ਉੱਤਰ-ਬਸਤੀਵਾਦੀ ਪਹੁੰਚ ਦੇ ਮਨਸੂਬਿਆਂ ਨੂੰ ਸਮਝੋ

ਅਵਤਾਰ ਸਿੰਘ, ਜਸਵੀਰ ਸਿੰਘ

ਪਿਛਲੇ ਦੋ ਹਫਤਿਆਂ ਦੌਰਾਨ ਸਿੱਖ ਰਾਜਨੀਤੀ ਦੇ ਭਵਿੱਖ ਸਬੰਧੀ ਦੋ ਮੁਲਾਕਾਤਾਂ ਸੁਣਨ ਨੂੰ ਮਿਲੀਆਂ। ਬੇਸ਼ੱਕ ਇਨ੍ਹਾਂ ਮੁਲਾਕਾਤਾਂ ਵਿੱਚ ਸ਼ਾਮਲ ਸੱਜਣ ਬਿਲਕੁਲ ਵਿਰੋਧੀ ਵਿਚਾਰਾਂ ਵਾਲੇ ਸਮੂਹ ਨਾਲ ਸਬੰਧ ਰੱਖਦੇ ਸਨ ਪਰ ਪਹਿਲੀ ਵਾਰ ਇਹ ਦੇਖਣ ਨੂੰ ਮਿਲਿਆ ਕਿ ਸਿੱਖ ਰਾਜਨੀਤੀ ਬਾਰੇ ਦੋ ਵਿਰੋਧੀ ਵਿਚਾਰਾਂ ਵਾਲੇ ਸੱਜਣਾਂ ਦੇ ਬੋਲ ਇੱਕੋ ਵੇਵਲੈਂਥ ਵਿੱਚੋਂ ਪ੍ਰਗਟ ਹੋ ਰਹੇ ਹਨ। ਸਿੱਖ ਰਾਜਨੀਤੀ ਦੇ ਵਿਦਿਆਰਥੀਆਂ ਲਈ ਇਹ ਕਾਫੀ ਹੈਰਾਨ ਕਰਨ ਵਾਲੀ ਗੱਲ ਹੈ।

ਪਹਿਲੀ ਮੁਲਾਕਾਤ, ਅਕਾਲੀ ਦਲ ਦੇ ਕਥਿਤ ਮੀਡੀਆ ਸਲਾਹਕਾਰ ਦੀ ਹੈ। ਉਸ ਮੀਡੀਆ ਸਲਾਹਕਾਰ ਦੀ ਜਿਸਨੇ ਪਿਛਲੇ 40 ਸਾਲਾਂ ਤੋਂ ਅਕਾਲੀ ਦਲ ਨੂੰ ਸਿਧਾਂਤਕ ਕੁਰਾਹੇ ਤੇ ਪਾਕੇ ਇਸਦੇ ਵਰਤਮਾਨ ਸਮੇਂ ਤੱਕ ਦਾ ਮਰਸੀਆ ਪੜ੍ਹਨ ਵਿੱਚ ਭਰਪੂਰ ਅਤੇ ਸੁਚੇਤ ਭੂਮਿਕਾ ਨਿਭਾਈ ਹੈ। ਹਰਚਰਨ ਬੈਂਸ ਨਾਅ ਦੇ ਇਸ ਸ਼ਖਸ਼ ਦੀ ਕਾਬਲੀਅਤ ਅਤੇ ਮਿਹਨਤ ਦਾ ਹੀ ਇਹ ਸਿੱਟਾ ਹੈ ਕਿ ਅੱਜ ਪੰਥ ਦਾ ਹਰਿਆਵਲ ਦਸਤਾ, ਅਕਾਲੀ ਦਲ, ਪੰਜਾਬ ਦੇ ਵਿਹੜੇ ਵਿੱਚ ਚੌਫਾਲ ਡਿਗਿਆ ਪਿਆ ਹੈ। ਜਿਹੜਾ ਅਕਾਲੀ ਦਲ ਕਦੇ ਇੰਦਰਾ ਗਾਂਧੀ ਅਤੇ ਮੋਰਾਰਜੀ ਦੇਸਾਈ ਵਰਗੇ ਕੱਟੜ ਲੀਡਰਾਂ ਨੂੰ ਕੰਬਣੀ ਛੇੜ ਦੇਂਦਾ ਸੀ ਉਸਨੂੰ ਹਰਚਰਨ ਬੈਂਸ ਦੀ ਵੱਡੀ ਘਾਲ ਕਮਾਈ ਅਤੇ ਇਮਾਨਦਾਰ ਕੋਸ਼ਿਸ਼ ਨੇ ਕੇਜਰੀਵਾਲ ਵਰਗੇ ਮੁਹੱਲਾ ਛਾਪ ਲੀਡਰਾਂ ਦੀਆਂ ਨਜ਼ਰਾਂ ਵਿੱਚ ਵੀ ਘੱਟੇ ਕੌਡੀਆਂ ਰੋਲ ਦਿੱਤਾ ਹੈ। ਹਰਚਰਨ ਬੈਂਸ ਅਤੇ ਬਰਜਿੰਦਰ ਸਿੰਘ ਹਮਦਰਦ ਪਿਛਲੇ 40 ਸਾਲ ਤੋਂ ਅਕਾਲੀ ਦਲ ਦਾ ਪੰਥਕ ਖਾਸਾ ਤਬਾਹ ਕਰਨ ਲਈ ਲੱਗੇ ਹੋਏ ਸਨ। ਬਰਜਿੰਦਰ ਸਿੰਘ ਹਮਦਰਦ ਦੀ ਅਗਵਾਈ ਹੇਠ ਛਪਦੇ ਇੱਕ ਅਖਬਾਰ ਨੇ ਪਿਛਲੇ 40 ਸਾਲਾਂ ਦੌਰਾਨ ਹਰ ਉਸ ਸ਼ਖਸ਼ ਅਤੇ ਹਰ ਉਸ ਵਿਚਾਰ ਨੂੰ ਸੁਚੇਤ ਰੂਪ ਵਿੱਚ ਅੱਗੇ ਵਧਾਇਆ ਜੋ ਸਿੱਖ ਕੌਮ ਦੇ ਅੰਦਰੂਨੀ ਖੋਰੇ ਲਈ ਸਹਾਇਕ ਹੋ ਸਕਦਾ ਸੀ। ਖੈਰ ਕੌਮ ਨੂੰ ਅੱਜ ਇਸ ਗੱਲ ਦੀ ਅਥਾਹ ਖੁਸ਼ੀ ਹੈ ਕਿ ਇਨ੍ਹਾਂ ਦੋਵਾਂ, ਦਾਨਿਸ਼ਵਰ ਸੱਜਣਾਂ ਦੀ 40 ਸਾਲਾਂ ਦੀ ਮਿਹਨਤ ਮਿੱਟੀ ਵਿੱਚ ਮਿਲ ਗਈ ਹੈ ਅਤੇ ਸਿੱਖ ਕੌਮ ਮੁੜ ਤੋਂ ਆਪਣੇ ਧਰਮ, ਆਪਣੀਆਂ ਇਤਿਹਾਸਕ ਰਵਾਇਤਾਂ ਅਤੇ ਆਪਣੇ ਸ਼ਹੀਦਾਂ ਦੀ ਸੋਚ ਵਿੱਚੋਂ ਆਪਣਾਂ ਰਾਜਨੀਤਿਕ ਭਵਿੱਖ ਲੱਭਣ ਦੇ ਰਾਹ ਪੈ ਗਈ ਹੈ।

ਦੂਸਰੀ ਮੁਲਾਕਾਤ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਭਾਈ ਮਨਧੀਰ ਸਿੰਘ ਦੀ ਹੈ। ਇਹ ਇੱਕ ਅਜਿਹੀ ਸੁਚੀ ਧਿਰ ਮੰਨੀ ਜਾਂਦੀ ਹੈ ਜਿਸਨੂੰ ਖਾੜਕੂ ਲਹਿਰ ਦੇ ਅਸਲ ਵਾਰਸ ਹੋਣ ਦਾ ਮਾਣ ਪ੍ਰਾਪਤ ਹੈ। ਪਰ ਭਾਈ ਮਨਧੀਰ ਸਿੰਘ ਵੀ ਉਸ ਮੁਲਾਕਾਤ ਵਿੱਚ ਉਹ ਹੀ ਗੱਲਾਂ ਕਰ ਰਹੇ ਹਨ ਜੋ ਹਰਚਰਨ ਬੈਂਸ ਕਰ ਰਹੇ ਹਨ। ਹਰਚਰਨ ਬੈਂਸ ਗੁਰਬਾਣੀ ਦੇ ਹਵਾਲਿਆਂ ਨੂੰ ਆਪਣੀ ਰਾਜਨੀਤਿਕ ਇੱਛਾ ਅਨੁਸਾਰ ਵਖਿਆ ਕੇ ਇਹ ਦੱਸਣ ਦਾ ਜੋਰ ਲਾ ਰਹੇ ਹਨ ਕਿ ਸਿੱਖਾਂ ਨੂੰ ਨਾ ਤਾਂ ਸੰਸਥਾਈ ਧਰਮ (Institutional Religion) ਦੀ ਲੋੜ ਹੈ ਅਤੇ ਨਾ ਹੀ ਪਹਿਚਾਣ ਅਧਾਰਿਤ ਰਾਜਨੀਤੀ (Identity Based Politics)) ਦੀ। ਹਰਚਰਨ ਬੈਂਸ ਨੇ ਪਿਛਲੇ 40 ਸਾਲਾਂ ਤੋਂ ਇਨ੍ਹਾਂ ਦੋਵਾਂ ਵਿਸ਼ਿਆਂ ਤੇ ਨਿੱਠ ਕੇ ਸਰਗਰਮੀ ਕੀਤੀ ਹੈ। ਅਕਾਲੀ ਦਲ ਨੂੰ ਪਹਿਚਾਣ ਅਧਾਰਿਤ ਰਾਜਨੀਤੀ ਦੀ ਕਥਿਤ ਚੁੰਗਲ ਵਿੱਚੋਂ ਕੱਢਕੇ ਇਸਨੂੰ, ਬਿਜ਼ਨੈਸ ਮਾਡਲ ਤੇ ਅਧਾਰਿਤ ਕਾਰਪੋਰੇਸ਼ਨ ਬਣਾਉਣ ਦੀ ਉਨ੍ਹਾਂ ਭਰਪੂਰ ਕੋਸ਼ਿਸ਼ ਕੀਤੀ ਜੋ ਅੱਜ ਅਸਫਲ ਹੋ ਗਈ ਹੈ। ਪਰ ਭਾਈ ਮਨਧੀਰ ਸਿੰਘ ਦੀ ਮੁਲਾਕਾਤ ਵਿੱਚੋਂ ਵੀ ਇਹੋ ਸੰਕੇਤ ਨਿਕਲਦੇ ਨਜ਼ਰ ਆ ਰਹੇ ਹਨ। ਜਿਹੜੀ ਸਰਗਰਮੀ ਕਰਕੇ ਅਕਾਲੀ ਦਲ ਦੇ ਮੀਡੀਆ ਸਲਾਹਕਾਰਾਂ ਨੇ ਅਕਾਲੀ ਦਲ ਤਬਾਹ ਕਰ ਦਿੱਤਾ ਹੈ ਭਾਈ ਮਨਧੀਰ ਸਿੰਘ ਉਸੇ ਪਹਿਚਾਣ ਅਧਾਰਿਤ ਰਾਜਨੀਤੀ ਨੂੰ ਛੱਡ ਦੇਣ ਦੀ ਗੱਲ ਕਰ ਰਹੇ ਹਨ। ਪਹਿਚਾਣ ਅਧਾਰਿਤ ਰਾਜਨੀਤੀ ਨੂੰ ਛੱਡਣ ਦਾ ਹੋਕਾ ਦੇਣ ਵੇਲੇ ਹਰਚਰਨ ਬੈਂਸ ਦੀ ਸਿਧਾਂਤਿਕ ਪੁਜੀਸ਼ਨ ਤਾਂ ਸਮਝ ਆਉਂਦੀ ਹੈ ਪਰ ਭਾਈ ਮਨਧੀਰ ਸਿੰਘ ਦੀ ਸਿਧਾਂਤਿਕ ਪੁਜੀਸ਼ਨ ਇਸ ਸਬੰਧੀ ਸਮਝ ਨਹੀ ਆ ਰਹੀ। ਭਾਈ ਮਨਧੀਰ ਸਿੰਘ ਨੂੰ ਖਾੜਕੂ ਲਹਿਰ ਦੀ ਵਾਰਸ ਧਿਰ ਦਾ ਹਿੱਸਾ ਮੰਨਿਆ ਜਾਂਦਾ ਹੈ। ਉਹ ਪੜ੍ਹੇ ਲਿਖੇ ਅਤੇ ਜਜਬੇ ਵਾਲੇ ਪ੍ਰਪੱਕ ਨੌਜਵਾਨ ਆਗੂ ਹਨ। ਖਾੜਕੂ ਸਿੱਖ ਲਹਿਰ, ਪਹਿਚਾਣ ਅਧਾਰਿਤ ਰਾਜਨੀਤੀ ਦਾ ਸਿਖਰ ਹੈ ਅਤੇ ਇਹ ਉਸ ਰਾਜਨੀਤੀ ਦੀਆਂ ਆਗੂ ਸਫਾਂ ਵਿੱਚ ਵਿਚਰਦੇ ਰਹੇ ਹਨ। ਜੇ ਭਾਈ ਮਨਧੀਰ ਸਿੰਘ ਇਹ ਵਿਚਾਰ ਪ੍ਰਗਟ ਕਰ ਰਹੇ ਹਨ ਕਿ ਸਿੱਖਾਂ ਨੂੰ ਪਹਿਚਾਣ ਅਧਾਰਿਤ ਰਾਜਨੀਤੀ ਛੱਡ ਦੇਣੀ ਚਾਹੀਦੀ ਹੈ ਤਾਂ ਇਸਦਾ ਸਪਸ਼ਟ ਮਤਲਬ ਹੈ ਕਿ ਕੌਮ ਆਪਣੀ ਉਸ ਜਾਂਬਾਜ ਵਿਰਾਸਤ ਨੂੰ ਤਿਲਾਂਜਲੀ ਦੇ ਦੇਵੇ ਜੋ ਉਸਦੇ ਵੱਡ-ਵਡੇਰਿਆਂ ਨੇ ਆਪਣੇ ਲਹੂ ਨਾਲ ਰੰਗੀ ਹੈ। ਜਿਨ੍ਹਾਂ 40 ਸਾਲ ਪਹਿਲਾਂ ਕੌਮ ਦੀ ਇਸ ਇਤਿਹਾਸਿਕ ਧਰਤੀ ਦਾ ਮਾਣ ਰੱਖਣ ਲਈ ਕੌਮੀ ਪਰਿਵਾਰ ਦੇ ਅਣਖੀਲੇ ਸੂਰਮਿਆਂ ਵੱਜੋਂ ਸ਼ਹਾਦਤ ਦਿੱਤੀ ਅਸੀਂ ਉਨਾਂ ਨੂੰ ਭੁੱਲ ਜਾਈਏ। ਅਸੀਂ ਪਹਿਲਾਂ ਵੀ ਆਖਿਆ ਹੈ ਕਿ ਖਾੜਕੂ ਸਿੱਖ ਲਹਿਰ, ਪਹਿਚਾਣ ਅਧਾਰਿਤ ਰਾਜਨੀਤੀ ਦਾ ਸਿਖਰ ਸੀ। ਅਕਾਲੀ ਦਲ ਜਿਹੜੀ ਪਹਿਚਾਣ ਅਧਾਰਿਤ ਰਾਜਨੀਤੀ ਕਰ ਰਿਹਾ ਹੈ ਉਹ ਵੀ ਕੌਮ ਲਈ ਮਾਣਮੱਤੀ ਗੱਲ ਹੈ। ਘੱਟੋ-ਘੱਟ ਇਹ ਕੌਮ ਵਿੱਚ ਨਿਆਰੀ ਕੌਮ ਹੋਣ ਦਾ ਮਾਣ ਤਾਂ ਭਰ ਹੀ ਰਹੀ ਹੈ। ਜੇ ਕੌਮ ਨੇ ਪਹਿਚਾਣ ਅਧਾਰਿਤ ਰਾਜਨੀਤੀ ਨੂੰ ਤਿਲਾਂਜਲੀ ਦੇ ਦਿੱਤੀ ਤਾਂ ਖਾੜਕੂ ਲਹਿਰ ਦੇ ਸਾਰੇ ਸ਼ਹੀਦ, ਅੱਤਵਾਦੀ ਐਲਾਨਣੇ ਪੈਣਗੇ।

