਕਾਰ ਵੱਲੋਂ ਵੀ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਹੇਠ ਤਫ਼ਤੀਸ਼ ਚੱਲ ਰਹੀ ਹੈ ਪਰ ਇਹ ਤਿੰਨੇ ਕਮਿਸ਼ਨ ਅੱਜ ਤੱਕ ਇਸ ਬਰਗਾੜੀ ਕਾਂਡ ਸੰਬੰਧੀ ਕੋਈ ਸਪੱਸ਼ਟੀਕਰਨ ਦੇਣ ਤੋਂ ਅਸਮਰਥ ਰਹੇ। ਉਨ੍ਹਾਂ ਵੱਲੋਂ ਕੀਤੀ ਖੋਜ ਕਿਸੇ ਵੀ ਤਰ੍ਹਾਂ ਹੁਣ ਫੜੇ ਗਏ ਮੁਲਜ਼ਮਾਂ ਨਾਲ ਮੇਲ ਨਹੀਂ ਖਾਂਦੀ ਹੈ। ਇਹ ਵੀ ਸੋਚਣ ਵਾਲੀ ਗੱਲ ਹੈ ਕਿ ਇੱਕ ਦਮ ਤਿੰਨ ਸਾਲ਼ਾਂ ਬਾਅਦ ਬਰਗਾੜੀ ਕਾਂਡ ਨੂੰ ਮੁੱਖ ਰੱਖ ਕਿ ਸ਼ੁਰੂ ਕੀਤੇ ਗਏ ਧਰਨੇ ਤੋਂ ਇੱਕ ਦਮ ਬਾਅਦ ਪੰਜਾਬ ਪੁਲਿਸ ਦਾ ਇੱਕ ਦਮ ਹਰਕਤ ਵਿੱਚ ਆਉਣਾ ਤੇ ਮੁਲਜ਼ਮਾਂ ਨੂੰ ਫੜ ਲੈਣ ਦਾ ਦਾਅਬਾ ਕਰਨਾ, ਵਿਚਾਰ ਦੀ ਮੰਗ ਕਰਦਾ ਹੈ ਕਿ ਇਸ ਦੇ ਪਿੱਛੇ ਕੀ ਰਾਜ਼ਸੀ ਮਨੋਰਥ ਹਨ।