ਲੋਕ ਸਭਾ ਚੋਣਾਂ ਜੋ ਹੁਣ ਮੁਕੰਮਲ ਹੋਈਆਂ ਹਨ, ਵਿੱਚ ਸੂਬੇ ਜਾਂ ਖੇਤਰੀ ਮੁੱਦਿਆਂ ਦੀ ਬਜਾਇ ਰਾਸ਼ਟਰਵਾਦ ਦੇ ਮੁੱਦੇ ਹਾਵੀ ਰਹੇ ਹਨ। ਇਹ ਚੋਣਾਂ ਫਿਰਕੂ ਤਨਾਵ ਤੇ ਨਫਰਤ ਦੇ ਮਾਹੌਲ ਵਿੱਚ ਸਿਰੇ ਚੜੀਆਂ ਹਨ। ਚੋਣ ਸਰਵੇਖਣ ਮੁਤਾਬਕ ਇੱਕ ਵਾਰ ਫੇਰ ਭਾਜਪਾ ਹੀ ਬਹੁਮਤ ਨਾਲ ਦੁਬਾਰਾ ਸਰਕਾਰ ਬਣਾਉਣ ਦੇ ਸੰਕੇਤ ਦੇ ਰਹੀ ਹੈ। ਇੰਨਾ ਚੋਣਾਂ ਵਿੱਚ ਮੰਦਰ ਮਸਜਿਦ ਹਿੰਦੂ ਮੁਸਲਮ ਭਾਈਚਾਰਕ ਤਣਾਵ ਦੇ ਮੁੱਦੇ ਵੀ ਦੇਸ਼ ਦੇ ਬਾਕੀ ਮੁੱਖ ਮੁੱਦਿਆਂ ਤੋਂ ਉੱਪਰ ਰੱਖੇ ਗਏ ਹਨ। ਇਸ ਰੁਝਾਨ ਦੇ ਚਲਦਿਆਂ ਚੋਣ ਸਰਵੇਖਣ ਦੇ ਨਤੀਜਿਆਂ ਨੂੰ ਜੇ ਮੰਨ ਲਿਆ ਜਾਵੇ ਤਾਂ ਭਾਜਪਾ ਸਰਕਾਰ ਆਪਣੀ ਆਉਣ ਵਾਲੀ ਸਰਕਾਰ ਵਿੱਚ ਦੇਸ਼ ਦੀ ਸੈਕੂਲਰ ਸੋਚ ਨੂੰ ਵੀ ਖਤਰੇ ਵਿੱਚ ਲੈ ਆਵੇਗੀ। ਰਾਸ਼ਟਰਵਾਦ ਦੇ ਮੁੱਦਿਆਂ ਰਾਹੀਂ ਭਾਰਤ ਦੀਆਂ ਮੁੱਢਲੀਆਂ ਸੰਵਿਧਾਨਕ ਸੰਸਥਾਵਾਂ ਨੂੰ ਵੀ ਰਾਸ਼ਟਰਵਾਦ ਦੇ ਘੇਰੇ ਹੇਠਾਂ ਸਿਆਸੀਕਰਨ ਦੀ ਭੇਟ ਚੜਾਇਆ ਜਾ ਰਿਹਾ ਹੈ। ਜਿਸ ਨਾਲ ਉਹਨਾਂ ਦੀ ਨਿਰਪੱਖਤਾ ਤੇ ਪ੍ਰਸ਼ਨਚਿੰਨ ਉਠਾਇਆ ਜਾ ਰਿਹਾ ਹੈ। ਪੰਜਾਬ ਵਿੱਚ ਵੀ ਜਿੱਥੇ ਮੁੱਖ ਮੁਕਾਬਲਾ ਸੱਤਾਧਾਰੀ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦਰਮਿਆਨ ਸੀ। ਇਥੇ ਵੀ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਵਾਲੇ ਏਜੰਡਿਆਂ ਨੂੰ ਹੀ ਅੱਗੇ ਰੱਖਿਆਂ ਗਿਆ ਹੈ ਪਰ ਪੰਜਾਬ ਵਿੱਚ ਰਾਸ਼ਟਰਵਾਰ ਦਾ ਮੁੱਦਾ ਚੋਣ ਮੁੱਦਾ ਨਹੀਂ ਬਣ ਸਕਿਆ। ਇਸਦੀ ਬਜਾਇ ਰਾਜਨੀਤਿਕ ਪਾਰਟੀਆਂ ਸੂਬੇ ਅੰਦਰ ਇੱਕ ਦੂਜੇ ਤੇ ਦੂਸ਼ਣਬਾਜੀ ਤੱਕ ਹੀ ਸੀਮਿਤ ਰਹੀਆਂ ਹਨ। ਪੰਜਾਬ ਦੇ ਮੁੱਖ ਮੁੱਦੇ ਪੰਜਾਬੀ ਭਾਸ਼ਾ ਦਾ ਅਲੋਪ ਹੋਣਾ ਨਹਿਰੀ ਪਾਣੀਆਂ ਦਾ ਮਸਲਾ ਚੰਡੀਗੜ੍ਹ ਪੰਜਾਬ ਨੂੰ ਸੌਂਪਣਾ, ਪੰਜਾਬੀ ਬੋਲਦੇ ਇਲਾਕਿਆਂ ਦਾ ਮੁੱਦਾ ਇੰਨਾਂ ਚੋਣਾਂ ਵਿੱਚ ਪੂਰੀ ਤਰਾਂ ਨਕਾਰ ਦਿੱਤਾ ਗਿਆ। ਸਿੱਖਾਂ ਦੀ ਪ੍ਰਮੁੱਖ ਜਮਾਤ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣੀ ਗੱਠਜੋੜ ਪਾਰਟੀ ਦੇ ਮੁੱਦਿਆਂ ਨੂੰ ਹੀ ਤਰਜੀਹ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਚਾਹੀਦਾ ਸੀ ਕਿ ਉਹ ਪੰਥ ਅਤੇ ਪੰਜਾਬ ਦੇ ਮਸਲਿਆਂ ਨੂੰ ਇੰਨਾਂ ਚੋਣਾਂ ਵਿੱਚ ਆਪਣਾ ਮੁੱਖ ਸੰਕਲਪ ਮੰਨਦੀ। ਪਰ ਉਸਨੇ ਵੀ ਦੂਸ਼ਣਬਾਜੀ ਅਤੇ ਬੇਲੋੜੇ ਮੁੱਦਿਆਂ ਵਿੱਚ ਹੀ ਆਪਣੇ ਆਪ ਨੂੰ ਉਲਝਾਈ ਰੱਖਿਆ ਹੈ।
ਪੰਜਾਬ ਦਾ ਮੁੱਖ ਮੁੱਦਾ ਜਿਸਨੂੰ ਸ਼੍ਰੋਮਣੀ ਅਕਾਲੀ ਦਲ ਨੇ ਬੜੇ ਮਾਣ ਨਾਲ ਅਪਣਾਇਆ ਸੀ, ਉਹ ਅਨੰਦਪੁਰ ਸਾਹਿਬ ਦਾ ਮਤਾ ਸੀ ਜਿਸ ਵਿੱਚ ਭਾਰਤ ਅੰਦਰ ਰਹਿ ਕੇ ਪੰਜਾਬ ਸੂਬੇ ਦੇ ਵੱਧ ਅਧਿਕਾਰਾਂ ਦੀ ਮੰਗ ਸੀ। ਇਸ ਮੁੱਦੇ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਕਿਸੇ ਵੀ ਸੰਕਲਪ ਵਿੱਚ ਨਹੀਂ ਲਿਆਂਦਾ। ਇਸੇ ਤਰਾਂ ਜਿੰਨਾਂ ਕਾਰਨਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਜਿੰਨਾਂ ਕਾਰਨਾਂ ਕਰਕੇ 2016 ਵਿੱਚ ਵਿੱਚ ਮਾੜੀ ਹਾਰ ਹੋਈ ਸੀ ਉਹਨਾਂ ਕਾਰਨਾਂ ਨੂੂੰ ਵੀ ਵਿਸਾਰ ਕੇ ਚੋਣ ਲੜੀ ਗਈ ਹੈ। ਇਸੇ ਤਰ੍ਹਾਂ ਪਿਛਲੇ ਤਿੰਨ ਸਾਲਾਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ ਬਰਗਾੜੀ ਵਿੱਚ ਸਿੱਖਾਂ ਤੇ ਗੋਲੀ ਚਲਾਉਣਾ, ਜਿਸ ਵਿੱਚ ਦੋ ਸਿੰਘ ਸ਼ਹੀਦ ਹੋਏ ਸਨ, ਅਜਿਹੇ ਮੁੱਦੇ ਨੂੰ ਸ਼੍ਰੋਮਣੀ ਅਕਾਲੀ ਚਲ ਨੇ ਅੱਖਾਂ ਤੋਂ ਉਹਲੇ ਹੀ ਕਰ ਦਿੱਤਾ। ਸਗੋਂ ਕਾਂਗਰਸ ਪਾਰਟੀ ਨੇ ਇਸ ਮੁੱਦੇ ਨੂੰ ਆਪਣੇ ਰਾਜਸੀ ਮਨੋਰਥਾਂ ਲਈ ਇੰਨਾਂ ਚੋਣਾਂ ਵਿੱਚ ਵਰਤਿਆ। ਇਸੇ ਤਰਾਂ ਲੰਮੇ ਅਰਸੇ ਤੋਂ ਨਕੋਦਰ ਵਿੱਚ ਗੁਰੁ ਸਾਹਿਬ ਦੀ ਜੋ ਬੇਅਦਬੀ ਹੋਈ ਸੀ ਉਸਦੇ ਰੋਹ ਵਿੱਚ ਉਠੇ ਸਿੱਖਾਂ ਨਾਲ ਬਰਗਾੜੀ ਵਾਂਗ ਪੁਲੀਸ ਨੇ ਜੋ ਜਿਆਦਤੀ ਕੀਤੀ ਸੀ, ਜਿਸ ਵਿੱਚ ਚਾਰ ਸਿੰਘ ਸ਼ਹੀਦ ਹੋਏ ਸੀ, ਨੂੰ ਵੀ ਅਣਗੋਲਿਆਂ ਕਰ ਦਿੱਤਾ ਗਿਆ। ਆਮ ਲੋਕਾਂ ਅਤੇ ਪੰਥਕ ਧਿਰਾਂ ਨੇ ਇੰਨਾਂ ਮਸਲਿਆਂ ਨੂੰ ਜਰੂਰ ਉਭਾਰਿਆ ਹੈ ਅਤੇ ਅਨੇਕਾਂ ਥਾਵਾਂ ਤੇ ਸ਼੍ਰੋਮਣੀ ਅਕਾਲੀ ਦਲ ਖਿਲਾਫ ਕਾਲੀ ਝੰਡੀਆਂ ਉਠਾ ਕੇ ਰੋਸ ਪ੍ਰਗਟਾਇਆ। ਕੁਝ ਮਿਲਾ ਕਿ ਇੰਨਾ ਚੋਣਾਂ ਵਿੱਚ ਲੋਕਾਂ ਦੇ ਬੁਨਿਆਦੀ ਮਸਲੇ ਅਲੋਪ ਰਹੇ ਹਨ ਅਤੇ ਇਸਤੋਂ ਇਲਾਵਾ ਸਿੱਖਿਆ ਸਿਹਤ ਪ੍ਰਣਾਲੀਆਂ ਦਾ ਸੁਧਾਰ ਤੇ ਕਿਸਾਨੀ ਦੀ ਨਿਘਰਦੀ ਜਾ ਰਹੀ ਤਸਵੀਰ ਨੂੰ ਵੀ ਕਿਸੇ ਮੁੱਦੇ ਵਿੱਚ ਨਹੀਂ ਲਿਆਂਦਾ ਗਿਆ ਹੈ। ਹੁਣ ਇਹ ਸੋਚ ਲਿਆ ਜਾਵੇ ਕਿ ਸ਼੍ਰੋਮਣੀ ਅਕਾਲੀ ਦਲ ਹੌਲੀ ਹੌਲੀ ਸਿੱਖ ਮੁੱਦਿਆਂ ਤੋਂ ਪਾਸਾ ਵੱਟ ਕਿ ਆਪਣੀ ਭਾਈਵਾਲ ਭਾਜਪਾ ਜਮਾਤ ਨਾਲ ਹੀ ਰਲੇਵੇਂ ਨੁੰ ਤਰਜ਼ੀਹ ਦੇ ਰਿਹਾ ਹੈ।