ਦਿੱਲੀ ਵਿੱਚ ਹੋਏ ੧੯੮੪ ਦੇ ਸਿੱਖ ਕਤਲੇਆਮ ਦੇ ਸਬੰਧ ਵਿੱਚ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ। ਜਿਸ ਨੂੰ ਦਿੱਲੀ ਵਿੱਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ.ਮਨਜੀਤ ਸਿੰਘ ਜੀ.ਕੇ. ਨੇ ਮੀਡੀਆ ਸਾਹਮਣੇ ਲਿਆਂਦਾ ਹੈ। ਇਸ ਪੰਜ ਹਿੱਸਿਆਂ ਵਾਲੀ ਵੀਡੀਓੁ ਰਾਹੀਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਇਹ ਦਰਸਾਇਆ ਹੈ ਕਿ ਵੀਡੀਓੁ ਜੋ ਕਿਸੇ ਅਗਿਆਤ ਵਿਅਕਤੀ ਨੇ ਉਹਨਾਂ ਦੇ ਘਰੇ ਉਨਾਂ ਦੇ ਸੁਰੱਖਿਆ ਕਰਮਚਾਰੀਆਂ ਨੂੰ ਫੜਾਈ ਹੈ, ਵਿੱਚ ਸਿੱਖ ਕਤਲੇਆਮ ਨਾਲ ਮੁੱਖ ਰੂਪ ਵਿੱਚ ਸਬੰਧਤ ਦੱਸੇ ਜਾਂਦੇ ਜਗਦੀਸ਼ ਟਾਈਟਲਰ ਨੂੰ ਕਿਸੇ ਨਿੱਜੀ ਗੱਲਬਾਤ ਦੌਰਾਨ ਇਹ ਇੰਨਸਾਫ ਕਰਦੇ ਦਿਖਾਇਆ ਹੈ ਕਿ ਕਿਸ ਤਰਾਂ ਉਹ ੧੯੮੪ ਦੇ ੧੦੦ ਸਿੱਖਾਂ ਦੇ ਕਤਲ ਨਾਲ ਸਬੰਧਤ ਹੈ। ਉਸਨੇ ਇਸ ਵਿੱਚ ਆਪਣੇ ਨਿੱਜੀ ਜੀਵਨ ਬਾਰੇ ਵੀ ਗੱਲਾਂ ਕੀਤੀਆਂ ਹਨ। ਇਸ ਵੀਡੀਉ ਵਿੱਚ ਜਗਦੀਸ਼ ਟਾਈਟਲਰ ਆਪਣੇ ਵੱਡੇ ਜੱਜਾਂ ਨਾਲ ਸਬੰਧਾਂ ਬਾਰੇ ਤੇ ਆਪਣੀਆਂ ਨਿੱਜੀ ਜਿੰਦਗੀ ਦੀਆਂ ਗੱਲਾਂ ਬਾਰੇ ਵੀ ਖੁੱਲ ਕੇ ਬੋਲਦਾ ਦਿਖਾਇਆ ਹੈ। ਇਸ ਵੀਡੀਉ ਵਿੱਚ ਜਗਦੀਸ਼ ਟਾਈਟਲਰ ਇਹ ਵੀ ਦਾਅਵਾ ਕਰਦਾ ਹੈ ਕਿ ਉਸ ਨੂੰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦਾ ਪੂਰਾ ਸਮਰਥਨ ਹੈ ਤੇ ਰਿਹਾ ਵੀ ਹੈ।
ਇਸ ਖੁਲਾਸੇ ਨੂੰ ਸ੍ਰ: ਮਨਜੀਤ ਸਿੰਘ ਦੇ ਦੱਸਣ ਮੁਤਾਬਕ ੨੦੧੧ ਵਿੱਚ ਕਿਸੇ ਅਗਿਆਤ ਵਿਅਕਤੀ ਨੇ ਨਿੱਜੀ ਤੌਰ ਤੇ ਬਣਾਇਆ ਸੀ। ਜੋ ਉਨਾਂ ਨੂੰ ਹੁਣ ਕਿਸੇ ਅਗਿਆਤ ਵਿਅਕਤੀ ਨੇ ਦਿੱਤੀ ਹੈ। ਇਸ ਵੀਡੀਉ ਨੂੰ ਭਾਵੇਂ ਇੱਕ ਸਨਸਨੀ ਖੇਦ ਖੁਲਾਸਾ ਦਰਸਾਇਆ ਗਿਆ ਹੈ ਅਤੇ ਇਸ ਨੂੰ ਰਾਸ਼ਟਰੀ ਮੀਡੀਆ ਨੇ ਕੋਈ ਬਹੁਤੀ ਤਵੱਜੋ ਵੀ ਨਹੀਂ ਦਿੱਤੀ ਹੈ, ਸਿਰਫ ਜਿਕਰ ਹੀ ਕੀਤਾ ਹੈ। ਪਰ ਇਸ ਨੂੰ ਪੰਜਾਬ ਦੇ ਸੂਬਾ ਪੱਧਰੀ ਟੀ.ਵੀ ਚੈਨਲਾਂ ਨੇ ਪ੍ਰਮੁੱਖ ਰੂਪ ਵਿੱਚ ਦਿਖਾਇਆ ਹੈ ਅਤੇ ਇੱਕ ਟੀ.ਵੀ.ਚੈਨਲ ਜੋ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਹੈ ਨੇ ਇਸ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਵੱਡੀ ਪ੍ਰਾਪਤੀ ਦੱਸਿਆ ਹੈ ਅਤੇ ਇਹ ਵੀ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੇ ਇਸ ਕਤਲੇਆਮ ਪ੍ਰਤੀ ਬਹੁਤ ਗੰਭੀਰ ਹੈ ਤੇ ਇਸ ਨੂੰ ਨਿਰਣਾਇਕ ਅੰਤ ਤੱਕ ਲਿਜਾਇਆ ਜਾਵੇਗਾ ਤੇ ਉਹ ਬਚਨਵੱਧ ਹਨ। ਅੱਜ ਦੇ ਯੁੱਗ ਵਿੱਚ ਅਜਿਹੀਆਂ ਵੀਡੀਉ ਨੂੰ ਤਕਨੀਕੀ ਰੂਪ ਵਿੱਚ ਸਾਬਿਤ ਕਰਨਾ ਤੇ ਇਸਦੀ ਪ੍ਰਮਾਣਿਕਤਾ ਨੂੰ ਸਿੱਧ ਕਰਨਾ ਵੀ ਅਹਿਮ ਹੈ। ਇਸ ਤੋਂ ਬਾਅਦ ਹੀ ਇਸਦਾ ਸਬੰਧ ਸਿੱਖ ਕਤਲੇਆਮ ਨਾਲ ਸਬੰਧਤ ਮੁੱਕਦਮਿਅ ਨਾਲ ਜੋੜਿਆ ਜਾ ਸਕਦਾ ਹੈ।
ਜਗਦੀਸ਼ ਟਾਈਟਲਰ ਪ੍ਰਤੀ ਵਿਅਕਤੀਗਤ ਰੂਪ ਵਿੱਚ ਸ਼ੁਰੂ ਤੋਂ ਹੀ ਸਿੱਖ ਕਤਲੇਆਮ ਸਬੰਧੀ ਸ਼ਾਮੂਲੀਅਤ ਬਾਰੇ ਸਵਾਲ ਉਠਦੇ ਰਹੇ ਹਨ। ਅਨੇਕਾਂ ਹੀ ਜਾਂਚ ਕਮਿਸ਼ਨਰ ਜੋ ਇਸ ਸਿੱਖ ਕਤਲੇਆਮ ਸਬੰਧੀ ਭਾਰਤ ਸਰਕਾਰ ਵੱਲੋਂ ਬਣਾਏ ਗਏ ਸਨ, ਵਿੱਚ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਟਾਈਟਲਰ ਦੀ ਸ਼ਾਮੂਲੀਅਤ ਬਾਰੇ ਉਂਗਲ ਉਠਦੀ ਰਹੀ ਹੈ। ਇਸਦੇ ਬਾਵਜੂਦ ਵੀ ਭਾਰਤ ਦੀ ਕਾਨੂੰਨ ਪ੍ਰਣਾਲੀ, ਪੁਲੀਸ ਤੇ ਜਾਂਚ ਵਿਵਸਥਾ ਇਸਨੂੰ ਅੱਜ ਤੱਕ ਸਾਫ ਬਰੀ ਕਰਦੀ ਰਹੀ ਹੈ। ਹੁਣ ਵੀ ਇਸ ਖੁਲਾਸੇ ਨਾਲ ਇਹ ਤਾਂ ਜਰੂਰ ਹੈ ਕਿ ਕੁਝ ਸਮੇਂ ਲਈ ਇਹ ਮੀਡੀਆਂ ਵਿੱਚ ਬਹਿਸ ਤੇ ਵਿਚਾਰ-ਵਟਾਂਦਰੇ ਦਾ ਪ੍ਰਮੁੱਖ ਰੂਪ ਵਿੱਚ ਵਿਸ਼ਾ ਤਾਂ ਬਣਿਆ ਹੈ ਜੋ ਕਿ ਪਹਿਲਾਂ ਵੀ ਸਿੱਖ ਕਤਲੇਆਮ ਨਾਲ ਸਬੰਧਤ ਅਨੇਕਾਂ ਵਿਸ਼ਿਆਂ ਤੇ ਉਸ ਕਤਲੇਆਮ ਦੇ ਸਮਝੇ ਜਾਂਦੇ ਦੋਸ਼ੀਆਂ ਦੀ ਸ਼ਾਮੂਲੀਅਤ ਬਾਰੇ ਵੀ ਬਣਦਾ ਰਿਹਾ ਹੈ। ਇਸੇ ਤਰਾਂ ਇਸ ਨਵੇਂ ਖੁਲਾਸੇ ਨੂੰ ਲੈ ਕੇ ਸ਼੍ਰੋਮਣੀ ਅਕਾਲ ਦਲ ਇੱਕ ਵਾਰ ਫੇਰ ਦਿੱਲੀ ਦੀਆਂ ਸੜਕਾਂ ਤੇ ਉੱਤਰ ਕੇ ਭਾਰਤ ਸਰਕਾਰ ਜੋ ਕਿ ਉਹਾਂ ਦੀ ਭਾਈਵਾਲ ਸਰਕਾਰ ਹੈ, ਕੋਲੋਂ ਇਸ ਖੁਲਾਸੇ ਦੇ ਅਧਾਰ ਤੇ ਕਾਨੂੰਨੀ ਕਾਰਵਾਈ ਦੀ ਮੰਗ ਕਰੇਗਾ ਤੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਆਪਣੇ ਵੱਲ ਕੇਂਦਰਿਤ ਕਰਨ ਦੀ ਕੋਸ਼ਿਸ ਜਰੂਰ ਕਰੇਗਾ। ਇਸਦਾ ਕੀ ਨਿਰਣਾ ਨਿਕਲਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ। ਪਰ ਇੱਕ ਗੱਲ ਜਰੂਰ ਹੈ ਕਿ ੩੩ ਸਾਲਾਂ ਬਾਅਦ ਵੀ ਜਿਸ ਰਾਜਨੀਤਿਕ ਪਾਰਟੀ ਨਾਲ ਜਗਦੀਸ਼ ਟਾਈਟਲਰ ਤੇ ਹੋਰ ਮੁੱਖ ਦੋਸ਼ੀ ਸਬੰਧਤ ਹਨ ਉਸੇ ਪਾਰਟੀ ਦੀ ਸਰਕਾਰ ਅੱਜ ਸਿੱਖ ਕੌਮ ਦੇ ਗੜ ਵਜੋਂ ਜਾਂਦੇ ਸੂਬੇ ਪੰਜਾਬ ਵਿੱਚ ਰਾਜ ਕਰਦੀ ਹੋਈ ਸੱਤਾਧਾਰੀ ਪਾਰਟੀ ਹੈ।
