ਤਰੱਕੀ ਦੇ ਰਾਹਾਂ ਤੇ ਚੱਲਣ ਦਾ ਦਾਅਵਾ ਕਰ ਰਿਹਾ ਭਾਰਤ ਆਪਣੇ ਆਪ ਨੂੰ ਤਰੱਕੀ ਜ਼ਾਬਤਾ ਦੇਸ਼ਾਂ ਦੀ ਕਤਾਰ ਵਿੱਚ ਲਿਆ ਕਿ ਖੜਾ ਕਰਨਾ ਚਾਹੁੰਦਾ ਹੈ। ਪਰ ਜੋ ਇਸਦੀ ਅੰਦਰੂਨੀ ਜਾਤ-ਪਾਤ ਤੇ ਅਧਾਰਤ ਸ਼ਹਿਰਾਂ ਵਿੱਚ ਘੱਟ ਤੇ ਪਿੰਡਾ ਵਿੱਚ ਵੱਧ ਡੂੰਘੀ ਦਰਾੜ ਹੈ ਉਹ ਇਸਦੀਆਂ ਉਨੱਤ ਰਾਹਾਂ ਦੇ ਵਿੱਚ ਪਹਾੜ ਦੀ ਤਰਾਂ ਖੜੀ ਹੈ।
ਭਾਰਤ ਦੇ ਮੱਧ ਪ੍ਰਦੇਸ਼ ਸੂਬੇ ਵਿੱਚ ਮਾਨਾਂ ਪਿੰਡ ਜੋ ਕਿ ਅਗਰ ਮਾਲਵਾ ਜਿਲੇ ਵਿੱਚ ਪੈਦਾ ਹੈ, ਦੇ ਦਲਿਤ ਮੇਘਵਾਲ ਦੀ ਕੁੜੀ ਦੀ ਸ਼ਾਦੀ ਵੇਲੇ ਦੀ ਤਸਵੀਰ ਇਸ ਤਰੇੜ ਨੂੰ ਬਾਖੂਬੀ ਦਰਸਾਉਂਦੀ ਹੈ। ੨੩ ਅਪ੍ਰੈਲ ਨੂੰ ਮੇਘਵਾਲ ਦੀ ਧੀ ਮਮਤਾ ਦੀ ਸ਼ਾਦੀ ਦੇ ਸਮੇਂ ਉਨਾਂ ਵੱਲੋਂ ਲਾੜੇ ਦੇ ਸਵਾਗਤ ਲਈ ਬੁਲਾਇਆ ਗਿਆ ਬੈਂਡ-ਵਾਜਾ ਇੱਕ ਸਰਾਪ ਸਾਬਿਤ ਹੋਇਆ ਹੈ। ਕਿਉਂਕਿ ਇਹ ਬੈਂਡ-ਵਾਜਾ ਭਾਰਤ ਦੇ ਅਨੇਕਾਂ ਪਿੰਡਾਂ ਵਿੱਚ ਦਲਿਤ ਵਰਗ ਲਈ ਵਰਜਿਤ ਹੈ ਤੇ ਉਨਾਂ ਲਈ ਸਿਰਫ ਢੋਲ ਦੀ ਇਜ਼ਾਜਤ ਹੈ ਕਿਸੇ ਵੀ ਖੁਸ਼ੀ ਦੇ ਮੌਕੇ ਤੇ। ਇਸ ਮੇਘਵਾਲ ਪਰਿਵਾਰ ਵੱਲੋਂ ਇਸ ਕੁਤਾਹੀ ਕਾਰਨ ਵੱਡੀ ਜਾਤੀ ਦੇ ਲੋਕਾਂ ਵੱਲੋਂ ਦਲਿਤ ਵਰਗ ਦੇ ਪੀਣ ਵਾਲੇ ਤਾਲਾਬ ਦੇ ਪਾਣੀ ਵਿੱਚ ਬਹੁਤ ਮਾਤਰਾ ਵਿੱਚ ਤੇਲ ਪਾ ਦਿੱਤਾ ਗਿਆ ਤਾਂ ਜੋ ਇਹ ਪਾਣੀ ਪੂਰੀ ਤਰਾਂ ਪ੍ਰਦੂਸ਼ਿਤ ਹੋ ਜਾਵੇ ਤੇ ਦਲਿਤਾਂ ਨੂੰ ਪੀਣ ਲਈ ਪਾਣੀ ਨਾ ਮਿਲ ਸਕੇ। ਇਸ ਔਕੜ ਤੋਂ ਬਚਣ ਲਈ ਦਲਿਤ ਭਾਈਚਾਰੇ ਵੱਲੋਂ ਪਿੰਡੋਂ ਬਾਹਰ ਜਾ ਕੇ ਨਦੀ ਦੇ ਕਿਨਾਰੇ ਹੋਰ ਤਾਲਾਬ ਪੁੱਟਣਾ ਪਿਆ ਤਾਂ ਜੋ ਉਹ ਪੀਣ ਲਈ ਪਾਣੀ ਮੁਹੱਈਆ ਕਰ ਸਕਣ ਤੇ ਨਾਲ ਹੀ ਪੰਪ ਲਾ ਕੇ ਸਾਫ ਪਾਣੀ ਨੂੰ ਸਾਫ ਕਰਨ ਦਾ ਉਪਰਾਲਾ ਕੀਤਾ ਗਿਆ।
ਕੁਝ ਦਿਨਾਂ ਬਾਅਦ ਜਦੋਂ ਸਰਕਾਰੀ ਅਫਸਰ ਪਿੰਡ ਆਏ ਤਾਂ ਉਨਾਂ ਨੇ ਦਲਿਤ ਭਾਈਚਾਰੇ ਨੂੰ ਵਿਸਵਾਸ਼ ਦਿਵਾਉਣ ਲਈ ਉਸ ਪ੍ਰਦੂਸ਼ਿਤ ਤਾਲਾਬ ਦਾ ਪਾਣੀ ਪੀਤਾ ਤੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਨਾਂ ਲਈ ਦੇ ਹੋਰ ਨਵੇਂ ਟਿਊਬਵੈਲ ਪੀਣ ਵਾਲੇ ਪਾਣੀ ਲਈ ਲਗਾਏ ਜਾਣਗੇ ਤੇ ਉਚ ਜਾਤੀ ਨਾਲ ਵੀ ਗੱਲਬਾਤ ਕੀਤੀ। ਦੇਖਣ ਵਾਲੀ ਗੱਲ ਇਹ ਹੈ ਕਿ ਇਸ ਵਾਰਤਾਰੇ ਕਰਕੇ ਕਿਸੇ ਵੀ ਵੱਡੀ ਜਾਤੀ ਦੇ ਕਿਸੇ ਆਦਮੀ ਨੂੰ ਕਾਨੂੰਨ ਮੁਤਾਬਕ ਨਾ ਤਾਂ ਪੁਛਿਆ ਗਿਆ ਤੇ ਨਾ ਹੀ ਕੋਈ ਧਾਰਾ ਲਾਗੂ ਕੀਤੀ ਗਈ। ਸਗੋਂ ਦਲਿਤ ਵਰਗ ਨੂੰ ਹੀ ਸਮਝਾ ਕੇ ਸਾਂਤ ਰਹਿਣ ਦਾ ਉਪਰਾਲਾ ਕੀਤਾ ਗਿਆ।
ਭਾਰਤ ਅੰਦਰ ਇਹ ਜਾਤ-ਪਾਤ ਦੀਆਂ ਤਰੇੜਾਂ ਹਰ-ਇੱਕ ਸੂਬੇ ਤੇ ਪਿੰਡਾਂ ਵਿੱਚ ਅਜਾਦੀ ਦੇ ਇੰਨੇ ਸਾਲਾਂ ਬਾਅਦ ਵੀ ਬਰਕਰਾਰ ਹਨ। ਇੰਨਾ ਦਾ ਪ੍ਰਗਟਾਵਾ ਸਮੇਂ ਸਮੇਂ ਸਿਰ ਕਿਸੇ ਨਾ ਕਿਸੇ ਰੂਪ ਵਿੱਚ ਸਮਾਜ ਦੇ ਸਾਹਮਣੇ ਆਉਂਦਾ ਰਹਿੰਦਾ ਹੈ। ਇਨਾਂ ਤਰੇੜਾਂ ਨੂੰ ਦੂਰ ਕੀਤੇ ਬਿਨਾਂ ਭਾਰਤ ਦੀ ਮਹਾਨ ਸ਼ਕਤੀ ਬਣਨ ਦਾ ਸੁਪਨਾ ਕਦੀ ਵੀ ਪੂਰਾ ਨਹੀਂ ਹੋ ਸਕਦਾ।