ਬ੍ਰਿਟੇਨ ਦੇ ਦਰਸ਼ਨ ਸ਼ਾਸਤਰ ਦੇ ਪ੍ਰੋਫੈਸਰ ਹੈਨਰੀ ਯੰਗ ਨੇ ਕਿਹਾ ਸੀ, “ਅਰਾਜਕਤਾ ਕੁਦਰਤ ਦਾ ਨਿਯਮ ਹੈ, ਵਿਵਸਥਾ ਆਦਮੀ ਦਾ ਸੁਫਨਾ ਹੈ।” ਕੱਟੜ ਰਾਸ਼ਟਰਵਾਦ ਅਤੇ ਕਥਿਤ ਵਾਹਵਾਹੀ ਦੁਆਰਾ ਅੰਨੀ ਹੋਈ ਮੌਜੂਦਾ ਸਥਾਪਤੀ ਨੇ ਕੁਦਰਤ ਦੇ ਕਹਿਰ ਅਤੇ ਆਦਮੀ ਦੇ ਵਿਵਸਥਾ ਦੇ ਸੁਪਨੇ ਨੂੰ ਨਜ਼ਰਅੰਦਾਜ਼ ਕੀਤਾ। ਇਹ ਕੋਵਿਡ-੧੯ ਦੀ ਖੌਫ਼ਨਾਕ ਅਤੇ ਅਵਿਵਸਥਿਤ ਸਰੂਪ ਨੂੰ ਸਮਝਣ ਵਿਚ ਬੁਰੀ ਤਰਾਂ ਅਸਫਲ ਹੋਈ।ਗਲਤ ਧਾਰਨਾਵਾਂ ਅਤੇ ਕਪਟ ਦੀ ਸ਼ਿਕਾਰ ਸੱਤਾਧਾਰੀ ਧਿਰ ਸੰਗਠਿਤ ਘਰਾਣਿਆਂ ਨਾਲ ਸੁਮੇਲ ਕਰਨ ਅਤੇ ਕੋਵਿਡ ਦੇ ਇਲਾਜ ਲਈ ਰਹੱਸਮਈ ਉਪਚਾਰ ਅਤੇ ਏਈਐਫਆਈ ਦੇ ਮਾਪਦੰਡਾਂ ਦੇ ਉਲਟ ਦੋਸ਼ਪੂਰਣ ਟੀਕਿਆਂ ਦੀ ਮਨਜ਼ੂਰੀ ਵਿਚ ਹੀ ਮਸ਼ਗੂਲ ਰਹੀ।ਕੋਵਿਡ -੧੯ ਨਾਲ ਸੰਬੰਧਿਤ ਇਕ ਬਾਬੇ ਦੁਆਰਾ ਜਾਰੀ ਕੀਤੀ ਦਵਾਈ ਨੂੰ ਬਹੁਤ ਜਿਆਦਾ ਅਤੇ ਬੇਲੋੜੀ ਮਸ਼ਹੂਰੀ ਦਿੱਤੀ ਗਈ ਜਿਸ ਨੂੰ ਭਾਰਤੀ ਮੈਡੀਕਲ ਸੰਸਥਾ ਨੇ ਬਿਨਾਂ ਕਿਸੇ ਵਿਗਿਆਨਕ ਅਧਾਰ ਵਾਲੇ ਨਕਲੀ ਅਤੇ ਗਲਤ ਉਤਪਾਦ ਕਹਿ ਕੇ ਚੁਣੌਤੀ ਦਿੱਤੀ।ਇੱਥੋਂ ਤੱਕ ਕਿ ਸੰਕ੍ਰਮਣ ਰੋਗਾਂ ਦੇ ਪ੍ਰਮੁੱਖ ਅਤੇ ਸਰਕਾਰ ਦੁਆਰਾ ਬਣਾਈ ਵਿਗਿਆਨਕ ਟਾਸਕ ਫੋਰਸ ਦੇ ਮੁਖੀ ਨੇ ਵੀ ਨਰਾਜ਼ਗੀ ਜ਼ਾਹਿਰ ਕਰਦੇ ਹੋਏ ਇਸ ਗੱਲ ਵੱਲ ਧਿਆਨ ਦੁਆਇਆ ਕਿ ਸੱੱਤਾਧਾਰੀ ਧਿਰ ਕੋਵਿਡ ਨਾਲ ਨਜਿੱਠਣ ਲਈ ਮੱਧ-ਯੁੱਗੀ ਅਤੇ ਰਹੱਸਮਈ ਢੰਗ ਅਪਣਾ ਰਹੀ ਹੈ।ਭਾਰਤ ਦੇ ਪੇਂਡੂ ਖੇਤਰਾਂ ਵਿਚ ਮੁੱਢਲੀਆਂ ਸਿਹਤ ਸੇਵਾਵਾਂ ਦੀ ਭਾਰੀ ਕਮੀ ਹੋਣ ਕਰਕੇ ਲੋਕ ਨੀਮ-ਹਕੀਮਾਂ ਕੋਲ ਹੀ ਜਾਣ ਲਈ ਮਜਬੂਰ ਹਨ।ਇਹ ਨੀਮ-ਹਕੀਮ ਨਿੰਮ ਦੇ ਦਰਖਤਾਂ ਦੀ ਛਾਂ ਹੇਠ ਆਕਸੀਜਨ ਲੈਣ ਦੀ ਸਲਾਹ ਦੇ ਰਹੇ ਹਨ।ਅਦਮ ਗੌਂਡਵੀ ਦੀਆਂ ਇਹ ਸਤਰਾਂ ਅਸਲੀਅਤ ਤੋਂ ਜਾਣੂ ਕਰਵਾਉਂਦੀਆਂ ਹਨ:

ਤੁਮਹਾਰੀ ਫਾਈਲੋਂ ਮੇਂ ਗਾਂਵ ਕਾ ਮੌਸਮ ਗੁਲਾਬੀ ਹੈ
ਮਗਰ ਯੇ ਆਂਕੜੇ ਝੂਠੇ ਹੈ ਯੇ ਦਾਅਵਾ ਕਿਤਾਬੀ ਹੈ

ਕੋਵਿਡ ਕਰਕੇ ਹਜਾਰਾਂ ਦੀ ਗਿਣਤੀ ਵਿਚ ਜਾਨ ਗੁਆਉਣ ਵਾਲੇ ਅਤੇ ਤੀਹ ਮਿਲੀਅਨ ਤੋਂ ਜਿਆਦਾ ਪੀੜਿਤਾਂ ਦੀ ਗਿਣਤੀ ਰਾਸ਼ਟਰਵਾਦੀ ਸਰਕਾਰ ਦੇ ਅਸਲ ਚਿਹਰੇ ਨੂੰ ਨੰਗਾ ਕਰਦੀ ਹੈ ਜੋ ਕਿ ਕੋਵਿਡ ਨਾਲ ਸੰਬੰਧਿਤ ਵਿਗਿਆਨਕ ਪੱਖਾਂ ਨੂੰ ਸਮਝਣ ਪ੍ਰਤੀ ਅਣਜਾਣ ਅਤੇ ਬੇਖਬਰ ਰਹੀ ਹੈ।ਕਰੋਨਾ ਪੀੜਿਤਾਂ ਦੀਆਂ ਪਵਿੱਤਰ ਨਦੀ ਗੰਗਾ ਵਿਚ ਤੈਰਦੀਆਂ ਲਾਸ਼ਾਂ ਦੇ ਭਿਆਨਕ ਦ੍ਰਿਸ਼ ਨੇ ਇਸ ਦੇ ਢਾਂਚਾਗਤ ਨੁਕਸਾਂ ਨੂੰ ਜੱਗ-ਜਾਹਿਰ ਕਰ ਦਿੱਤਾ ਹੈ।ਇਹ ਸੱਤਾਧਾਰੀ ਪਾਰਟੀ ਦੇ ਚਹੇਤੇ ਰਾਜਨੇਤਾ ਦੀ ਸੱਤਾ ਵਾਲੇ ਰਾਜ ਵਿਚ ਵਾਪਰ ਰਿਹਾ ਹੈ ਜੋ ਕਿ ਹਿੰਦੂਵਾਦੀ ਮੱਠਵਾਦੀ ਪ੍ਰੰਪਰਾ ਦਾ ਮੂਰਤ ਰੂਪ ਹੋਣ ਦਾ ਦਾਅਵਾ ਕਰਦਾ ਹੈ।ਪੂਰਬੀ ਅਤੇ ਪੱਛਮੀ ਹਿੱਸਿਆਂ ਵਿਚ ਹੋਈ ਬੇਮੌਸਮੀ ਬਰਸਾਤ ਨੇ ਗੰਗਾ ਦੇ ਕੰਡੇ ’ਤੇ ਵੱਡੀ ਗਿਣਤੀ ਵਿਚ ਦੱਬੀਆਂ ਲਾਸ਼ਾਂ ਨੂੰ ਸਾਹਮਣੇ ਲਿਆਂਦਾ।ਰੇਤ ਵਿਚ ਸਤਹੀ ਪੱਧਰ ਤੇ ਦਬਾਈਆਂ ਇਹ ਲਾਸ਼ਾਂ ਕੱੁਤਿਆਂ, ਚੀਲਾਂ ਅਤੇ ਕਾਵਾਂ ਦਾ ਸ਼ਿਕਾਰ ਬਣ ਗਈਆਂ।ਨਦੀ ਕਿਨਾਰੇ ਦਬਾਈਆਂ ਲਾਸ਼ਾਂ ਸਿਹਤ ਅਤੇ ਸਫਾਈ ਪੱਖੋਂ ਹੋਰ ਵੀ ਬਰਬਾਦੀ ਲੈ ਕੇ ਆਉਣਗੀਆਂ ਕਿਉਂਕਿ ਇਸ ਨਾਲ ਮਹਾਂਮਾਰੀ ਦੇ ਹੋਰ ਵੀ ਜਿਆਦਾ ਫੈਲਣ ਦਾ ਖਤਰਾ ਵਧ ਜਾਂਦਾ ਹੈ ਜਿਸ ਦਾ ਸ਼ਿਕਾਰ ਗੰਗਾ ਦੇ ਕਿਨਾਰੇ ਰਹਿ ਰਹੇ ਗਰੀਬ ਲੋਕ ਹੀ ਹੋਣਗੇ।ਨਦੀ ਵਿਚ ਤੈਰਦੀਆਂ ਲਾਸ਼ਾਂ ਗੰਗਾ ਦੇ ਪਾਣੀ ਨੂੰ ਪ੍ਰਦੂਸ਼ਿਤ ਕਰਨਗੀਆਂ ਜੋ ਕਿ ਲੋਕਾਂ ਦੀ ਜਿੰਦਗੀ ਦਾ ਪ੍ਰਮੱੁਖ ਜੀਵਨ ਸ੍ਰੋਤ ਹੈ।


ਸਥਿਤੀ ਇੰਨੀ ਨਿਰਾਸ਼ਾਜਨਕ ਹੈ ਕਿ ਰਾਜਧਾਨੀ ਦਿੱਲੀ ਵਿਚ ਵੀ ਲੋਕਾਂ ਨੂੰ ਸਾਹ ਲੈਣ ਲਈ ਉਪਯੁਕਤ ਆਕਸੀਜਨ ਨਹੀਂ ਮਿਲ ਰਹੀ।ਵੱਡੇ ਅਤੇ ਛੋਟੇ ਸ਼ਹਿਰਾਂ ਅਤੇ ਕਸਬਿਆਂ ਵਿਚ ਮੱਧ-ਵਰਗ ਅਤੇ ਪ੍ਰਤਿਸ਼ਠਾਵਾਨ ਲੋਕ ਵੀ ਆਪਣੀ ਜ਼ਿੰਦਗੀ ਲਈ ਸੰਘਰਸ਼ ਕਰ ਰਹੇ ਹਨ ਅਤੇ ਆਪਣੇ ਕਰੀਬੀਆਂ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਨ ਲਈ ਥਾਂ ਦੀ ਭੀਖ ਮੰਗ ਰਹੇ ਹਨ।ਲੋਕਾਂ ਦੇ ਮਨਾਂ ਵਿਚ ਉਕਾਰੇ ਅਤੇ ਢਿੱਲੇ ਤਰੀਕੇ ਨਾਲ ਸਿਉਂਤੇ ਕੱਟੜ-ਰਾਸ਼ਟਰਵਾਦ ਦਾ ਧਾਗੇ ਹੌਲੀ-ਹੌਲੀ ਉਧੜਨੇ ਸ਼ੁਰੂ ਹੋ ਗਏ ਹਨ।ਫਿਰ ਵੀ ਮੌਜੂਦਾ ਸਥਾਪਤੀ ਦੀ ਝੂਠ ਅਤੇ ਭਰਮ ਉੱਪਰ ਅਧਾਰਿਤ ਵਿਵਸਥਾ ਨੇ ਸ਼ਾਸਨ ਅਤੇ ਆਪਣੀ ਜ਼ਿੰਮੇਵਾਰੀ ਤੋਂ ਮੁੱਖ ਮੋੜ ਲਿਆ ਹੈ ਜੋ ਕਿ ਬਹੁ-ਪਰਤੀ ਢੰਗ ਨਾਲ ਕੁਦਰਤ ਦੇ ਕਹਿਰ ਨੂੰ ਸਮਝਣ ਪ੍ਰਤੀ ਇਸ ਦੀ ਨਾਕਾਬਲੀਅਤ, ਅਗਿਆਨਤਾ, ਕਰੂਰਤਾ ਅਤੇ ਅਸੰਵੇਦਨਸ਼ੀਲਤਾ ਨੂੰ ਦਿਖਾਉਂਦਾ ਹੈ ਅਤੇ ਨਾਲ ਹੀ ਫੈਸਲਾ ਕਰਨ ਵਿਚ ਇਸ ਦੇ ਗੈਰ-ਵਿਗਿਆਨਕ ਅਤੇ ਅਨੈਤਿਕ ਨਜ਼ਰੀਏ ਨੂੰ ਵੀ ਸਾਹਮਣੇ ਲੈ ਕੇ ਆਉਂਦਾ ਹੈ।

ਇਸ ਵਰ੍ਹੇ ਦੀ ਸ਼ੁਰੂਆਤ ਵਿਚ ਭਾਰਤੀ ਸਰਕਾਰ ਅੰਤਰਰਾਸ਼ਟਰੀ ਭਾਈਚਾਰੇ ਸਾਹਮਣੇ ਆਪਣੀ ਸ਼ਕਤੀ ਦਾ ਮੁਜ਼ਾਹਰਾ ਕਰ ਰਹੀ ਸੀ ਅਤੇ ਇਸ ਨੇ ਦੂਜੇ ਦੇਸ਼ਾਂ ਨੂੰ ਟੀਕੇ ਨਿਰਯਾਤ ਕੀਤੇ।ਹਾਲਾਂਕਿ, ਔਖੀ ਘੜੀ ਲਈ ਇਸ ਨੇ ਆਪ ਕੋਈ ਤਿਆਰੀ ਨਹੀਂ ਕੀਤੀ ਅਤੇ ਕੁਦਰਤ ਦੇ ਕਹਿਰ ਸਾਹਮਣੇ ਗੋਡੇ ਟੇਕ ਦਿੱਤੇ ਅਤੇ ਇਹ ਸਥਿਤੀ ਨੂੰ ਕਾਬੂ ਨੂੰ ਲੈ ਕੇ ਆਉਣ ਵਿਚ ਬੁਰੀ ਤਰਾਂ ਅਸਫਲ ਹੋ ਰਹੀ ਹੈ।ਭਾਰਤੀ ਰਾਜ, ਜੋ ਕਿ ਲਗਾਤਾਰ ਆਤਮ-ਨਿਰਭਰ ਭਾਰਤ ਦੇ ਸੰਕਲਪ ਨੂੰ ਪ੍ਰੋਤਸਾਹਿਤ ਕਰ ਰਿਹਾ ਹੈ, ਨੂੰ ਦੂਜੇ ਦੇਸ਼ਾਂ ਨੂੰ ਆਕਸੀਜਨ ਕੰਸਟਰੇਟਰ, ਟੀਕੇ, ਵੈਂਟੀਲੈਟਰ ਅਤੇ ਹੋਰ ਮੈਡੀਕਲ ਸਹੂਲਤਾਂ ਭੇਜਣ ਦੀ ਅਪੀਲ ਕਰਨੀ ਪਈ।ਭਾਰਤ ਵਿਚ ਮਨੁੱਖੀ ਅਧਿਕਾਰਾਂ, ਬੋਲਣ ਦੀ ਅਜ਼ਾਦੀ ਦੀ ਉਲੰਘਣਾ, ਕਸ਼ਮੀਰ ਵਿਚ ਹਿੰਸਕ ਉਤਪੀੜਨ, ਮਨਮਾਨੇ ਢੰਗ ਨਾਲ ਨਜ਼ਰਬੰਦੀਆਂ ਅਤੇ ਪ੍ਰੈਸ ਦੀ ਅਜ਼ਾਦੀ ਉੱਪਰ ਰੋਕ ਲਗਾਉਣ ਲਈ ਜਦੋਂ ਯੂਰੋਪੀਅਨ ਯੂਨੀਅਨ ਨੇ ਭਾਰਤ ਦੀ ਸਖ਼ਤ ਆਲੋਚਨਾ ਕੀਤੀ, ਉਸ ਸਮੇਂ ਭਾਰਤੀ ਰਾਜ ਮੂਕ ਦਰਸ਼ਕ ਹੀ ਬਣਿਆ ਹੀ ਰਿਹਾ।ਸਥਾਪਤੀ ਦਾ ਪੂਰਾ ਜ਼ੋਰ ਆਪਣੀ ਛਵੀ ਨੂੰ ਬਚਾਉਣ ਵਿਚ ਹੀ ਲੱਗਿਆ ਰਿਹਾ।ਜਿਨ੍ਹਾਂ ਪੱਤਰਕਾਰਾਂ ਅਤੇ ਸਰੋਕਾਰੀ ਕਾਰਕੁੰਨਾਂ ਨੇ ਗੰਗਾ ਵਿਚ ਵਹਿੰਦੀਆਂ ਲਾਸ਼ਾਂ, ਵੱਡੀ ਗਿਣਤੀ ਵਿਚ ਦੱਬੀਆਂ ਲਾਸ਼ਾਂ, ਅਤੇ ਕੋਵਿਡ ਦੇ ਸ਼ਿਕਾਰ ਹੋਏ ਪੀੜਿਤਾਂ ਦੀ ਸਥਿਤੀ ਨੂੰ ਜੱਗ-ਜ਼ਾਹਿਰ ਕਰਨ ਦੀ ਕੋਸ਼ਿਸ਼ ਕੀਤੀ, ਉਹ ਖੁਦ ਹੀ ਸਥਾਪਤੀ ਦੀ ਟ੍ਰੋਲ ਆਰਮੀ ਦਾ ਸ਼ਿਕਾਰ ਹੋ ਗਏ।ਉਨ੍ਹਾਂ ਨੂੰ ਦੇਸ਼-ਵਿਰੋਧੀ ਗਰਦਾਨਿਆ ਗਿਆ ਅਤੇ ਉਨ੍ਹਾਂ ਉੱਪਰ ਨਕਰਾਤਮਿਕਤਾ ਫੈਲਾਉਣ ਦਾ ਦੋਸ਼ ਲਗਾਇਆ ਗਿਆ।

ਕੋਵਿਡ ਦੇ ਕੁਦਰਤੀ ਕਹਿਰ ਨੇ ਮੁੱਢਲੀਆਂ ਸਿਹਤ ਸਹੂਲਤਾਂ ਤੋਂ ਸੱਖਣੇ ਪੇਂਡੂ ਖੇਤਰਾਂ ਵਿਚ ਭਿਆਨਕ ਤਬਾਹੀ ਮਚਾਈ ਹੈ।ਹਿੰਦੂਵਾਦੀ ਵਿਚਾਰਧਾਰਾ ਤੋਂ ਪ੍ਰੇਰਿਤ ਅਤੇ ਰਾਸ਼ਟਰੀ ਸਵੈ ਸੇਵਕ ਸੰਘ ਦੀ ਸਰਪ੍ਰਸਤੀ ਵਿਚ ਚੱਲ ਰਹੀ ਸੱਤਾਧਾਰੀ ਧਿਰ ਡਰੇ ਹੋਏ ਸਮਾਜ ਉੱਪਰ ਰਾਜ ਕਰ ਰਹੀ ਹੈ ਜਿਸ ਵਿਚ ਹਾਸ਼ੀਆਗ੍ਰਸਤ ਅਤੇ ਕਿਸੇ ਖਾਸ ਭਾਈਚਾਰੇ ਦੇ ਲੋਕਾਂ ਨੂੰ ਬਾਹਰੀ ਗਰਦਾਨ ਕਰਕੇ ਸੋਸ਼ਣ ਕਰਨਾ ਆਮ ਵਰਤਾਰਾ ਹੈ।ਅਜਿਹੇ ਸਮਾਜ ਵਿਚ ਜਿੱਥੇ ਲੋਕਾਂ ਨੂੰ ਜਿਉਂਦੇ ਜੀਅ ਕੋਈ ਇੱਜਤ ਜਾਂ ਮਾਣ ਨਹੀਂ ਦਿੱਤਾ ਜਾਂਦਾ, ਉੱਥੇ ਮੌਤ ਸਮੇਂ ਹੁੰਦੀ ਉਨ੍ਹਾਂ ਦੀ ਬੇਕਦਰੀ ਆਮ ਸਮਾਜ ਅਤੇ ਗੁੱਟਬੰਦੀ ਦੀ ਸ਼ਿਕਾਰ ਰਾਜਨੀਤੀ ਦੀ ਚੇਤਨਾ ਨੂੰ ਕੋਈ ਹਲੂਣਾ ਨਹੀਂ ਦਿੰਦੀ ਕਿਉਂਕਿ ਉਨ੍ਹਾਂ ਦੀ ਹੌਂਦ ਨੂੰ ਨਾ ਦੇ ਬਰਾਬਰ ਮੰਨਿਆ ਜਾਂਦਾ ਹੈ।