ਕਿਸੇ ਵੱਡੀ ਕੌਮ ਦੀ ਅਧੀਨਗੀ ਹੇਠ ਰਹਿ ਰਹੀਆਂ ਕੌਮਾਂ ਕਿਵੇਂ ਆਪਣੀ ਹੋਂਦ ਬਰਕਰਾਰ ਰੱਖਦੀਆਂ ਹਨ ਇਸਨੂੰ ਅਸੀਂ ਮਹਾਨ ਯਹੂਦੀ ਵਿਦਵਾਨ ਅਤੇ ਸ਼ਹੀਦ, ਸਾਈਮਨ ਡੁਬਨਾਓ ਦੇ ਸ਼ਬਦਾਂ ਵਿੱਚੋਂ ਦੇਖ ਸਕਦੇ ਹਾਂ। ਉਹ ਆਖਦੇ ਹਨ-

ਕਿਸੇ ਕੌਮ ਦੀ ਕੌਮੀ ਚੇਤੰਨਤਾ ਦਾ ਅਸਲ ਇਮਿਤਿਹਾਨ ਉਦੋਂ ਆਉਂਦਾ ਹੈ ਜਦੋਂ ਕੌਮ ਸਿਆਸੀ ਤੌਰ ਤੇ ਗੁਲਾਮ ਹੋ ਜਾਂਦੀ ਹੈ। ਕਿਉਂਕਿ ਰਾਜਨੀਤੀ ਸ਼ਾਸ਼ਤਰ ਵਿੱਚ ਇਹ ਗੱਲ ਸਿੱਧ ਕੀਤੀ ਗਈ ਹੈ ਕਿ ਕੌਮੀ ਹੋਂਦ ਦੀ ਸੁਰੱਖਿਆ ਲਈ ਰਾਜਸੀ ਅਜ਼ਾਦੀ ਬਹੁਤ ਜਰੂਰੀ ਹੈ। ਉਹ ਲੋਕ ਜਿਨ੍ਹਾਂ ਨੂੰ ਰਾਜਸੀ ਮੁਕਤੀ ਤੋਂ ਵਿਰਵਾ ਕਰ ਦਿੱਤਾ ਗਿਆ ਹੈ, ਬਾਵਜੂਦ ਇਸਦੇ ਕਿ ਉਹ ਆਪਣੀ ਹੀ ਧਰਤੀ ਤੇ ਵਸ ਰਹੇ ਹਨ ਅਤੇ ਉਨ੍ਹਾਂ ਤੇ ਰਾਜ ਕਰਨ ਵਾਲੇ ਬੇਗਾਨੇ ਲੋਕ ਹਨ। ਇਸ ਸਥਿਤੀ ਵਿੱਚ ਕੌਮ ਦੀਆਂ ਰੁਹਾਨੀ ਸ਼ਕਤੀਆਂ ਦੀ ਪਰਖ ਹੁੰਦੀ ਹੈ। ਜੇ ਕੌਮ ਇਸ ਅਧੀਨਗੀ ਵਾਲੀ ਸਥਿਤੀ ਵਿੱਚ ਆਪਣੀਆਂ ਨਿਆਰੀਆਂ ਰਵਾਇਤਾਂ ਅਤੇ ਰੁਹਾਨੀ ਸ਼ਕਤੀਆਂ ਦੇ ਸਹਾਰੇ ਜੀਵੰਤ ਰਹਿ ਜਾਂਦੀ ਹੈ ਤਾਂ ਉਹ ਕਿਸੇ ਨਾ ਕਿਸੇ ਦਿਨ ਅਜ਼ਾਦ ਵੀ ਹੋ ਜਾਵੇਗੀ। ਕੌਮ ਦੀਆਂ ਰਵਾਇਤਾਂ ਦੀ ਸ਼ਕਤੀ ਉਸ ਨੂੰ ਅਜ਼ਾਦੀ ਦੀ ਰੀਝ ਨਾਲ ਭਰਪੂਰ ਰੱਖਦੀ ਹੋਣੀ ਚਾਹੀਦੀ ਹੈ। ਇਤਿਹਾਸ ਵਿੱਚ ਅਜਿਹੀਆਂ ਬਹੁਤ ਸਾਰੀਆਂ ਕੌਮਾਂ ਦਾ ਜਿਕਰ ਹੈ ਜਿਹੜੀਆਂ ਆਪਣੀ ਹੀ ਧਰਤੀ ਤੇ ਕਿਸੇ ਬੇਗਾਨੇ ਸ਼ਾਸ਼ਨ ਅਧੀਨ ਗੁਲਾਮ ਹੋ ਗਈਆਂ ਪਰ ਉਨ੍ਹਾਂ ਆਪਣੀ ਕੌਮੀ ਚੇਤੰਨਤਾ ਦੀ ਸ਼ਕਤੀ ਅਤੇ ਕੌਮੀ-ਸੁਰੱਖਿਆ ਦੀ ਕੁਦਰਤੀ ਅੰਤਰਪ੍ਰੇਰਨਾ ਨੂੰ ਖੁਰਨ ਨਹੀ ਦਿੱਤਾ। ਰੋਮਨ ਵਿਸਥਾਰ ਦੌਰਾਨ ਜੁਡਿਆ,ਗਰੀਸ ਅਤੇ ਫਿਰ ਆਇਰਲੈਂਡ ਅਤੇ ਪੋਲੈਂਡ ਇਸਦੀਆਂ ਪ੍ਰਤੱਖ ਉਦਾਹਰਨਾ ਹਨ।

ਕੌਮਾਂ ਦੀ ਪ੍ਰੋੜਤਾ ਦਾ ਇੱਕ ਹੋਰ ਕਠੋਰ ਇਮਿਤਿਹਾਨ ਹੁੰਦਾ ਹੈ ਜਦੋਂ ਕੌਮ ਨਾ ਕੇਵਲ ਆਪਣੀ ਸਿਆਸੀ ਅਜ਼ਾਦੀ ਗਵਾ ਬਹਿੰਦੀ ਹੈ ਬਲਕਿ ਆਪਣੀ ਧਰਤੀ ਤੋਂ ਵੀ ਵਿਰਵੀ ਹੋ ਜਾਂਦੀ ਹੈ। ਜਦੋਂ ਇਤਿਹਾਸ ਦਾ ਝੱਖੜ ਉਸਦੀਆਂ ਜੜ੍ਹਾਂ ਉਖਾੜ ਦੇਂਦਾ ਹੈ ਅਤੇ ਕੌਮ ਨੂੰ ਆਪਣੇ ਕੁਦਰਤੀ ਹੋਮਲੈਂਡ ਤੋਂ ਉਜਾੜ ਦੇਂਦਾ ਹੈ। ਕੌਮ ਬੇਗਾਨੀਆਂ ਧਰਤੀਆਂ ਤੇ ਖਿੱਲਰੀ ਹੋਈ,ਜੀਵਨ ਬਸਰ ਕਰਨ ਲਈ ਮਜਬੂਰ ਹੋ ਜਾਂਦੀ ਹੈ। ਉਸਦੀ ਕੌਮੀ ਭਾਸ਼ਾ ਵੀ ਖਤਮ ਹੋ ਜਾਂਦੀ ਹੈ। ਇਸਦੇ ਬਾਵਜੂਦ ਕਿ ਕੌਮ ਦੇ ਬਾਹਰੀ ਕੌਮੀ ਬੰਧਨ ਤਬਾਹ ਹੋ ਗਏ ਹਨ, ਇਸ ਸਥਿਤੀ ਵਿੱਚ ਵੀ ਕੌਮਾਂ ਆਪਣੀ ਹੋਂਦ ਨੂੰ ਸੁਰੱਖਿਅਤ ਰੱਖਣ ਵਿੱਚ ਕਾਮਯਾਬ ਹੋ ਜਾਂਦੀਆਂ ਹਨ। ਜਿਹੜੀਆਂ ਕੌਮਾਂ ਇਸ ਤਬਾਹਕੁੰਨ ਸਥਿਤੀ ਵਿੱਚ ਵੀ ਆਪਣੀ ਹੋਂਦ ਸੁਰੱਖਿਅਤ ਰੱਖਣ ਵਿੱਚ ਕਾਮਯਾਬ ਹੋ ਜਾਂਦੀਆਂ ਹਨ ਉਨ੍ਹਾਂ ਬਾਰੇ ਆਖਿਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਰੁਹਾਨੀ ਸਰੋਤ ਬਹੁਤ ਮਜਬੂਤ ਹਨ। ਅਜਿਹੀਆਂ ਕੌਮਾਂ ਬੇਗਾਨੀਆਂ ਧਰਤੀਆਂ ਤੇ ਵੀ ਆਪਣੀ ਅਜ਼ਾਦ ਹਸਤੀ ਨੂੰ ਬਰਕਰਾਰ ਰੱਖਣ ਵਿੱਚ ਸਫਲ ਹੋ ਜਾਂਦੀਆਂ ਹਨ। ਅਜਿਹੇ ਲੋਕਾਂ ਬਾਰੇ ਆਖਿਆ ਜਾਂਦਾ ਹੈ ਕਿ ਉਨ੍ਹਾਂ ਨੇ ਇਤਿਹਾਸਿਕ-ਸੱਭਿਆਚਾਰਕ ਵਿਅਕਤਿਕਤਾ ( Historical Cultural Individuality) ਦੇ ਬਹੁਤ ਉੱਚੇ ਮਿਆਰ ਸਥਾਪਿਤ ਕਰ ਲਏ ਹਨ। ਅਜਿਹੀਆਂ ਕੌਮਾਂ ਜੇ ਆਪਣੇ ਇਤਿਹਾਸਿਕ ਸਰੋਤਾਂ ਨਾਲ ਜੁੜੀਆਂ ਰਹਿਣ ਤਾਂ ਇਨ੍ਹਾਂ ਨੂੰ ਤਬਾਹ ਨਹੀ ਕੀਤਾ ਜਾ ਸਕਦਾ। ਅਜਿਹੀਆਂ ਕੌਮਾਂ ਅਮਰ ਹੁੰਦੀਆਂ ਹਨ। ਯਹੂਦੀ ਕੌਮ ਨੂੰ ਅਜਿਹੀਆਂ ਕੌਮਾਂ ਦੇ ਸਮੂਹ ਵਿੱਚ ਰੱਖਿਆ ਜਾ ਸਕਦਾ ਹੈ।

ਯਹੂਦੀ ਕੌਮ ਦਾ ਵਿਕਾਸ ਵੀ ਹੋਰਨਾਂ ਕੌਮਾਂ ਵਾਂਗ ਹੀ ਹੋਇਆ ਹੈ। ਆਪਣੀ ਨਿਆਰੀ ਇਤਿਹਾਸਿਕ ਤਕਦੀਰ ਕਾਰਨ ਜਿਹੜੇ ਤੱਤਾਂ ਨੇ ਕੌਮੀ ਚਰਿੱਤਰ ਦਾ ਨਿਰਮਾਣ ਕਰਨਾ ਸੀ ਉਹ ਬਹੁਤ ਉੱਚ-ਮਿਆਰੀ ਸਨ। ਇਨ੍ਹਾਂ ਉੱਚ-ਮਿਆਰੀ ਕੌਮੀ ਚੇਤੰਨਤਾ ਦੇ ਤੱਤਾਂ ਨੇ ਜਿਹੜੀ ਕੌਮੀ ਇੱਕਮੁੱਠਤਾ ਦੀ ਉਸਾਰੀ ਕੀਤੀ ਉਹ ਨਿਆਰੇ ਇਖਲਾਕ ਵਾਲੇ ਸਨ। ਇਜ਼ਰਾਈਲੀ ਕੌਮ ਦੀ ਰੁਹਾਨੀ ਸ਼ਕਤੀ ਨੇ ਸਾਰੇ ਪਦਾਰਥਵਾਦੀ ਤੱਤਾਂ ਨੂੰ ਫੈਸਲਾਕੁੰਨ ਢੰਗ ਨਾਲ ਨਕਾਰ ਦਿੱਤਾ। ਸਾਰੇ ਰਾਜਸੀ ਅਤੇ ਪਦਾਰਥਵਾਦੀ ਤੱਤ ਇਸ ਕੌਮੀ ਇੱਕਜੁੱਟਤਾ ਵਿੱਚ ਦੋਮ ਦਰਜੇ ਉੱਤੇ ਚਲੇ ਗਏ। ਇਸੇ ਕਾਰਨ ਹੀ ਅਨੇਕਾਂ ਧਰਤੀਆਂ ਤੇ ਖਿੰਡੀ ਹੋਈ ਕੌਮ ਤਬਾਹ ਨਾ ਹੋ ਸਕੀ।

ਇਤਿਹਾਸ ਨੇ ਯਹੂਦੀ ਕੌਮ ਦੀ ਪੁਖਤਗੀ ਨੂੰ ਬਹੁਤ ਕਠੋਰ ਇਮਤਿਹਾਨ ਵਿੱਚ ਪਾਇਆ। ਉਨ੍ਹਾਂ ਦੀ ਆਪਣੀ ਧਰਤੀ ਦੁਨੀਆਂ ਦੇ ਨਕਸ਼ੇ ਦਾ ਮਹਿਜ਼ ਇੱਕ ਬਿੰਦੂ ਬਣਕੇ ਰਹਿ ਗਈ ਜਿੱਥੋਂ ਯਹੂਦੀ ਕੌਮ ਨੂੰ ਉਜਾੜੇ ਦਾ ਸਾਹਮਣਾਂ ਕਰਨਾ ਪਿਆ। ਆਪਣੀ ਸਟੇਟ ਤੋਂ ਬਿਨਾ ਰਹਿ ਰਹੀ ਕੌਮ ਹੁਣ ਆਪਣੀ ਧਰਤੀ ਤੋਂ ਵੀ ਵਿਰਵੀ ਹੋ ਗਈ। ਪਰਵਾਸ ਦਾ ਉਹ ਘਿਨਾਉਣਾਂ ਸਮਾਂ, ਪੂਰਬ ਵਿੱਚ ਇਸਲਾਮ ਦੀ ਰਾਜਸੀ ਜਿੱਤ, ਪੱਛਮ ਵਿੱਚ ਈਸਾਈਅਤ ਦੇ ਝੰਡੇ। ਇਸ ਸਭ ਕੁਝ ਨੇ ਇਜ਼ਰਾਈਲੀ ਪਰਵਾਸੀ ਕੌਮ ਨੂੰ ਕਮਜ਼ੋਰ ਕਰ ਦਿੱਤਾ। ਕੀ ਏਨਾ ਕਮਜ਼ੋਰ ਅਤੇ ਖਿੰਡਿਆ ਹੋਇਆ ਕੌਮੀ ਜਜਬਾ ਲੰਬੇ ਸਮੇਂ ਤੱਕ ਜਿੰਦਾ ਰਹਿ ਸਕਦਾ ਹੈ? ਯਹੂਦੀ ਕੌਮ ਨੇ ਇਸ ਭਿਆਨਕ ਦੁਖਾਂਤ ਦਾ ਜਿੰਦਾਦਿਲੀ ਨਾਲ ਸਾਹਮਣਾਂ ਕੀਤਾ। ਜਿਨ੍ਹਾਂ ਮੁਲਕਾਂ ਵਿੱਚ ਯਹੂਦੀ ਵੱਡੀ ਗਿਣਤੀ ਵਿੱਚ ਵਸ ਰਹੇ ਸਨ ਉਨ੍ਹਾਂ ਮੁਲਕਾਂ ਵਿੱਚ ਫਿਰ ਕੌਮੀ-ਅਧਿਆਤਮਿਕ ਸ਼ਕਤੀ ਦੇ ਕੇਂਦਰ ਕਾਇਮ ਕੀਤੇ ਗਏ। ਇਹ ਨਿਆਰੀਆਂ ਰਵਾਇਤਾਂ ਅਤੇ ਸੱਭਿਆਚਾਰਕ ਵਿਲੱਖਣਤਾ ਦੇ ਉਹ ਭੰਡਾਰ ਸਨ ਜਿਨ੍ਹਾਂ ਵੱਲ ਯਹੂਦੀ ਕੌਮ ਲੀਡਰਸ਼ਿੱਪ ਲਈ ਦੇਖਦੀ ਸੀ। ਇਨ੍ਹਾਂ ਨੈਤਿਕ ਸ਼ਕਤੀ ਦੇ ਕੇਂਦਰਾਂ ਨੇ ਜਿੱਥੇ ਯਹੂਦੀ ਕੌਮ ਨੂੰ ਮੁੜ ਤੋਂ ਇੱਕਮੁੱਠ ਕੀਤਾ ਉੱਥੇ ਹੀ ਭਵਿੱਖ ਦੀ ਲੀਡਰਸ਼ਿੱਪ ਪ੍ਰਗਟ ਕਰਨ ਵਿੱਚ ਵੀ ਇਹ ਸਹਾਈ ਹੋਏ।

ਅਸੀਂ ਸਮਝਦੇ ਹਾਂ ਕਿ ਯਹੂਦੀ ਕੌਮ ਦੇ ਇਤਿਹਾਸਕਾਰ ਅਤੇ ਸ਼ਹੀਦ ਦੀਆਂ ਉਪਰੋਕਤ ਟਿੱਪਣੀਆਂ,ਪਹਿਚਾਣ ਅਧਾਰਿਤ ਰਾਜਨੀਤੀ ਦੀ ਜਰੂਰਤ ਦੇ ਸਿਧਾਂਤਿਕ ਪੱਖਾਂ ਨੂੰ ਸਮਝਣ ਲਈ ਕਾਫੀ ਹਨ। ਇਸਦਾ ਵਿਸਥਾਰ ਵਿੱਚ ਅਧਿਐਨ ਕਰਨ ਲਈ, ਸਾਈਮਨ ਡੁਬਨਾਓ ਦੀ ਕਿਤਾਬ ਪੜ੍ਹੀ ਜਾ ਸਕਦੀ ਹੈ।

ਇਸ ਤਰ੍ਹਾਂ ਇਹ ਗੱਲ ਸਮਝੀ ਜਾ ਸਕਦੀ ਹੈ ਕਿ ਕੌਮਾਂ ਦੀ ਹੋਂਦ ਦੀ ਸਲਾਮਤੀ ਲਈ ਸੰਸਥਾਪਕ ਧਰਮ ਅਤੇ ਉਸਦੀਆਂ ਰਵਾਇਤਾਂ ਕਿੰਨੀਆਂ ਮਹੱਤਵਪੂਰਨ ਹੁੰਦੀਆਂ ਹਨ। ਜਿਹੜੀ ਸਥਿਤੀ ਵਿੱਚ ਯਹੂਦੀ ਕੌਮ ਸੌ ਸਾਲ ਪਹਿਲਾਂ ਸੀ, ਸਿੱਖ ਕੌਮ ਉਸ ਸਥਿਤੀ ਵਿੱਚ ਅੱਜ ਹੈ। ਕੌਮ ਦੀ ਧਰਤੀ ਤੇ ਬੇਗਾਨਿਆਂ ਦਾ ਰਾਜ ਹੈ ਅਤੇ ਅੱਧੀ ਕੌਮ ਨੂੰ ਰਾਜਨੀਤਿਕ ਅਤੇ ਆਰਥਿਕ ਕਾਰਨਾ ਕਰਕੇ ਜਲਾਵਤਨੀ ਭੋਗਣੀ ਪੈ ਰਹੀ ਹੈ। ਇਸ ਸਥਿਤੀ ਵਿੱਚ ਕੌਮ ਦੇ ਦਾਨਿਸ਼ਵਰਾਂ ਦਾ ਪਹਿਲਾ ਫਿਕਰ ਕੌਮ ਦੀ ਹੋਂਦ ਦੀ ਸਲਾਮਤੀ ਦਾ ਹੋਣਾਂ ਚਾਹੀਦਾ ਹੈੈ। ਸੰਸਥਾਗਤ ਧਰਮ ਇਸਦੀ ਹੋਂਦ ਦਾ ਜਾਮਨ ਹੈ। ਜਿਹੜੀਆਂ ਕੌਮਾਂ ਆਪਣੀ ਰਾਜਸੱਤਾ ਦੀ ਲਾਲਸਾ ਵਿੱਚ ਸੰਸਥਾਗਤ ਧਰਮ ਤੋਂ ਬੇਮੁੱਖ ਹੋ ਗਈਆਂ ਉਨ੍ਹਾਂ ਦਾ ਰਾਜ ਤਾਂ ਗਿਆ ਹੀ ਨਾਲ ਦੀ ਨਾਲ ਉਨ੍ਹਾਂ ਦੀ ਹੋਂਦ ਵੀ ਮਿਟ ਗਈ। ਅਸੀਰੀਅਨ ਕੌਮ ਇਸਦੀ ਸਭ ਤੋਂ ਵੱਡੀ ਉਦਾਹਰਨ ਹੈ। ਉਸ ਕੌਮ ਦਾ ਕਿਸੇ ਵੇਲੇ ਸਾਮਰਾਜ ਸੀ ਅਤੇ ਸਿੱਕਾ ਚਲਦਾ ਸੀ। ਜਿਉਂ ਹੀ ਸਾਮਰਾਜੀਆਂ ਨੇ ਧਰਮ ਦਾ ਪੱਲਾ ਛੱਡਿਆ, ਵੈਰੀਆਂ ਨੇ ਉਸ ਸਾਮਰਾਜ ਨੂੰ ਘੇਰ ਲਿਆ ਅਤੇ ਉਸ ਸਾਮਰਾਜ ਲਈ ਲੜਨ ਵਾਲਾ ਕੋਈ ਨਾ ਰਿਹਾ। ਜਿਹੜੇ ਧਰਮ ਨਾਲ ਜੁੜੇ ਹੋਏ ਸਨ ਉਹ ਸੱਤਾ ਦੇ ਨਸ਼ੇ ਵਿੱਚ ਖਦੇੜ ਦਿੱਤੇ ਗਏ, ਭਾੜੇ ਦੇ ਫੌਜੀ ਘਰਾਂ ਨੂੰ ਭੱਜ ਗਏ। ਆਪਣੀ ਸਰਕਾਰ ਅਤੇ ਰਾਜ ਨਾਲ ਉਨ੍ਹਾਂ ਦਾ ਉਹ ਰੁਹਾਨੀ ਬੰਧਨ ਨਾ ਰਿਹਾ ਜਿਸਨੇ ਕੌਮ ਨੂੰ ਲੜਨ ਲਈ ਪ੍ਰੇਰਨਾ ਸੀ। ਦੇਖਦਿਆਂ ਹੀ ਦੇਖਦਿਆਂ ਸਾਮਰਾਜ ਤਾਂ ਗਿਆ ਹੀ ਨਾਲ ਹੀ ਕੌਮ ਦੀ ਹੋਂਦ ਵੀ ਮਿਟ ਗਈ।

