ਵਾਤਾਵਰਣ ਇੱਕ ਅਜਿਹਾ ਵਿਸ਼ਾ ਹੈ ਜਿਸ ਵਿੱਚ ਪੰਜਾਬ, ਜੋ ਕਿ ਪੰਜ ਦਰਿਆਵਾਂ ਦੀ ਧਰਤੀ ਸੀ ਲਗਾਤਾਰ ਪਛੜਦਾ ਜਾ ਰਿਹਾ ਹੈ। ਅੱਜ ਪੰਜਾਬ ਦਾ ਕੁੱਲ ਭਾਰਤ ਵਿੱਚ ਪਾਣੀ ਤੇ ਪ੍ਰਦੂਸ਼ਣ ਵਿੱਚ ਤੇਈਵਾਂ ਸਥਾਨ ਹੈ। ਪੰਜਾਬ ਦੇ ਦਰਿਆਵਾਂ ਦਾ ਪਾਣੀ ਖਾਸ ਕਰਕੇ ਸਤਲੁਜ ਅਤੇ ਬਿਆਸ ਪੀਣ ਯੋਗ ਵੀ ਨਹੀਂ ਰਿਹਾ ਅਤੇ ਨਾ ਹੀ ਸਿੰਜਾਈ ਲਈ ਯੋਗ ਹੈ। ਵੱਖ-ਵੱਖ ਅਦਾਰਿਆਂ ਅਤੇ ਯੂਨੀਵਰਸਿਟੀਆਂ ਦੀ ਖੋਜ ਮੁਤਾਬਕ ਪੰਜਾਬ ਵਿੱਚ ਜਿਹੜੇ ਪਿੰਡ ਅਤੇ ਕਸਬੇ ਨਾਲਿਆਂ ਅਤੇ ਡਰੇਨਾਂ ਦੇ ਕੰਢੇ ਹਨ ਉਹਨਾਂ ਦੇ ਵਸਨੀਕ ਵੱਖ-ਵੱਖ ਸਰੀਰਿਕ ਰੋਗਾਂ ਨਾਲ ਬੁਰੀ ਤਰਾਂ ਪ੍ਰਭਾਵਿਤ ਹੋ ਚੁੱਕੇ ਹਨ। ਇਹੀ ਨਾਲਿਆਂ ਤੇ ਡਰੇਨਾਂ ਦਾ ਪਾਣੀ ਜੋ ਕਦੇ ਦਹਾਕਿਆਂ ਪਹਿਲੇ ਸ਼ਹਿਰਾਂ ਤੇ ਕਸਬਿਆਂ ਦੀ ਸੁੰਦਰਤਾ ਦਾ ਪ੍ਰਤੀਕ ਸੀ ਅੱਜ ਉਸਦੇ ਆਸ-ਪਾਸ ਰਹਿੰਦੇ ਲੋਕਾਂ ਲਈ ਇੱਕ ਸਰਾਪ ਬਣ ਗਿਆ ਹੈ ਕਿਉਂਕਿ ਕੋਹਾਂ ਦੂਰ ਤੋਂ ਇਹਨਾਂ ਨਾਲਿਆਂ ਤੇ ਡਰੇਨਾਂ ‘ਚੋ ਉੱਠ ਰਹੀ ਗੰਦਰੀ ਦੀ ਬਦਬੂ ਉਹਨਾਂ ਦੀ ਜੀਵਨ ਨੂੰ ਹਰ ਪੱਧਰ ਤੇ ਪ੍ਰਭਾਵਿਤ ਕਰ ਰਹੀ ਹੈ। ਭਾਵੇ ਕਿ ਅਕਤੂਬਰ ੨੦੧੦ ਵਿੱਚ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਲੋਕਾਂ ਅੱਗੇ ਜਨਤਕ ਤੌਰ ਤੇ ਵਾਅਦਾ ਕੀਤਾ ਸੀ ਕਿ ਨਵੰਬਰ ੨੦੧੧ ਤੱਕ ਪੰਜਾਬ ਦਾ ਪਾਣੀ ਪੂਰੀ ਤਰਾਂ ਸਾਫ ਕਰ ਦਿੱਤਾ ਜਾਵੇਗਾ ਅਤੇ ਸ੍ਰੋਮਣੀ ਅਕਾਲੀ ਦਲ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਇਸਨੂੰ ਇੱਕ ਅਹਿਮ ਵਿਸ਼ਾ ਮੰਨਿਆ ਸੀ ਅਤੇ ਵਾਅਦਾ ਕੀਤਾ ਸੀ ਕਿ ਪੰਜਾਬ ਦਾ ਪੌਣ-ਪਾਣੀ, ਦਰਿਆ ਨਾਲੇ ਅਤੇ ਡਰੇਨਾਂ ਜੋ ਕਿ ਸ਼ਹਿਰਾਂ ਦਾ ਵੀ ਹਿੱਸਾ ਬਣਦੀਆਂ ਹਨ ਨੂੰ ਜੰਗੀ ਪੱਧਰ ਤੇ ਅੱਡ-ਅੱਡ ਯੋਜਨਾਂ ਅਧੀਨ ਗਾਰ ਤੋਂ ਮੁਕਤ ਕਰ ਕੇ ਅਤੇ ਵੱਖ-ਵੱਖ ਨਵੇਂ ਪਾਣੀ ਸਾਫ ਕਰਨ ਵਾਲੇ ਪਲਾਟਾਂ ਰਾਹੀ ਸਾਫ ਕੀਤਾ ਜਾਵੇਗਾ। ਪਰ ਅੱਜ ੨੦੧੩ ਸਾਲ ਖਤਮ ਹੋਣ ਵਾਲਾ ਹੈ ਪਰ ਇਹ ਨਦੀਆਂ-ਨਾਲੇ ਡਰੇਨਾਂ ਅਤੇ ਨਹਿਰਾਂ ਅੱਗੇ ਨਾਲੋਂ ਵੀ ਜ਼ਿਆਦਾ ਗੰਦਗੀ ਦਾ ਢੇਰ ਬਣ ਚੁੱਕੀਆਂ ਹਨ। ਪੰਜਾਬ ਵਿੱਚ ਭਾਵੇਂ ਸਰਕਾਰ ਨੇ ਪੰਜ ਨੁਕਾਤੀ ਪ੍ਰੋਗਰਾਮ ਦਿੱਤਾ ਸੀ ਜਿਸ ਰਾਹੀਂ ਇਹਨਾਂ ਨਾਲੇ ਨਦੀਆ ਡਰੇਨਾਂ ਨੂੰ ਯੋਜਨਾ ਬੱਧ ਤਰੀਕੇ ਰਾਹੀਂ ਵੱਡੇ ਉਪਰਾਲੇ ਨਾਲ ਸਾਫ ਕੀਤਾ ਜਾਵੇਗਾ ਤਾਂ ਜੋ ਪੰਜਾਬ ਦੇ ਇਹ ਗੰਦਲੇ ਹੋ ਰਹੇ ਵਾਤਾਵਰਣ ਤੇ ਸ਼ਰੀਰਿਕ ਬੀਮਾਰੀਆਂ ਨਾਲ ਘਿਰੇ ਹੋਏ ਇਥੋਂ ਦੇ ਲੋਕਾਂ ਨੂੰ ਸਾਫ ਸੁਥਰਾ ਵਾਤਾਵਰਣ ਦਿੱਤਾ ਜਾਵੇਗਾ ਪਰ ਅਨੇਕਾਂ ਸਾਫ ਕਰਨ ਵਾਲੇ ਪਲਾਟ ਲਾਏ ਜਰੂਰ ਗਏ ਹਨ ਅਤੇ ਹੋਰ ਵੀ ਕਾਫੀ ਯੋਜਨਾ ਅਧੀਨ ਵੱਡੇ ਫੰਡ ਇਸ ਲਈ ਉਪਲੱਬਧ ਕੀਤੇ ਗਏ ਹਨ ਇਸਦੇ ਬਾਵਜੂਦ ਜ਼ਹਿਰੀਲੇ ਰਸਾਇਣਕ ਤੱਤ ਜਿਹੜੇ ਕਿ ਕੈਂਸ਼ਰ ਅਤੇ ਹੋਰ ਮਾਰੂ ਰੋਗਾਂ ਲਈ ਜਿੰਮੇਵਾਰ ਹਨ ਇਹਨਾਂ ਨਦੀਆਂ ਡਰੇਨਾਂ ਅਤੇ ਨਾਲਿਆਂ ਵਿੱਚ ਬੇਰੋਕ ਛੱਡੇ ਜਾ ਰਹੇ ਹਨ। ਜੇ ਆਪਾਂ ਘੱਗਰ ਨਾਲੇ ਦੀ ਗੱਲ ਕਰੀਏ ਜਿਹੜਾ ਕਿ ਹਿਮਾਚਲ ਵਿੱਚੋਂ ਸ਼ੁਰੂ ਹੁੰਦਾ ਹੈ ਅਤੇ ਹਰਿਆਣੇ ਦੇ ਕੁਝ ਹਿੱਸਿਆਂ ਵਿਚੋਂ ਲੰਘਦਾ ਹੋਇਆ ਪੰਜਾਬ ਦੇ ਪਟਿਆਲਾ ਜਿਲੇ ਵਿੱਚ ਪ੍ਰਵੇਸ ਕਰਦਾ ਹੈ ਕਦੇ ਆਲੇ-ਦੁਆਲੇ ਵਸਦੇ ਪਿੰਡਾਂ ਕਸਬਿਆਂ ਤੇ ਛੋਟੇ ਸ਼ਹਿਰਾਂ ਵਿੱਚ ਇੱਕ ਜੀਵਨ ਦਾਤ ਵਜੋਂ ਜਾਣਿਆ ਜਾਂਦਾ ਸੀ ਅੱਜ ਉਹ ਪਟਿਆਲੇ ਦੇ ਕਿੰਨੇ ਪਿੰਡਾਂ (ਸਮਾਣਾ, ਘਨੌਰ, ਪਾਤੜਾਂ), ਵਿੱਚ ਮਾਰੂ ਰੋਗਾਂ ਦਾ ਪ੍ਰਤੀਕ ਬਣ ਚੁੱਕਿਆ ਹੈ। ਇਹਨਾਂ ਪਿੰਡਾਂ ਵਿੱਚ ਹਰ ਇੱਕ ਤੀਜੇ ਘਰ ਵਿੱਚ ਕੋਈ ਨਾ ਕੋਈ ਬੰਦਾ ਇਸ ਦੇ ਪ੍ਰਦੂਸ਼ਣ ਦਾ ਲਗਾਤਾਰ ਸਿਕਾਰ ਹੋ ਰਿਹਾ ਹੈ ਅਤੇ ਇਸਦੇ ਪਾਣੀ ਦਾ ਰੰਗ ਵੱਖ-ਵੱਖ ਇੰਡਸਟਰੀਆਂ, ਸ਼ਹਿਰਾਂ ਤੇ ਪਿੰਡਾਂ ਦੀ ਗੰਦਗੀ ਨਾਲ ਭਰੇ ਹੋਣ ਕਰਕੇ ਘੋਰ ਕਾਲਾ ਹੋ ਚੁਕਿਆਂ ਹੈ ਅਤੇ ਕੈਂਸਰ ਤੇ ਹੋਰ ਮਾਰੂ ਰੋਗਾਂ ਨੂੰ ਆਪਣੇ ਵਿੱਚ ਸਮੇਟੀ ਫਿਰਦਾ ਹੈ। ਕਾਗਜਾਂ ਵਿੱਚ ਪੰਜਾਬ ਦੇ ਪ੍ਰਦੂਸ਼ਣ ਬੋਰਡ ਤੋਂ ਮਨਜੂਰੀ ਲੈਣ ਵੇਲੇ ਵੱਖ-ਵੱਖ ਇੰਡਸਟਰੀਆਂ ਨੇ ਆਪਣੇ ਪਾਣੀ ਸਾਫ ਕਰਨ ਵਾਲੇ ਪਲਾਂਟ ਲੱਗੇ ਦਿਖਾਂਦੇ ਹਨ ਪਰ ਕਿਉਂਕਿ ਇਹ ਪਲਾਂਟ ਬਹੁਤ ਬਿਜਲੀ ਦੀ ਪਖਤ ਕਰਦੇ ਹਨ ਇਸ ਕਰਕੇ ਇਹਨਾਂ ਦੀ ਵਰਤੋਂ ਨਾ ਮਾਤਰ ਹੀ ਹੁੰਦੀ ਹੈ। ਇਸ ਕਰਕੇ ਇਹਨਾ ਇੰਡਸਟਰੀਆਂ ਦਾ ਰਸਾਇਣਕ-ਗੰਦ ਸਿੱਧਾ ਘੱਗਰ ਦੇ ਵਿੱਚ ਸੁੱਟਿਆ ਜਾ ਰਿਹਾ ਹੈ ਅਤੇ ਕਈ ਥਾਵਾਂ ਤੇ ਡੂੰਘੇ ਬੋਰ ਕਰਕੇ ਇੰਡਸਟਰੀ ਵਾਲੇ ਇਹ ਜ਼ਹਿਰੀਲੇ ਰਸਾਇਣ ਧਰਤੀ ਹੇਠਲੇ ਪਾਣੀ ਵਿੱਚ ਸੁੱਟ ਰਹੇ ਹਨ।
ਘੱਗਰ ਦਰਿਆ ਵਿਚੋਂ ਬਹੁਤ ਥਾਵਾਂ ਤੇ ਖੇਤੀ ਸਿੰਜਾਈ ਲਈ ਪਾਣੀ ਵਰਤਿਆ ਜਾਂਦਾ ਹੈ ਜਿਸ ਨਾਲ ਫਸਲਾਂ ਤੇ ਰਸਾਇਣਕ ਅਸਰ ਸਾਹਮਣੇ ਆ ਰਿਹਾ ਹੈ। ਇਸੇ ਤਰਾਂ ਲੁਧਿਆਣਾ ਸ਼ਹਿਰ ਜਿਹੜਾ ਕਿ ਬੁੱਢੇ ਨਾਲੇ ਦੇ ਆਲੇ ਦੁਆਲੇ ਵਸਿਆ ਹੋਇਆ ਹੈ ਉਹ ਵੀ ਬੁੱਢੇ ਨਾਲੇ ਦੀ ਰਸਾਇਣਕ ਗੰਦਗੀ ਤੋਂ ਪੂਰੀ ਤਰਾਂ ਪ੍ਰਭਾਵਿਤ ਹੈ। ਲੁਧਿਆਣੇ ਵਿੱਚ ਬੁੱਢਾ ਨਾਲਾ ਜੋ ਕਿ ਚੌਤਾਲੀ (੪੪) ਕਿਲੋਮੀਟਰ ਲੰਮਾ ਹੈ, ਵਿੱਚ ਕਦੇ ਇਸ ਵਿੱਚ ਮੱਛੀਆਂ ਤੇ ਹੋਰ ਪਾਣੀ ਵਾਲੇ ਜਾਨਵਰ ਜੋ ਕਿ ਪਾਣੀ ਸ਼ੁੱਧ ਕਰਦੇ ਸਨ ਅਕਸਰ ਦਿਖਾਈ ਦਿੰਦੇ ਸੀ ਤੇ ਵਾਤਾਵਰਣ ਸੁੱਧ ਕਰਦੇ ਸੀ ਅੱਜ ਇਹਨਾ ਜੀਵਾਂ ਨੇ ਤਾਂ ਕਿਥੇ ਹੋਣਾ ਸਗੋਂ ਇਸ ਦੁਆਲੇ ਰਹਿੰਦੇ ਲੋਕ ਇਸ ਵਿੱਚ ਸਮਾਏ ਰਸਾਇਣਕ ਤੱਤਾਂ ਵਾਲੇ ਗੰਦਲੇ ਪਾਣੀ ਤੋਂ ਬਹੁਤ ਜਿਆਦਾ ਪ੍ਰਭਾਵਿਤ ਹਨ ਅਤੇ ਅਨੇਕਾਂ ਮਾਰੂ ਰੋਗ, ਜਿਗਰ ਦੀ ਬੀਮਾਰੀ, ਦਮੇ ਦੀ ਬੀਮਾਰੀ ਤੇ ਚਮੜੀ ਦੇ ਰੋਗਾਂ ਵਿੱਚ ਘਿਰ ਗਏ ਹਨ। ਇਸ ਬੁੱਢੇ ਨਾਲੇ ਨੂੰ ਸਾਫ ਕਰਨ ਲਈ ਭਾਵੇਂ ਸਰਕਾਰ ਵੱਲੋਂ ਆਪਣੇ ਪੰਜ ਨੁਕਾਤੀ ਪ੍ਰੋਗਰਾਮ ਅਧੀਨ ਅਲੱਗ-ਅਲੱਗ ਪਾਣੀ ਸਾਫ ਕਰਨ ਵਾਲੇ ਕਾਫੀ ਪਲਾਂਟ ਲਗਾਣੇ ਹਨ ਅਤੇ ਉਹ ਬਹੁਤ ਥਾਵਾਂ ਤੇ ਕੰਮ ਵੀ ਕਰ ਰਹੇ ਹਨ ਪਰ ਇਸ ਬੁੱਢੇ ਨਾਲੇ ਦੇ ਆਲੇ-ਦੁਆਲੇ ਨਿਰਮਾਣ ਅਧੀਨ ਬਣੇ ਰੰਗਾਈ ਦੇ ਕਾਰਖਾਨੇ ਤੇ ਹੋਰ ਹੌਜ਼ਰੀਆਂ, ਦੁੱਧ ਦੀਆਂ ਡੇਅਰੀਆਂ ਅਤੇ ਅੱਡ ਅੱਡ ਮਸ਼ੀਨੀ ਕਾਰਖਾਨੇ ਆਪਣੀ ਰਸਾਇਣਕ ਤੱਤਾਂ ਦੀ ਗੰਦਗੀ ਡੂੰਘੇ-ਬੋਰਾਂ ਰਾਹੀਂ ਤੇ ਸਿੱਧੇ ਤੌਰ ਤੇ ਇਸ ਵਿੱਚ ਸੁੱਟ ਰਹੇ ਹਨ। ਸਰਕਾਰ ਦੀਆਂ ਕੋਸ਼ਿਸ਼ਾਂ ਵੀ ਇਹਨਾ ਕਰਖਾਨਿਆਂ ਦੇ ਮਾਲਕਾਂ ਅੱਗੇ ਬੇਵੱਸ ਹਨ ਅਤੇ ਇਹੀ ਬੁੱਢੇ ਨਾਲੇ ਦਾ ਪਾਣੀ ਸਿੱਧਾ ਜਾ ਕੇ ਸਤਲੁਜ ਦਰਿਆ ਵਿੱਚ ਰਲਦਾ ਹੈ ਤੇ ਇਹੀ ਦਰਿਆ ਦਾ ਪਾਣੀ ਵੱਖ ਵੱਖ ਨਹਿਰਾਂ ਰਾਹੀਂ ਰਾਜਸਥਾਨ ਵਿੱਚ ਜਾਂਦਾ ਹੈ ਜਿਥੋਂ ਦੇ ਵੱਡੀ ਗਿਣਤੀ ਵਿੱਚ ਲੋਕ ੨੦੦੮ ਵਿੱਚ ਆਪਣਾ ਇੱਕ ਵਫਦ ਲੈ ਕੇ ਪੰਜਾਬ ਆਏ ਸੀ ਤੇ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਇਸ ਗੰਧਲੇ ਪਾਣੀ ਨਾਲ ਸਾਡੇ ਜੀਵਨ ਤੇ ਵੱਖ-ਵੱਖ ਮਾਰੂ ਰੋਗਾਂ ਨਾਲ ਪ੍ਰਭਾਵ ਪੈ ਰਿਹਾ ਹੈ। ਇਸੇ ਤਰਾਂ ਗੁਰਦਾਸਪੁਰ ਜਿਲ੍ਹੇ ਜਿਸ ਵਿੱਚ ਦੋ ਵੱਡੀਆਂ ਨਦੀਆਂ ਹਨ, ਰਾਵੀ ਤੇ ਬਿਆਸ ਅਤੇ ਕਾਫੀ ਡਰੇਨਾਂ ਤੇ ਨਾਲੇ ਵੀ ਹਨ ਵੀ ਰਸਾਇਕਣਕ ਗੰਦਗੀ ਤੋਂ ਬੁਰੀ ਤਰਾਂ ਪ੍ਰਭਾਵਤ ਹੋ ਚੁੱਕਿਆ ਹੈ। ਗੁਰਦਾਸਪੁਰ ਜਿਲੇ ਵਿੱਚ ਦੌ ਸੌ ਗਿਆਰਾਂ ਦੇ ਕਰੀਬ ਪੱਥਰਾਂ ਦੇ ਕਾਰਖਾਲੇ ਹਨ ਜੋ ਕਿ ਇਹਨਾਂ ਦਰਿਆਵਾਂ ਦੇ ਕੰਢਿਆ ਤੇ ਬਣੇ ਹਨ। ਉਹ ਆਪਣੇ ਬਚਿਆ ਹੋਇਆ ਗੰਦ ਸਰਕਾਰੀ ਕਾਨੂੰਨਾਂ ਦੀ ਪ੍ਰਵਾਹ ਨਾ ਕਰਕੇ ਹੋਵੇ ਇਹਨਾਂ ਨਦੀਆਂ ਤੇ ਨਾਲਿਆਂ ਵਿੱਚ ਸੁੱਟ ਰਿਹਾ ਹੈ। ਇਸੇ ਤਰਾਂ ਬਟਾਲੇ ਜਿਥੇ ਕਾਫੀ ਗਿਣਤੀ ਵਿੱਚ ਕਾਰਖਾਨੇ ਹਨ ਵੀ ਆਪਣਾ ਗੰਦ ਇਹਨਾਂ ਨਾਲਿਆਂ ਵਿੱਚ ਸੁੱਟ ਰਹੇ ਹਨ ਜੋ ਕਿ ਬਾਅਦ ਵਿੱਚ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਨਦੀਆਂ ਵਿੱਚ ਰਲ ਰਹੇ ਹਨ ਅਤੇ ਇਹੀ ਬਿਆਸ ਦਾ ਪਾਣੀ ਹਰੀਕੇ ਜਾ ਕੇ ਜਦੋਂ ਸਤਲੁਜ ਨਾਲ ਰਲਦਾ ਹੈ ਤਾਂ ਉਸਦਾ ਰੰਗ ਗਹਿਰਾ ਕਾਲਾ ਹੋ ਜਾਂਦਾ ਹੈ ਅਤੇ ਇਸ ਗੁਰਦਾਸਪੁਰ ਜਿਲ੍ਹੇ ਵਿੱਚ ਵੀ ਲੋਕ ਬੁਰੀ ਤਰਾਂ ਮਾਰੂ ਰੋਗਾਂ ਨਾਲ ਪ੍ਰਭਾਵਿਤ ਹੋ ਰਹੇ ਹਨ। ਸਰਕਾਰ ਨੇ ਕਰੋੜਾਂ ਰੁਪਏ ਪਾਣੀ ਸਾਫ ਕਰਨ ਵਾਲੇ ਪਲਾਂਟਾਂ ਤੇ ਲਾਏ ਤਾਂ ਹਨ ਪਰ ਉਹਨਾਂ ਦੀ ਸਹੀ ਢੰਗ ਨਾਲ ਨਿਗਰਾਨੀ ਨਾ ਹੋਣ ਕਰਕੇ ਇਸ ਰਸਾਇਣਕ ਗੰਦਗੀ ਨੂੰ ਰੋਕਣ ਵਿੱਚ ਨਾਕਾਮਯਾਬ ਸਿੱਧ ਹੋਣੇ ਹਨ। ਬਹੁਤ ਕਸਬਿਆ ਦੀਆਂ ਲੋਕਲ ਨਿਗਰਾਨ ਸਭਾਵਾਂ ਹਨ ਉਹਨਾਂ ਕੋਲੇ ਇਹਨੇ ਫੰਡ ਵੀ ਨਹੀਂ ਹਨ ਉਹ ਇਹਨਾਂ ਪਾਣੀ ਸਾਫ ਕਰਨ ਵਾਲੀਆਂ ਮਸ਼ੀਨਾਂ ਨੂੰ ਚੱਲਦੀਆਂ ਰੱਖ ਸਕਣ। ਜਿਸ ਕਰਕੇ ਪੌਣ-ਪਾਣੀ ਦਾ ਗੰਦ ਵਾਤਾਵਰਣ ਨੂੰ ਬੇਹੱਦ ਪ੍ਰਭਾਵਿਤ ਕਰ ਰਿਹਾ ਹੈ।
ਹੁਣ ਜੇ ਆਪਾਂ ਸਿੱਖੀ ਦਾ ਧੁਰਾ ਮੰਨੇ ਜਾਂਦੇ ਸ਼ਹਿਰ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਉਥੋਂ ਲੰਘ ਰਹੀ ਤੁੰਗ-ਢਾਬ ਡਰੇਨ ਇੱਕ ਇੰਡਸਟਰੀਅਲ ਰਸਾਇਣਕ ਗੰਦ ਦਾ ਢੇਰ ਬਣ ਚੁੱਕੀ ਹੈ। ਭਾਵੇਂ ਕਿ ਇਸ ਬਾਰੇ ਛੇ ਸਾਲ ਪਹਿਲੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਆਪਣੇ ਪੱਧਰ ਤੇ ਵੱਡੀ ਚਿੱਤਾ ਜਿਤਾਈ ਸੀ ਤੇ ਪੰਜਾਬ ਸਰਕਾਰ ਨੇ ਵੀ ਆਪਣੇ ਚੋਣ ਮਨੋਰਥ ਵਾਲੇ ਵਾਅਦੇ ਮੁਤਾਬਕ ਇਸ ਤੁੰਗ-ਢਾਬ ਡਰੇਨ ਨੂੰ ਇਸਦੀ ਪੁਰਾਣੀ ਕੁਦਰਤੀ ਦਿੱਖ ਨੂੰ ਉਜਾਗਰ ਕਰਨ ਦੀ ਕੋਸ਼ਿਸ ਕੀਤੀ ਹੈ ਪਰ ਇਸਦੇ ਬਾਵਜੂਦ ਜਿਹੜੇ ਉਥੇ ਤਾਕਤਵਰ ਕਾਰਖਾਨਿਆਂ ਦੇ ਮਾਲਕ ਤੇ ਹੋਰ ਅਦਾਰੇ ਤੇ ਸ਼ਹਿਰ ਦਾ ਗੰਦ ਕੋਈ ਵਾਹ ਨਹੀਂ ਚੱਕਣ ਦੇ ਰਿਹਾ ਤੇ ਅੱਜ ਇਹ ਹਾਲ ਹੈ ਕਿ ਜਿਹੜੇ ਲੋਕ ਤੁੰਗ ਢਾਗ ਡਰੇਨ ਦੇ ਆਲੇ-ਦੁਆਲੇ ਵਸੇ ਹਨ ਉੱਥੇ ਹੋਰ ਥਾਵਾਂ ਤੋਂ ਲੋਕ ਰਿਸ਼ਤਾ ਵੀ ਲੈ ਕੇ ਜਾਣਾ ਠੀਕ ਨਹੀਂ ਸਮਝਦੇ ਕਿਉਂਕਿ ਉਸਦੇ ਆਲੇ-ਦੁਆਲੇ ਰਹਿੰਦੇ ਲੋਕ ਮਾਰੂ ਰੋਗਾਂ ਨਾਲ ਬੁਰੀ ਤਰਾਂ ਪ੍ਰਭਾਵਤ ਹੋ ਚੁੱਕੇ ਹਨ ਇਹੀ ਹਾਲ ਕਪੂਰਥਲੇ ਅਤੇ ਜਲੰਧਰ ਜਿਲ੍ਹੇ ਦਾ ਵੀ ਹੋ ਚੁਕਿਆ ਹੋ ਜਿਥੇ ਕਿ ਮਸ਼ਹੂਰ ਕਾਲੀ ਵੇਈਂ ਜੋ ਕਿ ਕਦੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਛੋਹ ਦੀ ਮਹਿਕ ਰੱਖਦੀ ਸੀ ਅੱਜ ਉਹ ਸੱਚ ਮੁੱਚ ਕਾਲੀ ਹੋ ਚੁੱਕੀ ਹੈ ਕਿਉਂਕਿ ਇਸ ਵਿੱਚ ਜਲੰਧਰ ਸ਼ਹਿਰ ਦੇ ਚਮੜੇ ਦੇ ਕਾਰਖਾਨਿਆਂ ਦਾ ਰਸਾਇਣਕ ਗੰਦ ਵੱਡੀ ਮਾਤਰਾ ਵਿੱਚ ਆਪਣੇ ਵਿੱਚ ਸਮਾਈ ਬੈਠੀ ਹੈ।
ਇਸੇ ਤਰਾਂ ਮਲੇਰਕੋਟਲੇ ਤੋਂ ਸ਼ੁਰੂ ਹੁੰਦੀ ਲਸਾੜਾ ਡਰੇਨ ਜੋ ਕਿ ਸੰਗਰੂਰ ਜਿਲ੍ਹੇ ਦੇ ਪਿੰਡਾਂ ਵਿੱਚ ਦੀ ਹੁੰਦੀ ਹੋਈ ਬਠਿੰਡੇ ਦੇ ਪਿੰਡਾਂ ਵਿੱਚ ਜਾ ਕੇ ਮੁੱਕਦੀ ਹੈ ਵੀ ਬੁਰੀ ਤਰਾਂ ਪਾਣੀ ਦੇ ਪ੍ਰਦੂਸ਼ਣ ਦਾ ਸ਼ਿਕਾਰ ਹੋ ਚੁੱਕੀ ਹੈ ਇਸ ਵਿੱਚ ਵੀ ਇਸਦੇ ਨਾਲ ਨਾਲ ਲੱਗਦੀਆਂ ਕੈਮੀਕਲ ਫੈਕਟਰੀਆਂ ਤੇ ਹੋਰ ਫੈਕਟਰੀਆਂ ਪ੍ਰਦੂਸ਼ਣ ਦੀ ਪ੍ਰਵਾਹ ਨਾ ਕਰਦੀਆਂ ਹੋਈਆਂ ਪਾਣੀ ਦੀ ਸ਼ੁੱਧਤਾ ਦੀਆਂ ਮਸੀਨਾਂ ਹੋਣ ਦੇ ਬਾਵਜੂਦ ਆਪਣਾ ਰਸਾਇਣਕ ਗੰਦ ਇਸ ਡਰੇਨ ਵਿੱਚ ਸੁੱਟ ਰਹੇ ਹਨ ਜਿਸ ਨਾਲ ਇਸਦੀ ਮਾਰ ਹੇਠ ਆਏ ਇਹਨਾਂ ਜਿਲਿਆਂ ਦੇ ਪਿੰਡ ਤੇ ਕਸਬੇ ਵੱਖ ਵੱਖ ਸਰੀਰਿਕ ਮਾਰੂ ਰੋਗਾਂ ਦਾ ਸ਼ਿਕਾਰ ਹੋ ਚੁੱਕੇ ਹਨ। ਕਿਸੇ ਵੇਲੇ ਸ਼ੁੱਧ ਵਾਤਾਵਰਣ ਵਜੋਂ ਜਾਣਿਆਂ ਜਾਂਦਾ ਨੂਰਪੁਰ ਬੇਦੀ ਇਲਾਕਾਂ ਵੀ ਅੱਜ ਜਿਸ ਡਰੇਨ ਦੇ ਕੰਢੇ ਪੈਂਦਾ ਜੋ ਕਿ ਸਤੁਲਜ ਦਰਿਆ ਦਾ ਹਿੱਸਾ ਹੈ, ਵੀ ਅੱਡ-ਅੱਡ ਫੈਕਟਰੀਆਂ ਦੇ ਪ੍ਰਦੂਸ਼ਿਤ ਗੰਦ ਦਾ ਸ਼ਿਕਾਰ ਹੋ ਚੁੱਕਿਆ ਹੈ ਅਤੇ ਜਿਹੜਾ ਪਾਣੀ ਕਦੀ ਪੀਣ ਯੋਗ ਸਮਝਿਆ ਜਾਂਦਾ ਹੈ ਅੱਜ ਉਹ ਖੇਤੀ ਲਈ ਵੀ ਯੋਗ ਨਹੀਂ ਹੈ।
ਅੱਜ ਸਮੁੱਚਾ ਪੰਜਾਬ ਵੱਖ-ਵੱਖ ਪ੍ਰਦੂਸ਼ਣ ਕੰਟਰੋਲ ਕਨੂੰਨ ਹੋਣ ਦੇ ਬਾਵਜੂਦ ਪੂਰੀ ਤਰਾਂ ਵਾਤਾਵਰਣ ਪ੍ਰਦੂਸ਼ਣ ਦਾ ਸ਼ਿਕਾਰ ਹੋ ਚੁੱਕਿਆ ਹੈ ਜਿਸ ਵਿੱਚ ਪੌਣ, ਪਾਣੀ ਤੇ ਜ਼ਮੀਨ ਪੂਰੀ ਤਰਾਂ ਪ੍ਰਭਾਵਿਤ ਹੋ ਚੁੱਕੇ ਹਨ। ਇਸ ਤਰਾਂ ਇਹ ਗੱਲ ਸਿੱਧ ਕਰਦੀ ਹੈ ਕਿ ਲੋਕੀ ਆਪਣੇ ਨਿੱਜੀ ਮੁਫਾਦਾਂ ਲਈ ਕੁਦਰਤੀ ਸੋਮਿਆਂ ਨੂੰ ਆਪਣੇ ਗੈਰਜਿੰਮੇਵਾਰਕ ਵਰਤਾਰੇ ਕਾਰਨ ਕਨੂੰਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਆਉਣ ਵਾਲੀਆਂ ਪੀੜੀਆ ਦਾ ਫਿਕਰ ਛੱਡ ਕੇ ਪੰਜਾਬ ਦੀ ਦਿੱਖ ਨੂੰ ਹੀ ਬਦਲ ਰਹੇ ਹਨ ਅਤੇ ਗੁਰੂ ਸਾਹਿਬਾਨ ਵੱਲੋਂ ਦੱਸੇ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦੀ ਸੁੱਧਤਾ ਨੂੰ ਕਾਇਮ ਰੱਖਣ ਤੋਂ ਮੁਨਕਰ ਹੋ ਰਹੇ ਹਨ ਅਤੇ ਇਹ ਦੁਨੀਆਂ ਹੁਣ ਨਿਜਵਾਦ ਕਰਕੇ ਨਿਰਮੋਹੀ ਬਣਦੀ ਜਾ ਰਹੀ ਹੈ।