ਕੋਵਿਡ ਪੀੜਿਤਾਂ ਦੀਆਂ ਨਦੀ ਵਿਚ ਤੈਰਦੀਆਂ ਮ੍ਰਿਤਕ ਦੇਹਾਂ ਇਸ ਦੀ ਗਵਾਹੀ ਭਰਦੀਆਂ ਹਨ।

ਭਾਰਤੀ ਰਾਜਤੰਤਰ ਵਿਚ ਪ੍ਰਚਲਿਤ ਮੱਧਯੁੱਗੀ ਪ੍ਰੰਪਰਾਵਾਂ ਨੇ ਇਹ ਪਾੜੇ ਅਤੇ ਖੋਖਲਾਪਣ ਪੈਦਾ ਕੀਤਾ ਹੈ ਜਿਸ ਨੇ ਰਾਜਨੀਤਿਕ ਵਿਵੇਕ ਦਾ ਦਿਖਾਵਾ ਕਰਨ ਵੀ ਸੌੜੀ ਵਿਚਾਰਧਾਰਾ ਨੂੰ ਪ੍ਰਫੁੱਲਿਤ ਕੀਤਾ ਹੈ।ਇਸ ਨੇ ਅਜਿਹੇ ਰਾਜਨੀਤਿਕ ਸੱਭਿਆਚਾਰ ਨੂੰ ਜਨਮ ਦਿੱਤਾ ਹੈ ਜੋ ਕਿ ਜਨਉਤੇਜਕ ਭਾਵਨਾਵਾਂ ਉੱਪਰ ਅਧਾਰਿਤ ਲੋਕਵਾਦ, ਸੰਗਠਿਤ ਘਰਾਣਿਆਂ ਨਾਲ ਭਾਈਵਾਲੀ ਅਤੇ ਕੱਟੜ ਰਾਸ਼ਟਰਵਾਦ ਨੂੰ ਬੜਾਵਾ ਦਿੰਦਾ ਹੈ ਜਿਸ ਦਾ ਅਸਲ ਵਿਚ ਨੇਸ਼ਨ-ਸਟੇਟ ਦੀ ਅਸਲੀਅਤ ਨਾਲ ਕੋਈ ਸਰੋਕਾਰ ਨਹੀਂ।ਮਹਾਂਮਾਰੀ ਦੀ ਨਾਜੁਕ ਸਥਿਤੀ ਵਿਚ ਵੀ ਸੱਤਾਧਾਰੀ ਧਿਰ ਆਪਣੇ ਰਾਜਨੀਤਿਕ ਹਿੱਤਾਂ ਨੂੰ ਅੱਗੇ ਰੱਖ ਕੇ ਲੋਕਾਂ ਨੂੰ ਮਰਨ ਲਈ ਛੱਡ ਰਹੀ ਹੈ।ਲੋਕ ਇਸ ਸਮੇਂ ਉਮੀਦ ਤੋਂ ਸੱਖਣੇ ਹਨ ਅਤੇ ਇੰਨੇ ਡਰੇ ਹੋਏ ਹਨ ਕਿ ਉਹਨਾਂ ਨੂੰ ਨਿਆਂ ਅਤੇ ਗਰਿਮਾ ਨਾਲ ਮਰਨ ਦੇ ਹੱਕ ਤੋਂ ਵੀ ਵਾਂਝਾ ਕਰ ਦਿੱਤਾ ਗਿਆ ਹੈ।ਲੋਕਾਂ ਦੀ ਚੇਤਨਾ ਦਾ ਜਾਗਣਾ ਅਜੇ ਵੀ ਦੂਰ ਦੀ ਗੱਲ ਲੱਗਦੀ ਹੈ ਕਿ ਉਹ ਖੁੱਲ ਕੇ ਮੌਜੂਦਾ ਸਥਾਪਤੀ ਵਿਰੁੱਧ ਅਵਾਜ਼ ਉਠਾ ਸਕਣ ਤਾਂ ਕਿ ਅਰਾਜਕਤਾ ਦੀ ਥਾਂ ਵਿਵਸਥਾ ਲੈ ਕੇ ਆਉਣ ਲਈ ਕੋਈ ਪੁਲ ਉਸਾਰਿਆ ਜਾ ਸਕੇ।