ਦੂਜੀ ਉਦਾਹਰਨ ਡਰੂਜ਼ ਕੌਮ ਦੀ ਹੈ।ਜਿਸ ਨੂੰ ਬਿਲਕੁਲ ਯਹੂਦੀ ਅਤੇ ਅਰਮੀਨੀਅਨ ਕੌਮ ਵਰਗੇ ਸਿਧਾਂਤਿਕ ਹਮਲੇ ਦਾ ਸ਼ਿਕਾਰ ਹੋਣਾਂ ਪਿਆ। ਕੌਮ ਦੇ ਧਾਰਮਿਕ ਰਹਿਬਰਾਂ ਅਤੇ ਵਿਦਵਾਨਾਂ ਨੇ ਆਪਣੇ ਧਰਮ ਦੀਆਂ ਨਿਆਰੀਆਂ ਮਾਨਤਾਵਾਂ ਦਾ ਸਹਾਰਾ ਲੈਕੇ ਕੌਮ ਦੀ ਹੋਂਦ ਬਚਾ ਲਈ। ਉਹ ਕੌਮ ਦੇ ਕੇਂਦਰੀ ਹਿੱਸੇ ਨੂੰ ਲੈਕੇ ਪਹਾੜਾਂ ਵਿੱਚ ਜਾ ਵਸੇ। ਕਿਸੇ ਵੀ ਗੈਰ-ਧਰਮ ਵਾਲੇ ਨੂੰ ਉਨ੍ਹਾਂ ਦਹਾਕਿਆਂ ਤੱਕ ਆਪਣੇ ਧਰਮ ਦੇ ਘੇਰੇ ਵਿੱਚ ਦਾਖਲ ਨਾ ਹੋਣ ਦਿੱਤਾ। ਧਰਮ ਵਿੱਚ ਦਾਖਲੇ ਦੀ ਮਰਯਾਦਾ ਕਠੋਰ ਕਰ ਦਿੱਤੀ ਗਈ। ਕੋਈ ਬੇਗਾਨਾਂ ਜਾਂ ਦੁਸ਼ਮਣ ਧਰਮ ਦੇ ਘੇਰੇ ਵਿੱਚ ਦਾਖਲ ਨਾ ਹੋਣ ਦਿੱਤਾ ਗਿਆ। ਇਸ ਤਰ੍ਹਾਂ ਸੰਸਥਾਈ ਧਰਮ ਦੀ ਮਰਯਾਦਾ ਦੇ ਅਨੁਸ਼ਾਸ਼ਿਤ ਬੰਧਨਾਂ ਰਾਹੀਂ ਡਰੂਜ਼ ਕੌਮ ਆਪਣੀ ਹੋਂਦ ਬਚਾ ਗਈ।

ਇਸ ਲਈ ਜਿਹੜੇ ਧਾਰਮਿਕ ਸਮੂਹ ਜਿਨ੍ਹਾਂ ਨੂੰ ਸਿੱਖਾਂ ਦੇ ਅੰਗ ਦੱਸਿਆ ਜਾ ਰਿਹਾ ਹੈ ਉਨ੍ਹਾਂ ਦੇ ਧਰਮ ਵਿੱਚ ਦਾਖਲੇ ਦੇ ਕੁਝ ਨਿਯਮ ਹਨ। ਉਹ ਧਾਰਮਿਕ ਰਹਿਤ ਵਿੱਚ ਪ੍ਰਪੱਕ ਹੋਣ ਤੇ ਹੀ ਧਰਮ ਦੀ ਮੁੱਖਧਾਰਾ ਵਿੱਚ ਦਾਖਲ ਹੋ ਸਕਦੇ ਹਨ। ਉਨ੍ਹਾਂ ਨੂੰ ਧਰਮ ਦਾ ਹਿੱਸਾ ਬਣਾਉਣ ਲਈ ਕੌਮ ਕੋਈ ਰਿਆਇਤਾਂ ਨਹੀ ਦੇ ਸਕਦੀ। ਬਹੁਤੇ ਸਮੂਹ ਬਿਪਰ ਸੰਸਕਾਰ ਦੇ ਜਿਆਦਾ ਨੇੜੇ ਹਨ, ਖਾਲਸਾ ਪੰਥ ਦੇ ਨਹੀ। ਉਹ ਸੁਲਫੇ ਵੀ ਪੀਂਦੇ ਹਨ ਅਤੇ ਸਿਗਰਟਾਂ ਵੀ ਅਜਿਹੇ ਲੋਕਾਂ ਦੀ ਕੌਮ ਵਿੱਚ ਵਾਪਸੀ ਧਰਮ ਦੀ ਮਰਯਾਦਾ ਪਾਲਣ ਤੇ ਹੀ ਹੋ ਸਕਦੀ ਹੈ। ਨਹੀ ਤਾਂ ਉਵੇਂ ਹੋਵੇਗਾ ਜਿਵੇਂ ਪੰਜਾਬ ਵਿੱਚ ਗੈਰ-ਪੰਜਾਬੀਆਂ ਦੀ ਅੰਨੇ੍ਹਵਾਹ ਆਮਦ ਨੇ ਸਾਡੇ ਅਬਾਦੀ ਦੇ ਸੰਤੁਲਨ ਨੂੰ ਵਿਗਾੜਨਾ ਅਰੰਭ ਕਰ ਦਿੱਤਾ ਹੈ। ਜੇ ਧਾਰਮਿਕ ਸਮੂਹਾਂ ਦਾ ਬਿਨਾ ਕਿਸੇ ਮਰਯਾਦਾ ਦੇ ਦਾਖਲਾ ਅਰੰਭ ਹੋ ਗਿਆ ਤਾਂ ਇੱਕਦਿਨ ਗਿਣਤੀ ਦੇ ਪਰਿਪੇਖ ਤੋਂ ਇਹ ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ ਤੇ ਕਾਬਜ ਹੋ ਜਾਣਗੇ।

ਸਿੱਖੀ ਵਿੱਚ ਸ਼ਾਮਲ ਹੋਣ ਦੇ ਗੁਰੂ ਸਾਹਿਬ ਨੇ ਸਿਧਾਂਤਿਕ ਨਿਯਮ ਦਰਸਾਏ ਹਨ-

ਸੋ ਪੰਡਿਤੁ ਜੋ ਮਨੁ ਪਰਬੋਧੈ ਰਾਮ ਨਾਮੁ ਆਤਮ ਮਹਿ ਸੋਧੈ

ਰਾਮ ਨਾਮ ਸਾਰੁ ਰਸੁ ਪੀਵੈ ਉਸੁ ਪੰਡਿਤ ਕੇ ਉਪਦੇਸ ਜਗੁ ਜੀਵੈ।

ਗੁਰੂ ਸਾਹਿਬ ਇੱਕ ਹੋਰ ਜਗ੍ਹਾ ਫੁਰਮਾਉਂਦੇ ਹਨ-

ਚਰਨ ਸਰਨ ਗੁਰੁ ਏਕ ਪੈਂਡਾ ਜਾਇ ਚਲ ਸਤਿਗੁਰ ਕੋਟ ਪੈਂਡਾ ਆਗੇ ਹੋਇ ਲੇਤ ਹੈ।

ਸੰਸਥਾਈ ਧਰਮ ਦੀ ਸਭ ਤੋਂ ਮਹੱਤਵਪੂਰਨ ਜਰੂਰਤ ਇੱਕ ਸਾਂਝੀ ਮਰਯਾਦਾ ਹੁੰਦੀ ਹੈ। ਸਿੱਖ ਰਹਿਤ ਮਰਯਾਦਾ ਇਸਦਾ ਸੁੰਦਰ ਨਮੂਨਾ ਹੈ। ਪਰੋਫੈਸਰ ਹਰਿੰਦਰ ਸਿੰਘ ਮਹਿਬੂਬ ਨੇ ਇਸਦੀ ਵਿਆਖਿਆ ਕਰਦੇ ਹੋਏ ਆਖਿਆ ਹੈ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਸਿੱਖ ਜਮਹੂਰੀਅਤ ਦੀ ਪਾਵਨ ਅੰਤਰ-ਦ੍ਰਿਸ਼ਟੀ ਅਨੁਸਾਰ ਰੂਪ ਧਾਰਦੀ ਸਿੱਖ ਰਹਿਤ ਮਰਯਾਦਾ ਖਾਲਸਾ ਇਤਿਹਾਸ ਦੇ ਉਨ੍ਹਾਂ ਪੜਾਵਾਂ ਵਿੱਚੋਂ ਇੱਕ ਹੈ,ਜਦੋਂ ਉਸਨੇ ਪੰਜ ਪਿਆਰਿਆਂ ਦੀ ਲਿਵ ਵਰਗਾ ਗੁਰੂ ਰੂਪ ਹੋਕੇ ਮਹਾਨ ਫੈਸਲੇ ਲਏ। ਜੇ ਸ਼ਰਧਾ ਅਤੇ ਪਰਖ ਦੀ ਕੁਠਾਲੀ ਵਿੱਚੋਂ ਨਿਕਲੇ ਸੰਤਾਂ, ਗੁਰਮੁਖਾਂ,ਵਿਵੇਕੀਆਂ, ਚੂੜਾਮਣੀ ਕਵੀਆਂ ਅਤੇ ਮਹਾਨ ਸਿੱਖ ਸੰਸਥਾਵਾਂ ਰਾਹੀਂ ਪਰਵਾਣਿਤ ਹੋਈ ਸਿੱਖ ਰਹਿਤ ਮਰਯਾਦਾ ਦੀ ਹੋਂਦ ਦਾ ਸੰਤੁਲਿਤ ਤਰਕ ਨਾਲ ਅਧਿਐਨ ਕੀਤਾ ਜਾਵੇ, ਤਾਂ ਪਤਾ ਲੱਗੇਗਾ ਕਿ ਇਸ ਇਤਿਹਾਸਿਕ ਦਸਤਾਵੇਜ਼ ਦੇ ਪਿਛੋਕੜ ਵਿੱਚ ਗੁਰੂ ਗਰੰਥ ਸਾਹਿਬ ਜੀ,ਅਠ੍ਹਾਰਵੀਂ ਸਦੀ ਦੇ ਅਜਿੱਤ ਸਿੱਖ ਸੰਘਰਸ਼, ਗੁਰਦੁਆਰਾ ਸੁਤੰਤਰਤਾ ਲਹਿਰ, ਸਰਬੱਤ ਖਾਲਸਾ ਸਮਾਗਮ ਅਤੇ ਗੁਰਮਤਿਆਂ ਦੀ ਸੁਘੜ ਦ੍ਰਿਸ਼ਟੀ ਕੰਮ ਕਰ ਰਹੀ ਹੈ। ਭਾਰੀ ਇਤਿਹਾਸਿਕ ਸੰਕਟਾਂ ਅਤੇ ਤਰਾਸਦੀਆਂ ਪਿੱਛੋਂ ਪੰਥ ਦੀ ਸਮੂਹਿਕ ਸੋਚ, ਗਿਆਨ ਇਕਾਗਰਤਾ ਅਤੇ ਤਪੱਸਿਆ ਵਿੱਚੋਂ ਸਿੱਖ ਰਹਿਤ ਮਰਯਾਦਾ ਦਾ ਕੇਂਦਰੀ ਰੂਪ ਸਾਹਮਣੇ ਆਇਆ ਹੈ। ਰਹਿਤ ਮਰਯਾਦਾ ਦੇ ਮੂਲ ਢਾਂਚੇ ਵਿੱਚ ਸੁਆਰਥੀ ਮਨਮਤੀਆਂ ਰਾਹੀਂ ਤੇ੍ਰੜਾਂ ਲਿਆਉਣ ਦਾ ਮਤਲਬ ਸਿੱਖ ਧਰਮ ਨੂੰ ਇਸਦੇ ਮੌਲਿਕ ਅਤੇ ਨਿਆਰੇ ਰੂਪ ਤੋਂ ਤੋੜਨਾ ਵਿਛੋੜਨਾ ਹੈ।

ਇਹ ਉਹ ਹੀ ਮੌਲਿਕ ਅਤੇ ਨਿਆਰਾ ਰੂਪ ਹੈ ਜੋ ਕੌਮਾਂ ਨੂੰ ਆਪਣੀਆਂ ਧਰਤੀਆਂ ਤੋਂ ਜਬਰੀ ਖਦੇੜ ਦੇਣ ਦੇ ਬਾਵਜੂਦ ਵੀ ਕੌਮ ਦੀ ਰੂਹ ਵਿੱਚ ਆਪਣੀ ਧਰਤੀ ਅਤੇ ਆਪਣੇ ਧਰਮ-ਇਤਿਹਾਸ ਨਾਲ ਨਾਤਾ ਨਹੀ ਤੋੜਨ ਦੇਂਦਾ। ਸਦੀਆਂ ਤੱਕ ਉਸ ਜਾਂਬਾਜ ਇਤਿਹਾਸ ਦੀ ਚੀਸ ਕੌਮ ਦੇ ਮਨਾਂ ਵਿੱਚ ਪਈ ਰਹਿੰਦੀ ਹੈ। ਜਦੋਂ ਕੌਮੀ ਅਤੇ ਕੌਮਾਂਤਰੀ ਹਾਲਾਤ ਰਾਹ ਦੇਂਦੇ ਹਨ, ਕੌਮਾਂ ਮੁੜ ਆਪਣੇ ਉਸ ਗੌਰਵ ਨੂੰ ਹਾਸਲ ਕਰ ਲੈਂਦੀਆਂ ਹਨ ਜਿਹੜਾ ਉਨ੍ਹਾਂ ਦੇ ਵੱਡ-ਵਡੇਰਿਆਂ ਨੇ ਕਿਸੇ ਯੁਗ ਵਿੱਚ ਸਿਰਜਿਆ ਹੁੰਦਾ ਹੈ।

ਹਰਿੰਦਰ ਸਿੰਘ ਮਹਿਬੂਬ ਅੱਗੇ ਆਖਦੇ ਹਨ-ਜਦੋਂ ਇੱਕ ਖਾਸ ਦੌਰ ਵਿੱਚ ਕਿਸੇ ਨਿਸਚਿਤ ਰੁਹਾਨੀਅਤ ਦਾ ਉਜਾਲਾ ਹੁੰਦਾ ਹੈ ਤਾਂ ਸਮਾਜੀ ਅਦਾਰਿਆਂ ਅਤੇ ਆਮ ਨੈਤਿਕ ਵਰਤਾਰੇ ਵਿੱਚ ਉਤਾਰਾ ਕਰੇ ਬਿਨਾ ਇਹ ਸੰਪੂਰਨ ਨਹੀ ਹੁੰਦੀ। ਸਮਾਜ ਵਿੱਚ ਰੁਹਾਨੀਅਤ ਦਾ ਕੋਈ ਸੁਡੌਲ ਆਕਾਰ ਅਤੇ ਬਹੁ-ਪਸਾਰੀ ਗਤੀ ਬਣੇ ਬਿਨਾ ਲਹੂ ਮਾਸ ਵਾਲੀ ਹਯਾਤੀ ਇਸਨੂੰ ਪ੍ਰਵਾਨ ਨਹ ਕਰਦੀ ਅਤੇ ਇਹ ਧਰਮ ਦੇ ਨਵੇਂ ਨਕਸ਼ ਨਹੀ ਸਿਰਜਦੀ। ਧਰਮ ਦੇ ਸੰਦਰਭ ਵਿੱਚ ਇਸੇ ਪ੍ਰਕਰਣ ਨੂੰ ਰਹਿਤ ਮਰਯਾਦਾ ਕਿਹਾ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜ਼ਿੰਦਗੀ ਦੀ ਜਿਸ ਪਾਕ ਸੂਰਤ ਅਤੇ ਨਿਰਮਲ ਕਾਰਜ ਨੂੰ ਸੱਚ ਤੋਂ ਉਚੇਰਾ ਸਚੁ ਆਚਾਰੁ ਫੁਰਮਾਉਂਦੇ ਹਨ, ਉਹ ਵੀ ਆਦਰਸ਼ਕ ਰਹਿਤ-ਮਰਯਾਦਾ ਤੋਂ ਵੱਖ ਨਹੀ ਕੀਤਾ ਜਾ ਸਕਦਾ।

ਸਿੱਖਾਂ ਦੀ ਨਿਆਰੀ ਕੌਮੀ ਹਸਤੀ ਅਤੇ ਸੰਸਥਾਈ ਧਰਮ ਦੇ ਅੰਗਾਂ ਨੂੰ ਸਿਧਾਂਤਿਕ ਹਮਲੇ ਹੇਠ ਲਿਆਉਣ ਵਾਲੀ ਬਿਰਤੀ ਨੂੰ ਆਧੁਨਿਕ ਵਿਦਵਤਾ ਦੀ ਭਾਸ਼ਾ ਵਿੱਚ, ਉੱਤਰ-ਬਸਤੀਵਾਦੀ ਹਮਲੇ ਦੇ ਤੌਰ ਤੇ ਦੇਖਿਆ ਜਾਂਦਾ ਹੈ। ਕੁਝ ਕਥਿਤ ਸਿੱਖ ਵਿਦਵਾਨ ਸਿੱਖ ਕੌਮ ਦੇ ਜੀਵਨ ਵਿੱਚ ਆਈ ਕੌਮਵਾਦੀ ਚੇਤਨਾ ਨੂੰ ਸਿਰਫ ਅਤੇ ਸਿਰਫ ਨਵ-ਬਸਤੀਵਾਦੀ ਸਿੱਖ ਸਿਧਾਂਤਕਾਰੀ ਦੇ ਰੂਪ ਵਿੱਚ ਪਰਿਭਾਸ਼ਿਤ ਕਰਦੇ ਹਨ। ਇਸ ਤਰ੍ਹਾਂ ਕਰਦਿਆਂ ਉਹ ਬਿਪਰ ਸੰਸਕਾਰ ਅਤੇ ਸਨਾਤਨਵਾਦੀਆਂ ਦੇ ਸਿੱਖੀ ਦੀ ਨਿਆਰੀ ਸੋਚ ਉੱਤੇ ਕੀਤੇ ਗਏ ਅਤੇ ਕੀਤੇ ਜਾ ਰਹੇ ਹਮਲਿਆਂ ਤੋਂ ਕੌਮ ਦਾ ਧਿਆਨ ਭਟਕਾ ਰਹੇ ਹਨ। ਇਸ ਪੋਸਟ-ਕਲੋਨੀਅਲ ਗਰੁੱਪ ਦੇ ਇਸ ਪਿੱਛੇ ਮਨਸ਼ੇ ਉਨ੍ਹਾਂ ਦੀ ਇਤਿਹਾਸਕਾਰੀ ਤੋਂ ਸਪਸ਼ਟ ਹੋ ਰਹੇ ਹਨ। ਉਨ੍ਹਾਂ ਦੀ ਇਤਿਹਾਸਕਾਰੀ ਤੋਂ ਜਿਹੜੀ ਗੱਲ ਸਾਫ ਹੋ ਰਹੀ ਹੈ ਕਿ ਉਹ ਹਰ ਹਾਲਤ ਵਿੱਚ ਸਨਾਤਨਵਾਦੀਆਂ ਨੂੰ ਸਿੱਖੀ ਦੀ ਆਤਮਾਂ ਨੂੰ ਖੋਰਾ ਲਾਉਣ ਦੇ ਯਤਨਾਂ ਤੋਂ ਬਰੀ ਕਰ ਰਹੇ ਹਨ ਇਸ ਤਰ੍ਹਾਂ ਕਰਦਿਆਂ ਉਹ ਇਹ ਗੱਲ ਭੁੱਲ ਰਹੇ ਹਨ ਕਿ ਹਰ ਜੇਤੂ ਕੌਮ ਨੇ ਉਹ ਜੁਲਮ ਕਰਨਾ ਹੀ ਹੁੰਦਾ ਹੈ ਜਿਹੜਾ ਬਸਤੀਵਾਦੀਆਂ ਨੇ ਕੀਤਾ। ਉਹ ਇਸਲਾਮੀ ਸ਼ਾਸ਼ਕਾਂ ਨੇ ਵੀ ਕੀਤਾ ਅਤੇ ਹਿੰਦੂ ਸ਼ਾਸ਼ਕ ਵੀ ਕਰ ਰਹੇ ਹਨ। ਜਿਉਂਦੀਆਂ ਕੌਮਾਂ ਨੇ ਇਹ ਦੇਖਣਾਂ ਹੁੰਦਾ ਹੈ ਕਿ ਬਦੇਸ਼ੀ ਤਾਕਤਾਂ ਦੇ ਸਿਧਾਂਤਿਕ ਅਤੇ ਰਾਜਸੀ, ਸਮਾਜਿਕ ਹਮਲੇ ਦਾ ਟਾਕਰਾ ਕਿਵੇਂ ਕਰਨਾ ਹੈ। ਬਦੇਸ਼ੀਆਂ ਦੇ ਸਿਧਾਂਤਿਕ ਹਮਲੇ ਦੇ ਮੁਕਾਬਲੇ ਸਾਡੇ ਆਪਣੇ ਨਿਆਰੇ ਆਦਰਸ਼ ਕਿੰਨੇ ਮਜਬੂਤ ਹਨ ਅਤੇ ਕੌਮ ਦੀ ਅਬਾਦੀ ਕਿੰਨੀ ਆਪਣੀਆਂ ਪਰੰਰਪਰਾਵਾਂ ਅਤੇ ਰਵਾਇਤਾਂ ਨਾਲ ਜੁੜੀ ਹੋਈ ਹੈ। ਉਸਦੇ ਧਾਰਮਿਕ ਰਹਿਬਰ ਅਤੇ ਸ਼ਹੀਦ ਕਿੰਨਾ ਕੁ ਉਸਨੂੰ ਅਪੀਲ ਕਰ ਰਹੇ ਹਨ। ਬਦੇਸ਼ੀ ਹਮਲੇ ਤੋਂ ਬਚਣ ਲਈ ਕੌਮ ਦੇ ਆਪਣੇ ਅੰਦਰੂਨੀ ਸੁਰੱਖਿਆ ਕਵਚ ਕਿੰਨੇ ਮਜਬੂਤ ਹਨ।

