ਸੰਤ ਰਾਮ ਉਦਾਸੀ ਦਾ ਬਹੁਤ ਹੀ ਮਸ਼ਹੂਰ ਕਥਨ ਹੈ –
“ਚੜਿਆਂ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ“
ਪਰ ਅੱਜ ਚਿਰਾਂ ਵਾਂਗ ਪੰਜਾਬ ਦੀ ਕਿਸਾਨੀ ਤੇ ਖੇਤਾਂ ਦੇ ਮਜ਼ਦੂਰਾਂ ਦੇ ਵਿਹੜਿਆਂ ਵਿੱਚ ਸੂਰਜ ਨੂੰ ਗ੍ਰਹਿਣ ਲੱਗ ਗਿਆ ਜਾਪਦਾ ਹੈ। ਨਵੇਂ ਬਣੇ ਖੇਤੀ ਨਾਲ ਸਭੰਧ ਰੱਖਦੇ ਭਾਰਤੀ ਸਰਕਾਰ ਦੇ ਕਨੂੰਨ ਪੰਜਾਬ ਦੀ ਕਿਸਾਨੀ ਲਈ ਇੱਕ ਗ੍ਰਹਿਣ ਵਜੋਂ ਉੱਭਰ ਰਹੇ ਹਨ। ਇਸ ਗ੍ਰਹਿਣ ਵਿੱਚੋਂ ਹਾਲ ਦੀ ਘਰੀ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਕੋਈ ਰਾਹ ਨਿੱਕਲਦਾ ਨਜ਼ਰ ਨਹੀਂ ਆ ਰਿਹਾ। ਭਾਵੇਂ ਕਿਸਾਨ ਜੋ ਵਧੇਰੇ ਸਿੱਖ ਧਰਮ ਨਾਲ ਸਬੰਧਤ ਹਨ, ਪਿਛਲੇ ਸਮੇਂ ਤੋਂ ਆਪਣੀਆਂ ਰਾਤਾਂ ਰੇਲ ਦੀਆਂ ਪਟੜੀਆਂ ਤੇ ਗੁਜ਼ਾਰ ਰਹੇ ਹਨ। ਜਦ ਕਿ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਕਾਂਗਰਸ (ਸੱਤਾਧਾਰੀ) ਲੰਮਾਂ ਸਮਾਂ ਪੰਜਾਬ ਦੀ ਸੱਤਾ ਤੇ ਕਾਬਜ ਰਹੀ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਇਸ ਕਿਸਾਨਾਂ ਦੇ ਸੰਘਰਸ਼ ਵਿੱਚੋਂ ਜੋ ਉਨਾਂ ਲਈ ਮਰਨ ਜਿਉਣ ਦਾ ਸੰਘਰਸ਼ ਹੈ, ਦੇ ਰਾਹੀਂ 2022 ਦੀ ਹੋਣ ਵਾਲੀ ਵਿਧਾਨ ਸਭਾ ਦੀ ਚੋਣ ਨੂੰ ਕੇਂਦਰਿਤ ਰੱਖ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਬਾਦਲ ਜਿਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸਕ ਨਾਮ ਨਾਲ ਬਾਦਲ ਜੋੜ ਕੇ ਇੱਕ ਪਰਿਵਾਰਵਾਦ ਅਧਾਰਿਤ ਸ਼੍ਰੋਮਣੀ ਅਕਾਲੀ ਦਲ ਦਾ ਰੂਪ ਅਖਤਿਆਰ ਕਰ ਲਿਆ ਸੀ। ਸ਼੍ਰੋਮਣੀ ਅਕਾਲੀ ਦਲ ਸਦਾ ਹੀ ਜਿਸ ਨੂੰ ਹੁਣ ਤਬਦੀਲ ਕਰਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਬਣਾ ਲਿਆ ਗਿਆ ਹੈ, ਕਿਸਾਨੀ ਦੇ ਹੱਕਾਂ ਲਈ ਅਤੇ ਉਨਾਂ ਦੇ ਜੀਵਨ ਵਿੱਚ ਸੁਧਾਰ ਲਿਆਉਣ ਦਾ ਉਪਰਾਲਾ ਕਰਨ ਵਾਲੀ ਰਾਜਨੀਤਿਕ ਜਮਾਤ ਮੰਨੀ ਜਾਂਦੀ ਸੀ। ਸ਼੍ਰੋਮਣੀ ਅਕਾਲੀ ਦਲ ਦਾ ਪਿਛੋਕੜ 100 ਸਾਲ ਪੁਰਾਣਾ ਹੈ ਤੇ ਇਹ ਇੱਕ ਸਮਾਜਿਕ ਸੱਭਿਆਚਾਰਕ ਤੇ ਸਿੱਖਾਂ ਲਈ ਧਾਰਮਿਕ ਹੱਕ ਮਹਿਫੂਜ਼ ਰੱਖਣ ਲਈ ਬਣਾਈ ਗਈ ਰਾਜਨੀਤਿਕ ਸੰਸਥਾ ਸੀ। ਇਸ ਦਾ ਅਧਾਰ ਸ਼ੁਰੂ ਵਿੱਚ ਸਿੱਖ ਕੌਮ ਵਿੱਚ ਬਹੁਤ ਪ੍ਰਫੁੱਲਤ ਹੋਇਆਂ ਅਤੇ ਇਹ ਇੱਕ ਪ੍ਰਭਾਵਸ਼ਾਲੀ ਮੁਸਲਮਾਨਾਂ ਤੇ ਹਿੰਦੂਆਂ ਦੇ ਵਿਚਕਾਰ ਤੀਸਰੀ ਧਿਰ ਸਿੱਖ ਕੌਮ ਨੂੰ ਉਭਾਰਨ ਵਿੱਚ ਕਾਮਯਾਬ ਰਹੇ ਹਨ। ਜਿਸ ਕਰਕੇ ਸਾਮਰਾਜੀ ਸਰਕਾਰ ਇੰਨਾ ਨੂੰ ਤੀਜੀ ਧਿਰ ਵਜੋਂ ਮਾਨਤਾ ਦਿੰਦੀ ਸੀ। ਉਸ ਵਕਤ ਇਸਦਾ ਉਦੇਸ਼ ਵੀ ਸਿੱਖ ਕੌਮ ਦੀ ਪ੍ਰਭੂਸੱਤਾ ਤੇ ਸਵੈ ਰਾਜ ਹੋਣਾ ਸੀ। ਪਰ ਉਸ ਸਮੇਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਸੰਚਾਲਕਾਂ ਨੇ ਸਿੱਖ ਕੌਮ ਦੀ ਹੋਣੀ ਭਾਰਤ ਦੇ ਲੇਖੇ ਲਾ ਦਿੱਤੀ। ਜੋ ਕਿ ਹਿੰਦੂ ਬਹੁਗਿਣਤੀ ਦੇਸ਼ ਬਣਿਆ ਸੀ।
ਅਜਾਦੀ ਤੋਂ ਬਾਅਦ ਸਿੱਖ ਕੌਮ ਨੂੰ ਪ੍ਰਭੂਸੱਤਾ ਤੇ ਸਵੈ ਰਾਜ ਤਾਂ ਕੀ ਮਿਲਣਾ ਸੀ ਸਗੋਂ ਸਿੱਖ ਕੌਮ ਦੀ ਪਛਾਣ ਵੀ ਸੰਵਿਧਾਨ ਮੁਤਾਬਕ ਹਿੰਦੂ ਧਰਮ ਨਾਲ ਰਲਾ ਦਿੱਤੀ ਗਈ। ਸ਼੍ਰੋਮਣੀ ਅਕਾਲੀ ਦਲ ਸਹਿਕਦੇ ਹੋਏ ਨੇ ਭਾਸ਼ਾਈ ਅਧਾਰ ਤੇ ਆਪਣੀ ਰਾਜਨੀਤਿਕ ਲਾਲਸਾ ਨੂੰ ਮੁੱਖ ਰੱਖਕੇ ਪੰਜਾਬੀ ਸੂਬੇ ਦਾ ਸੰਘਰਸ਼ ਅਰੰਭਿਆ ਤੇ 1966 ਵਿੱਚ ਰਾਜਧਾਨੀ ਅਤੇ ਆਪਣੇ ਪਾਣੀਆਂ ਤੋਂ ਕੋਰਾਂ ਪੰਜਾਬ ਸਿਰਜ ਲਿਆ। ਇਹ ਜਰੂਰ ਹੈ ਕਿ ਇਸ ਵਿੱਚ ਸਿੱਖ ਕੌਮ ਥੋੜੇ ਫਰਕ ਤੇ ਹਿੰਦੂਆਂ ਨਾਲੋਂ ਬਹੁਤ ਗਿਣਤੀ ਵਿੱਚ ਸੀ। ਇਸ ਦੇ ਬਾਵਜੂਦ ਵੀ ਉਸ ਵੇਲੇ ਦੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਰਾਜਨੀਤਿਕ ਪੂਰਤੀ ਨੂੰ ਪਹਿਲ ਦਿੰਦੇ ਹੋਏ ਹਿੰਦੂ ਕੱਟੜ ਜਮਾਤ ਜਨਸੰਘ ਨਾਲ ਸਾਂਝ ਪਾਈ। ਜਿਹੜੀ ਜਨਸੰਘ ਸਿੱਖਾਂ ਨੂੰ ਹਿੰਦੂ ਰਾਸਟਰ ਦਾ ਹਿੱਸਾ ਮੰਨਦੀ ਸੀ ਜਿਸਨੇ ਪੰਜਾਬੀ ਸੂਬਾ ਬਣਨ ਵੇਲੇ ਇਸਦੇ ਵਿਰੁੱਧ ਸੰਘਰਸ਼ ਕੀਤਾ ਸੀ ਤੇ ਪੰਜਾਬੀ ਭਾਸ਼ਾ ਨੂੰ ਤਿਲਾਜਲੀ ਦਿੰਦਿਆਂ ਹੋਇਆਂ ਹਿੰਦੀ ਨੂੰ ਆਪਣੀ ਮੁੱਖ ਭਾਸ਼ਾ ਦੱਸਿਆ ਸੀ। ਜਿਵੇਂ ਇੱਕ ਮਸ਼ਹੂਰ ਕਥਨ ਹੈ ਕਿ –
“ਲਮਹੋਂ ਨੇ ਖ਼ਤਾ ਕੀ ਔਰ ਸਦੀਓਂ ਨੇ ਸਜਾ ਪਾਈ“
ਅਨੁਸਾਰ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਇਤਿਹਾਸ ਮੁੜ ਸਿਰਜਣ ਲਈ ਪੰਜਾਬ ਸੂਬੇ ਲਈ ਖੁਦਮੁਖਤਿਆਰੀ ਦਾ ਝੰਡਾ ਚੁੱਕਿਆ ਜੋ ਚਲਦਿਆਂ ਚਲਦਿਆਂ ਧਰਮ ਯੁੱਧ ਮੋਰਚੇ ਵਿੱਚ ਤਬਦੀਲ ਹੋ ਗਿਆ। ਜਿਸਦਾ ਕਾਰਨ ਦਰਬਾਰ ਸਾਹਿਬ ਦਾ ਫੌਜੀ ਹਮਲਾ ਬਣਿਆ ਤੇ ਉਸਤੋਂ ਬਾਅਦ ਸਿੱਖ ਸੰਘਰਸ਼ ਦੀ ਰੂਪ ਰੇਖਾ ਬਣਿਆ। ਸਮੇਂ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਇਸਦੇ ਸਿਰ ਤੇ ਆਪਣੀ ਰਾਜ ਸੱਤਾ ਤਾਂ ਸਿਰਜ ਲਈ ਪਰ ਆਪ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਵਿੱਚ ਤਬਦੀਲ ਕਰਕੇ ਪਰਿਵਾਰਵਾਦ ਸਿਆਸਤ ਅਧੀਨ ਸਿੱਖ ਕੌਮ ਦੀ ਰਾਜਨੀਤੀ ਅਤੇ ਧਾਰਮਿਕ ਖੇਤਰ ਵਿੱਚ ਆਪਣੀ ਸਰਮਾਏਦਾਰੀ ਕਾਇਮ ਕਰ ਲਈ। ਇਸੇ ਦੌਰਾਨ ਹੀ ਜਨਸੰਘ ਦੀ ਪਛਾਣ ਮੌਜੂਦਾ ਸਮੇਂ ਵਿੱਚ ਬਣੀ। ਹਿੰਦੂਤਵ ਸੋਚ ਨਾਲ ਬੱਝੀ ਭਾਰਤੀ ਜਨਤਾ ਪਾਰਟੀ ਨਾਲ ਰਾਜਨੀਤਿਕ ਸਾਂਝ ਸਿਰਜ ਲਈ ਗਈ। ਕਸ਼ਮੀਰ ਦੀ ਖੇਤਰੀ ਪਾਰਟੀ ਦੀ ਲੀਡਰਸ਼ਿਪ ਦੀ ਤਰਜ਼ ਤੇ ਕੇਂਦਰ ਸਰਕਾਰ ਅਤੇ ਇਨਸਾਫ ਜੁੜੀਆਂ ਸੰਸਥਾਵਾਂ ਨਾਲ ਪੂਰੀ ਤਰਾਂ ਸਾਂਝ ਸਥਾਪਤ ਕਰ ਲਈ। ਇਸ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇੱਕ ਰਾਸ਼ਟਰੀ ਪੱਖੀ ਸੂਬਾਂ ਪਾਰਟੀ ਤਾਂ ਬਣਾ ਲਿਆਂ ਪਰ ਸਿੱਖ ਕੌਮ ਨਾਲ ਜੁੜੇ ਅਤੇ ਪੰਜਾਬ ਦੀ ਕਿਸਾਨੀ ਨਾਲ ਜੁੜੇ ਅਹਿਮ ਮੁੱਦੇ ਜਿਵੇਂ ਕਿ ਪਾਣੀਆਂ ਦਾ ਮਸਲਾ ਤੇ ਹੋਰ ਮਸਲੇ ਪਿਛਾਂਹ ਸੁੱਟ ਦਿੱਤੇ ਗਏ। ਇਥੋਂ ਤੱਕ ਕਿ ਪੰਜਾਬ ਸੂਬੇ ਦੇ ਵੱਧ ਅਧਿਕਾਰਾਂ ਦਾ ਮੁੱਦਾ ਵੀ ਵਿਸਾਰ ਦਿੱਤਾ ਗਿਆ। ਆਪਣੀ ਰਾਸ਼ਟਰੀ ਸੂਬਾ ਪਛਾਣ ਨੂੰ ਬਰਕਰਾਰ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਕੇਂਦਰ ਸਰਕਾਰ ਨੇ ਵਿਕੇਂਦਰੀਕਰਨ ਜਿਹੇ ਸੰਵੇਦਨਸ਼ੀਲ ਮੁੱਦਿਆਂ ਤੇ ਉਹਨਾਂ ਦੇ ਭਾਈਵਾਲ ਬਣ ਗਏ। ਅੱਜ ਇਸ ਵਿਕੇਂਦਰੀਕਰਨ ਸਦਕਾਂ ਸੂਬਾਂ ਸਰਕਾਰਾਂ ਕੋਲ ਦਿਖਾਵੇ ਦੇ ਹੀ ਰਾਜ ਰਹਿ ਗਏ ਹਨ। ਲੰਮਾ ਸਮਾਂ ਰਾਜ ਸੱਤਾ ਵਿੱਚ ਰਹਿਣ ਸਦਕਾ ਸ਼੍ਰੋਮਣੀ ਅਕਾਲੀ ਦਲ ਬਾਦਲ ਆਪਣੇ ਰਾਜ ਕਾਲ ਦੌਰਾਨ ਵਾਪਰੀਆਂ ਅਤਿ ਸੰਵੇਦਨਸ਼ੀਲ ਘਟਨਾਵਾਂ ਸਦਕਾ ਸਿੱਖ ਕੌਮ ਵਿਚੋਂ ਆਪਣੀ ਪਛਾਣ ਤਕਰੀਬਨ ਗੁਆ ਚੁੱਕਿਆ ਹੈ। ਹੁਣ ਸੱਤਾ ਤੋਂ ਬਾਹਰ ਰਹਿਣ ਸਦਕਾ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਆਪਣੀ ਹੈਸੀਅਤ ਤੇ ਪਛਾਣ ਦਾ ਜਦੋਂ ਅੰਦਾਜ਼ਾ ਲੱਗਿਆ ਤਾਂ ਇਸਨੇ ਆਪਣੀ ਇਤਿਹਾਸਕ ਪਛਾਣ ਨੂੰ ਯਾਦ ਕਰਦਿਆਂ ਸਿੱਖ ਕੌਮ ਅਤੇ ਕਿਸਾਨੀ ਜੋ ਕਿ ਬਹੁ ਗਿਣਤੀ ਸਿੱਖ ਹੈ ਨਾਲ ਨੇੜਤਾ ਵਧਾਉਣ ਦਾ ਯਤਨ ਅਰੰਭਿਆ ਹੈ। ਹੁਣ ਪੰਜਾਬ ਦੀ ਕਿਸਾਨੀ ਭਾਰਤੀ ਰਾਜ ਅਧੀਨ ਪਹਿਲੀ ਵਾਰ ਆਪਣੇ ਭਵਿੱਖ ਨੂੰ ਗੁਆਚਦਿਆਂ ਦੇਖ ਰਹੀ ਹੈ। ਇਸ ਲਈ ਉਸਨੇ ਆਪਣੀ ਵਿੱਥ ਮੁਤਾਬਿਕ ਸੰਘਰਸ਼ ਦਾ ਰਾਹ ਚੁਣਿਆ ਹੈ। ਪਰ ਸੰਘਰਸ਼ਮਈ ਇਤਿਹਾਸਕ ਪ੍ਰਤੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸ਼ਾਮਲੀਅਤ ਪ੍ਰਤੀ ਪੰਜਾਬ ਦੀ ਕਿਸਾਨੀ ਮੁਨਕਰ ਹੈ। ਇਸ ਸੰਘਰਸ਼ ਰਾਹੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਆਪਣਾ ਰਾਜਨੀਤਿਕ ਰਾਜ-ਸੱਤਾ ਵਾਲਾ ਸੁਪਨਾ ਘੜਨ ਦਾ ਯਤਨ ਕਰ ਰਹੀ ਹੈ ਪਰ ਵਕਤ ਦੇ ਪੰਨਿਆਂ ਉੱਤੇ ਤੇ ਰਾਜ ਸੱਤਾ ਦੇ ਨਸ਼ੇ ਵਿੱਚ ਜੋ ਖਤਾਵਾਂ ਹੋਈਆਂ ਹਨ, ਉਹਨਾਂ ਦਾ ਖ਼ਮਿਆਜਾ ਇਹਨਾਂ ਨੇ ਭੁਗਤਨਾ ਹੀ ਹੈ।
ਹੁਣ ਪੰਜਾਬ ਦੇ ਕਿਸਾਨ ਦੀ ਇਹ ਦਿਸ਼ਾ ਹੈ ਕਿ –
“ਸਾਡੇ ਮੁੱਕ ਜਾਂਦੇ ਦੇ ਦੇ ਸ਼ਹੀਦੀਆਂ
ਥੋਡੇ ਤੱਖਤਾਂ ਤੇ ਬਹਿਣ ਲਈ ਤਿਆਰ ਨੇ
ਸੱਚ ਆਉਂਦਾ ਨਹੀਂ ਸਾਹਮਣੇ
ਦਬਾਇਆ ਜਾਂਦਾ ਏ
ਬੇ-ਵਾਕ ਹੋ ਕੇ ਬੋਲੇ ਜੋ
ਬੰਦਾ ਵੱਡਿਆ ਜਾਂਦਾ ਏ
ਅਸੀਂ ਉਹ ਜੋ ਧਰਨੇ ਤੇ ਬੈਠੇਆਂ
ਤੁਸੀਂ ਉਹ ਜੋ ਚਲਾਉਂਦੇ ਸਰਕਾਰ ਨੇ“