ਅਮਰੀਕਾ ਸਰਕਾਰ ਦੀ ਇੱਕ ਸੰਸਥਾ ਵੱਲੋਂ ਦੁਨੀਆਂ ਵਿੱਚ ਸਹਿਣਸ਼ੀਲਤਾ ਅਤੇ ਅਸਹਿਣਸ਼ੀਲਤਾ ਬਾਰੇ ਵਿਚਾਰਾਂ ਦੇ ਪ੍ਰਗਟਾਵੇ ਦੀ ਅਜਾਦੀ ਅਤੇ ਘੱਟ ਗਿਣਤੀ ਕੌਮਾਂ ਦੀ ਸੁਰੱਖਿਆ ਅਤੇ ਧਾਰਮਿਕ ਅਜਾਦੀ ਬਾਰੇ ਸਲਾਨਾ ਰਿਪੋਰਟ ਕੱਢੀ ਗਈ ਹੈ। ਇਸ ਵਿੱਚ ਜਿਥੇ ਵੱਖ-ਵੱਖ ਦੇਸ਼ਾਂ ਅੰਦਰ ਇੰਨਾਂ ਵਿਸ਼ਿਆਂ ਬਾਰੇ, ਅੱਡ-ਅੱਡ ਦੇਸ਼ਾਂ ਅੰਦਰ ਕੀ ਸਥਿਤੀ ਹੈ, ਬਾਰੇ ਵਿਸਥਾਰ ਪੂਰਵਕ ਟਿੱਪਣੀਆਂ ਕੀਤੀਆਂ ਗਈਆਂ ਹਨ। ਉਥੇ ਇਸੇ ਹੀ ਰਿਪੋਰਟ ਵਿੱਚ ਭਾਰਤ ਦੇਸ਼ ਦੀ ਸਰਕਾਰ ਨੂੰ ਵੀ ਆੜੇ ਹੱਥੀ ਲੈਦਿਆਂ ਕਿਹਾ ਗਿਆ ਹੈ ਕਿ ਦੇਸ਼ ਅੰਦਰ ਘੱਟ ਗਿਣਤੀ ਕੌਮਾਂ ਆਪਣੀ ਸੁਰੱਖਿਆ ਪ੍ਰਤੀ ਖੌਫਜ਼ਨਕ ਹਨ ਅਤੇ ਇਸੇ ਤਰ੍ਹਾਂ ਧਾਰਮਿਕ ਅਜਾਦੀ ਪ੍ਰਤੀ ਵੀ ਇਸ ਰਿਪੋਰਟ ਵਿੱਚ ਕਿੰਤੂ ਉਠਾਇਆ ਗਿਆ ਹੈ ਅਤੇ ਇਸ ਤੋਂ ਵੀ ਵੱਧ ਚਿੰਤਾਜਨਕ ਵਿਸ਼ਾ ਭਾਰਤ ਦੇਸ਼ ਅੰਦਰ ਹੋ ਰਹੇ ਨਿੱਤ ਦਿਨ ਵਿਚਾਰਾਂ ਦੇ ਪ੍ਰਗਟਾਵੇ ਦੇ ਘਾਣ ਉੱਪਰ ਵੀ ਟਿੱਪਣੀ ਕੀਤੀ ਗਈ ਹੈ।
ਕਿਸੇ ਵੀ ਜਮਹੂਰੀਅਤ ਦੀ ਮਜਬੂਤੀ ਤੇ ਅਸਰਦਾਇਕਤਾ ਲਈ ਇੰਨਾ ਵਿਸ਼ਿਆਂ ਪ੍ਰਤੀ ਹਰ ਪੱਖੋਂ ਸੰਵੇਦਨਸ਼ੀਲ ਹੋਣਾ ਜਮਹੂਰੀਅਤ ਦਾ ਮੁਢਲਾ ਪੱਖ ਹੈ। ਭਾਰਤ ਦੇਸ਼ ਅੰਦਰ ਇਸ ਵਿਚਾਰਾਂ ਦੀ ਅਜਾਦੀ ਬਾਰੇ ਪਹਿਲੀ ਖੜੋਤ ੧੯੫੫ ਵਿੱਚ ਜਵਾਹਰ ਲਾਲ ਨਹਿਰੂ ਦੀ ਸਰਕਾਰ ਵੇਲੇ ਇੱਕ ਮਲਿਆਲੀ ਮੂਲ ਦੇ ਅੰਗਰੇਜੀ ਲੇਖਕ ਵੱਲੋਂ ਲਿਖੀ ਅੰਗਰੇਜ਼ੀ ਕਿਤਾਬ ‘ਰਾਮਾ ਰੀ ਟੋਲਡ’ (‘Rama