ਤਬਾਹੀ ਮਚਾ ਰਹੀ ਇਸ ਮਹਾਮਾਰੀ ਨੇ ਪਿਛਲੇ ਸੱਤਰ ਸਾਲਾਂ ਵਿਚ ਆਮ ਲੋਕਾਂ ਨੂੰ ਮੁੱਢਲੀਆਂ ਸਿਹਤ ਸਹੂਲ਼ਤਾਂ ਵੀ ਵਾਂਝੇ ਰੱਖੇ ਜਾਣ ਦੇ ਪਾੜੇ ਨੂੰ ਪੂਰਨ ਦੀ ਜਰੂਰਤ ਵੱਲ ਧਿਆਨ ਦੁਆਇਆ।ਪੰਦਰਾਂ ਮਹੀਨੇ ਪਹਿਲਾਂ ਜਦੋਂ ਮਹਾਮਾਰੀ ਦੀ ਪਹਿਲੀ ਲਹਿਰ ਆਈ ਤਾਂ ਇਸ ਨੇ ਮਾੜੇ ਸਿਹਤ ਪ੍ਰਬੰਧ ਦੀ ਪੋਲ ਖੋਲ ਦਿੱਤੀ।ਇਸ ਵਿਚ ਕੋਈ ਸ਼ੱਕ ਨਹੀਂ ਕਿ ਕੋਈ ਵੀ ਇਸ ਤਰਾਂ ਦੀ ਮਹਾਮਾਰੀ ਲਈ ਤਿਆਰ ਨਹੀਂ ਸੀ, ਪਰ ਫਿਰ ਵੀ ਮੁੱਢਲੀਆਂ ਸਿਹਤ ਸਹੂਲਤਾਂ ਜਿਵੇਂ ਹਸਪਤਾਲ ਬੈੱਡਾਂ, ਮੈਡੀਕਲ ਜਰੂਰਤਾਂ, ਡਾਕਟਰਾਂ, ਨਰਸਾਂ ਅਤੇ ਹੋਰ ਸਟਾਫ ਦੀ ਕਮੀ ਨੇ ਨਿਰਾਸ਼ਾਜਨਕ ਸਥਿਤੀ ਨੂੰ ਉਜਾਗਰ ਕੀਤਾ।ਅਸੀ ਸਾਰੇ ਮਹਾਮਾਰੀ ਤੋਂ ਪੀੜਿਤ ਲੋਕਾਂ ਨੂੰ ਮੁੱਢਲ਼ੀਆਂ ਸਿਹਤ ਸਹੂਲਤਾਂ ਪ੍ਰਾਪਤ ਕਰਨ ਲਈ ਜੱਦੋ-ਜਹਿਦ ਕਰਨ ਅਤੇ ਹਸਪਤਾਲਾਂ ਵਿਚ ਵੈਂਟੀਲੈਟਰਾਂ ਅਤੇ ਸੁਰੱਖਿਆ ਉਪਕਰਣਾਂ ਦੀ ਕਮੀ ਦੇ ਸਮੂਹਿਕ ਗਵਾਹ ਬਣੇ।ਪਹਿਲੀ ਲਹਿਰ ਨੇ ਜਿਆਦਾ ਸ਼ਹਿਰੀ ਇਲਾਕਿਆਂ ਨੂੰ ਪ੍ਰਭਾਵਿਤ ਕੀਤਾ ਸੀ ਅਤੇ ਪੇਂਡੂ ਖੇਤਰ ਜਿਆਦਾਤਰ ਇਸ ਤੋਂ ਸੁਰੱਖਿਅਤ ਰਿਹਾ ਸੀ।ਪਰ ਫਿਰ ਵੀ ਪਹਿਲੀ ਲਹਿਰ ਨੇ ਸਿਹਤ ਪ੍ਰਬੰਧ ਦਾ ਉਹ ਪਾਸਾ ਦਿਖਾ ਦਿੱਤਾ ਜਿਸ ਵਿਚ ਮਰੀਜ ਅਤੇ ਕੋਵਿਡ ਪੀੜਿਤ ਵੱਡੀ ਗਿਣਤੀ ਵਿਚ ਹਸਪਤਾਲ ਬੈੱਡਾਂ, ਫਰਸ਼ ਅਤੇ ਕੋਰੀਡੋਰਾਂ ਵਿਚ ਭਰੇ ਹੋਏ ਹਨ ਅਤੇ ਉਨ੍ਹਾਂ ਪ੍ਰਤੀ ਨਿਰਦਈ ਰਵੱਈਆ ਵੀ ਅਪਣਾਇਆ ਗਿਆ।

ਭਾਰਤ ਵਿਚ ਕਰੋਨਾ ਦੀ ਦੂਜੀ ਲਹਿਰ ਤਿਆਰੀ ਦੀ ਘਾਟ ਕਰਕੇ ਜਿਆਦਾ ਭਿਆਨਕ ਰੂਪ ਵਿਚ ਉੱਭਰੀ ਹੈ।ਜਦੋਂ ਪਹਿਲੀ ਲਹਿਰ ਦਾ ਅਸਰ ਕੁਝ ਘਟਿਆ ਤਾਂ ਟੀਕੇ, ਕੰਸਟਰੇਟਰ, ਵੈਂਟੀਲੇਟਰ, ਬੈੱਡ ਅਤੇ ਸਹੂਲਤਾਂ ਦੀ ਤਿਆਰੀ ਯਕੀਨੀ ਬਣਾਈ ਜਾਣੀ ਚਾਹੀਦੀ ਸੀ।ਪਰ ਅਸੀ ਦੇਖ ਰਹੇ ਹਾਂ ਕਿ ਕਰੋਨਾ ਪੀੜਿਤ ਹਸਪਤਾਲਾਂ ਅਤੇ ਬੈੱਡ ਪ੍ਰਾਪਤ ਕਰਨ ਲਈ ਕੋਸ਼ਿਸ਼ ਕਰ ਰਹੇ ਹਨ ਜੋ ਆਪ ਹੀ ਮੁੱਢਲੀਆਂ ਸਿਹਤ ਸਹੂਲਤਾਂ ਦੀ ਭਾਰੀ ਕਮੀ ਨਾਲ ਜੂਝ ਰਹੇ ਹਨ।