ਪਿਛਲੇ ਕੁਝ ਸਮੇਂ ਤੋਂ ਇਸ ਸਾਲ ਦੀ ਹਾੜ੍ਹੀ ਰੁੱਤ ਦੌਰਾਨ ਕਣਕ ਦੀ ਫਸਲ ਰੁਲ ਜਾਣ ਤੇ ਇਸ ਤੋਂ ਪਹਿਲਾਂ ਝੋਨੇ ਦੀ ਫਸਲ ਵੇਲੇ ਸਰਕਾਰਾਂ ਦੀ ਟਾਲ ਮਟੋਲ ਕਰਕੇ ਪੰਜਾਬ ਦਾ ਕਿਸਾਨ ਜੋ ਮੁੱਖ ਰੂਪ ਵਿੱਚ ਸਿੱਖ ਧਰਮ ਨਾਲ ਸਬੰਧਤ ਹੈ, ਨੇ ਬੇਲੋੜਾ ਸੰਤਾਪ ਝੱਲਿਆ ਹੈ। ਇਹ ਮੋਦੀ ਦੀਆਂ ਸਰਕਾਰਾਂ ਵੱਡੇ ਸ਼ਾਹੂਕਾਰਾਂ ਤੇ ਮਜਬੂਤ ਘਰਾਣਿਆਂ ਨੂੰ ਬਿਨਾਂ ਵਿਆਜ ਤੋਂ ਅਰਥਾਂ ਰੁਪਿਆ ਦਾ ਧਨ ਦੌਲਤ ਕਰਜੇ ਲਈ ਦੇ ਸਕਦੀਆਂ ਹਨ ਤੇ ਦੇ ਵੀ ਰਹੀਆਂ ਹਨ ਜਿਵੇਂ ਕਿ ਹੁਣੇ ਰੀਨਾ ਮਿਲ ਦੇ ਮਾਲਕਾਂ ਨੂੰ ਛੇ ਹਜ਼ਾਰ ਕਰੋੜ ਰੁਪਏ ਦਾ ਕਰਜਾ ਬਿਨਾ ਵਿਆਜ ਤੋਂ ਦਿੱਤਾ ਗਿਆ ਹੈ ਤਾਂ ਕਿ ਉਹ ਗੰਨਾ ਉਤਪਾਦਕ ਕਿਸਾਨਾਂ ਦਾ ਇੱਕੀ ਤੋਂ ਬਾਈ ਹਜ਼ਾਰ ਕਰੋੜ ਰੁਪਣੇ ਦਾ ਬਕਾਇਆ ਅਦਾ ਕਰ ਸਕਣ। ਇਸੇ ਤਰਾਂ ਕਿੰਗ ਫਿਸ਼ਰ ਤੇ ਸਪਾਈਸ ਜੈਟ ਵਰਗੀਆਂ ਵੱਡੀਆਂ ਹਵਾਈ, ਕੰਪਨੀਆਂ ਦੇ ਆਰਥਿਕ ਦਬਾਅ, ਜੋ ਕਿ ਉਹਨਾਂ ਦੇ ਆਪਣੇ ਕਾਰਨਾਂ ਕਰਕੇ ਆਇਆ ਸੀ, ਨੂੰ ਠੀਕ ਕਰਨ ਲਈ ਹਜ਼ਾਰਾਂ ਕਰੋੜ ਰੁਪਏ ਦੇ ਕਰਜੇ ਭਾਰਤੀ ਸਰਕਾਰਾਂ ਵੱਲੋਂ ਮੁਹੱਈਆ ਕੀਤੇ ਗਏ ਸਨ। ਇਸਦੇ ਬਾਵਜੂਦ ਵੀ ਉਹਨਾਂ ਦੇ ਕਰਮਚਾਰੀ ਅੱਜ ਵੀ ਮਹੀਨਿਆ ਬੱਧੀ ਤਨਖਾਹ ਤੋਂ ਵਾਂਝੇ ਹਨ। ਇਸ ਸੰਦਰਭ ਵਿੱਚ ਮੈਂ ਤਹਾਨੂੰ ਪੰਜਾਬ ਦੇ ਇੱਕ ਕਿਸਾਨ ਦੀ ਹੱਡਬੀਤੀ ਵਰਣਨ ਕਰ ਰਿਹਾ ਹਾਂ।