ਸਿੱਖ ਪਹਿਚਾਣ ਦੀ ਰਾਜਨੀਤੀ ਉੱਤੇ ਪੋਸਟ-ਕਲੋਨੀਅਲ ਹਮਲਾ

ਭਾਰਤੀ ਤਾਕਤਾਂ ਨੇ ਤੀਜੇ ਘੱਲੂਘਾਰੇ ਤੋਂ ਬਾਅਦ, ਸਿੱਖਾਂ ਅਤੇ ਖਾਸ ਕਰ ਪੱਛਮੀ ਦੇਸ਼ਾਂ ਵਿੱਚ ਰਹਿਣ ਵਾਲੇ ਪਰਵਾਸੀ ਸਿੱਖਾਂ ਵਿੱਚ ਪੈਦਾ ਹੋਈ ਕੌਮਵਾਦੀ ਚੇਤਨਾ ਦੀ ਧਾਰ ਨੂੰ ਖੁੰਡਿਆਂ ਕਰਨ ਲਈ ਅਤੇ ਇਸਦਾ ਮੁਕਾਬਲਾ ਕਰਨ ਲਈ, ਪੱਛਮੀ ਦੇਸ਼ਾਂ ਵਿੱਚ ਸਿੱਖ ਦਿੱਖ ਵਾਲੇ ਵਿਦਵਾਨਾਂ ਦੀ ਚੋਣ ਕੀਤੀ। ਇਨ੍ਹਾਂ ਵਿਦਵਾਨਾਂ ਵੱਲੋਂ ਪੋਸਟ-ਕਲੋਨੀਅਲ ਸੰਕਲਪਾਂ ਦੀ ਵਰਤੋਂ ਕਰਕੇ ਸਿੱਖ ਕੌਮਵਾਦੀ ਚੇਤਨਾ ਦੇ ਸਰੋਤਾਂ ਜਿਵੇਂ ਸਿੱਖ ਪਹਿਚਾਣ ਅਤੇ ਸਿੱਖ ਰਹਿਤ ਮਰਯਾਦਾ ਨੂੰ ਬਸਤੀਵਾਦੀ ਵਰਤਾਰੇ ਨਾਲ ਜੋੜ ਕੇ ਇਨ੍ਹਾਂ ਦੀ ਸਿੱਖ ਪੰਥ ਵਿੱਚ ਮਾਨਤਾ ਨੂੰ ਖਤਮ ਕਰਨ ਦਾ ਯਤਨ ਸ਼ੁਰੂ ਕੀਤਾ ਗਿਆ। ਇਨ੍ਹਾਂ ਵਿਦਵਾਨਾਂ ਵਿੱਚ ਹਰਜੋਤ ਉਬਰਾਏ ਅਤੇ ਅਰਵਿੰਦਰਪਾਲ ਮੰਡੇਰ ਪ੍ਰਮੁੱਖ ਹਨ। ਉੱਤਰੀ ਅਮਰੀਕਾ ਵਿੱਚ ਇਨ੍ਹਾਂ ਵਿਦਵਾਨਾਂ ਨੇ ਸਿੱਖ ਨੌਜਵਾਨੀ ਦੇ ਇੱਕ ਹਿੱਸੇ ਤੇ ਵੱਡੇ ਅਸਰ ਪਾਏ। ਭਾਵੇਂ ਸਾਂਝੀ ਸਿੱਖ ਮਾਨਸਿਕਤਾ ਨੇ ਸਨਾਤਨੀ ਪ੍ਰਬੰਧ ਵੱਲੋਂ ਸੂਖਮ ਤਰੀਕੇ ਨਾਲ ਸਿੱਖ ਧਾਰਮਿਕ ਮਾਨਤਾਵਾਂ ਵਿੱਚ ਘੁਸਪੈਂਠ ਕਰਵਾਉਣ ਵਾਲੇ ਇਸ ਅਕਾਦਮਿਕ ਹਮਲੇ ਨੂੰ ਬੁੱਝ ਲਿਆ ਸੀ, ਪਰ ਕੌਮਾਂਤਰੀ ਪੱਧਰ ਤੇ ਇਹ ਪੋਸਟ-ਕਲੋਨੀਅਲ ਵਿਦਵਾਨ ਹਾਲੇ ਵੀ ਸਰਗਰਮ ਹਨ। ਇਨ੍ਹਾਂ ਵਿਦਵਾਨਾਂ ਅਨੁਸਾਰ ਸਿੱਖ ਵਿਚਾਰਧਾਰਾ ਅਤੇ ਇਸਦੀ ਵਿਹਾਰਕ ਵਰਤੋਂ ਕਰਕੇ ਸਿੱਖ ਧਰਮ ਦਾ ਕੌਮਾਂਤਰੀ ਧਰਮ ਵੱਜੋਂ ਪਰਚਾਰ ਅਸਲ ਵਿੱਚ ਅੰਗਰੇਜ਼ ਬਸਤੀਵਾਦ ਅਤੇ ਪੱਛਮੀ ਅਧਿਆਤਮ ਤੇ ਅਧਾਰਿਤ ਹੈ। ਉਨ੍ਹਾਂ ਅਨੁਸਾਰ ਸਿੱਖਵਾਦ (Sikhism) ਦੇ ਸਿਧਾਂਤਿਕ ਪਰਿਪੇਖ ਅਤੇ ਇਸਦੇ ਅਧਾਰ ਤੇ ਉਸਰੀਆਂ ਸੰਸਥਾਵਾਂ ਅਸਲ ਵਿੱਚ ਬਸਤੀਵਾਦੀ ਮਾਨਸਿਕਤਾ ਦਾ ਪ੍ਰਗਟਾਵਾ ਹਨ, ਇਹ ਸਿੱਖਾਂ ਦੀ ਆਪਣੀ ਵਿਰਾਸਤ ਨਹੀ ਹਨ। ਇਨ੍ਹਾਂ ਅਨੁਸਾਰ ਇਹ ਵਰਤਾਰਾ ਅੰਗਰੇਜ਼ ਕਾਲ ਸਮੇਂ ਦੀ ਯੂਰੋ-ਕੇਂਦਰਿਤ ਮਾਡਰੈਨਟੀ ਅਤੇ ਬਸਤੀਵਾਦ ਤੋਂ ਲੈਕੇ ਹੁਣ ਤੱਕ ਦੇ ਪੋਸਟ ਕਲੋਨੀਅਲ ਕਾਲ ਤੱਕ ਫੈਲਿਆ ਹੋਇਆ ਹੈ। ਇਸ ਵਿੱਚ ਯੂਰੋ-ਅਮਰੀਕਨ ਅਤੇ ਪੋਸਟ-ਮਾਡਰੈਨਟੀ ਵੀ ਸ਼ਾਮਲ ਹੈ। ਇਹ ਪੋਸਟ-ਕਲੋਨੀਅਲ ਵਿਦਵਾਨ ਪੂਰਬ-ਬਸਤੀਵਾਦੀ ਸਿੱਖੀ ਦੇ ਬਸਤੀਵਾਦੀ ਅਤੇ ਮਾਡਰਨ ਸਿੱਖਵਾਦ ਵਿਚਲੇ ਬਦਲਾਅ ਦੇ ਵਰਤਾਰੇ ਨੂੰ ਪੁਰਾਤਨ ਭਾਰਤੀ ਧਾਰਮਿਕ ਪ੍ਰਬੰਧ ਤੇ ਪੈਣ ਵਾਲੇ ਪੱਛਮੀ ਅਸਰਾਂ ਦੇ ਸੰਦਰਭ ਵਿੱਚ ਸਮਝਣ ਦਾ ਪਰਚਾਰ ਕਰ ਰਹੇ ਹਨ।

ਹਰਜੋਤ ਉਬਰਾਏ ਬਿਨਾ ਕਿਸੇ ਸਿਧਾਂਤਿਕ ਲਗ-ਲਪੇਟ ਦੇ ਪੂਰਬ-ਬਸਤੀਵਾਦੀ ਸਿੱਖੀ ਨੂੰ ਸਨਾਤਨੀ ਪ੍ਰਬੰਧ ਨਾਲ ਜੋੜਦਾ ਹੈ। ਉਬਰਾਏ ਅਨੁਸਾਰ,ਸਨਾਤਨ ਸਿੱਖ ਪਰੰਪਰਾ ਨੇ ਉਨ੍ਹਵੀ ਸਦੀ ਵਿੱਚ ਤੱਤ ਖਾਲਸਾ ਪਰੰਪਰਾ ਨੂੰ ਖਦੇੜ ਦਿੱਤਾ ਸੀ। 1870 ਤੋਂ ਬਾਅਦ ਤਾਂ ਸਿੱਖਾਂ ਦੇ ਕੁਲੀਨ ਵਰਗ ਨੇ ਆਪਣੇ ਆਪ ਨੂੰ ਸਨਾਤਨੀ ਪ੍ਰਬੰਧ ਅਤੇ ਪਹਿਚਾਣ ਨਾਲ ਜੋੜ ਲਿਆ ਸੀ। ਇਹ ਵਰਤਾਰਾ ਉਸ ਵੇਲੇ ਵਾਪਰ ਰਿਹਾ ਸੀ ਜਦੋਂ ਮਾਡਰਨ ਸਿੱਖ ਬੁਧੀਜੀਵੀ ਪੁਰਾਣੀਆਂ ਸਿੱਖ (ਸਨਾਤਨੀ) ਪਰੰਪਰਾਵਾਂ ਨੂੰ ਚੁਣੌਤੀ ਦੇ ਰਹੇ ਸਨ ਜਾਂ ਰੱਦ ਕਰ ਰਹੇ ਸਨ। ਉਨ੍ਹੀਵੀ ਸਦੀ ਦੇ ਸਨਾਤਨੀ ਸਿੱਖਾਂ ਦਾ ਵਿਸ਼ਵਾਸ਼ ਸੀ ਕਿ ਉਨਾਂ ਦੇ ਅਧਿਆਤਮਵਾਦ ਅਤੇ ਰੀਤੀ-ਰਿਵਾਜ਼, ਕਾਰ-ਵਿਹਾਰ ਦੀਆਂ ਪੁਰਾਤਨ ਜੜ੍ਹਾਂ ਹਨ ਅਤੇ ਇਹ ਸਮੇਂ ਦੇ ਬਦਲਾਅ ਦੇ ਨਿਯਮਾਂ ਤੋਂ ਪਾਰ ਹਨ। ਇਨ੍ਹਾਂ ਦੇ ਵਿਸ਼ਵਾਸ਼ ਅਨੁਸਾਰ ਜਿਨ੍ਹਾਂ ਵਿਚਾਰਾਂ ਤੇ ਇਹ ਖੜ੍ਹੇ ਹਨ ਇਹ ਬ੍ਰਹਿਮੰਡ ਦੇ ਹੋਂਦ ਵਿੱਚ ਆਉਣ ਦੇ ਸਮੇਂ ਤੋਂ ਹੀ ਹੋਂਦ ਵਿੱਚ ਹਨ।

ਹਰਜੋਤ ਉਬਰਾਏ ਦੀ ਸਾਜਿਸ਼ ਉਸ ਸਮੇਂ ਸਪਸ਼ਟ ਹੋ ਜਾਂਦੀ ਹੈ ਜਦੋਂ ਉਹ ਕਥਿਤ ਸਨਾਤਨ ਸਿੱਖ ਪਰੰਪਰਾ ਨੂੰ ਹਿੰਦੂ ਗਰੰਥਾਂ, ਮਿੱਥਾਂ, ਮਨੌਤਾਂ, ਵਿਆਖਿਆਵਾਂ ਅਤੇ ਸਮਾਜਿਕ ਵਿਹਾਰਾਂ ਨਾਲ ਜੋੜਦਾ ਹੈ। ਇਸਨੂੰ ਉਹ ਸਨਾਤਨ ਧਾਰਮਿਕ ਸੱਭਿਆਚਾਰ ਵੱਜੋਂ ਪਰਿਭਾਸ਼ਿਤ ਕਰਦਾ ਹੈ। ਉਬਰਾਏ ਅਨੁਸਾਰ ਸਨਾਤਨ ਧਾਰਮਿਕ ਸੱਭਿਆਚਾਰ, ਸਨਾਤਨ ਸਿੱਖੀ ਦਾ ਸਮਾਜਕ ਸੰਸਾਰ ਹੈ ਜੋ ਕਿ ਬ੍ਰਾਹਮਣੀ ਵਰਣ-ਆਸ਼ਰਮ,ਧਰਮ-ਵੇਦਾਂ,ਪੁਰਾਣਾਂ,ਪੁਜਾਰੀਆਂ, ਅਵਤਾਰਾਂ ਅਤੇ ਹਿੰਦੂ ਦੇਵੀ-ਦੇਵਤਿਆਂ ਦੀ ਮਾਨਤਾ ਤੇ ਅਧਾਰਿਤ ਹੈ। ਉਬਰਾਏ ਨੇ ਸਨਾਤਨ ਸਿੱਖਾਂ ਦੀ ਪਛਾਣ ਦੇਂਦਿਆਂ ਇਨ੍ਹਾਂ ਵਿੱਚ ਉਦਾਸੀਆਂ, ਨਿਰਮਲਿਆਂ, ਗੁਰੂ-ਪਰਿਵਾਰਾਂ, ਗਰੰਥੀਆਂ, ਪੁਜਾਰੀਆਂ,ਢਾਡੀਆਂ, ਰਬਾਬੀਆਂ, ਅਰਦਾਸੀਆਂ ਅਤੇ ਤਾਕਤਵਰ ਸਿੱਖ ਡੇਰੇਦਾਰਾਂ ਨੂੰ ਸ਼ਾਮਲ ਕੀਤਾ ਹੈ। ਉਬਰਾਏ ਸਨਾਤਨੀ ਸਿੱਖ ਵਰਤਾਰੇ ਨੂੰ ਉਨੀਵੀਂ ਸਦੀ ਦੀ ਤਾਕਤਵਰ ਅਮੀਰ ਸਿੱਖ ਧਾਰਮਿਕ ਪਰੰਪਰਾ ਮੰਨਦਾ ਹੈ। ਜਿਸਨੂੰ ਸਿੰਘ ਸਭਾ ਲਹਿਰ ਅਧਾਰਿਤ ਖਾਲਸਾ ਪਰੰਪਰਾ ਨੇ ਵੀਹਵੀ ਸਦੀਂ ਵਿੱਚ ਅੱਤ ਕਮਜ਼ੋਰ ਕਰ ਦਿੱਤਾ।

ਅਰਵਿੰਦਰਪਾਲ ਮੰਡੇਰ ਦਾ ਸਿੱਖ ਪਹਿਚਾਣ ਅਤੇ ਸਿੰਘ ਸਭਾ ਲਹਿਰ ਤੇ ਹਮਲਾ, ਉਬਰਾਏ ਤੋਂ ਵਧੇਰੇ ਸੂਖਮ ਤੇ ਪੱਛਮੀ ਸਿਧਾਂਤਾਂ ਦੀ ਡੂੰਘੀ ਵਰਤੋਂ ਤੇ ਅਧਾਰਿਤ ਹੈ। ਮੰਡੇਰ ਅਨੁਸਾਰ ਪੱਛਮੀ ਈਸਾਈ ਅਧਿਆਤਮਵਾਦੀ ਵਿਚਾਰਧਾਰਾ ਨੇ ਇੱਕ ਪਾਸੇ ਪੱਛਮੀ ਧਰਮ (Religion) ਅਤੇ ਭਾਸ਼ਾ ਦੇ ਡੂੰਘੇ ਜੋੜ ਤੋਂ ਬਸਤੀਵਾਦੀ ਗੁਲਾਮ ਪੈਦਾ ਕੀਤੇ ਉੱਥੇ ਹੀ ਨਵੇਂ ਬਸਤੀਵਾਦੀ ਸਮਾਜਿਕ ਮਹੌਲ ਵਿੱਚ ਭਾਰਤੀ ਈਲੀਟ ਨੂੰ, ਪੁਰਾਤਨ ਪਰੰਪਰਾਵਾਂ ਵਿੱਚ ਸਮਾਜ-ਸੁਧਾਰਕ ਲਹਿਰਾਂ ਰਾਹੀਂ ਬਦਲਾਅ ਲਿਆੳਣ ਲਈ ਤਿਆਰ ਕੀਤਾ। ਪੱਛਮੀ ਦਰਸ਼ਨ ਵਿੱਚ ਰਾਜਨੀਤਿਕ ਅਤੇ ਧਾਰਮਿਕ ਬਹਿਸਾਂ ਨੇ ਭਾਰਤ ਵਿੱਚ ਆਏ ਇਸ ਬੌਧਿਕ ਬਦਲਾਅ ਲਈ ਅਧਾਰ ਤਿਆਰ ਕੀਤਾ। ਇਹ ਵਰਤਾਰਾ ਭਾਰਤ ਵਿੱਚ ਮਾਡਰੈਨਟੀ ਦੀ ਆਮਦ ਦੀ ਨੁਮਾਇੰਦਗੀ ਕਰਦਾ ਹੈ। ਇਸ ਵਰਤਾਰੇ ਨੇ ਅਜਿਹਾ ਸੰਚਾਰ ਪ੍ਰਬੰਧ ਸਿਰਜਿਆ ਜਿਸ ਵਿੱਚ ਭਾਰਤੀ ਸੱਭਿਆਚਾਰਕ ਤਰਕ ਨੂੰ ਪੱਛਮੀ ਰਿਲੀਜ਼ਨ ਦੇ ਸੰਕਲਪ  ਅਧੀਨ ਕਰ ਦਿੱਤਾ ਗਿਆ। ਪੱਛਮੀ ਮਾਡਰੈਨਟੀ ਦੇ ਇਸ ਪ੍ਰਬੰਧ ਅਧੀਨ, ਭਾਰਤੀ ਸੋਚ ਵਿਚਾਰ ਦੇ ਵੱਖ ਵੱਖ ਰੂਪਾਂ ਨੂੰ, ਪੱਛਮੀ ਸਿਧਾਂਤਕਾਰੀ ਦੇ ਪੱਖ ਵਿੱਚ ਰੱਦ ਕਰ ਦਿੱਤਾ ਗਿਆ। ਇਸ ਨੀਤੀ ਨੇ ਜਿੱਥੇ ਪੱਛਮੀ ਪਹਿਚਾਣ ਦੀ ਰਾਜਨੀਤੀ ਨੂੰ  ਭਾਰਤ ਵਿੱਚ ਪ੍ਰਚੱਲਿਤ ਕੀਤਾ ਉੱਥੇ ਵਖਰੇਵੇਂ ਨੂੰ ਮਾਨਤਾ ਦੇਣ ਵਾਲੀ ਭਾਰਤੀ ਸੋਚ ਅਤੇ ਸੱਭਿਆਚਾਰ ਦਾ ਖਾਤਮਾ ਕਰ ਦਿੱਤਾ। ਪੱਛਮੀ ਦਰਸ਼ਨ, ਈਸਾਈ ਅਧਿਆਤਮਵਾਦ ਅਤੇ ਰਾਜਨੀਤੀ ਦੇ ਅਸਰ ਹੇਠ ਭਾਰਤੀ ਕੁਲੀਨ ਵਰਗ ਨੇ ਸਮਭਾਸ਼ਾਈ (Monolingual) ਪਹਿਚਾਣ ਦੀ ਮਹੱਤਤਾ ਨੂੰ ਮਹਿਸੂਸ ਕੀਤਾ। ਅੰਗਰੇਜ਼ੀ ਰਾਜ ਦੀ ਮੁੱਖ ਭਾਸ਼ਾ ਭਾਵੇਂ ਅੰਗਰੇਜ਼ੀ ਸੀ ਪਰ ਸਮਭਾਸ਼ਾਈ ਪਹਿਚਾਣ ਨੇ ਖੇਤਰੀ (ਪੰਜਾਬੀ-ਹਿੰਦੀ) ਸਥਾਨਕ ਭਾਸ਼ਾਵਾਂ ਨੂੰ ਮਾਤਭਾਸ਼ਾ ਵੱਜੋਂ ਉਭਾਰਿਆ। ਇਸਦੇ ਨਾਲ ਹੀ ਭਾਰਤੀ ਧਰਮ ਦੇ ਅਨੁਵਾਦ ਵੱਜੋਂ ਪੱਛਮੀ ਰਿਲੀਜਨ ਦੇ ਸੰਕਲਪ ਦੀ ਭਾਰਤੀ ਈਲੀਟ ਵੱਲੋਂ ਮਾਨਤਾ ਨੇ ਇੱਕ ਈਸ਼ਵਰਵਾਦੀ ਸਿੱਖ (ਹਿੰਦੂ) ਰਿਲੀਜ਼ਨ ਨੂੰ ਜਨਮ ਦੇ ਦਿੱਤਾ। ਇੱਥੇ ਇਹ ਸੁਆਲ ਮਹੱਤਵਪੂਰਨ ਹੈ ਕਿ ਕੀ ਨਵਬਸਤੀਵਾਦੀ ਹਿੰਦੂ-ਈਲੀਟ ਨੇ ਇੱਕ ਈਸ਼ਵਰਵਾਦੀ ਹਿੰਦੂ ਰਿਲੀਜਨ ਨੂੰ ਕਦੇ ਮਾਨਤਾ ਦਿੱਤੀ ਹੈ? ਇੱਥੇ ਮੰਡੇਰ ਦੀ ਸਿੱਖ ਧਰਮ ਦੇ ਇੱਕ-ਈਸ਼ਵਰਵਾਦੀ ਹੋਣ ਦੀ ਪੁਰਾਤਨ ਪਰੰਪਰਾ ਨੂੰ ਨਵ-ਬਸਤੀਵਾਦੀ ਸਿੱਖ ਈਲੀਟ ਦੀ ਉਪਜ ਹੋਣ ਦੀ ਧਾਰਨਾ ਦਾ ਅਸਲ ਮਕਸਦ ਸਮਝ ਆਉਂਦਾ ਹੈ। ਇਸਦੇ ਨਾਲ ਹੀ ਮੰਡੇਰ ਭਾਸ਼ਾ ਸਿਰਜਣ ਦੀ ਰਾਜਨੀਤੀ ਅਤੇ ਰਿਲੀਜਨ ਸਿਰਜਣ ਦੀ ਰਾਜਨੀਤੀ ਵਿਚਕਾਰ ਆਪਸੀ ਸਬੰਧਾਂ ਨੂੰ ਰਾਸ਼ਟਰਵਾਦ ਨਾਲ ਜੋੜਦਾ ਹੈ। ਉਹ ਇਸ ਵਰਤਾਰੇ ਨੂੰ ਇਕਹਿਰੇ ਧਾਰਮਿਕ ਭਾਸ਼ਾਵਾਦ (Mono theo Lingualism) ਦਾ ਨਾਅ ਦੇਂਦਾ ਹੈ। ਮੰਡੇਰ ਅਨੁਸਾਰ ਭਾਸ਼ਾ ਅਤੇ ਰਿਲੀਜ਼ਨ ਦੇ ਆਪਸੀ ਸਬੰਧਾਂ ਤੋਂ ਪੈਦਾ ਹੋਇਆ ਇੱਕ-ਈਸ਼ਵਰਵਾਦੀ ਰਿਲੀਜ਼ਨ ਅਤੇ ਰਾਸ਼ਟਰਵਾਦ ਭਾਰਤੀਆਂ ਦਾ ਭੂਤਕਾਲ ਅਤੇ ਮੌਜੂਦਾ ਸਮੇਂ ਵਿੱਚ ਪਿੱਛਾ ਕਰ ਰਿਹਾ ਹੈ। ਸਿੱਖ ਕੌਮਵਾਦੀ ਪਹਿਚਾਣ ਦੇ ਖਾਤਮੇ ਲਈ ਮੰਡੇਰ ਵੱਲੋਂ ਦਿੱਤੇ ਗਏ ਵਿਚਾਰਾਂ ਨੂੰ ਸਮਝਣ ਲਈ, ਸਿਧਾਂਤਕਾਰੀ ਦੀ ਵਰਤੋਂ ਦੀ ਸੂਖਮ ਸਮਝ ਹੋਣੀ ਜਰੂਰੀ ਹੈ। ਕੁਝ ਸਮਾਜ ਵਿਗਿਆਨੀਆਂ ਦੇ ਵਿਚਾਰਾਂ ਦੇ ਅਧਾਰ ਤੇ ਮੰਡੇਰ, ਸਿੱਖ ਪਹਿਚਾਣ ਤੇ ਵਾਰ ਕਰਦਿਆਂ ਲਿਖਦਾ ਹੈ ਕਿ ਭੂਤਕਾਲ ਵਿਚਲੇ ਸਾਮਰਾਜਾਂ ਦੇ ਅਸਰਾਂ ਤੋਂ ਮੁਕਤ ਹੋਣਾਂ ਅਸਾਨ ਨਹੀ ਹੈ। ਦੱਖਣੀ ਏਸ਼ੀਆਈ ਲੋਕਾਂ ਲਈ ਬਸਤੀਵਾਦ ਤੋਂ ਮੁਕਤੀ ਹੋਰ ਵੀ ਮੁਸ਼ਕਿਲ ਹੈ। ਭਾਰਤ ਵਿੱਚ ਮਾਡਰੈਨਟੀ ਦੇ ਜਨਮ ਲਈ ਜਿੰਮੇਵਾਰ ਦੋ ਘਟਨਾਵਾਂ, ਮਾਤ-ਭਾਸ਼ਾਈ ਪਹਿਚਾਣ ਅਤੇ ਪੱਛਮੀ ਰਿਲੀਜ਼ਨ ਦੀ ਪਹਿਚਾਣ ਨੂੰ ਭੁੱਲਣਾਂ ਵੀ ਇਸ ਖਿੱਤੇ ਦੇ ਲੋਕਾਂ ਲਈ ਸੌਖਾ ਨਹੀ ਹੋਵੇਗਾ ਜੋ ਇਨ੍ਹਾਂ ਨੂੰ ਪੂਰਬ-ਆਧੁਨਿਕਤਾ ਦੇ ਕਾਲ ਨਾਲ ਜੋੜ ਦੇਵੇਗਾ। ਮੰਡੇਰ ਭੁੱਲਣ ਦੀ ਦੂਜੀ ਕਿਰਿਆ ਨੂੰ ਸਿੱਖ ਪਹਿਚਾਣ ਨਾਲ ਜੋੜਕੇ ਇਸਨੂੰ ਜਰੂਰੀ ਦੱਸਦਾ ਹੈ। ਮੰਡੇਰ ਅਨੁਸਾਰ ਇਹ ਭੁੱਲੇ ਹੋਏ ਨੂੰ ਮੁੜ ਭੁਲਾੳਣ ਦੀ ਕਿਰਿਆ ਹੈ। ਜੋ ਪਹਿਲਾਂ ਭੁੱਲੇ ਹੋਏ ਨੂੰ ਯਾਦਾਂ ਵਿੱਚੋਂ ਮੁੜ ਮੇਟਣ ਦਾ ਕਾਰਜ ਹੈ। ਇਹ ਬੀਤੇ ਦੀਆਂ ਘਟਨਾਵਾਂ (ਬਸਤੀਵਾਦ) ਦੇ ਮੌਜੂਦਾ ਸਮੇਂ ਨਾਲ ਮਾਨਸਿਕ ਲਗਾਓ ਅਤੇ ਹੋਂਦ ਨਾਲ ਸਬੰਧਿਤ ਯਾਦਾਂ ਨੂੰ ਮੇਟਣ ਦਾ ਵਰਤਾਰਾ ਹੈ। ਮੰਡੇਰ ਇਸ ਵਰਤਾਰੇ ਨੂੰ ਦਰੇਦਾ ਵੱਲੋਂ ਘੜੇ ਗਏ ਪਹਿਚਾਣ ਦੇ ਵਿਗਾੜ (Disorder of Identity) ਦੇ ਸੰਕਲਪ ਨਾਲ ਸਪਸ਼ਟ ਕਰਨ ਦੀ ਕੋਸ਼ਿਸ਼ ਕਰਦਾ ਹੈ। ਮੰਡੇਰ ਅਨੁਸਾਰ, ਪਹਿਚਾਣ ਦੇ ਵਿਗਾੜ ਤੋਂ ਭਾਵ ਦਾਬੇ ਵਾਲੇ ਸੱਭਿਆਚਾਰ ਨਾਲ ਸਬੰਧਿਤ ਪਛਾਣਾਂ ਨੂੰ ਖਤਮ ਕਰਨਾ ਹੀ ਨਹੀ ਹੈ ਬਲਕਿ ਇਸਦਾ ਸਬੰਧ ਕੌਮਵਾਦੀ ਪਹਿਚਾਣ ਨੂੰ ਅਧਾਰ ਦੇਣ ਵਾਲੀਆਂ ਘਟਨਾਵਾਂ ਦੇ ਖਾਤਮੇ ਨਾਲ ਵੀ ਹੈ। ਇਸ ਤਰ੍ਹਾਂ ਮੰਡੇਰ ਦਰੇਦਾ ਦੇ ਸੰਕਲਪ ਅਨੁਸਾਰ, ਸਿੱਖ ਪਹਿਚਾਣ ਨੂੰ ਵਿਗਾੜ (Disorder) ਦੇ  ਅਧਾਰ ਤੇ ਸਿਰਜਿਆ ਗਿਆ ਪ੍ਰਬੰਧ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਮੰਡੇਰ ਸਿੱਖ ਪਹਿਚਾਣ ਨੂੰ ਵਿਗਾੜ ਵੱਜੋਂ ਸਾਬਤ ਕਰਨ ਲਈ, ਸਿੱਖਾਂ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਧਾਰਮਿਕ ਵਿਵਾਦਾਂ ਦਾ ਓਹਲਾ ਸਿਰਜਦਾ ਹੈ। ਇੱਕ ਹੋਰ ਥਾਂ ਸਿੱਖ ਪਹਿਚਾਣ ਤੇ ਸਿਧਾਂਤਿਕ ਹਮਲਾ ਕਰਦਿਆਂ ਹੋਇਆਂ ਉਹ ਲਿਖਦਾ ਹੈ-

ਸਿੱਖ ਪਰਵਾਸੀਆਂ ਵਿੱਚੋਂ ਕੁਝ ਨੇ ਭਾਵੇਂ ਭਾਰਤੀ ਸਰਕਾਰ ਨਾਲ ਟਕਰਾਅ ਦਾ ਰਸਤਾ ਅਪਨਾ ਲਿਆ ਹੈ ਪਰ ਮੇਰੇ ਸਮੇਤ ਹੋਰ ਬਹੁਤ ਸਾਰਿਆਂ ਨੇ ਉਸ ਪਹਿਚਾਣ ਤੋਂ ਖਹਿੜਾ ਛੁਡਾਉਣ ਦਾ ਰਸਤਾ ਅਖਤਿਆਰ ਕਰ ਲਿਆ ਸੀ ਜਿਸਨੇ ਸਾਨੂੰ 1980-1990 ਵਿੱਚ ਰਾਜਨੀਤਿਕ ਖੁਦਕੁਸੀ ਕਰਨ ਅਤੇ ਹਾਸ਼ੀਏ ਤੇ ਧੱਕਣ ਦਾ ਕਾਰਜ ਕਰ ਦਿੱਤਾ ਸੀ। ਅਸੀਂ ਇਸ ਰਾਜਨੀਤੀ ਤੋਂ ਵੱਖ ਹੋਕੇ ਸਿੱਖਾਂ ਦੇ ਹੋਰ ਸਮਾਜਿਕ ਖੇਤਰਾਂ ਵਿੱਚ ਦਖਲ ਦੇਣ ਦੀ ਨੀਤੀ ਅਪਨਾਈ।

ਮੰਡੇਰ ਬਸਤੀਵਾਦੀ ਮਾਨਸਿਕਤਾ ਤੋਂ ਨਿਜਾਤ ਪਾਉਣ ਲਈ ਪਰੰਪਰਾ ਨੂੰ ਭੂਤਕਾਲ (ਇਤਿਹਾਸ), ਅਬਦਲਣਯੋਗ ਗਰੰਥਾਂ (Cannoical Text) ਅਤੇ ਕਦਰਾਂ ਕੀਮਤਾਂ ਦੀ ਰਾਖੀ ਦਾ ਕਾਲ-ਰਹਿਤ ਅਮਲ ਨਹੀ ਮੰਨਦਾ। ਮੰਡੇਰ ਅਨੁਸਾਰ ਪਰੰਪਰਾ ਦਾ ਲਗਾਤਾਰ ਪ੍ਰਵਾਹ ਦੁਖਾਂਤਿਕ ਸਿੱਟਿਆਂ ਨੂੰ ਜਨਮ ਦੇਂਦਾ ਹੈ। 1990 ਤੱਕ ਸਿੱਖਾਂ ਨੇ ਇਸ ਦੁਖਾਂਤ ਨੂੰ ਭੋਗਿਆ ਹੈ। ਮੰਡੇਰ ਅਨੁਸਾਰ ਨਵ-ਬਸਤੀਵਾਦੀ ਅਸਰ ਹੇਠ ਸਿੱਖ, ਗੁਰਮਤ ਤੇ ਸਿੱਖੀ ਦੇ ਇਸ ਪਰੰਪਰਾਈਕਰਨ ਨੂੰ ਨਾ ਸਮਝ ਸਕੇ। ਸਿੱਖ ਗੁਰਮਤ ਅਤੇ ਸਿੱਖੀ ਦੇ ਇਸ ਪਰੰਪਰਾਈਕਰਨ ਦੇ ਅਮਲ ਤੋਂ ਉਪਜੀ ਬੰਦ ਅਤੇ ਸੁਰੱਖਿਅਤ ਵਿਸ਼ਵਾਸ਼ ਪ੍ਰਣਾਲੀ ਨੂੰ ਵੀ ਨਾ ਸਮਝ ਸਕੇ।ਜਿਸ ਦੇ ਅਧਾਰ ਤੇ ਹੇਠ ਲਿਖੇ ਵਿਗਾੜਾਂ ਨੇ ਜਨਮ ਲਿਆ।

1 ਗੁਰੂ ਨਾਨਕ ਅਤੇ ਬਾਕੀ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਦੇ ਅਧਾਰ ਤੇ ਸਿਰਜਿਆ ਗਿਆ ਸਿੱਖਵਾਦ ਇੱਕ ਅਜ਼ਾਦ ਰਿਲੀਜਨ ਹੈ।

2 ਇਹ ਸਾਂਝੀਆਂ ਸਿੱਖਿਆਵਾਂ ਗੁਰਮੱਤ ਦੇ ਰੂਪ ਵਿੱਚ ਕੇਂਦਰੀ ਸਿੱਖ ਗਰੰਥ ਗੁਰੂ ਗਰੰਥ ਸਾਹਿਬ ਵਿੱਚ ਦਰਜ ਹਨ।

3 ਇਹ ਸਾਂਝੀਆਂ ਸਿੱਖਿਆਵਾਂ ਇੱਕ ਰੱਬ ਦੇ  ਕੇਂਦਰੀ ਵਿਸ਼ਵਾਸ਼ ਤੇ ਅਧਾਰਿਤ ਹਨ।

ਇਸ ਤਰ੍ਹਾਂ ਅਸੀਂ ਸਪਸ਼ਟ ਰੂਪ ਵਿੱਚ ਦੇਖ ਸਕਦੇ ਹਾਂ ਕਿ ਉੱਤਰ-ਬਸਤੀਵਾਦੀ ਧਾਰਾ ਸਿੱਖ ਧਰਮ ਦੀਆਂ ਮੂਲ ਮਾਨਤਾਵਾਂ ਤੋਂ ਆਕੀ ਹੀ ਨਹੀ ਬਲਕਿ ਇਨ੍ਹਾਂ ਨੂੰ ਗੁਨਾਹ ਅਤੇ ਵਿਗਾੜ ਬਣਾ ਕੇ ਪੇਸ਼ ਕਰ ਰਹੀ ਹੈ। ਜਿਹੜੇ ਤਿੰਨ ਵਿਗਾੜ ਅਰਵਿੰਦਪਾਲ ਮੰਡੇਰ ਨੇ ਚਿਤਾਰੇ ਹਨ ਉਹ ਸ਼ਰਧਾਵਾਨ ਸਿੱਖਾਂ ਦੇ ਅਟੱਟ ਵਿਸ਼ਵਾਸ਼ ਹਨ। ਮੰਡੇਰ ਕੌਮ ਦੇ ਰੁਹਾਨੀ ਵਿਸ਼ਵਾਸ਼ਾਂ ਤੇ ਸਿੱਧਾ ਅਤੇ ਸਟੀਕ ਸਿਧਾਂਤਿਕ ਹਮਲਾ ਕਰ ਰਿਹਾ ਹੈ। ਹਮਲਾ ਇਸ ਲਈ ਕਰ ਰਿਹਾ ਹੈ ਕਿਉਂਕਿ ਅਰਵਿੰਦਪਾਲ ਮੰਡੇਰ ਅਨੁਸਾਰ ਸਿੱਖਾਂ ਦੇ ਉਪਰੋਕਤ ਧਾਰਮਿਕ ਵਿਸ਼ਵਾਸ਼ ਸਿੱਖਾਂ ਵਿੱਚ ਵੱਖਰਾ ਕੌਮੀ ਜਜਬਾ ਭਰਨ ਦਾ ਕਾਰਨ ਬਣ ਰਹੇ ਹਨ ਜੋ ਭਾਰਤ ਸਰਕਾਰ ਦੇ ਨੁਕਤਾ ਨਿਗਾਹ ਤੋਂ ਠੀਕ ਨਹੀ ਹੈ। ਇਸ ਲਈ ਵਿਦੇਸ਼ਾਂ ਵਿੱਚ ਬਣੀਆਂ ਸਾਰੀਆਂ ਸਿੱਖ ਚੇਅਰਾਂ ਤੇ ਜੋ ਕੰਮ ਹੋ ਰਿਹਾ ਹੈ ਉਸਦਾ ਇੱਕੋ ਇੱਕ ਮਕਸਦ ਸਿੱਖੀ ਦੇ ਕੌਮੀ ਜਜਬੇ ਨੂੰ ਖਤਮ ਕਰਨ ਦਾ ਹੈ। ਬਾਕੀ ਅਕਾਦਮਿਕ ਕੰਮ ਤਾਂ ਉਹ ਮਜਬੂਰੀ ਵਿੱਚ ਹੀ ਕਰ ਰਹੇ ਹਨ, ਮੁੱਖ ਮਕਸਦ ਸਿੱਖਾਂ ਨੂੰ ਆਪਣੇ ਸੰਸਥਾਈ ਧਰਮ ਅਤੇ ਰਹਿਤ ਮਰਯਾਦਾ ਤੋਂ ਤੋੜਨ ਦਾ ਹੈ।ਕੌਮ ਦੇ ਦਾਨਿਸ਼ਵਰਾਂ ਨੂੰ ਇਹ ਚਕਰਵਿਹੂ ਸਮਝਣ ਦੀ ਲੋੜ ਹੈ।