ਕਿਸੇ ਸੂਝਵਾਨ ਇਨਸਾਨ ਨੇ ਰਾਜਨੀਤੀ ਉਤੇ ਟਿੱਪਣੀ ਕਰਦਿਆਂ ਠੀਕ ਹੀ ਕਿਹਾ ਹੈ ਕਿ “ਰਾਜਨੀਤਿਕ ਬਿਰਤੀ ਕਾਰਨ ਮਨੁੱਖ ਸਮਝੌਤੇ ਤੇ ਗਠਜੋੜ ਕਰਕੇ ਇੱਕ ਦੂਜੇ ਨੂੰ ਪਾਉੜੀ ਬਣਾ ਕਿ ਉਪਰ ਚੜਨਾ ਚਾਹੁੰਦੇ ਹਨ।” ਅਗਲੇ ਕੁਝ ਮਹੀਨਿਆਂ ਅੰਦਰ ਪੰਜਾਬ ਵਿੱਚ ੨੦੧੭ ਨੂੰ ਹੋਣ ਜਾ ਰਹੀਆਂ ਚੋਣਾਂ ਦੇ ਮੱਦੇਨਜ਼ਰ ਉਪਰ ਲਿਖੇ ਵਿਚਾਰਾਂ ਅਧੀਨ ਪੰਜਾਬ ਵਿੱਚ ਵੀ ਅੱਡ-ਅੱਡ ਰਾਜਨੀਤਿਕ ਪਾਰਟੀਆਂ ਸਮਝੌਤੇ ਤੇ ਵਿਅਕਤੀਗਤ ਗਠਜੋੜ ਕਰਕੇ ਇੱਕ ਦੂਜੇ ਨੂੰ ਪੌੜੀ ਬਣਾ ਕੇ ਪੰਜਾਬ ਦੀ ਸੱਤਾ ਤੇ ਕਾਬਜ਼ ਹੋਣਾ ਚਾਹੁੰਦੇ ਹਨ।

ਅੱਜ ਦੇ ਸਮੇਂ ਰਾਜਨੀਤਿਕ ਪਾਰਟੀਆਂ ਤੇ ਸਰਕਾਰਾਂ ਨੇ ਕਾਫੀ ਹੱਦ ਤੱਕ ਆਪਣੇ ਆਪ ਨੂੰ ਮਾਨਵੀ ਕਦਰਾਂ ਕੀਮਤਾਂ ਨਾਲੋਂ ਦੂਰ ਕਰ ਲਿਆ ਹੈ ਤੇ ਸਿਆਸਤ ਮੁੱਖ ਰੂਪ ਵਿੱਚ ਇੱਕ ਨਿੱਜ ਦਾ ਵਿਸਥਾਰ ਖੁਦ ਦੀ ਚੜਤ ਤੇ ਇਸ ਨਾਲੋਂ ਵੀ ਵੱਡਾ ਸੱਚ ਇਹ ਕਿ ਸਿਆਸਤ ਇੱਕ ਵਪਾਰ ਬਣ ਗਿਆ ਹੈ। ਇਸੇ ਲਈ ਤਾਂ ਸਰਕਾਰਾਂ ਤੇ ਰਾਜਨੀਤਿਕ ਪਾਰਟੀਆਂ ਦੀਆਂ ਨੀਤੀਆਂ ਵਿਚੋਂ ਮਨੁੱਖੀ ਸਰੋਕਾਰ ਗਾਇਬ ਹੀ ਹੋ ਗਿਆ ਹੈ। ਭਾਰਤ ਦੇਸ਼ ਅੰਦਰ ਤੇ ਖਾਸ ਕਰਕੇ ਪੰਜਾਬ ਵਿੱਚ ਜੋ ਕਦੇ ਹਰੀ ਕ੍ਰਾਂਤੀ ਦਾ ਮੋਢੀ ਕਹਾਉਂਦਾ ਸੀ ਤੇ ਆਰਥਿਕ ਪੱਖੋਂ ਵੀ ਖੁਸ਼ਹਾਲ ਖੇਤਰ ਸੀ, ਜਿਸਦੀ ਸਮਾਜਿਕ ਬਣਤਰ ਵੀ ਦੂਸਰੇ ਦੇਸ ਵਾਸੀਆਂ ਲਈ ਉਦਾਹਰਨ ਸੀ। ਉਥੇ ਅੱਜ ਕਿਸਾਨੀ, ਕਿਰਤੀ ਤੇ ਸਧਾਰਨ ਇਨਸਾਨਾਂ ਵਿੱਚ ਇੰਨੀ ਨਾ-ਉਮੀਦੀ ਬਣ ਚੁੱਕੀ ਹੈ ਕਿ ਉਹ ਹਰ ਰੋਜ਼ ਲਗਾਤਾਰ ਖੁਦਕਸ਼ੀਆਂ ਕਰ ਰਹੇ ਹਨ। ਜਿਸਦਾ ਮੁੱਖ ਕਾਰਨ ਹਰੀ ਕ੍ਰਾਂਤੀ ਵਾਲੇ ਸੂਬੇ ਵਿੱਚ ਸਮਾਜਿਕ ਬਣਤਰ ਦਾ ਖਿੱਲਰ ਜਾਣਾ, ਨਾ ਉਮੀਦੀਆਂ ਤੇ ਉਦਾਸੀਆਂ ਵਿੱਚ ਥਾਂ-ਥਾਂ ਡੇਰਾਵਾਦ ਦਾ ਪੈਦਾ ਹੋ ਜਾਣਾ, ਬਾਬਿਆਂ ਦੇ ਮੱਕੜ ਜਾਲ ਵਿੱਚ ਆਸਥਾ ਦਾ ਗੁਆਚ ਜਾਣਾ ਹੈ। ਇੰਨਾਂ ਪ੍ਰਸਥਿਤੀਆਂ ਵਿੱਚ ਹੀ ਰਾਜਨੀਤਿਕ ਜਮਾਤ ਜਿਸਨੇ ਸੂਬੇ ਦੇ ਲੋਕਾਂ ਲਈ ਉਮੀਦ ਤੇ ਆਸਰਾ ਪੈਦਾ ਕਰਨਾ ਸੀ ਉਸ ਰਾਜਨੀਤਿਕ ਜਮਾਤ ਦਾ ਮੁੱਖ ਟੀਚਾ ਅੱਜ ਮਾਨਵਤਾ ਨੂੰ ਮਸਲਦਿਆਂ ਹੋਇਆਂ ਸੱਤਾ ਤੇ ਕਾਬਜ ਹੋਣ ਹੀ ਰਹਿ ਗਿਆ ਹੈ।

ਪੰਜਾਬ ਅੰਦਰ ੧੯੬੬ ਵਿੱਚ ਜਦੋਂ ਤੋਂ ਪੰਜਾਬ ਸੂਬਾ ਨਵੇਂ ਸਿਰੇ ਤੋਂ ਹੋਂਦ ਵਿੱਚ ਆਇਆ ਹੈ, ਉਸ ਸਮੇਂ ਤੋਂ ਦੋ ਪ੍ਰਮੁੱਖ ਪਾਰਟੀਆਂ ਅਕਾਲੀ ਦਲ ਤੇ ਕਾਂਗਰਸ ਹੀ ਸੱਤਾ ਦਾ ਲਾਹਾ ਲੈਂਦੀਆਂ ਰਹੀਆਂ ਹਨ। ਇੰਨਾ ਪ੍ਰਮੁੱਖ ਪਾਰਟੀਆਂ ਨੇ ਆਪਣੀ ਸੱਤਾ ਨੂੰ ਬਰਕਰਾਰ ਰੱਖਣ ਲਈ ਪੌੜੀ ਵਾਂਗ ਕੋਈ ਨਾ ਕੋਈ ਗਠਜੋੜ ਬਣਾਈ ਰੱਖਿਆ ਹੈ। ਪਿਛਲੇ ਦੋ ਸਾਲਾਂ ਅੰਦਰ ਪੰਜਾਬ ਦੀ ਨਾ-ਉਮੀਦੀ ਵਿੱਚ ਇੱਕ ਉਮੀਦ ਦੀ ਕਿਰਨ ਵਜੋਂ ਇੱਕ ਨਵੀਂ ਸਿਆਸੀ ਪਾਰਟੀ ‘ਆਮ ਆਦਮੀ’ ਪਾਰਟੀ ਦੇ ਨਾਮ ਹੇਠਾਂ ਸੂਬੇ ਵਿੱਚ ਪ੍ਰਵੇਸ਼ ਕੀਤੀ ਸੀ। ਜਿਸਨੂੰ ਕਿ ੨੦੧੪ ਦੀਆਂ ਭਾਰਤੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨੇ ਭਾਰੀ ਹੁੰਗਾਰਾ ਦਿੱਤਾ ਸੀ। ਇਸ ਉਮੀਦ ਦੀ ਕਿਰਨ ਲਈ ਪੱਚੀ ਲੱਖ ਤੋਂ ਉਪਰ ਵੋਟਾਂ ਪਾਈਆਂ ਸਨ ਜੋ ਤਕਰੀਬਨ ਪੰਜਾਬ ਦੀ ਵੋਟਰ ਗਿਣਤੀ ਦਾ ਕਾਫੀ ਵੱਡਾ ਹਿੱਸਾ ਬਣਦਾ ਹੈ ਅੱਜ ਪੰਜਾਬ ਦੇ ਇਸ ਸਿਆਸੀ ਮਹੌਲ ਅੰਦਰ ਤੇਰਾਂ ਦੇ ਲੱਗ-ਭੱਗ ਰਾਜਨੀਤਿਕ ਪਾਰਟੀਆਂ ਜਾਂ ਫਰੰਟ ਪੰਜਾਬ ਅੰਦਰ ਸਰਗਰਮ ਹਨ। ਪੰਜਾਬ ਦੀ ਆਉਣ ਵਾਲੀ ਚੋਣ ਲਈ ਭਾਵੇਂ ਪ੍ਰਮੁੱਖ ਦਾਅਵੇਦਾਰ ਪਿਛਲੇ ਨੌ ਸਾਲਾਂ ਤੋਂ ਰਾਜ ਕਰ ਰਹੀ ਰਾਜਨੀਤਿਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਹੈ। ਪਰ ਪਿਛਲੇ ਕੁਝ ਸਮੇਂ ਤੋਂ ਖਿੱਲਰੀ ਹੋਈ ਕਾਂਗਰਸ ਪਾਰਟੀ ਨੇ ਵੀ ਇਹ ਅਹਿਸਾਸ ਕੀਤਾ ਹੈ ਕਿ ਆਉਂਦੀਆਂ ਚੋਣਾਂ ਲਈ ਵਿਅਕਤੀਗਤ ਮਤ-ਭੇਦ ਭੁਲਾ ਕਿ ਰਲ ਕੇ ਹੰਭਲਾ ਮਾਰਨਾ ਪਵੇਗਾ ਤਾਂ ਕਿ ਇਹ ਵੀ ਸੱਤਾ ਦੀ ਦਾਅਵੇਦਾਰੀ ਵਿੱਚ ਖੜ ਸਕਣ।

ਇਸੇ ਤਰਾਂ ਪਿਛਲੇ ਦੋ ਸਾਲਾਂ ਦੇ ਰੁਝਾਨ ਨੂੰ ਦੇਖਦਿਆਂ ਹੋਇਆਂ ਇਨਾਂ ਦੋ ਪਾਰਟੀਆਂ ਨੂੰ ਛੱਡ ਕੇ ‘ਆਮ ਆਦਮੀ’ ਪਾਰਟੀ ਵੱਲ ਕਾਫੀ ਝੁਕਾਅ ਦੇਖਣ ਨੂੰ ਮਿਲਿਆ ਸੀ ਜਿਸ ਕਾਰਨ ਚਿਰਾਂ ਤੋਂ ਪੰਜਾਬ ਦੀ ਸੱਤਾ ਦਾ ਲਾਹਾ ਲੈ ਰਹੀਆਂ ਦੋਨੋਂ ਪ੍ਰਮੁੱਖ ਪਾਰਟੀਆਂ ਨੂੰ ਆਮ ਆਦਮੀ ਪਾਰਟੀ ਨੇ ਹਾਸ਼ੀਏ ਤੇ ਲਿਆ ਖੜਾ ਕੀਤਾ ਸੀ ਪਰ ਭਾਰਤੀ ਰਾਜਨੀਤੀ ਵਿੱਚ ਮੁੱਖ ਰੂਪ ਵਿੱਚ ਰਣਨੀਤੀ ਦੀ ਬਜਾਇ ਵਿਅਕਤੀਗਤ ਨੀਤੀ ਹੋਣ ਕਾਰਨ ਇਸਦਾ ਪ੍ਰਭਾਵ ਵੀ ਆਮ ਆਦਮੀ ਪਾਰਟੀ ਤੇ ਪੈਣਾ ਸੁਭਾਵਿਕ ਸੀ ਤੇ ਉਹ ਵੀ ਲੋਕ ਤੰਤਰ ਤੇ ਸਵੈ-ਸਵਰਾਜ ਜਿਸਦੇ ਉਹ ਅਲੰਬਰਦਾਰ ਦਸਦੇ ਸਨ ਤੇ ਇਸ ਕਾਰਨ ਹੀ ਸੂਬੇ ਦੇ ਲੋਕਾਂ ਦਾ ਝੁਕਾਅ ਇੰਨਾ ਵੱਲ ਵੱਧ ਰਿਹਾ ਸੀ ਪਰ ਇਹ ਹੀ ਹੁਣ ਆਪਣੀ ਰਣਨੀਤੀ ਨੂੰ ਵਿਅਕਤੀਗਤ ਨੀਤੀ ਵਿੱਚ ਤਬਦੀਲ ਹੋਣ ਸਦਕਾ ਇਸ ਦੀਆਂ ਅੰਦਰੂਨੀ ਤਰੇੜਾਂ ਜਨਤਕ ਹੋਣ ਨਾਲ ਇਸ ਦਾ ਵੀ ਖਿਲਰਨਾ ਸ਼ੁਰੂ ਹੋ ਗਿਆ ਹੈ। ਇਸ ਕਾਰਨ ਮੁੜ ਤੋਂ ਅਕਾਲੀ ਦਲ ਤੇ ਕਾਂਗਰਸ ਪਾਰਟੀਆਂ ਮੁੜ ਸਾਹ ਭਰ ਗਈਆਂ ਹਨ।

ਇਸੇ ਤਰਾਂ ਇਸ ਗਠਜੋੜ ਦੀ ਰਾਜਨੀਤੀ ਵਿੱਚ ਸੂਬੇ ਦੀਆਂ ਚੋਣਾ ਦੇ ਘਸਮਾਨ ਵਿੱਚ ਇੱਕ ‘ਆਵਜ਼-ਏ-ਪੰਜਾਬ’ ਦੇ ਨਾਮ ਹੇਠ ਕੁਝ ਬੰਦਿਆਂ ਦੇ ਸੁਮੇਲ ਵਾਲਾ ਨਵਾਂ ਫਰੰਟ ਸਾਹਮਣੇ ਆ ਰਿਹਾ ਹੈ। ਜਿਸਦਾ ਕਿ ਮੁੱਢ ਅੱਠ ਸਤੰਬਰ ਤੋਂ ਸ਼ੁਰੂ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਨਵੇਂ ਫਰੰਟ ਦੇ ਆਉਣ ਨਾਲ ਪੰਜਾਬ ਦੇ ਸਿਆਸੀ ਮਹੌਲ ਵਿੱਚ ਮੁੜ ਤੋਂ ਨਵੀਂ ਸਫਬੰਦੀ ਬਣਨ ਦਾ ਸਬੱਬ ਬਣ ਗਿਆ ਹੈ। ਇਸੇ ਤਰਾਂ ਪੰਜਾਬ ਦੇ ਸਿਆਸੀ ਮੰਚ ਵਿੱਚ ਪੰਥਕ ਕਹਾਉਣ ਵਾਲੀਆਂ ਜੱਥੇਬੰਦੀਆਂ ਵੀ ਸੱਤਾ ਦੀ ਖੇਡ ਵਿੱਚ ਸਰਗਰਮ ਹਨ ਪਰ ਇੰਨਾ ਦੀ ਪਕੜ ਪੰਜਾਬ ਦੇ ਲੋਕਾਂ ਉਤੇ ਕਾਫੀ ਹੱਦ ਤੱਕ ਮੱਧਮ ਹੈ। ਇਸੇ ਤਰਾਂ ਦਲਿਤ ਸਮਾਜ ਨਾਲ ਜੁੜੀ ਸਿਆਸੀ ਪਾਰਟੀ ਤੇ ਕੁਝ ਖੱਬੇ ਪੱਖੀ ਪਾਰਟੀਆਂ ਵੀ ਇਸ ਸੱਤਾ ਦੀ ਖੇਡ ਵਿੱਚ ਸਾਮਿਲ ਹਨ।

ਪੰਜਾਬ ਵਿੱਚ ਆਉਣ ਵਾਲੀਆਂ ਚੋਣਾਂ ਨੂੰ ਮੱਦੇਨਜ਼ਰ ਰੱਖ ਕੇ ਅੱਜ ਸੂਬੇ ਦੇ ਲੋਕਾਂ ਲਈ ਕੀ ਦ੍ਰਿਸ਼ ਬਣਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ। ਪਰ ਇਹ ਤਾਂ ਜਰੂਰ ਹੈ ਕਿ ਇਹ ਰਾਜਨੀਤਿਕ ਪਾਰਟੀਆਂ ਤੇ ਫਰੰਟ ਮੁੱਢ ਵਿੱਚ ਵਿਚਾਰੇ ਵਿਚਾਰਾਂ ਅਨੁਸਾਰ ਕਿਸਨੂੰ ਤੇ ਕਦੋਂ ਪੌੜੀ ਬਣਾ ਕੇ ਪੰਜਾਬ ਦੀ ਸੱਤਾ ਅੰਦਰ ਕਾਬਜ਼ ਹੁੰਦੀਆਂ ਹਨ, ਉਸ ਸਮੇਂ ਹੀ ਪਤਾ ਚੱਲੇਗਾ। ਪਰ ਪੰਜਾਬ ਦਾ ਵੋਟਰ ਇੱਕ ਆਸ ਰੱਖਦਾ ਹੈ ਕਿ ਇਹ ਰਾਜਨੀਤਿਕ ਪਾਰਟੀਆਂ ਆਪਣੀ ਰਣਨੀਤੀ ਵਿੱਚ ਮਨੁੱਖੀ ਦਿੱਖ ਤੇ ਪੰਜਾਬ ਦੇ ਹਿੱਤਾਂ ਲਈ ਮਾਨਵਵਾਦੀ ਕਦਰਾਂ-ਕੀਮਤਾਂ ਨੂੰ ਤਰਜ਼ੀਹ ਦੇਣ ਤਾਂ ਜੋ ਨਾ-ਉਮੀਦੀਆਂ ਤੇ ਉਦਾਸੀਆਂ ਵਿੱਚ ਘਿਰਿਆਂ ਇਹ ਸੂਬਾ ਮੁੜ ਖੁਸ਼ਹਾਲੀ ਦਾ ਰਾਹ ਫੜ ਸਕੇ।