ਇਸ ਸਮੇਂ ਪੰਜਾਬ ਦਾ ਮੁੱਖ ਮੰਤਰੀ ਵੀ ਇੱਕ ਸਿੱਖ ਹੈ। ਜਿਸ ਸਰਕਾਰ ਦੇ ਮੰਤਰੀ ਅਖਬਾਰਾਂ ਰਾਹੀਂ ਆਪਣੇ ਬਿਆਨਾਂ ਵਿੱਚ ਹਿੱਕ ਠੋਕ ਕਿ ਕਹਿ ਰਹੇ ਹਨ ਕਿ ਅਸੀਂ ਸਾਰੇ ਹੀ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀਆਂ ਹੀ ਰੂਹਾਂ ਹਾਂ। ਮੁੱਖ ਰੂਪ ਵਿੱਚ ਭਾਵੇਂ ਸਿੱਖ ਕਤਲੇਆਮ ਸਬੰਧੀ ਵੱਖ ਵੱਖ ਸੰਸਥਾਵਾਂ, ਵਿਅਕਤੀਆਂ ਅਤੇ ਰਾਜਨੀਤਿਕ ਸਿੱਖ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਆਪਣੇ ਢੰਗ ਨਾਲ ਕਾਂਗਰਸ ਪਾਰਟੀ ਨਾਲ ਸਬੰਧਤ ਵਿਆਕਤੀਆਂ ਨੂੰ ਵਿਅਕਤੀਗਤ ਰੂਪ ਵਿੱਚ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਰ ਕਦੇ ਵੀ ਸਮੂਹਿਕ ਰੂਪ ਵਿੱਚ ਇਹ ਸਿੱਖ ਕਤਲੇਆਮ ਨਾਲ ਸਬੰਧਤ ਵਿਆਕਤੀਆਂ ਦੀ ਥਾਂ ਇਹ ਵਿਅਕਤੀ ਜਿਸ ਰਾਜਨੀਤਿਕ ਪਾਰਟੀ ਕਾਂਗਰਸ ਜੋ ਸਿੱਖ ਕਤਲੇਆਮ ਦੌਰਾਨ ਤੇ ਉਸਤੋਂ ਬਾਅਦ ਭਾਰਤ ਦੀ ਸਰਕਾਰ ਚਲਾ ਰਹੀ ਸੀ, ਨੂੰ ਕਟਹਿਰੇ ਵਿੱਚ ਲਿਆਉਣ ਦੀ ਕੋਸ਼ਿਸ ਕਰਨ ਤੋਂ ਅਸਫਲ ਰਹੀ ਹੈ। ਇਸ ਕਰਕੇ ਇਸ ਤਰਾਂ ਦੀ ਬਿਰਤੀ ਵਾਲੀ ਰਾਜਨੀਤਿਕ ਪਾਰਟੀ ਕਾਂਗਰਸ ਨੂੰ ਭਾਰਤ ਦੀ ਚੋਣ ਪ੍ਰਣਾਲੀ ਵਿਚੋਂ ਇਹ ਤਹਿ ਕਰਕੇ ਖਾਰਜ਼ ਕੀਤਾ ਜਾ ਸਕਦਾ ਸੀ ਕਿ ਇਹ ਫਿਰਕੂ ਕਤਲੇਆਮ ਨਾਲ ਸਿੱਧੇ ਤੌਰ ਤੇ ਸਬੰਧਤ ਹੈ ਤੇ ਇਸ ਨੂੰ ਭਾਰਤ ਦੀ ਰਾਜਨੀਤੀ ਤੋਂ ਵੱਖ ਕੀਤਾ ਜਾਵੇ। ਸਿੱਖ ਕਤਲੇਆਮ ਦੀ ਕੇਂਦਰਿਤ ਬਿੰਦੂ ਹਮੇਸ਼ਾਂ ਵਿਅਕਤੀਗਤ ਘੋਲ ਤੱਕ ਹੀ ਫਸ ਕੇ ਸੀਮਿਤ ਰਹੀ ਹੈ ਪਰ ਜਿਸ ਸੱਤਾਧਾਰੀ ਪਾਰਟੀ ਨੇ ਉਸ ਸਮੇਂ ਸਾਰੀ ਕਾਨੂੰਨ ਵਿਵਸਥਾ ਨੂੰ ਇਸ ਕਤਲੇਆਮ ਲਈ ਵਰਤਿਆ, ਉਹ ਸੱਤਾਧਾਰੀ ਪਾਰਟੀ ਦੇ ਹੀ ਇਹ ਵਿਅਕਤੀ ਵਰਕਰ ਰਹੇ ਹਨ ਜਦਕਿ ਉਹ ਪਾਰਟੀ ਆਪਣੇ ਆਪ ਨੂੰ ਸਦਾ ਪਾਕ-ਪਵਿੱਤਰ ਦੱਸਦੀ ਹੈ ਤੇ ਅੱਜ ਤੱਕ ਵੀ ਇਹ ਪਾਰਟੀ ਇਸ ਕਤਲੇਆਮ ਦੇ ਦੋਸ਼ਾਂ ਤੋਂ ਸਾਫ ਮੁਨਕਰ ਹੈ। ਹੁਣ ਇਹ ਸਮਾਂ ਹੀ ਦੱਸੇਗਾ ਕਿ ਜਗਦੀਸ਼ ਟਾਈਟਲਰ ਵੱਲੋਂ ਕੀਤੇ ਨਵੇਂ ਖੁਲਾਸੇ ਤੋਂ ਬਾਅਦ ਕੀ ਇਸ ਕਾਂਗਰਸ ਪਾਰਟੀ ਤੇ ਵੀ ਵਿਅਕਤੀਗਤ ਤੋਂ ਪਰੇ ਹੱਟ ਕੋਈ ਸਮੂਹਿਕ ਸਿੱਖ ਕਤਲੇਆਮ ਸਾਮੂਲੀਅਤ ਕਰਕੇ ਦੋਸ਼ ਸਿੱਧ ਹੋਣਗੇ ਜਾਂ ਨਹੀਂ।
ਅੱਜ ਤੱਕ ਸਿੱਖ ਕਤਲੇਆਮ ਬਾਰੇ ਇਨਸਾਫ ਲਈ ਅਨੇਕਾਂ ਸਿੱਖਾਂ ਵੱਲੋਂ ਅਤੇ ਰਾਜਨੀਤਿਕ ਦਲਾਂ ਵੱਲੋਂ ਦਾਅਵੇ ਹੋਏ ਹਨ ਪਰ ਇਨਸਾਫ ਹਮੇਸ਼ਾ ਗੁਆਚਦਾ ਹੀ ਰਿਹਾ ਹੈ। ਇਸਦਾ ਮੁੱਖ ਕਾਰਨ ਕਾਫੀ ਹੱਦ ਤੱਕ ਇਹ ਵੀ ਹੈ ਅਤੇ ਜੋ ਇਸ ਸਿੱਖ ਕਤਲੇਆਮ ਦਾ ਦੁਖਾਂਤ ਵੀ ਹੈ ਕਿ ਇੰਨਾ ਇੰਨਸਾਫ ਦੇ ਦਾਅਵਿਆ ਰਾਹੀ ਬਾਰ-ਬਾਰ ਆਪਣੀ ਨਿੱਜ ਦੀ ਸ਼ਖਸ਼ੀਅਤ ਤੇ ਰਾਜਨੀਤਿਕ ਦਿੱਖ ਨੂੰ ਵਧਾਉਣ ਲਈ ਹੀ ਇਸ ਦੁਖਾਂਤ ਬਾਰੇ ਦੁਹਾਈ ਦਿੱਤੀ ਗਈ ਹੈ। ਇਸੇ ਤਰਾਂ ਇਹ ਵੀ ਵੀਡੀਉ ਖੁਲਾਸਾ ਜਿਸ ਸ਼ੋਰ ਸ਼ਰਾਬੇ ਨਾਲ ਪ੍ਰਚਾਰਿਆ ਗਿਆ ਹੈ ਕਿਤੇ ਰਾਜਨੀਤਿਕ ਪਛਾਣ ਨੂੰ ਵਧਾਉਣ ਦਾ ਹੱਥ ਕੰਡਾ ਹੀ ਸਾਬਿਤ ਨਾ ਹੋਵੇ।