ਇਸ ਤਰਾਂ ਦੀ ਅਣਗਿਹਲੀ ਨੇ ਸ਼ਮਸਾਨ ਘਾਟਾਂ ਦੀ ਕਮੀ, ਪਾਰਕਿੰਗ ਥਾਵਾਂ ਨੂੰ ਸ਼ਮਸਾਨ ਘਾਟ ਵਿਚ ਤਬਦੀਲ ਕਰਨਾ, ਮੁਰਦਿਆਂ ਨੂੰ ਜਲਾਉਣ ਵਾਲੀਆਂ ਮਸ਼ੀਨਾਂ ਦਾ ਪਿਘਲਣਾ, ਗੰਗਾ ਨਦੀ ਵਿਚ ਤੈਰਦੀਆਂ ਲਾਸ਼ਾਂ ਅਤੇ ਇਸ ਦੇ ਕੰਢੇ ਰੇਤ ਵਿਚ ਦਬਾਈਆਂ ਲਾਸ਼ਾਂ ਜੋ ਕਿ ਕੁੱਤਿਆਂ, ਕਾਵਾਂ ਅਤੇ ਚੀਲ਼ਾਂ ਦਾ ਸ਼ਿਕਾਰ ਬਣੀਆਂ ਵਰਗੀ ਤ੍ਰਾਸਦਿਕ ਸਥਿਤੀ ਪੈਦਾ ਕੀਤੀ।ਮ੍ਰਿਤਕ ਲੋਕਾਂ ਦਾ ਇਸ ਤਰਾਂ ਨਿਰਾਦਰ ਭਾਰਤ ਵਿਚ ਸਰਕਾਰੀ ਅੰਕੜਿਆਂ ਤੋਂ ਕਿਤੇ ਜਿਆਦਾ ਹੋਈਆਂ ਮੌਤਾਂ ਦੀ ਕਹਾਣੀ ਨੂੰ ਉਜਾਗਰ ਕਰਦਾ ਹੈ।ਹਿੰਦੀ ਦੀ ਕਵਿੱਤਰੀ ਪਾਰੁਲ ਖੱਕੜ ਦੀਆਂ ਇਹ ਸਤਰਾਂ ਇੱਥੇ ਢੁੱਕਦੀਆਂ ਹਨ:

ਖਤਮ ਹੋਏ ਸ਼ਮਸਾਨ ਤੇਰੇ, ਖਤਮ ਕਾਠ ਦੀ ਬੋਰੀਆਂ
ਥੱਕੇ ਗਏ ਸਾਡੇ ਮੋਢੇ ਸਾਰੇ, ਅੱਖਾਂ ਹੋਈਆਂ ਕੋਰੀਆਂ
ਦਰ-ਦਰ ਜਾ ਕੇ ਯਮਦੂਤ ਖੇਡੇ
ਮੌਤ ਦਾ ਨਾਚ ਬੇਢੰਗਾ
ਸਾਹਿਬ ਤੇਰੇ ਰਾਜ ਵਿਚ ਲਾਸ਼ਾਂ ਢੋਹਦੀਂ ਗੰਗਾ

ਮਹਾਮਾਰੀ ਨੇ ਭਾਰਤ ਵਿਚ ਸਿਹਤ ਪ੍ਰਬੰਧ ਦੀਆਂ ਢਿੱਲੀ ਵਿਵਸਥਾ ਨੂੰ ਨੰਗਾ ਕਰ ਦਿੱਤਾ ਹੈ ਜਿਸ ਨੂੰ ੧੯੫੦ਵਿਆਂ ਤੋਂ ਹੀ ਸੰਗਠਿਤ ਅਤੇ ਨਿੱਜੀ ਖੇਤਰਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ।ਅਜ਼ਾਦੀ ਦੇ ਸੱਤਰ ਸਾਲ ਤੋਂ ਵੀ ਬਾਅਦ ਆਮ ਵਿਅਕਤੀ ਅਜੇ ਵੀ ਮੁੱਢਲੀਆਂ ਸਿਹਤ ਸਹੂਲਤਾਂ ਤੋਂ ਵਾਂਝਾ ਹੈ।ਆਪਣੇ ਰਾਜਨੀਤਿਕ ਹਿੱਤਾਂ ਦੀ ਪੂਰਤੀ ਲਈ ਭਾਰਤ ਦੀਆਂ ਸਰਕਾਰਾਂ ਅਤੇ ਰਾਜਨੀਤਿਕ ਪਾਰਟੀਆਂ ਨੇ ਲੋਕ ਭਲਾਈ ਵਾਲੀ ਰਾਜਨੀਤੀ ਨੂੰ ਤਿਲਾਂਜਲੀ ਦੇ ਦਿੱਤੀ।ਇਸ ਵਿਵਸਥਾ ਨੇ ਲੋਕਾਂ ਨੂੂੰ ਸਹੂਲਤਾਂ ਮੁਹੱਈਆ ਕਰਵਾਉਣ ਦੀ ਬਜਾਇ ਸੰਪਰਦਾਇਕ ਰਾਜਨੀਤੀ ਨੂੰ ਬੜਾਵਾ ਦਿੱਤਾ।ਗਾਂਧੀ ਦਾ ਭਾਰਤ ਅੱਜ ਫੌਜੀ ਸ਼ਕਤੀ ਦਾ ਦਿਖਾਵਾ ਕਰਨਾ ਅਤੇ ਸੈਟੇਲਾਈਟਸ ਵਿਕਸਤ ਕਰਨ ਵਿਚ ਮਸ਼ਗੂਲ ਹੈ ਜਦੋਂ ਕਿ ਲੋਕਾਂ ਕੋਲ ਮੁੱਢਲੀਆਂ ਸਹੂਲਤਾਂ ਵੀ ਨਹੀਂ ਹਨ।ਇਤਾਲਵੀ ਲੇਖਕ ਲਿਓਨਾਰਦੋ ਸ਼ਾਸ਼ਾ ਨੇ ਕਿਹਾ ਸੀ ਕਿ, “ਰਾਜ ਲੋਕਾਂ ਨੂੰ ਸਹੂਲ਼ਤਾਂ ਪ੍ਰਦਾਨ ਕਰਨ ਦੀ ਬਜਾਇ ਮਿੱਥਕ ਅਤੇ ਅਭੌਤਿਕ ਵਿਵਸਥਾ ਪ੍ਰਤੀਤ ਹੁੰਦਾ ਹੈ। ਜਦੋਂ ਇਹਨਾਂ ਸਹੂਲਤਾਂ ਦੀ ਭਾਰੀ ਕਮੀ ਜਾਂ ਅਣਹੌਂਦ ਹੋਵੇ ਤਾਂ ਇਹ ਜਰੂਰੀ ਹੋ ਜਾਂਦਾ ਹੈ ਕਿ ਜਾਂ ਤਾਂ ਇਸ ਨੂੰ ਠੀਕ ਕੀਤਾ ਜਾਵੇ ਜਾਂ ਨਵੀਆਂ ਸਹੂਲਤਾਂ ਪੈਦਾ ਕੀਤੀਆਂ ਜਾਣ।” ਉਸ ਦਾ ਮੰਨਣਾ ਸੀ ਕਿ ਰਾਜ ਅਸਲ ਵਿਚ ਸਹੂਲਤਾਂ ਦੇਣ ਵਾਲਾ ਪ੍ਰਬੰਧ ਹੈ।ਵੱਖ-ਵੱਖ ਰਾਜਨੀਤਿਕ ਅਤੇ ਸਮਾਜਿਕ ਪ੍ਰਬੰਧ ਭਾਰਤ ਨੂੰ ਅਭੌਤਿਕ ਅਤੇ ਹੋਬੀਸਅਨ ਮੰਨਦੇ ਹਨ। ਸੱਤਾਧਾਰੀ ਰਾਸ਼ਟਰਵਾਦੀ ਪਾਰਟੀ ਇਸ ਦੀ ਮੱਧ-ਯੁੱਗੀ ਸ਼ਾਨ ਵਿਚ ਯਕੀਨ ਕਰਦੀ ਹੈ।ਸਮਾਜਿਕ ਵਿਚਾਰਕ ਇਸ ਨੂੰ ਵਿਕਾਸ ਅਤੇ ਆਧੁਨਕਿਤਾ ਦੇ ਨਜ਼ਰੀਏ ਨਾਲ ਦੇਖਦੇ ਹਨ।ਜਾਤੀਵਾਦੀ ਪ੍ਰਬੰਧ ਰਾਜ ਨੂੰ ਸਮਾਜਿਕ ਅਤੇ ਰਾਜਨੀਤਿਕ ਪ੍ਰਭੂਸੱਤਾ ਦਾ ਮਾਧਿਅਮ ਮੰਨਦਾ ਹੈ।ਰਾਜਨੀਤਿਕ ਪ੍ਰਬੰਧ ਇਸ ਨੂੰ ਵਿਵਸਥਿਤ ਸਰਪ੍ਰਸਤੀ ਮੰਨਦੇ ਹਨ।ਪਰ ਭਰਮ ਭਰਿਆ ਇਹ ਸਿਧਾਂਤਵਾਦੀ ਨਜ਼ਰੀਆ ਭਾਰਤ ਨੂੰ “ਵਿਵਸਥਿਤ ਸਹੂਲਤਾਂ ਪ੍ਰਦਾਨ ਕਰਨ” ਦੇ ਸੰਬੰਧ ਵਿਚ ਨਹੀਂ ਸਮਝ ਸਕਿਆ।

ਅੰਤ ਵਿਚ ਅਸੀ ਇਹ ਕਹਿ ਸਕਦੇ ਹਾਂ ਕਿ ਸਿਹਤ ਪ੍ਰਬੰਧ ਅਤੇ ਸਿੱਖਿਆ ਵਰਗੀਆਂ ਮੁੱਢਲ਼ੀਆਂ ਸਹੂਲਤਾਂ ਤੋਂ ਬਿਨਾਂ ਭਾਰਤ ਦੀ ਤਰੱਕੀ ਖੋਖਲੀ ਹੀ ਹੋਵੇਗੀ। ਕੋਵਿਡ ਦੇ ਕਹਿਰ ਨੇ ਅਸਲ ਵਿਚ ਅਸਫਲ ਪ੍ਰਸ਼ਾਸਨ, ਖੋਖਲੇ ਰਾਜ ਅਤੇ ਤੀਜੀ ਦੁਨੀਆ ਦੇ ਦੇਸ਼ ਦੀ ਅਸਲੀਅਤ ਨੂੰ ਉਜਾਗਰ ਕਰ ਦਿੱਤਾ ਹੈ ਜੋ ਕਿ ਦੁਨੀਆ ਦੀ ਤਾਕਤ ਹੋਣ ਦਾ ਭਰਮ ਪਾਲੀ ਬੈਠਾ ਹੈ।