ਜਦੋਂ ਪੰਜਾਬ ਵਿੱਚ ਨਸ਼ੇ ਦਾ ਵਹਿਣ ਤੇਜੀ ਨਾਲ ਵਗ ਰਿਹਾ ਹੈ ਅਤੇ ਸ਼ਰਾਬ ਦੇ ਠੇਕੇ ਮੁੱਖ ਸੜਕਾਂ ਤੇ ਸ਼ਾਨ ਬਣੇ ਹੋਏ ਹਨ। ਇਥੋਂ ਤੱਕ ਕਿ ਪਿੰਡਾਂ ਦੀਆਂ ਮੁੱਖ ਸੜਕਾਂ ਤੇ ਵੀ ਦੇਸੀ ਅਤੇ ਅੰਗਰੇਜੀ ਸ਼ਰਾਬ ਦੀ ਭਰਮਾਰ ਹੈ ਤਾਂ ਅਜਿਹੀਆਂ ਸਥਿਤੀਆਂ ਵਿੱਚ ਕਿਸੇ ਦਾਨਸ਼ਮੰਦ ਪਰਿਵਾਰ ਨੇ ਅਨੋਖੀ ਮਿਸਾਲ ਕਾਇਮ ਕਰ ਦਿਆਂ ਆਪਣੀ ਖੇਤੀਬਾੜੀ ਵਾਲੀ ਜ਼ਮੀਨ ਤੇ ‘ਠੇਕਾ ਕਿਤਾਬਾਂ ਅੰਗਰੇਜੀ ਤੇ ਦੇਸੀ’ ਖੋਲਿਆ ਹੈ। ਇਹ ਖੰਨੇ ਦੇ ਕਸਬੇ ਜਰਗਾੜੀ ਪਿੰਡ ਵਿੱਚ ਸਥਿਤ ਹੈ। ਇਹ ਖੰਨਾ ਮਲੇਰਕੋਟਲਾ ਮੁੱਖ ਸੜਕ ਤੇ ਸ਼ਾਨਦਾਰ ਬੋਰਡ ਨਾਲ ਸਥਾਪਤ ਹੈ। ਇਸ ਨੂੰ ਇੱਕ ਜੋੜੇ ਨੇ ਜਿਸਦਾ ਨਾਮ ਦਰਸ਼ਨਦੀਪ ਸਿੰਘ ਗਿੱਲ ਤੇ ਉਸਦੀ ਪਤਨੀ ਰਵਿੰਦਰ ਕੌਰ ਨੇ ਆਪਣੀ ਮੋਟਰ ਵਾਲੇ ਕਮਰੇ ਨੂੰ ਲਾਇਬਰੇਰੀ ਦਾ ਰੂਪ ਦੇ ਕੇ ਬਣਾਇਆ ਹੈ। ਇਸਦੇ ਚੁਬਾਰੇ ਤੇ ਇੱਕ ਸ਼ਤੀਰਾਂ ਵਾਲੀ ਛੱਤ ਬਣਾ ਕੇ ਜੰਗਲਾ ਲਾ ਕੇ ਇਸਦੀ ਸ਼ਾਨ ਨੂੰ ਵਧਾਇਆ ਹੈ। ਇਹ ਰਾਹਗੀਰਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਦਰਸ਼ਨਦੀਪ ਸਿੰਘ ਗਿੱਲ ਉਕਸੀ ਪਿੰਡ ਦੇ ਸੀਨੀਅਰ ਸੈਕੰਡਰੀ ਸਰਕਾਰੀ ਸਕੂਲ ਦਾ ਅੰਗਰੇਜੀ ਦਾ ਅਧਿਆਪਕ ਤੇ ਉਸਦੀ ਪਤਨੀ ਜਰਗਾੜੀ ਪਿੰਡ ਵਿੱਚ ਪ੍ਰਾਇਮਰੀ ਸਕੂਲ ਵਿੱਚ ਸਰਕਾਰੀ ਅਧਿਆਪਕਾ ਹੈ। ਇੰਨਾ ਨੇ ਇਸ ਲਾਇਬਰੇਰੀ ਵਿੱਚ ਨਾਮੀ ਲਿਖਾਰੀ ਸ਼ੈਕਸਪੀਅਰ ਤੇ ਸੁਰਜੀਤ ਪਾਤਰ ਦੀਆਂ ਕਿਤਾਬਾਂ ਨਾਲ ਇਸਨੂੰ ਸ਼ਿੰਗਾਰਿਆ ਹੈ। ਇਸਨੂੰ ਇੱਕ ਸਾਲ ਪਹਿਲਾਂ ਹੀ ਚਲਾਇਆ ਗਿਆ ਹੈ ਤੇ ਇਸਦੇ ਨਾਮ ਦੀ ਸੋਚ ਇਸ ਪਰਿਵਾਰ ਵਿੱਚ ਪਿਛਲੇ ਛੇ ਸਾਲਾਂ ਤੋਂ ਹੀ ਵਿਚਰ ਰਹੀ ਸੀ। ਸੌ ਤੋਂ ਵੱਧ ਪਿੰਡ ਦੇ ਵਸਨੀਕ ਤੇ ਆਲੇ ਦੁਆਲੇ ਦੇ ਲੋਕ ਇਸ ਲਾਇਬਰੇਰੀ ਦੇ ਮੈਂਬਰ ਹਨ। ਦਰਸ਼ਨਦੀਪ ਸਿੰਘ ਹੁਰੀਂ ਕਿਉਂਕਿ ਆਪ ਸਿੱਖਿਆ ਦੇ ਖੇਤਰ ਨਾਲ ਜੁੜੇ ਹੋਏ ਹਨ ਤਾਂ ਹੀ ਉਨਾਂ ਦੀ ਰੁਚੀ ਮੁਤਾਬਕ ਇਸ ਲਾਇਬਰੇਰੀ ਨੂੰ ਬਣਾਇਆ ਹੈ ਦਰਸ਼ਨਦੀਪ ਸਿੰਘ ਦੇ ਪਿਤਾ ਵੀ ਕਿਤਾਬਾਂ ਪੜਨ ਦਾ ਸ਼ੌਂਕ ਰੱਖਦੇ ਹਨ। ਇੱਕ ਸਾਲ ਪਹਿਲਾ ਇਸ ਪਰਿਵਾਰ ਨੇ ਫੈਸਲਾ ਕੀਤਾ ਕਿ ਟਿਊਬਵੈਲ ਤੇ ਬਣਿਆ ਕਮਰਾ ਤੇ ਇਸਦੀ ਛੱਤ ਨੂੰ ਲਾਇਬਰੇਰੀ ਦਾ ਰੂਪ ਦਿੱਤਾ ਜਾਵੇ। ਉਨਾਂ ਨੇ ਇਸ ਕਮਰੇ ਨੂੰ ਚੰਗੀ ਤਰਾਂ ਸ਼ਿੰਗਾਰਿਆ ਤੇ ਪੰਜਾਬੀ ਦੇ ਅੱਖਰਾਂ ਨੂੰ ਇਸਦੀਆਂ ਦੀਵਾਰਾਂ ਤੇ ਲਿਖਿਆ ਤਾਂ ਜੋ ਪਿੰਡ ਦੇ ਨੌਜਵਾਨ ਇਸ ਲਾਇਬਰੇਰੀ ਵੱਲ ਆਕਰਸ਼ਿਤ ਹੋ ਕੇ ਇਥੇ ਆਉਣ ਹੁਣ ਜਦੋਂ ਪਿੰਡਾਂ ਵਿੱਚ ਅਤੇ ਪੰਜਾਬ ਵਿੱਚ ਦੇਸੀ ਅਤੇ ਅੰਗਰੇਜੀ ਸ਼ਰਾਬ ਦੇ ਠੇਕਿਆਂ ਦੀ ਭਰਮਾਰ ਹੈ ਉਦੋਂ ਇਹ ਕਿਤਾਬਾਂ ਦਾ ਠੇਕਾ ਇੱਕ ਅਨੋਖੀ ਕਲਾ ਹੈ। ਇਸ ਪਰਿਵਾਰ ਕੋਲ ਪਹਿਲਾਂ ਵੀ ਕਾਫੀ ਕਿਤਾਬਾਂ ਸਨ ਅਤੇ ਬਾਕੀ ਕਿਤਾਬਾਂ ਇੰਨਾਂ ਨੇ ਆਲੇ ਦੁਆਲੇ ਤੋਂ ਇੱਕਠੀਆਂ ਕਰਕੇ ਇਸ ਲਾਇਬਰੇਰੀ ਵਿੱਚ ਰੱਖੀਆਂ ਹਨ। ਨੌਜਵਾਨਾਂ ਨੂੰ ਨਸ਼ੇ ਦੇ ਸੰਤਾਪ ਤੋਂ ਮੋੜਨ ਲਈ ਇਸ ਜੋੜੀ ਨੇ ਕਿਤਾਬਾਂ ਦਾ ਸਹਾਰਾ ਲਿਆ ਤਾਂ ਜੋ ਨੌਜਵਾਨਾਂ ਨੂੰ ਕਿਤਾਬਾਂ ਨਾਲ ਮੋਹ ਹੋ ਸਕੇ। ਇੰਨਾ ਨੇ ਲਾਇਬਰੇਰੀ ਦੇ ਆਲੇ ਦੁਆਲੇ ਹਰੇ ਬੂਟਿਆਂ ਤੇ ਦਰਖਤਾਂ ਦਾ ਜਾਲ ਵਿਛਾਇਆ ਹੈ ਤਾਂ ਜੋ ਲਾਇਬਰੇਰੀ ਦਾ ਆਲਾ ਦੁਆਲਾ ਹਰਿਆ ਭਰਿਆ ਰਹੇ। ਲਾਇਬਰੇਰੀ ਵਿੱਚ ਫਰਨੀਚਰ ਰੱਖਣ ਦੀ ਬਜਾਇ ਸਧਾਰਨ ਕੁਰਸੀਆਂ ਤੇ ਮੰਜੇ ਲਾਏ ਗਏ ਹਨ। ਇਸਦੀ ਛੱਤ ਨੂੰ ਵੀ ਕੁਦਰਤੀ ਸੋਮਿਆਂ ਨਾਲ ਢੱਕ ਕੇ ਬਣਾਇਆਂ ਹੈ। ਇੰਨਾ ਨੇ ਲਾਇਬਰੇਰੀ ਦੀਆਂ ਕੰਧਾਂ ਉਪਰ ਪੰਜਾਬੀ ਲਿਖਾਰੀਆਂ ਦੀਆਂ ਲਿਖਤਾ ਲਿਖੀਆਂ ਹਨ ਤਾਂ ਜੋ ਦੂਰੋਂ ਇਸਨੂੰ ਪੜ ਕੇ ਲੋਕਾਂ ਨੂੰ ਲਾਇਬਰੇਰੀ ਆਉਣ ਦੀ ਪ੍ਰੇਰਨਾ ਮਿਲੇ। ਲੋਕ ਇਥੋਂ ਕਿਤਾਬ ਪੰਦਰਾਂ ਦਿਨਾਂ ਲਈ ਮੁਫਤ ਲੈ ਸਕਦੇ ਸਨ ਅਤੇ ਚਾਹੁਣ ਤਾਂ ਆਪਣੇ ਵੱਲੋਂ ਕਿਤਾਬਾਂ ਵੀ ਇਸ ਲਾਇਬਰੇਰੀ ਨੂੰ ਭੇਂਟ ਕਰ ਸਕਦੇ ਹਨ। ਇਹ ਕਿਤਾਬਾਂ ਦੀ ਲਾਇਬਰੇਰੀ ਅੱਜ ਜਰਗਾੜੀ ਪਿੰਡ ਦੀ ਖੰਨਾ-ਮਲੇਰਕੋਟਲਾ ਮੁੱਖ ਸੜਕ ਤੇ ਸ਼ਾਨ ਬਣੀ ਹੋਈ ਹੈ।