Retold’) ਤੇ ਲੱਗੀ ਪਾਬੰਦੀ ਤੋਂ ਇਸਦੀ ਸ਼ੁਰੂਆਤ ਹੋਈ ਸੀ। ਇਸ ਲੜੀ ਵਿੱਚ ਚੱਲਦਿਆਂ ਦੂਜਾ ਵਾਰ ੧੯੫੭ ਵਿੱਚ ਗੁਰੁ ਦੱਤ ਦੀ ਮਸ਼ਹੂਰ ਫਿਲਮ ‘ਪਿਆਸਾ’ ਦੇ ਇੱਕ ਗੀਤ ਦੇ ਬੋਲਾਂ ਨੂੰ ਦਬਾਉਣ ਲਈ ਨਹਿਰੂ ਸਰਕਾਰ ਨੇ ਪਾਬੰਦੀ ਦਾ ਰਾਹ ਚੁਣਨਾ ਚਾਹਿਆ ਸੀ। ਪਰ ਫੇਰ ਕਿਸੇ ਸਿਆਣੇ ਦੀ ਗੱਲ ਸਮਝ ਕਿ ਇਹ ਪਾਬੰਦੀ ਨਹੀਂ ਲਾਈ ਸੀ। ੧੯੮੦ ਦੇ ਵਿੱਚ ਵਿਚਾਰਾਂ ਅਤੇ ਧਰਮ ਦੇ ਨਾਮ ਹੇਠਾਂ ਰਾਜਸੀ ਲਾਹਾ ਲੈਣ ਦੀ ਲੜੀ ਅਧੀਨ ਭਾਰਤ ਦੇਸ਼ ਦੀ ਸਰਕਾਰ ਨੇ ਸਲਮਾਨ ਰਸ਼ਦੀ ਦੀ ਮੁਸਲਮਾਨ ਭਾਈਚਾਰੇ ਨਾਲ ਸਬੰਧਤ ਕਿਤਾਬ “ਸੈਟੇਨਿਕ ਵਰਸਜ਼” (The Satanic Verses) ਨੂੰ ਪਾਬੰਦੀ ਹੇਠਾਂ ਲਿਆਂਦਾ ਸੀ। ਭਾਰਤ ਦੇਸ਼ ਉਸ ਸਮੇਂ ਪਹਿਲਾ ਦੁਨੀਆਂ ਦਾ ਦੇਸ਼ ਸੀ ਜਿਸਨੇ ਇਸ ਕਿਤਾਬ ਨੂੰ ਬੈਨ ਕੀਤਾ ਸੀ। ਸਗੋਂ ਮੁਸਲਮਾਨ ਮੁਲਕਾਂ ਨੇ ਵੀ ਭਾਰਤ ਤੋਂ ਬਾਅਦ ਇਸ ਕਿਤਾਬ ਤੇ ਪਾਬੰਦੀ ਲਾਈ ਸੀ।
੨੦੧੪ ਤੋਂ ਬਾਅਦ ਨਵੀਂ ਸੱਤਾਧਾਰੀ ਸਰਕਾਰ ਦੇ ਆਉਣ ਨਾਲ ਧਾਰਮਿਕ ਅਜਾਦੀ, ਜਾਤ-ਪਾਤ ਦੇ ਵਿਵਾਦ ਅਤੇ ਘੱਟ ਗਿਣਤੀਆਂ ਵਿੱਚ ਖੌਫ ਅਤੇ ਭੈਅ ਦਾ ਵਾਧਾ ਦਿਨ ਪ੍ਰਤੀ ਦਿਨ ਵਧਦਾ ਹੀ ਜਾ ਰਿਹਾ ਹੈ। ਇਸ ਅਧੀਨ ਲਿਖਾਰੀ ਆਪਣੇ ਵਿਚਾਰ ਲਿਖਣ ਤੋਂ ਕੰਨੀ ਕਤਰਾ ਰਹੇ ਹਨ। ਕਈ ਮਸ਼ਹੂਰ ਲੇਖਕਾਂ ਨੇ ਤਾਂ ਆਪਣੀਆਂ ਲਿਖਤਾ ਸਮੇਟ ਕੇ ਹੀ ਰੱਖ ਲਈਆਂ ਹਨ। ਇਸੇ ਤਰਾਂ ਮਸ਼ਹੂਰ ਹਾਸ ਰਸ ਕਲਾਕਾਰ ਕਿੱਕੂ ਸ਼ਰਧਾ ਵੱਲੋਂ ਡੇਰਾ ਸੱਚਾ ਸੌਦਾ ਦੀ ਫਿਲਮ ਦੌਰਾਨ ਕਲਾਕਾਰੀ ਦੇ ਪੱਖ ਤੇ ਵਿਅੰਗ ਕਸਣ ਕਰਕੇ ਅਜਿਹੀ ਦੁਰਗਤ ਹੋਈ ਕਿ ਉਸਤੇ ਲੜੀਵਾਰ ਨਿਜੀ ਭਾਵਨਾਵਾਂ ਨੂੰ ਭੜਕਾਉਣ ਦਾ ਅਧਾਰ ਬਣਾ ਕੇ ਛੇ ਪਰਚੇ ਲੁਧਿਆਣਾ ਤੋਂ ਲੈ ਕੇ ਛਤੀਸ਼ਗੜ ਤੱਕ ਦਰਜ ਕੀਤੇ ਗਏ ਅਤੇ ਇਸ ਨੂੰ ਕੁਝ ਸਮਾਂ ਪੁਲੀਸ ਹਿਰਾਸਤ ਵਿੱਚ ਵੀ ਰੱਖਿਆ ਗਿਆ। ਅਜੇ ਵੀ ਇਹ ਮੁਕੱਦਮੇ ਚੱਲ ਰਹੇ ਹਨ।
ਇਹ ਇੱਕਲੀ ਕਹਾਣੀ ਕਿੱਕੂ ਦੀ ਨਹੀਂ ਉਸਦੇ ਸਾਥੀ ਤੇ ਹਾਸਰਸ ਕਲਾਕਾਰ ਚੰਦਨ ਪ੍ਰਭਾਕਰ ਤੇ ਭਾਰਤੀ ਦੀ ਵੀ ਹੈ। ਇੰਨਾ ਤੇ ਵੀ ਭਾਵਨਾਵਾਂ ਨੂੰ ਠੇਸ ਪਹੁੰਚਾਣ ਦਾ ਅਧਾਰ ਬਣਾ ਕੇ ਕਾਨੂੰਨੀ ਮੁਕੱਦਮਿਆਂ ਵਿੱਚ ਉਲਝਾਇਆ ਗਿਆ ਹੈ। ਇਸੇ ਤਰਾਂ ਕੁਝ ਸਮਾਂ ਪਹਿਲਾਂ ਰਾਜਸਥਾਨ ਦੀ ਮੌਜੂਦਾ ਮੁੱਖ ਮੰਤਰੀ ਮਿਸਜ ਰਾਜੇ ਪ੍ਰਤੀ ਕਿਸੇ ਲੇਖਕ ਵੱਲੋਂ ਉਨਾਂ ਦੀ ਕੀਤੀ ਨੁਕਤਾਚੀਨੀ ਨੂੰ ਅਧਾਰ ਬਣਾ ਕੇ ਫੌਜਦਾਰੀ ਕੇਸ ਦਰਜ ਕੀਤਾ ਗਿਆ ਹੈ। ਇਸੇ ਤਰਾਂ ਕਰਨਾਟਕਾ ਵਿੱਚ ਵੀ ਲੇਖਕਾਂ ਤੇ ਪਰਚੇ ਦਰਜ ਹੋਏ ਹਨ।
ਇਹ ਸਾਰਾ ਵਰਤਾਰਾ ਭਾਰਤ ਦੀ ਜ਼ਮਹੂਰੀਅਤ ਦੀ ਨਿਤਾ ਪ੍ਰਤੀ ਪ੍ਰਸ਼ਨ ਚਿੰਨ ਤਾਂ ਲਾ ਹੀ ਰਿਹਾ ਹੈ ਸਗੋਂ ਭਾਰਤ ਦੇਸ਼ ਦੀ ਜ਼ਮਹੂਰੀਅਤ ਨੂੰ ਸਾਉਦੀ ਅਰਬ ਤੇ ਉਤਰੀ ਕੋਰੀਆਂ ਵਰਗੇ ਤਾਨਾਸ਼ਾਹ ਮੁਲਕਾਂ ਦੀ ਲੜੀ ਵਿੱਚ ਲਿਆ ਖੜਾ ਕਰਦਾ ਹੈ। ਇੰਨਾ ਦੇਸ਼ਾਂ ਵਿੱਚ ਹੁਕਮਰਾਨਾਂ ਪ੍ਰਤੀ ਕੋਈ ਨੁਕਤਾਚੀਨੀ ਦਾ ਬੋਲ ਬੋਲਣ ਵਾਲੇ ਦੀ ਜ਼ੁਬਾਨ ਤੱਕ ਕੱਟਣ ਦਾ ਸਬੱਬ ਬਣਦਾ ਹੈ। ਦੇਸ਼ ਅੰਦਰ ਵਧ ਰਹੀ ਅਸ਼ਹਿਣਸ਼ੀਲਤਾ ਅਤੇ ਧਰਮ ਦੇ ਨਾਮ ਉਤੇ ਬਹੁਗਿਣਤੀ ਦਾ ਸਹਾਰਾ ਲੈ ਘੱਟ ਗਿਣਤੀ ਕੌਮਾਂ ਖੌਫਜ਼ਦਾ ਹਨ। ਇਹੀ ਖੌਫ ਤੇ ਭੈਅ ਦਿਨ ਪ੍ਰਤੀ ਦਿਨ ਆਪਣੇ ਪੈਰ ਲਗਾਤਾਰ ਪਸਾਰ ਰਿਹਾ ਹੈ ਤੇ ਦੇਸ਼ ਅੰਦਰ ਧਰਮ ਦੇ ਅਧਾਰ ਤੇ ਨਵੇਂ-ਨਵੇਂ ਭਾਰਤ ਮਾਤਾ ਦੀ ਜੈ ਵਾਲੇ ਨਾਅਰੇ ਇਸਦੀ ਜ਼ਮਹੂਰੀਅਤ ਨੂੰ ਕਮਜ਼ੋਰ ਕਰਨ ਵਿੱਚ ਸਹਾਈ ਹੋ ਰਹੇ ਹਨ ਕਿਉਂਕਿ ਇੰਨਾ ਨਾਅਰਿਆਂ ਦੀ ਛੱਤਰ ਛਇਆ ਹੇਠ ਨਿਜੀ ਅਜ਼ਾਦੀ ਤੇ ਖੁੱਲੇ ਵਿਚਾਰਾਂ ਦੇ ਪ੍ਰਗਟਾਵੇ ਪ੍ਰਤੀ ਪ੍ਰਸ਼ਨ ਚਿੰਨ ਦਿਖਾਈ ਦੇ ਰਿਹਾ ਹੈ ਜੋ ਕਿ ਕਿਸੇ ਵੀ ਸਮਾਜ ਦੀ ਸਿਹਤਮੰਦੀ ਲਈ ਨਕਾਰਾਤਮਿਕ ਪ੍ਰਭਾਵ ਛੱਡ ਰਿਹਾ ਹੈ।
ਵਿਚਾਰਾਂ ਦੀ ਅਜ਼ਾਦੀ ਦੀ ਖੁੱਲ ਭਾਵੇਂ ਇੱਕ ਨਰੋਏ ਸਮਾਜ ਦੀ ਸਿਰਜਣਾ ਵਿੱਚ ਸਹਾਈ ਹੁੰਦਾ ਹੈ ਪਰ ਇਸਦੇ ਨਾਲ ਜੋ ਆਪਣੀ ਸਵੈ-ਜਿੰਮੇਵਾਰੀ ਦੀਆਂ ਹੱਦਾਂ ਹਨ ਉਨਾਂ ਨੂੰ ਵੀ ਪਾਰ ਨਹੀਂ ਕਰਨਾ ਚਾਹੀਦਾ ਤਾਂ ਜੋ ਸਵੈ-ਵਿਚਾਰਾਂ ਦੀ ਖੁੱਲ ਕਿਸੇ ਹੋਰ ਲਈ ਅਪਮਾਨਜਨਕ ਤੇ ਠੇਸ ਪਹੁੰਚਾਉਣ ਵਾਲੀ ਲੀਹ ਨਾ ਹੋਵੇ ਤਾਂ ਹੀ ਇੱਕ ਦੇਸ ਦੀ ਜ਼ਮਹੂਰੀਅਤ ਨੂੰ ਸਥਿਰ ਤੇ ਮਜਬੂਤ ਰੱਖਿਆ ਜਾ ਸਕਦਾ ਹੈ। ਨਹੀਂ ਤਾਂ ਫਰਾਂਸ ਦੇ ਉਘੇ ਕਾਰਟੂਨ ਕਲਾਕਾਰ ਚਾਰਲੀ ਹਿਦਬੋ ਦੇ ਵੱਲੋਂ ਆਪਣੀ ਹੱਦ ਤੋਂ ਬਾਹਰ ਜਾ ਕੇ ਇਸਲਾਮਿਕ ਭਾਵਨਾਵਾਂ ਨੂੰ ਭੜਕਾਉਣ ਸਕਦਾ ਆਪਣੇ ਤੇ ਹੋਰ ਲੋਕਾਂ ਦੀ ਜਾਨ ਗੁਆਉਣ ਦਾ ਸਬੱਬ ਬਣ ਜਾਂਦਾ ਹੈ।