“ਚਿੱਟੇ ਦੁੱਧ ਰੰਗੇ ਸਰਾਣਿਆਂ ਵਿੱਚ ਬੈਠੇ ਸੇਠ ਨੇ ਪਤਏ ਫਰੇਮ ਦੀ ਐਨਕ ਵਿੱਚ ਦੀ ਸੁਰਜਨ ਸਿੰਹੁ ਵੱਲ ਵੇਖਿਆ – ‘ਸੁਰਜਨ ਸਿੰਹੁ ਹੋ ਗਿਆ ਭਾਈ ਤੇਰਾ ਹਿਸਾਬ, ਡੂਢ ਲੱਖ ਟੁੱਟਦਾ ਤੇਰੇ ਸਿਰ, ਜੱਟ ਭਰਾ ਹੈ ਤੂੰ, ਦੋ ਰੁਪੈ ਵਿਆਜ ਲਾਇਆ ਸੈਂਕੜੇ ਨੂੰ।‘ ਕਿਸੇ ਆਸ ਨਾਲ ਪਿੰਡੋਂ ਲਿਆਦਾ ਜਵਾਰ ਦੇ ਬੀਅ ਵਾਲਾ ਖਾਲੀ ਝੋਲਾ ਸੁਰਜਨ ਨੇ ਦੋਹਾਂ ਹੱਥਾਂ ਨਾਲ ਘੁੱਟਿਆ, ਜੁੱਤੀ ਨੂੰ ਝਾੜਿਆ ਤੇ ਉਂਗਲ ਦੀ ਮੱਦਦ ਨਾਲ ਜੁੱਤੀ ਪਾਈ ਤੇ ਪਿੰਡ ਦੀ ਮਿੰਨੀ ਬੱਸ ਜਾ ਚੜਿਆ। ਬੱਸ ਵਿੱਚ ਬਾਂਹ ਤੇ ਬਾਲਟੀ ਟੰਗੀ ਫਿਰਦੇ ਭਈਏ ਨੇ ਵਾਜ਼ ਕੱਢੀ ਛੋਲੇ ਛੋਲੇ ਦਾਲ ਨਮਕੀਨ। ਸੁਰਜਨ ਦੀ ਨਿਗਾਹ ਡਰੈਬਰ ਦੇ ਖੱਬੇ ਹੱਥ ਲੱਗੀ ਗੁਰੂ ਨਾਨਕ ਦੀ ਫੋਟੋ ਤੇ ਜਾ ਟਿਕੀ ਰਿਹੀ, ‘ਹਾਂ ਬੁੜਿਆ ਕਿਥੇ ਜਾਣਾ, ਪੀਨਕ ਲਾਈ ਹੈ‘; ਕੰਡਕਟਰ ਦੇ ਖਰਵੇ ਬੋਲ ਨੇ ਸੁਰਜਨ ਨੂੰ ਜਗਾਇਆ। ‘ਬੰਗੀ ਜਾਣਾ ਭਾਈ‘, ਕੁੜਤੇ ਦੀ ਜੇਬ ਵਿਚੋਂ ਸੁਰਜਨ ਨੇ ਬਟੂਆ ਕੱਢਿਆ, ਆੜਤੀਏ ਦੀ ਪਰਚੀ ਤੋਂ ਬਿਨਾਂ ਬੀਹਾਂ ਦਾ ਨੋਟ ਨਿਕਲਿਆ। ‘ਕਿਵੇ ਸੁਰਜਨਾ ਵੇਚ ਆਇਆ ਕਣਕ ਕੁਣਕ‘ ਕਿਸੇ ਨੇ ਸੜਕ ਦਾ ਮੋੜ ਮੁੜਦਿਆਂ ਪਿੰਡੋਂ ਪੁੱਛਿਆ। ਸੁਰਜਨ ਨੇ ਹਾਂ ਵਿੱਚ ਜਵਾਬ ਦਿੱਤਾ ਤੇ ਘਰ ਜਾ ਕੇ ਖਾਲੀ ਝੋਲਾ ਕਿੱਲੀ ਤੇ ਟੰਗ ਦਿੱਤਾ। ਕਣਕ ਦੇ ਢੋਲ ਤੇ ਪਿਆ ਸਪਰੇਅ ਦਾ ਲੀਟਰ ਦੂਰੋਂ ਦਿਸਿਆ ਤੇ ਸੁਰਜਨ ਸਿੰਹੁ ਇਕੋ ਸਾਹੇ ਸਾਰਾ ਪੀ ਗਿਆ। ਦੂਰੋਂ ਪਾਥੀਆਂ ਚੁੱਕੀ ਆਉਂਦੀ ਬਚਨੋ ਨੇ ਲੇਰ ਛੱਡੀ, ‘ਵੇ ਆਹ ਕੀ ਚੰਦ ਚਾੜਤਾ ਦੁਸ਼ਮਨਾ?‘ ਸੁਰਜਨ ਸਿੰਘ ਦਾ ਨਿੱਕਾ ਪੁੱਤ ਘਬਰਾਇਆ ਖੜਾ ਸੀ। ਕਿਸੇ ਪਾੜੇ ਮੁੰਡੇ ਨੇ ਐਂਬੂਲੈਂਸ ਨੂੰ ਫੋਨ ਕੀਤਾ। ਧੂੜਾਂ ਪੁੱਟਦੀ ਐਂਬੂਲੈਂਸ ਪਿੰਡੋਂ ਬਾਹਰ ਹੋਈ ਖੇਤ ਕੋਲੋਂ ਲੰਘਣ ਲੱਗਿਆ ਸੁਰਜਨ ਸਿੰਹੂ ਨੇ ਹਿਝਕੀ ਲਈ, ਮੂੰਹੋਂ ਝੱਗ ਨਿਕਲਕੇ ਦਾਹੜੀ ਵਿੱਚ ਜਾ ਰਲੀ, ਸਰੀਰ ਨੀਲਾ ਤੇ ਠੰਡਾ ਹੋਣ ਲੱਗਾ, ਟੱਬਰ ਦੀਆਂ ਚੀਕਾਂ ਤੇ ਕੂਕਾਂ ਹੋਰ ਉੱਚੀਆਂ ਹੋਣ ਲੱਗੀਆਂ, ਐਂਬਲੈਂਸ ਦੇ ਬਾਹਰਲੇ ਪਾਸੇ ਫੋਟੋ ਵਿੱਚ ਬੈਠਾ ਚਿੱਟੀ ਦਾਹੜੀ ਤੇ ਨੀਲੀ ਪੱਗ ਵਾਲਾ ਕੋਈ ਨਿਰਲੱਜ ਲੀਡਰ ਬੇਬਾਕ ਹੱਸ ਰਿਹਾ ਸੀ”
ਇਹ ਇਕ ਛੋਟੀ ਜਿਹੀ ਬੇਬਾਕ ਦਾਸਤਾਨ ਉੱਜੜ ਰਹੇ ਪੰਜਾਬ ਦੀ ਹੈ ਜਿਸ ਨੂੰ ਸਮਝਣ ਤੇ ਸਲਝਾਉਣ ਲਈ ਮਾਹਿਰਾਂ ਦੀ ਘਾਟ ਮਹਿਸੂਸ ਹੋ ਰਹੀ ਹੈ। ਕਿਉਂਕਿ ਇਸ ਮੁਸ਼ਕਲ ਦਾ ਹੱਲ ਪੰਜਾਬ ਸਰਕਾਰ ਜਾਂ ਮੌਜੂਦਾ ਭਾਰਤ ਸਰਕਾਰ ਕੋਲ ਵੀ ਨਜ਼ਰ ਨਹੀਂ ਆਉਦਾ। ਇਸਦੇ ਕਾਰਨ ਪੰਜਾਬ ਦੇ ਕਿਰਸਾਨਾਂ ਨੂੰ ਜੋ ਕਿ ਹਰੀ ਕ੍ਰਾਂਤੀ ਦੇ ਮੁੱਖ ਨਾਇਕ ਸਨ, ਨਾਂ ਤਾਂ ਬਣਦਾ ਸਨਮਾਨ ਦਿੱਤਾ ਹੈ ਤੇ ਨਾ ਹੀ ਉਸ ਤਰਾਂ ਦੇ ਉਪਜਾਊ ਸ਼ਕਤੀ ਲਈ ਲੋੜੀਂਦੇ ਸਾਧਨ ਯੋਗ ਭਾਅ ਤੇ ਦਿੱਤੇ ਜਾ ਰਹੇ ਹਨ ਤੇ ਉਹ ਇਨਾਂ ਕੀਮਤਾਂ ਦੇ ਫੇਰ-ਬਦਲ ਵਿੱਚ ਆਪਣੇ ਜ਼ਿੰਦਗੀ ਨੂੰ ਝੋਲੇ ਦੀ ਤਰਾਂ ਸਮੇਟ ਰਹੇ ਹਨ। ਇਸ ਉਪਰੰਤ ਯੂ.ਕੇ ਵਿਚਲੇ ਸੰਗਤ ਟੀ.ਵੀ ਨੇ ਨਿਪਾਲ ਦੇ ਭੂਚਾਲ ਪੀੜਤਾਂ ਲਈ ਦੋ ਲੱਖ ਪੌਂਡ ਤੋਂ ਵੱਧ ਸਰਮਾਇਆ ਇੱਕਠਾ ਕੀਤਾ ਪਰ ਅੱਜ ਤੱਕ ਮੇਰੀ ਜਾਣਕਾਰੀ ਮੁਤਾਬਕ ਦਸ ਹਜ਼ਾਰ ਪੌਂਡ ਹੀ ਲਾਗਤ ਵਿੱਚ ਆਇਆ ਹੈ। ਇਹ ਸਿੱਖ ਜੱਥੇਬੰਦੀਆਂ ਨੂੰ ਪੰਜਾਬ ਦੇ ਕਿਸਾਨਾਂ ਦੀਆਂ ਖੁਦਕਸ਼ੀਆਂ ਨਜ਼ਰ ਕਿਉਂ ਨਹੀਂ ਆ ਰਹੀਆਂ? ਜੋ ਕਿ ਜਿੰਦਗੀ ਦੀ ਇੰਤਹਾਂ ਕਰ ਰਹੇ ਹਨ।